
ਜਲੰਧਰ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਇਜ਼ਰਾਇਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੋਟਰਿਚ ਦੇ ਤਿੰਨ ਰੋਜ਼ਾ ਭਾਰਤ ਦੌਰੇ ਮੌਕੇ ਤਿੱਖਾ ਵਿਰੋਧ ਕਰਦਿਆਂ ਅੱਜ ਇਥੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਮੰਤਰੀ ਭਾਰਤ ਚੋਂ ਵਾਪਸ ਜਾਓ ਦੇ ਜ਼ੋਰਦਾਰ ਨਾਅਰੇ ਲਗਾਏ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਬੀਐੱਮਸੀ ਚੌਂਕ ਤੱਕ ਮੁਜ਼ਾਹਰਾ ਕਰਕੇ ਇਜ਼ਰਾਇਲੀ ਵਿੱਤ ਮੰਤਰੀ ਦੇ ਭਾਰਤ ਦੌਰੇ ਦਾ ਤਿੱਖਾ ਵਿਰੋਧ ਕੀਤਾ ਅਤੇ ਉਸਨੂੰ ਤੁਰੰਤ ਭਾਰਤ ‘ਚੋਂ ਵਾਪਸ ਜਾਣ ਲਈ ਕਿਹਾ ਗਿਆ।
ਇਸ ਮੌਕੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਚ ਸ਼ਾਮਲ ਪਾਰਟੀ ਆਰਐੱਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵਲੋਂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਹੰਸ ਰਾਜ ਪੱਬਵਾਂ ਨੇ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਜ਼ਰਾਇਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਮਿਟਾਉਣ ਲਈ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ, ਖੁਰਾਕੀ ਵਸਤਾਂ, ਦਵਾਈਆਂ ਅਤੇ ਪੀਣ ਵਾਲੇ ਪਾਣੀ ਉੱਤੇ ਵੀ ਰੋਕਾਂ ਲਾਈਆਂ ਹੋਈਆਂ ਹਨ। ਇੱਥੋਂ ਤੱਕ ਕਿ ਹਸਪਤਾਲਾਂ ਉੱਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਲੰਘੀ ਕੱਲ੍ਹ ਕਤਰ ਦੀ ਰਾਜਧਾਨੀ ਦੋਹਾ ਵਿਖੇ ਜੰਗਬੰਦੀ ਵਾਰਤਾ ਲਈ ਗਏ ਹਮਾਸ ਦੇ ਆਗੂਆਂ ਨੂੰ ਇਜ਼ਰਾਇਲੀ ਹਾਕਮਾਂ ਵਲੋਂ ਸ਼ਰੇਆਮ ਹਮਲੇ ਵਿੱਚ ਕਤਲ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਜ਼ਰਾਇਲੀ ਹਾਕਮਾਂ ਦੇ ਮਨੁੱਖਤਾ ਵਿਰੋਧੀ ਇਰਾਦਿਆਂ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਾਮਰਾਜ ਦੇ ਇਸ਼ਾਰੇ ਉੱਤੇ ਇਜ਼ਰਾਇਲੀ ਹਾਕਮਾਂ ਵਲੋਂ ਕੀਤੇ ਜਾ ਰਹੇ ਹਮਲਿਆਂ ’ਚ ਬੱਚੇ, ਔਰਤਾਂ ਤੇ ਬਜ਼ੁਰਗ ਅਤੇ ਉਸ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰ ਇਹਨਾਂ ਹਮਲਿਆਂ ਦਾ ਨਿਸ਼ਾਨਾ ਬਣੇ ਹੋਏ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਵੀ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ। ਇਜ਼ਰਾਇਲ ਦੇ ਇਹਨਾਂ ਘਿਨਾਉਣੇ ਕਾਰਨਾਮਿਆਂ ਖਿਲਾਫ਼ ਦੁਨੀਆਂ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ।
ਇਜ਼ਰਾਇਲ ਦੇ ਅੰਦਰ ਵੀ ਜੰਗ ਬੰਦ ਕਰਨ ਲਈ ਲੋਕ ਸੜਕਾਂ ’ਤੇ ਉੱਤਰੇ ਹਨ। ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਚੋਣਾਂ ’ਚ ਲੋਕਾਂ ਦਾ ਸਾਹਮਣਾ ਕਰਨੋਂ ਬਚਣ ਅਤੇ ਆਪਣੀ ਕੁਰਪੱਸ਼ਨ ਨੂੰ ਢਕਣ ਲਈ ਜੰਗ ਜਾਰੀ ਰੱਖਣ ਲਈ ਅੜਿਆ ਹੋਇਆ ਹੈ। ਅਜਿਹੀ ਸਥਿਤੀ ’ਚ ਇਜ਼ਰਾਇਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਦੁਵੱਲੇ ਵਪਾਰਕ ਸਬੰਧ ਨੂੰ ਮਜ਼ਬੂਤ ਕਰਨ ਦੀਆਂ ਵਾਰਤਾਵਾਂ ਉਹਨਾਂ ਦੇ ਅਪਰਾਧਿਕ ਮਨਸੂਬਿਆਂ ਦੇ ਪੱਖ ਵਿੱਚ ਖੜ੍ਹਨਾ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਯੂ.ਐਨ.ਓ. ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ-ਹਾਜ਼ਰ ਰਹਿਣਾ ਨਿੰਦਣਯੋਗ ਸੀ। ਪਰ ਹੁਣ ਦੁਵੱਲੀਆਂ ਮੀਟਿੰਗਾਂ ਰਾਹੀਂ ਇਜ਼ਰਾਇਲ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਫਲਸਤੀਨੀ ਲੋਕਾਂ ਦੇ ਵਿਰੋਧ ’ਚ ਭੁਗਤਣਾ ਹੈ।
ਆਗੂਆਂ ਨੇ ਕਿਹਾ ਕਿ ਇਜ਼ਰਾਇਲ, ਫਲੀਸਤੀਨ ਦੇ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਚੋਂ ਆਪਣੀਆਂ ਫੌਜਾਂ ਨੂੰ ਤੁਰੰਤ ਬਾਹਰ ਕੱਢੇ ਤੇ ਜੰਗ ਬੰਦ ਕਰੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੇਤਨਯਾਹੂ ਨੂੰ ਜੰਗੀ ਅਪਰਾਧਾਂ ਲਈ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਕਾਮਰੇਡ ਪਰਗਟ ਸਿੰਘ ਜਾਮਾਰਾਏ, ਪ੍ਰੋ ਜੈਪਾਲ ਸਿੰਘ, ਮਹੀਪਾਲ, ਡਾ. ਸਤਨਾਮ ਸਿੰਘ ਅਜਨਾਲਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਭੈਣ ਸੁਰਿੰਦਰ ਕੁਮਾਰੀ ਕੋਛੜ, ਗੁਰਦਰਸ਼ਨ ਬੀਕਾ, ਹਰੀਮੁਨੀ ਸਿੰਘ ਤੇ ਬਲਦੇਵ ਸਿੰਘ ਨੂਰਪੁਰੀ ਆਦਿ ਵੀ ਹਾਜ਼ਰ ਸਨ।