
ਬਟਾਲਾ: ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ (ਸੀਸੀਸੀ) ਦੇ ਸੱਦੇ ’ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ.) ਵਲੋਂ ਤਹਿਸੀਲ ਬਟਾਲਾ ਦੇ ਪਿੰਡ ਛਿੱਤ ਵਿਖੇ ਕਾਮਰੇਡ ਜਸਵਿੰਦਰ ਸਿੰਘ ਜੱਸਾ ਦੀ ਅਗਵਾਈ ਹੇਠ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖਿਲਾਫ਼ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਮੋਦੀ-ਸ਼ਾਹ ਸਰਕਾਰ ਵਲੋਂ ਰਾਜਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਵਿੱਚ ਲਗਾਤਾਰ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਵਿਰੁੱਧ ਮਨੂੰਵਾਦੀ-ਹਿੰਦੂਤਵੀ ਸੋਚ ਦਾ ਜ਼ਹਿਰੀਲਾ ਪ੍ਰਚਾਰ ਕੀਤੇ ਜਾਣ ਦਾ ਹੀ ਸਿੱਟਾ ਹੈ ਕਿ ਆਰਐੱਸਐੱਸ. ਨਾਲ ਜੁੜੇ ਇਕ ਵਕੀਲ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰੀ ਪੂਰਨ ਕੁਮਾਰ ਵਲੋਂ ਖੁਦਕਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ‘ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ। ਚੀਫ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਅਤੇ ਆਈਪੀਐੱਸ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲੇ ਦੋਸ਼ੀ ਅਧਿਕਾਰੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਦੇਸ਼ ਦੇ ਇਨਸਾਫ ਪਸੰਦ ਅਤੇ ਮਿਹਨਤਕਸ਼ ਲੋਕ ਇਹੋ ਜਿਹੇ ਹਮਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਗੁਰਮੇਜ਼ ਸਿੰਘ, ਜਤਿੰਦਰਪਾਲ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਤਾਜ ਸਿੰਘ, ਕੁਲਵਿੰਦਰ ਕੌਰ, ਦਲਬੀਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।