
ਰੂਪਨਗਰ: ਅੱਜ ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ ਘਨੌਲੀ ਦੇ ਸਦੇ ‘ਤੇ ਸੈਂਕੜੇ ਕਿਸਾਨ ਮਜ਼ਦੂਰ ਜਿਨ੍ਹਾਂ ਵਿੱਚ ਪਿੰਡ ਰੈਲੋਂ, ਸਮਰਾਲਾ, ਬੇਲੀ, ਗੁਰਦਾਸਪੁਰਾ, ਫੂਲ ਆਦਿ ਪਿੰਡਾਂ ਦੇ ਕਿਸਾਨ ਸ਼ਾਮਿਲ ਹੋਏ। ਇਨ੍ਹਾਂ ਕਿਸਾਨਾਂ ਨੇ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਅਧੀਨ ਉਪਰੋਕਤ ਪਿੰਡਾਂ ਦੀਆਂ ਖੋਹੀਆਂ ਹੋਈਆਂ ਜ਼ਮੀਨਾਂ ਨੂੰ ਰੱਦ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਧਰਨਾ ਦਿੱਤਾ ਗਿਆ ਅਤੇ ਮਾਨ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਡੀ.ਸੀ. ਰੋਪੜ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆ ਕਮੇਟੀ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਜਨਰਲ ਸਕੱਤਰ ਗਿਆਨ ਸਿੰਘ ਘਨੌਲੀ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲ, ਜਰਨੈਲ ਸਿੰਘ ਘਨੌਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਜਿਲ੍ਹਾ ਰੂਪਨਗਰ ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਦੇਵ ਸਿੰਘ ਖੇੜੀ ਸਕੱਤਰ ਏ.ਆਈ.ਕੇ.ਐਫ. ਅਤੇ ਮਾਸਟਰ ਜਗਤਾਰ ਸਿੰਘ ਪ੍ਰਧਾਨ ਜਿਲ੍ਹਾ ਪੈਨਸ਼ਨਰ ਯੂਨੀਅਨ ਅਤੇ ਮਾਸਟਰ ਜਗਤਾਰ ਸਿੰਘ ਲੋਧੀਮਾਜਰਾ ਤੇ ਸ਼ਮਸ਼ੇਰ ਸਿੰਘ ਹਵੇਲੀ ਨੇ ਮਾਨ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਬੇਰੁਜਗਾਰੀ ਦੂਰ ਕਰਨ ਅਤੇ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਸੁਆਮੀ ਨਾਥਨ ਰਿਪੋਰਟ ਅਨੁਸਾਰ ਦੇਣ ਦੀ ਵਜਾਏ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਲੈਂਡ ਪੂਲਿੰਗ ਸਕੀਮ ਅਧੀਨ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਜਮੀਨ ਗੈਰ ਕਾਨੂੰਨੀ ਜੋਰ ਜਬਰਦਸਤੀ ਨਾਲ ਮੁੱਫਤ ਵਿਚ ਹਥਿਆਉਣਾ ਖੋਣਾ ਮੁੱਖ ਮੰਤਰੀ ਪੰਜਾਬ ਦੇ ਘਟੀਆ ਚੋਜ ਅਤੇ ਸ਼ੁਗਲ ਹਨ।
ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਦਿਲ ਸਾਫ ਨਹੀ ਹੈ ਅਤੇ ਉਹ ਕਿਸਾਨਾਂ ਦੀ ਜ਼ਮੀਨ ਜਾਇਦਾਦ ਖੋਹਣ ਅਤੇ ਭੂਮੀ ਹੀਣ ਤੇ ਉਜਾੜਾ ਕਰਨ ਲਈ ਭੱਬਾ ਭਾਰ ਹੈ।
