
ਅੰਮ੍ਰਿਤਸਰ: ਭਾਰਤ – ਪਾਕਿ ਬਾਰਡਰ ’ਤੇ 10 ਕਿਲੋਮੀਟਰ ਘੇਰੇ ’ਚ ਵੱਸਦੇ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਾਉਣ ਲਈ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੀ ਨੁੰਮਾਇੰਦਾ ਕਨਵੈਨਸ਼ਨ ਸਾਥੀ ਬਲਬੀਰ ਸਿੰਘ ਕੱਕੜ (ਅੰਮ੍ਰਿਤਸਰ), ਜਗੀਰ ਸਿੰਘ ਸਲਾਜ (ਗੁਰਦਾਸਪੁਰ), ਮਾ: ਦਲਜੀਤ ਸਿੰਘ ਦਿਆਲਪੁਰਾ (ਤਰਨਤਾਰਨ) ਤੇ ਰਮੇਸ਼ ਵਡੇਰਾ (ਫ਼ਾਜ਼ਿਲਕਾ – ਫਿਰੋਜ਼ਪੁਰ) ਦੀ ਪ੍ਰਧਾਨਗੀ ਹੇਠ ਸਥਾਨਕ ਕਾ. ਫੌਜਾ ਸਿੰਘ ਭੁੱਲਰ ਹਾਲ ’ਚ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਫਾਉਂਡਰ ਤੇ ਵੈਟਰਨ ਮੈਂਬਰ ਦੇਸ਼ ਭਗਤ ਰਘਬੀਰ ਸਿੰਘ ਪਕੀਵਾਂ ਅਤੇ ਸੰਘਰਸ਼ ਕਮੇਟੀ ਦੇ ਸੂਬਾਈ ਸੈਕਟਰੀ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਬਾਰਡਰ ’ਤੇ ਵੱਸਦੇ ਲੋਕ ਹਮੇਸ਼ਾ ਜੰਗ ਦੇ ਸਾਏ ਹੇਠ ਰਹਿੰਦੇ ਹਨ ਇਹਨਾਂ ਲੋਕਾਂ ਨੇ 1947 ਦਾ ਸੰਤਾਪ ਹੰਢਾਇਆ ਤੇ ਘਰੋਂ ਬੇਘਰ ਹੋਏ, ਇਸ ਤਰ੍ਹਾਂ 1948 ਦੀ ਕਸ਼ਮੀਰ ਜੰਗ, 1965 ਤੇ 1971 ਦੀਆਂ ਭਾਰਤ – ਪਾਕਿ ਜੰਗਾਂ, ਕਾਰਗਿੱਲ ਦੀ ਲੜਾਈ ਅਤੇ ਹੁਣੇ ਹੁਣੇ ਹੋਈ ਭਾਰਤ – ਪਾਕਿ ਦੀ ਲੜਾਈ ਦੇ ਸਮੇਂ ਉੱਜੜਦੇ ਰਹੇ ਹਨ ਪ੍ਰੰਤੂ ਸਰਕਾਰ ਇਹਨਾਂ ਦੇ ਦਰਪੇਸ਼ ਮਸਲਿਆਂ ਵੱਲ ਧਿਆਨ ਨਹੀਂ ਦੇ ਰਹ।
ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਬਾਰਡਰ ਦੇ ਲੋਕ ਸੈਕੰਡ ਡਿਫੈਂਸ ਲਾਈਨ ਦਾ ਕੰਮ ਕਰਦੇ ਹਨ, ਜਿਸ ਕਾਰਨ ਇਹਨਾਂ ਨੂੰ ਲੜਾਈਆਂ ਦੌਰਾਨ ਉਜਾੜਾ ਭੱਤਾ ਦੇਣਾ ਚਾਹੀਦਾ ਹੈ ਅਤੇ ਮਿਲਟਰੀ, ਬੀਐੱਸਐੱਫ, ਪੈਰਾ ਮਿਲਟਰੀ ਸੇਵਾਵਾਂ ਅਤੇ ਪੁਲਿਸ ਫੋਰਸਾਂ ਵਿੱਚ ਪਹਿਲ ਦੇ ਆਧਾਰ ’ਤੇ ਭਰਤੀ ਕੀਤਾ ਜਾਵੇ।
ਸਾਥੀ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਬਾਰਡਰ ’ਤੇ ਤਾਇਨਾਤ ਬੀਐੱਸਐੱਫ ਬਾਰਡਰ ’ਤੇ ਲੱਗੀ ਕੰਡਿਆਲੀ ਤਾਰ ਉੱਪਰ ਬਣੇ ਗੇਟ ਕਦੇ ਵੀ ਨਿਰਧਾਰਤ ਸਮੇਂ ਅਨੁਸਾਰ 8 ਤੋਂ 5 ਵਜੇ ਤੱਕ ਪੂਰਾ ਸਮਾਂ ਨਹੀਂ ਖੋਲਦੇ ਅਤੇ ਲੋਕਾਂ ਨੂੰ ਬਹੁਤ ਖੱਜਲ ਖੁਆਰ ਕਰਦੇ ਹਨ। ਉਹਨਾਂ ਮੰਗ ਕੀਤੀ ਕਿ ਬਾਰਡਰ ’ਤੇ ਤਾਰੋਂ ਪਾਰ ਖੇਤੀ ਕਰਨੀ ਅਤਿ ਕਠਿਨ ਹੈ ਜਿਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਣ ਬਣਦਾ ਹੈ ਪ੍ਰੰਤੂ ਸਿਰਫ ਨਿਗੂਣਾ 10 ਹਜ਼ਾਰ ਰੁਪਏ ਪ੍ਰਤੀ ਏਕੜ ਉਹ ਵੀ ਕਦੇ ਕਦਾਈਂ ਦਿੱਤਾ ਜਾਂਦਾ ਹੈ।
ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਬਾਰਡਰ ਦੇ 10 ਕਿਲੋਮੀਟਰ ਖੇਤਰ ਵਿਚ ਸਮਾਜਿਕ ਸੇਵਾਵਾਂ ਹਸਪਤਾਲਾਂ, ਸਕੂਲਾਂ, ਸੜਕਾਂ, ਅਵਾਜਾਈ ਤੇ ਬੱਸ ਸੇਵਾ ਦਾ ਬੁਰਾ ਹਾਲ ਹੈ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਕਠਿਨ ਹਾਲਤਾਂ ਕਰਕੇ ਇਸ ਖੇਤਰ ਵਿੱਚ ਕੋਈ ਵੀ ਡਾਕਟਰ, ਟੀਚਰ ਆਦਿ ਲੱਗਣ ਨੂੰ ਤਿਆਰ ਨਹੀਂ ਹੁੰਦਾ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਇਹਨਾਂ ਨੂੰ ਆਕਰਸ਼ਿਤ ਕਰਨ ਲਈ ਬਾਰਡਰ ਏਰੀਆ ਭੱਤਾ ਦਿੱਤਾ ਜਾਵੇ ਜਦੋਂ ਕਿ ਇਹ ਪਹਿਲਾ ਮਿਲਦਾ ਰਿਹਾ ਹੈ।
ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਡਰ ’ਤੇ ਖੇਤੀ ਅਧਾਰਿਤ ਸਨਅਤਾਂ ਲਾਈਆਂ ਜਾਣ ਜਿੱਥੇ ਬਾਰਡਰ ਦੇ ਸਮੂਹ ਨੌਜਵਾਨਾਂ ਨੂੰ ਪਬਲਿਕ ਖੇਤਰ ਵਿੱਚ ਰੁਜ਼ਗਾਰ ਦਿੱਤਾ ਜਾਵੇ।
ਹੋਰਨਾਂ ਤੋਂ ਇਲਾਵਾ ਕਨਵੈਨਸ਼ਨ ਵਿੱਚ ਮਾਸਟਰ ਕਰਨ ਸਿੰਘ, ਜਗਬੀਰ ਸਿੰਘ ਬਹੂ – ਗੁਰਦਾਸਪੁਰ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਕੇਵਲ ਸਿੰਘ ਮਾੜੀ ਕੰਬੋਕੇ – ਤਰਨਤਾਰਨ , ਮੁਖਤਿਆਰ ਸਿੰਘ ਮੁਹਾਵਾ, ਦੇਸਾ ਸਿੰਘ ਭਿੰਡੀ ਔਲਖ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਕਨਵੈਨਸ਼ਨ ਵਿੱਚ ਸਮੂਹ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਾਰਡਰ ਏਰੀਆ ਸੰਘਰਸ਼ ਕਮੇਟੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਜ਼ਿਲ੍ਹਿਆਂ ਦੀਆਂ ਨਵੀਆਂ ਚੋਣਾਂ ਕਰਵਾਈਆਂ ਜਾਣ। ਜਿਸ ਅਨੁਸਾਰ ਫੈਸਲਾ ਕੀਤਾ ਗਿਆ ਕਿ ਗੁਰਦਾਸਪੁਰ ਦੀ 20 ਜੁਲਾਈ, ਅੰਮ੍ਰਿਤਸਰ ਦੀ 27 ਜੁਲਾਈ, ਫ਼ਾਜ਼ਿਲਕਾ – ਫਿਰੋਜ਼ਪੁਰ ਦੀ 3 ਅਗਸਤ ਅਤੇ ਤਰਨਤਾਰਨ ਦੀ 5 ਅਗਸਤ ਨੂੰ ਬਾਰਡਰ ਏਰੀਆ ਸੰਘਰਸ਼ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸਾਥੀ ਰੰਧਾਵਾ ਨੇ ਐਲਾਨ ਕੀਤਾ ਕਿ ਜ਼ਿਲ੍ਹਿਆਂ ਦੀਆਂ ਚੋਣਾਂ ਉਪਰੰਤ 21 ਅਗਸਤ ਨੂੰ ਅਟਾਰੀ ਵਿਖੇ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ।