Now Reading
ਅਜਨਾਲਾ ਵਿਖੇ ਜਮਹੂਰੀ ਕਿਸਾਨ ਸਭਾ ਨੇ ਦਿੱਤਾ ਮੰਗ ਪੱਤਰ

ਅਜਨਾਲਾ ਵਿਖੇ ਜਮਹੂਰੀ ਕਿਸਾਨ ਸਭਾ ਨੇ ਦਿੱਤਾ ਮੰਗ ਪੱਤਰ


ਅਜਨਾਲਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਸੱਦੇ ’ਤੇ ਅੱਜ ਇਥੇ ਜਮਹੂਰੀ ਕਿਸਾਨ ਸਭਾ ਦੇ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਤੇ ਕਿਸਾਨ ਸਭਾ ਦੇ ਪ੍ਰਮੁੱਖ ਆਗੂ ਟਹਿਲ ਸਿੰਘ ਚੇਤਨਪੁਰਾ, ਸਤਵਿੰਦਰ ਸਿੰਘ ਉਠੀਆਂ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਜੋਸ਼, ਸੁਰਜੀਤ ਸਿੰਘ ਭੂਰੇ ਗਿੱਲ, ਬਲਕਾਰ ਸਿੰਘ ਗੁਲਗੜ੍ਹ, ਦੇਸਾ ਸਿੰਘ ਭਿੰਡੀ ਔਲਖ ਤੇ ਪ੍ਰੋ. ਮਾਲਕ ਸਿੰਘ ਗੁਰਾਲਾ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਹੜ੍ਹਾਂ ਨਾਲ ਤਬਾਹ ਹੋਈਆਂ ਫ਼ਸਲਾਂ, ਦਰਿਆ ਬੁਰਦਾ ਹੋਈਆਂ ਜਮੀਨਾਂ, ਜਾਨ- ਮਾਲ, ਮਕਾਨਾਂ, ਪਸ਼ੂਆਂ, ਬੋਰਾਂ – ਮਸ਼ੀਨਰੀ ਆਦਿ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਲੈਣ ਸਬੰਧੀ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਰੋਹ ਭਰਿਆ ਪ੍ਰਦਰਸ਼ਨ ਕਰਨ ਉਪਰੰਤ ਸਰਕਾਰ ਵਿਰੁੱਧ ਨਾਅਰੇ ਲਾਉਂਦਿਆਂ ਐੱਸਡੀਐੱਮ ਦੇ ਦਫ਼ਤਰ ਸਾਹਮਣੇ ਵਿਸ਼ਾਲ ਮੁਜ਼ਾਹਰਾ ਕੀਤਾ। ਜਿਸ ਵਿੱਚ ਵੱਡੀ ਗਿਣਤੀ ’ਚ ਹੜ੍ਹ ਪੀੜਤ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਇਹ ਹੜ੍ਹਾਂ ਦੀ ਮਾਰ ਕੁਦਰਤੀ ਨਹੀਂ ਸਗੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਥੀਨ ਡੈਮ ਦੇ ਪ੍ਰਬੰਧਾਂ ’ਚ ਅਣਗਹਿਲੀ ਵਰਤਣ ਕਾਰਨ ਇਹ ਵੱਡਾ ਦੁਖਾਂਤ ਵਾਪਰਿਆ ਹੈ। ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਨੂੰ ਪੱਕੇ ਤੌਰ ’ਤੇ ਰੋਕਣ ਲਈ ਡਾ. ਅਜਨਾਲਾ ਨੇ ਜਮਹੂਰੀ ਕਿਸਾਨ ਸਭਾ ਵੱਲੋਂ ਪਿਛਲੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ। ਇਸ ਸਮੇਂ ਮੁਜ਼ਾਹਰੇ ਵਿੱਚ ਐੱਸਡੀਐੱਮ ਅਜਨਾਲਾ ਨੂੰ ਮੰਗ ਪੱਤਰ ਦੇ ਕੇ ਪੁਰਜ਼ੋਰ ਮੰਗ ਕੀਤੀ ਕਿ ਹੜ੍ਹਾਂ ਨਾਲ ਮਾਰੀਆਂ ਗਈਆਂ ਫਸਲਾਂ ਦਾ 70 ਹਜ਼ਾਰ ਤੇ ਗੰਨੇ ਦਾ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਇਸ ਤਰ੍ਹਾਂ ਅੱਗੇ ਮੰਗ ਕੀਤੀ ਗਈ ਕਿ ਹਰੇਕ ਹੜ੍ਹ ਪੀੜਿਤ ਖੇਤ ਮਜ਼ਦੂਰ ਪਰਿਵਾਰ ਲਈ 10 ਹਜ਼ਾਰ ਰੁਪਏ ਦਿੱਤੇ ਜਾਣ। ਹੜ੍ਹਾਂ ਵਿਚ ਮਨੁੱਖੀ ਮੌਤ ਲਈ 10 ਲੱਖ ਰੁਪਏ ਅਤੇ ਮਾਰੇ ਗਏ ਡੰਗਰਾਂ ਲਈ 1 ਲੱਖ ਰੁਪਏ, ਢਹਿ ਗਏ ਮਕਾਨਾਂ ਲਈ ਵੀ 10 ਲੱਖ ਰੁਪਏ ਦਿੱਤੇ ਜਾਣ।