ਰੋਪੜ ਜ਼ਿਲ੍ਹੇ ਦੇ ਪਿੰਡ ਰੈਲੋਂ ਸਮਰਾਲਾ ਛੋਟੀ ਹਵੇਲੀ, ਬੜੀ ਹਵੇਲੀ ਗੁਰਦਾਸਪੁਰਾ ਫੂਲ ਪਿੰਡ ਦੇ ਜਮੀਨ ਮੁੱਫਤ ਵਿਚ ਖੋਹ ਕੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਹੀ ਜ਼ਮੀਨ ਵਿੱਚ ਮਜ਼ਦੂਰੀ ਕਰਨ ਦੇ ਰਾਹ ਪਾ ਰਹੀ ਹੈ। ਲੈਂਡ ਪੂਲਿੰਗ ਸਕੀਮ ਸ਼ਰੇਆਮ ਬੇਰੁਜਗਾਰੀ ਅਤੇ ਕੰਗਾਲੀ ਵਿਚ ਵਾਧਾ ਕਰੇਗੀ। ਦੇਸ਼ ਵਿੱਚ ਕਦੇ ਵੀ ਅੰਨ ਸੰਕਟ ਪੈਦਾ ਹੋ ਕੇ ਭੁੱਖ ਮਰੀ ਨਾਲ ਲੋਕ ਬਿਨ੍ਹ ਆਈ ਮੌਤ ਮਰਨਗੇ। ਇਸ ਦੇ ਲਈ ਵੀ ਸਰਕਾਰ ਕਸੂਰਵਾਰ ਹੋਵੇਗੀ।
ਆਗੂਆਂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਕਿਸਾਨ ਸਰਕਾਰੀ ਜੁਲਮ ਸਿਤਮ ਦਾ ਟਾਕਰਾਂ ਕਰਨਗੇ ਅਤੇ ਜ਼ਮੀਨਾਂ ਜਾਇਦਾਦਾਂ ਨਹੀਂ ਛੱਡਣਗੇ। ਮਾਨ ਸਰਕਾਰ ਗੈਰ ਕਾਨੂੰਨੀ ਆਪਹੂਦਰੀਆ ਕਰਕੇ ਨਾਦਰ ਸ਼ਾਹ, ਅਬਦਾਲੀ ਹਿਟਲਰ ਆਦਿ ਦੀ ਲੁੱਟ ਖਸੁੱਟ ਅਤੇ ਮਾਰ ਧਾੜ ਦੇ ਜ਼ਬਰ ਜ਼ੁਲਮ ਨੂੰ ਪਿੱਛੇ ਛੱਡ ਰਹੀ ਹੈ। ਸਰਕਾਰ ਦੀਆਂ ਘੱਟੀਆਂ ਕਰਤੂਤਾਂ ਕਰਕੇ ਪੰਜਾਬ ਅਤੇ ਕਿਸਾਨਾਂ ਮਜ਼ਦੂਰਾਂ ਵਿੱਚ ਡਰ ਨਿਰਾਸ਼ਾ ਵੱਧ ਰਿਹਾ ਹੈ। ਮੁੱਖ ਮੰਤਰੀ ਪੰਜਾਬ ਲੋਕ ਰਾਜ ਨੂੰ ਤਿੰਜਾਲੀ ਦੇ ਕੇ ਘਲੂਘਾਰੇ ਵਰਗੇ ਹਾਲਾਤ ਪੈਦਾ ਕਰਨ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਜਿਹੇ ਹਾਲਤ ਪੈਦਾ ਕਰਨ ਤੋਂ ਸਰਕਾਰ ਗਰੇਜ ਕਰੇ ਨਹੀ ਤਾਂ ਆਪ ਪਾਰਟੀ ਅਤੇ ਮਾਨ ਸਰਕਾਰ ਦਾ ਲੋਕ ਪੰਜਾਬ ਵਿੱਚੋਂ ਸਦਾ ਲਈ ਬਿਸਤਰਾਂ ਗੋਲ ਕਰ ਦੇਣਗੇ ਅਤੇ ਆਪ ਪਾਰਟੀ ਪਰ ਲੈਂਡ ਪੂਲਿੰਗ ਅਧੀਨ ਕੀਤੀ ਡਕੈਤੀ ਦਾ ਇਤਿਹਾਸਿਕ ਕਲੰਕ ਲਗਿਆ ਹੋਇਆ ਕਦੇ ਨਹੀ ਮਿਟੇਗਾ। ਇਹ ਅਪਰਾਧ ਪਾਪ ਅਨਿਆਇ ਲੋਕ ਰਾਜ ਪਰ ਅਮਿਟ ਧੱਬਾ ਹੋਵੇਗਾ।
ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੂਮੀ (ਲੈਂਡ ਭੂਮੀ) ਸਕੀਮ ਫੋਰਨ ਰੱਦ ਕੀਤੀ ਜਾਵੇ ਨਹੀ ਤਾਂ ਸੰਘਰਸ਼ ਹੋਰ ਤੇਜ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਧਰਨੇ ਵਿਚ ਮੋਹਨ ਸਿੰਘ, ਰਾਮ ਲੋਕ ਸਿੰਘ, ਇੰਦਰਜੀਤ ਸਿੰਘ ਬੜੀ ਹਵੇਲੀ, ਸੁਰਜੀਤ ਸਿੰਘ ਫੂਲ ਹਰਿੰਦਰ ਸਿੰਘ, ਕੌਮਾਂ ਸਿੰਘ, ਬਲਵਿੰਦਰ ਸਿੰਘ, ਰਾਮ ਲੋਕ, ਮਦਨ ਸਿੰਘ, ਦੇਵ ਸਿੰਘ, ਗੁਲਾਬ ਸਿੰਘ, ਅਵਤਾਰ ਸਿੰਘ, ਧਰਮਪਾਲ ਸੈਣੀ, ਰਣਜੀਤ ਸਿੰਘ ਆਦਿ ਹਾਜ਼ਰ ਸਨ।
