
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਥੀਨ ਡੈਮ (ਰਣਜੀਤ ਸਾਗਰ) ਤੋਂ ਲਗਾਤਾਰ ਦਰਿਆ ਰਾਵੀ ਵਿਚ ਜ਼ਿਆਦਾ ਪਾਣੀ ਛੱਡਣ ਨਾਲ ਅੱਜ ਵੀ ਕੋਈ ਲੱਗਭੱਗ 70 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਜਿੱਥੇ ਅਜਨਾਲਾ – ਰਮਦਾਸ ਇਲਾਕੇ ਚੇ ਕੋਈ ਡੇਢ ਲੱਖ ਰਕਬੇ ਵਿੱਚ ਫ਼ਸਲਾਂ ਮਾਰੀਆਂ ਜਾਂਣ ਕਾਰਨ ਕੋਈ ਚਾਰ ਹਜ਼ਾਰ ਕਰੋੜ ਰੁਪਏ ਦਾ ਸਮੇਤ ਜਾਨ ਮਾਲ ਦਾ ਨੁਕਸਾਨ ਹੋ ਗਿਆ ਹੈ।
ਉਹ ਆਪਣੀ ਟੀਮ ਸਮੇਤ ਹੜ੍ਹ ਪੀੜਿਤ ਇਲਾਕੇ ਦੇ ਧੁਰ ਅੰਦਰ ਤੱਕ ਗਏ, ਜਿੱਥੇ ਲੋਕਾਂ ਨੇ ਦੱਸਿਆ ਕਿ ਸਾਡੀ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਵੱਲੋਂ ਸਾਨੂੰ ਕੋਈ ਰਾਹਤ ਨਹੀਂ ਪੁਚਾਈ ਜਾ ਰਹੀ। ਪੀੜਿਤ ਲੋਕਾਂ ਨੇ ਦੱਸਿਆ ਕਿ ਸਿਰਫ ਤੇ ਸਿਰਫ ਸਵੈ ਸੇਵਕ ਜਥੇਬੰਦੀਆਂ ਵੱਲੋਂ ਸਾਨੂੰ ਪੀਣ ਵਾਲਾ ਪਾਣੀ ਤੇ ਹੋਰ ਜ਼ਰੂਰੀ ਪਾਣ ਪੀਣ ਦੀਆਂ ਵਸਤਾਂ ਕੁੱਝ ਪਿੰਡਾਂ ਵਿੱਚ ਮੁੱਹਈਆ ਕੀਤੀਆਂ ਗਈਆਂ।
ਇਸ ਟੀਮ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੱਤੀ ਕਿ ਕਿਤੇ ਕਿਤੇ ਫੌਜ ਵੱਲੋਂ ਵੀ ਪੀਣ ਵਾਲਾ ਪਾਣੀ ਤੇ ਹੋਰ ਖਾਣ ਦਾ ਸਮਾਨ ਵੰਡਿਆ ਗਿਆ। ਵੱਡੀ ਗਿਣਤੀ ਵਿੱਚ ਪਿੰਡਾਂ ਤੇ ਕਸਬਿਆਂ ਦੇ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਪਿਛਲੇ 15 – 20 ਦਿਨਾਂ ਤੋਂ ਕੋਈ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਸਾਡੇ ਘਰਾਂ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਹੈ।
ਡਾ. ਅਜਨਾਲਾ ਨੇ ਕਈ ਥਾਵਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਵੱਖੋ ਵੱਖ ਇੱਕਠਾਂ ਚੇ ਦੱਸਦਿਆਂ ਮੰਗ ਕੀਤੀ ਕਿ ਪਿੰਡਾਂ ਕਸਬਿਆਂ ਵਿੱਚ ਫੌਰੀ ਤੌਰ ‘ਤੇ ਸਰਕਾਰ ਪਾਣ ਪੀਣ ਦੀਆਂ ਜ਼ੰਗੀ ਪੱਧਰ ‘ਤੇ ਵਸਤਾਂ ਭੇਜੇ ਅਤੇ ਖਾਸਕਰ ਪਸ਼ੂਆਂ ਵਾਸਤੇ ਚਾਰਾ – ਚੋਕਰ ਪਹੁਚਾਇਆ ਜਾਵੇ।
ਟੀਮ ਵਿਚ ਸ਼ਾਮਿਲ ਰੇਸ਼ਮ ਸਿੰਘ ਭੂਰੇ ਗਿੱਲ ਤੇ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਬਲਕਾਰ ਸਿੰਘ ਗੁਲਗੜ੍ਹ, ਅਮਰਜੀਤ ਸਿੰਘ ਹਰੜ ਖੁਰਦ, ਗਗਨਦੀਪ ਸਿੰਘ ਗੱਗੋਮਾਹਲ ਇਹਨਾਂ ਤੋਂ ਇਲਾਵਾ ਸਵੈ ਸੇਵਕ ਜਥੇਬੰਦੀਆਂ ਦੇ ਰਾਹਤਕਾਰੀ ਹਰਵਿੰਦਰ ਸਿੰਘ ਤੇ ਗੁਰਜੀਤ ਸਿੰਘ ਕਿਆਪੁਰ, ਜਸਪਾਲ ਸਿੰਘ ਘੁੱਕੇਵਾਲੀ, ਅਰਸ਼ਦੀਪ ਸਿੰਘ ਸੈਸਰਾਂ ਪੱਤੀ ਰਾਮਪੁਰਾ, ਤੇਜਬੀਰ ਸਿੰਘ, ਗੁਰਪ੍ਰੀਤ ਸਿੰਘ ਘੁੱਕੇਵਾਲੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨੌਜਵਾਨ ਹਰਪ੍ਰੀਤ, ਦੀਪੂ, ਵਾਸਦੀਪ ਵਿੱਕੀ, ਹੈਪੀ ਗੁਲਬ, ਸੁੱਖਾ, ਮਨਪ੍ਰੀਤ ਸਿੰਘ ਗਿੱਲ, ਜਸ਼ਨਦੀਪ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਟੀਮ ਨਾਲ ਆਪਣੀਆਂ ਘਰੇਲੂ ਦੁਖ ਤਕਲੀਫਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਸਾਡੇ ਘਰਾਂ ਵਿੱਚ ਪਾਣੀ ਆਣ ਵੜਿਆ, ਜਿਸ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਰਾਹਤ ਸਮੱਗਰੀ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।