ਮੁਜ਼ਾਹਰਾ ਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਹੜ੍ਹ ਪੀੜਤ ਵਿੱਚ ਹਰੇਕ ਪਰਿਵਾਰ ਸਮੇਤ ਛੋਟੇ ਦੁਕਾਨਦਾਰ ਤੇ ਹੋਰ ਕਾਰੋਬਾਰੀ ਲੋਕਾਂ ਨੂੰ ਵੀ 1- 1 ਲੱਖ ਰੁਪਏ ਅੰਤ੍ਰਿਮ ਰਾਹਿਤ ਵੱਜੋਂ ਦਿੱਤੇ ਜਾਣ।
ਡਾ. ਅਜਨਾਲਾ ਨੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ 20 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲਾਂ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਉਸ ਦੀ ਸਖ਼ਤ ਅਲੋਚਨਾ ਕਰਦਿਆਂ ਦੱਸਿਆ ਕਿ ਇਹ 20 ਹਜ਼ਾਰ ਰੁਪਏ ਝੋਨੇ ਦੀ ਫ਼ਸਲ ਦੇ ਬੀਜ ਤੇ ਲੁਵਾਈ, ਖਾਦਾਂ ਤੇ ਹੋਰ ਕੀੜੇਮਾਰ ਦਵਾਈਆਂ ਦਾ ਖਰਚਾ ਦੀ ਭਰਪਾਈ ਵੀ ਨਹੀਂ ਹੁੰਦੀ ਜਦ ਕਿ ਇਸ ਤੋਂ ਇਲਾਵਾ ਜ਼ਮੀਨ ਦਾ 6 ਮਹੀਨਿਆਂ ਦਾ ਠੇਕਾ 30 ਹਜ਼ਾਰ ਰੁਪਏ ਪ੍ਰਤੀ ਏਕੜ ਹੈ ਇਸ ਤਰ੍ਹਾਂ ਡੀਜ਼ਲ ਅਤੇ ਝੋਨੇ ਆਦਿ ਦੀ ਕਟਾਈ ਦੇ ਖਰਚੇ ਵੱਖਰਾ ਦੇਣਾ ਪੈਦਾ ਹੈ। ਇਸ ਕਰਕੇ ਡਾ. ਅਜਨਾਲਾ ਨੇ ਪ੍ਰਤੀ ਏਕੜ ਦਾ ਮੁਆਵਜ਼ਾ 70 ਹਜ਼ਾਰ ਰੁਪਏ ਏਕੜ ਮੰਗਿਆਂ ਹੈ।
ਮੰਗ ਪੱਤਰ ਪ੍ਰਾਪਤ ਕਰਦਿਆਂ ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਵਿਸ਼ਵਾਸ ਦਿਵਾਇਆ ਕਿ ਇਹ ਤੁਹਾਡਾ ਮੰਗ ਪੱਤਰ ਸਿਫ਼ਾਰਸ਼ ਤਹਿਤ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ।
ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਨੇਪਾਲ, ਬਲਵਿੰਦਰ ਸਿੰਘ ਡਿਆਲ ਭੱਟੀ, ਅਮਰਜੀਤ ਸਿੰਘ ਹਰੜ ਖੁਰਦ, ਕਾਲਾ ਸਿੰਘ ਡੱਲਾ, ਨੌਜਵਾਨ ਸਭਾ ਦੇ ਆਗੂ ਲੋਕ ਗਾਇਕ ਗੁਰਪਾਲ ਗਿੱਲ ਸੈਦਪੁਰ, ਜੱਗਪ੍ਰੀਤ ਸਿੰਘ ਜੋਸ਼, ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ, ਕਰਨੈਲ ਸਿੰਘ ਤੇ ਅਮਰਜੀਤ ਸਿੰਘ ਭਿੰਡੀ ਸੈਦਾਂ ਆਦਿ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।

Scroll To Top