
ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਕਮੇਟੀ ਲੁਧਿਆਣਾ ਦੀ ਮੀਟਿੰਗ ਅੱਜ ਸਭਾ ਦੇ ਦਫ਼ਤਰ ਪਿੰਡ ਕਿਲ੍ਹਾ ਰਾਏਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ 16 ਨਵੰਬਰ 1915 ਨੂੰ ਸ਼ਹੀਦ ਹੋਣ ਵਾਲੇ ਗਦਰ ਪਾਰਟੀ ਦੇ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਛੇ ਹੋਰ ਸਾਥੀਆਂ ਬਖਸ਼ੀਸ਼ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ ਜ਼ਿਲ੍ਹਾ ਸਿਆਲਕੋਟ, ਜਗਤ ਸਿੰਘ ਜ਼ਿਲ੍ਹਾ ਲਾਹੌਰ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਜ਼ਿਲ੍ਹਾ ਪੂਨਾ (ਮਹਾਰਾਸ਼ਟਰ) ਨੂੰ ਸਰਧਾਂਜਲੀਆਂ ਭੇਟ ਕਰਦਿਆਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਕੇ ਜਬਰ-ਜ਼ੁਲਮ ਵਿਰੁੱਧ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਸੂਬਾ ਆਗੂ ਜਗਤਾਰ ਸਿੰਘ ਚਕੋਹੀ ਨੇ ਆਖਿਆ ਕਿ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੱਗੇ ਮੋਰਚੇ ਦੀ ਵਰ੍ਹੇ ਗੰਢ ਪੂਰੀ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋ 26 ਨਵੰਬਰ ਨੂੰ ਚੰਡੀਗੜ੍ਹ ਵਿੱਚ ਵਿਸ਼ਾਲ ਮਹਾਂ ਰੈਲੀ ਕਰਕੇ ਆਪਣੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਚੰਡੀਗੜ੍ਹ ‘ਚ ਇਤਿਹਾਸਕ ਰੈਲੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟਾ ਦੇ ਦਬਾਅ ਅਧੀਨ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪਈ ਹੋਈ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਭਾਜਪਾ ਦੀਆਂ ਇਹਨਾਂ ਚਾਲਾਂ ਨੂੰ ਕਾਬਯਾਬ ਨਹੀ ਹੋਣ ਦੇਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਨਾ ਕੇਂਦਰ ਸਰਕਾਰ ਨੇ ਕਰੀ ਹੈ ਨਾ ਸੂਬਾ ਸਰਕਾਰ ਨੇ ਉੱਪਰੋਂ ਝੋਨੇ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਬਹੁਤ ਵੱਡੀ ਆਰਥਿਕ ਮਾਰ ਪਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੇ ਖੇਤੀ ਦੇ ਧੰਦੇ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਉਹਨਾਂ ਕਿਹਾ ਕਿ ਖੇਤੀ ਦੇ ਧੰਦੇ ਉੱਪਰ ਸਰਕਾਰ ਅਡਾਨੀਆ ਅੰਬਾਨੀਆ ਦਾ ਕਬਜ਼ਾ ਕਰਵਾਕੇ ਕਿਸਾਨਾਂ ਨੂੰ ਖੇਤੀ ਤੋ ਬਾਹਰ ਕਰਨ ਦੀਆਂ ਚਾਲਾਂ ਨੂੰ ਚੰਡੀਗੜ੍ਹ ਦੀ ਮਹਾਂ ਰੈਲੀ ਫੇਲ ਕਰ ਦੇਵੇਗੀ।
ਇਸ ਮੌਕੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜ਼ਿਲ੍ਹਾ ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਅਤੇ ਸੂਬਾਈ ਆਗੂ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪੂਰਾ ਤਾਣ ਲਗਾ ਦੇਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ‘ਚ ਰੈਲੀ ਨੂੰ ਕਾਮਯਾਬ ਕਰਨ ਲਈ ਪੂਰਾ ਉਤਸ਼ਾਹ ਹੈ। ਰੈਲੀ ਦੀ ਕਾਮਯਾਬੀ ਲਈ ਪਿੰਡਾ ‘ਚ ਮੀਟਿੰਗਾਂ, ਜਲਸੇ ਕਰਨ ਦੀ ਵਿਉਂਤ ਬੰਦੀ ਕਰ ਲਈ ਗਈ ਹੈ।
ਇਸ ਮੌਕੇ ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਚੰਡੀਗੜ੍ਹ ਰੈਲੀ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸ਼ਾਮਲ ਕਰਵਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਗਰੇਵਾਲ, ਬਲਜਿੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਹਿਮਾਯੂਪੁਰ, ਹਰਭਜਨ ਸਿੰਘ ਧਾਲੀਆਂ, ਅਮਰਜੀਤ ਸਿੰਘ ਸਹਿਜਾਦ, ਪਰਮਜੀਤ ਸਿੰਘ ਮਾਛੀਵਾੜਾ, ਦਰਸ਼ਨ ਸਿੰਘ ਛਪਾਰ, ਮਲਕੀਤ ਸਿੰਘ ਗਰੇਵਾਲ, ਚਮਕੌਰ ਸਿੰਘ ਛਪਾਰ, ਨਛੱਤਰ ਸਿੰਘ ਦਫਤਰ ਸਕੱਤਰ, ਅਮਰੀਕ ਸਿੰਘ ਘੁੰਗਰਾਣਾ ਆਦਿ ਹਾਜ਼ਰ ਸਨ।