
ਤਰਨ ਤਾਰਨ: ਭਾਰੀ ਬਾਰਿਸ਼ਾਂ ਨਾਲ ਮਜ਼ਦੂਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਸਬੰਧੀ ਅੱਜ ਮਨਰੇਗਾ ਵਰਕਰਜ਼ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੇ ਘਰ ਢਹਿਣ, ਕੰਧਾਂ ਪਾਟਣ, ਬਾਲਿਆਂ ਵਾਲੀਆਂ ਛੱਤਾਂ ਚੋਣ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੱਖ-ਵੱਖ ਪਿੰਡਾਂ ਦੀਆਂ ਦਰਖਾਸਤਾਂ ਸਮੇਤ ਦਿੱਤਾ ਗਿਆ।
ਇਸ ਦੀ ਅਗਵਾਈ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਜਰਨੈਲ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾ ਪਿੰਡ, ਮੀਨਾ ਕੌਰ ਸਰਪੰਚ ਪਿੰਡ ਸ਼ੁਕਰਚੱਕ ਚੀਮਾ, ਕਮਲਜੀਤ ਸਿੰਘ ਨਾਗੋਕੇ ਨੇ ਕੀਤੀ। ਇਸ ਮੌਕੇ ਦੋਹਾਂ ਜਥੇਬੰਦੀਆਂ ਨੇ ਆਗੂਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਹੋਣ ਕਾਰਨ ਗਰੀਬ ਪਰਿਵਾਰਾਂ ਦੇ ਕੋਠੇ ਡਿੱਗ ਚੁੱਕੇ ਹਨ ਅਤੇ ਕੰਧਾਂ ਪਾਟ ਚੁੱਕੀਆਂ ਹਨ ਅਤੇ ਗਰੀਬ ਲੋਕਾਂ ਦੇ ਬਾਲਿਆਂ ਵਾਲੀਆਂ ਛੱਤਾਂ ਲਗਾਤਾਰ ਚੋਅ ਰਹੀਆਂ ਹਨ। ਗਰੀਬ ਲੋਕ ਆਇੱਕ ਦੂਜੇ ਦੇ ਘਰਾਂ ਵਿੱਚ ਰਹਿ ਰਹੇ ਹਨ। ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਕਿਸਾਨੀ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ ਉਥੇ ਮਜ਼ਦੂਰ ਜਮਾਤ ਦਾ ਕੰਮ ਨਾ ਮਿਲਣ ਕਾਰਨ ਬਹੁਤ ਨੁਕਸਾਨ ਹੋਇਆ ਹੈ ਪਰ ਭਗਵੰਤ ਮਾਨ ਦੀ ਸਰਕਾਰ ਨੇ ਮਜ਼ਦੂਰਾਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਦਿੱਤਾ ਜੋ ਕਿ ਨਿੰਦਨ ਯੋਗ ਹੈ।
ਇਹਨਾਂ ਆਗੂਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਗਰੀਬ ਲੋਕਾਂ ਦੇ ਘਰਾਂ ਦੇ ਕਿਸੇ ਨਿਰਪੱਖ ਅਧਿਕਾਰੀ ਕੋਲੋਂ ਪੜਤਾਲ ਕਰਾ ਕੇ ਉਹਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਜਾਵੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਿੰਡ ਭੁੱਲਰ ’ਚ ਪੰਜ ਵਿਧਵਾ ਔਰਤਾਂ ਦੇ ਘਰ ਢਹਿ ਚੁੱਕੇ ਹਨ। ਇਸੇ ਤਰ੍ਹਾਂ ਪਿੰਡ ਰਟੌਲ ਮੁੰਡਾ ਪਿੰਡ, ਜੋਲ ਢਾਏ ਵਾਲਾ ਆਦਿ ਪਿੰਡਾਂ ਦੇ ਮਜ਼ਦੂਰਾਂ ਦੇ ਘਰ ਢਹਿ ਚੁੱਕੇ ਹਨ, ਜਿਸ ਦੀ ਸਰਕਾਰ ਨੂੰ ਤੁਰੰਤ ਸਾਰ ਲੈਣੀ ਚਾਹੀਦੀ ਹੈ।
ਇਸ ਮੌਕੇ ਕਮਲਜੀਤ ਕੌਰ ਸਾਬਕਾ ਸਰਪੰਚ ਨੌਂਸ਼ਹਿਰਾ ਪੰਨੂਆ, ਬਗੀਚਾ ਸਿੰਘ, ਪਰਮਜੀਤ ਸਿੰਘ ਗੰਡੀਵਿੰਡ, ਦਲਬੀਰ ਸਿੰਘ ਬਾਗੜੀਆਂ, ਕੁਲਦੀਪ ਸਿੰਘ ਸਾਬਕਾ ਸਰਪੰਚ ਭੁੱਲਰ, ਜਸਬੀਰ ਕੌਰ ਕੈਰੋਵਾਲ, ਬਲਵਿੰਦਰ ਕੌਰ ਰਟੌਲ ਪ੍ਰਧਾਨ, ਰਣਜੀਤ ਕੌਰ ਰਟੌਲ ਸਕੱਤਰ ਆਦਿ ਆਗੂ ਹਾਜ਼ਰ ਸਨ।