Now Reading
ਰਾਹਤ ਸਮੱਗਰੀ ਵੰਡਣ ਲਈ ਜਮਹੂਰੀ ਕਿਸਾਨ ਸਭਾ ਦੀ ਟੀਮ ਸਰਗਰਮ

ਰਾਹਤ ਸਮੱਗਰੀ ਵੰਡਣ ਲਈ ਜਮਹੂਰੀ ਕਿਸਾਨ ਸਭਾ ਦੀ ਟੀਮ ਸਰਗਰਮ


ਅਜਨਾਲਾ: ਤਹਿਸੀਲ ਅਜਨਾਲਾ ਦੇ ਏਰੀਆ ਗੱਗੋਮਾਲ ਅਤੇ ਰਮਦਾਸ ਦੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਝੋਨੇ ਦੀ ਫਸਲ ਜੋ ਪੱਕਣ ਦੇ ਕਿਨਾਰੇ ਸੀ ਅਤੇ ਪਸ਼ੂਆਂ ਦੇ ਚਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਿਸ ਨਾਲ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦਿਨ ਕਟੀ ਕਰ ਰਹੀ ਕਿਸਾਨੀ ਹੋਰ ਸੰਕਟ ਵਿੱਚ ਫਸ ਗਈ ਹੈ।
ਪੇਂਡੂ ਮਜ਼ਦੂਰਾਂ ਨੂੰ ਮਜ਼ਦੂਰੀ ਨਾ ਮਿਲਣ ਕਾਰਨ ਬੁਰਾ ਹਾਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਆਪਣੀ 40-50 ਨੌਜਵਾਨਾਂ ਦੀ ਟੀਮ ਨਾਲ ਰਮਦਾਸ, ਸ਼ਾਹ ਹਬੀਬ ਕੋਟਲੀ, ਮੰਦਰਾਂ ਵਾਲਾ, ਬਗਵਾਨਪੁਰਾ, ਕਤਲਾ, ਰੂੜੇਵਾਲ, ਨੰਗਲ ਸੋਹਲ, ਘੁਮਰਾਹ, ਪੰਜਗਰਾਈਆਂ, ਸਿੰਘੋਕੇ, ਨਿਸੋਕੇ, ਪੱਸ਼ੀਆ ਆਦਿ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੇ ਕਾਫਲੇ ਰਾਹੀਂ ਰਾਹਤ ਸਮਗਰੀ ਵੰਡਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤ ਨਹੀਂ ਸਗੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਾਰਨ ਆਏ ਹਨ ਜਿਸ ਦੇ ਅਗਾਊ ਪ੍ਰਬੰਧ ਕਰਕੇ ਰੋਕਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਥੀਨ ਡੈਮ ਦੀ ਝੀਲ ਦੀ ਕਪੈਸਿਟੀ 526 ਮੀਟਰ ਪਰ ਪਾਣੀ ਦਾ ਪੱਧਰ 527 ਮੀਟਰ ਹੋਣ ਤੋਂ ਬਾਅਦ ਪਾਣੀ ਛੱਡਣਾ ਸ਼ੁਰੂ ਕੀਤਾ, ਜਿਸ ਕਾਰਨ ਦੋ ਫਲੱਡ ਗੇਟ ਟੁੱਟ ਗਏ ਅਤੇ ਪਾਣੀ ਬੇਕਾਬੂ ਹੋ ਕੇ ਹੜ੍ਹਾਂ ਦੇ ਰੂਪ ਵਿੱਚ ਨੁਕਸਾਨ ਕਰ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਚਾਰੇ ਦਰਿਆਵਾਂ ਦੇ ਬੰਨ ਬੰਨਣ ਲਈ ਕੇਵਲ 1800 ਕਰੋੜ ਰੁਪਏ ਦੀ ਜਰੂਰਤ ਹੈ ਜੋ ਲੋਕਾਂ ਦੇ ਹੁੰਦੇ ਨੁਕਸਾਨ ਦੇ ਸਾਹਮਣੇ ਬਹੁਤ ਛੋਟੀ ਰਕਮ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਦਰਿਆਵਾਂ ਦਾ ਤੁਰੰਤ ਨਹਿਰੀਕਰਨ ਕਰੇ ਜਿਸ ਨਾਲ ਹੜ੍ਹਾਂ ਤੋਂ ਪੱਕਾ ਬਚਾ ਰਵੇਗਾ ਅਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ।
ਟੀਮ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 70000 ਰੁਪਏ ਅਤੇ ਮਜ਼ਦੂਰਾਂ ਨੂੰ 7000 ਰੁਪਏ ਦਿੱਤੇ ਜਾਣ। ਹੜ੍ਹਾਂ ਨਾਲ ਢੱਠੇ ਘਰਾਂ ਦਾ 10 ਲੱਖ ਰੁਪਏ ਅਤੇ ਪ੍ਰਤੀ ਡੰਗਰ ਇੱਕ ਲੱਖ ਅਤੇ ਮਾਰੇ ਗਏ ਵਿਅਕਤੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਡਾਕਟਰ ਅਜਨਾਲਾ ਤੋਂ ਇਲਾਵਾ ਹਰਪ੍ਰੀਤ ਸਿੰਘ ਬਟਾਰੀ‌, ਸਤਵਿੰਦਰ ਸਿੰਘ ਓਠੀਆਂ, ਕੁਲਵੰਤ ਸਿੰਘ ਮੱਲੂ ਨੰਗਲ, ਨਿਰਮਲ ਸਿੰਘ ਭਿੰਡਰ, ਹਰਨੇਕ ਸਿੰਘ ਸੋਨੂੰ ਬੁਟਾਰੀ, ਅੰਮ੍ਰਿਤ ਪਾਲ ਸਿੰਘ ਬਟਾਰੀ, ਅੰਮ੍ਰਿਤਪਾਲ ਸਿੰਘ, ਬਚਿੱਤਰ ਸਿੰਘ‌, ਕਾਬਲ ਸਿੰਘ, ਪ੍ਰਦੀਪ ਸ਼ਰਮਾ, ਧਰਮ ਸਿੰਘ ਬੁਟਾਰੀ, ਕੰਵਰਦੀਪ ਸਿੰਘ ਬਟਾਰੀ, ਸਰਪੰਚ ਸਤਨਾਮ ਸਿੰਘ‌, ਅਮਰਜੀਤ ਸਿੰਘ ਲਾਡਾ, ਸਰਪੰਚ ਤਜਿੰਦਰ ਸਿੰਘ, ਰੀਤੀ ਵਾਹਲਾ, ਦਲਜੀਤ ਸਿੰਘ ਵਾਹਲਾ, ਸਾਬਕਾ ਸਰਪੰਚ ਅਮਰੀਕ ਸਿੰਘ‌, ਸਰਪੰਚ ਜਸਵਿੰਦਰ ਸਿੰਘ‌, ਭਗਵਾਨ ਸਿੰਘ ਵਾਹਲਾ, ਬੁੱਧ ਸਿੰਘ, ਮਨਜੀਤ ਸਿੰਘ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।

Scroll To Top