
ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕਾਰਕੁਨਾਂ ਵੱਲੋਂ ਅੱਜ ਕਸਬਾ ਵਡਾਲਾ ਕਲਾਂ ਵਿਖੇ ਅਮਰੀਕਨ ਸਾਮਰਾਜ ਵੱਲੋਂ ਇਰਾਨ ਉੱਪਰ ਕੀਤੇ ਗਏ ਭਿਆਨਕ ਜੰਗੀ ਹਮਲੇ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜਰਾਇਲ ਦੇ ਆਗੂ ਨੇਤਨਯਾਹੂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਜੰਗੀ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਆਪਣੀ ਇਸ ਅਨੈਤਿਕ ਤੇ ਭੜਕਾਊ ਕਾਰਵਾਈ ਨਾਲ ਨਾ ਕੇਵਲ ਸਮੁੱਚੇ ਏਸ਼ੀਆਈ ਮਹਾਂਦੀਪ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈ ਬਲਕਿ ਉਸ ਦਾ ਇਹ ਦਹਿਸ਼ਤੀ ਕਾਰਾ ਸੰਸਾਰ ਅਮਨ ਲਈ ਵੀ ਗੰਭੀਰ ਖਤਰੇ ਖੜੇ ਕਰਨ ਦਾ ਸਬੱਬ ਬਣੇਗਾ। ਉਹਨਾਂ ਕਿਹਾ ਕਿ ਇਜਰਾਈਲ ਜਿਸ ਦੀ ਹਿਮਾਇਤ ਵਿੱਚ ਅਮਰੀਕਾ ਈਰਾਨ ਖਿਲਾਫ ਨਿਤਰਿਆ ਹੈ ਵੀ ਪਰਮਾਣੂ ਬੰਬ ਬਣਾ ਚੁੱਕਾ ਹੈ। ਇਹੋ ਹੀ ਨਹੀਂ ਇਜ਼ਰਾਇਲ ਸੰਸਾਰ ਭਰ ਦੇ ਅਮਨ ਦੇ ਚਾਹਵਾਨ ਲੋਕਾਂ ਅਤੇ ਯੂਐੱਨਓ ਸਮੇਤ ਸਾਰੇ ਕੌਮਾਂਤਰੀ ਅਦਾਰਿਆਂ ਨੂੰ ਟਿੱਚ ਜਾਣਦਿਆਂ ਨਾ ਕੇਵਲ ਫਲਸਤੀਨੀਆਂ ਦਾ ਨਸਲ ਘਾਤ ਤੇ ਉਜਾੜਾ ਕਰ ਰਿਹਾ ਹੈ ਅਤੇ ਇਸ ਨੇ ਮੱਧ ਪੂਰਬ ਦੇ ਸਾਰੇ ਦੇਸ਼ ਜੰਗ ਦੀ ਭੱਠੀ ਵਿੱਚ ਝੋਕ ਦਿੱਤੇ ਹਨ। ਇਸਦੇ ਉਲਟ ਅਮਰੀਕਾ ਦਾ ਖੁਫੀਆ ਵਿਭਾਗ ਦੀ ਪ੍ਰਮੁੱਖ ਤੁਲਸੀ ਗਬਾਰਡ ਪਹਿਲਾ ਘੱਟੋ ਘੱਟ ਤਿੰਨ ਵਾਰ ਕਹਿ ਚੁੱਕੀ ਹੈ ਕਿ ਇਰਾਨ ਨੇ ਨਾ ਪਰਮਾਣੂ ਬੰਬ ਬਣਾਇਆ ਹੈ ਅਤੇ ਨਾ ਹੀ ਉਹ ਬਣਾਉਣ ਦੇ ਕਾਬਲ ਹੈ। ਆਈਏਈਏ (ਕੌਮਾਂਤਰੀ ਪਰਮਾਣੂ ਊਰਜਾ ਏਜੰਸੀ) ਦਾ ਡਾਇਰੈਕਟਰ ਜਨਰਲ ਰਾਫਾਇਲ ਗਰੇਸੀ ਵੀ ਦੋ ਦਿਨ ਪਹਿਲਾਂ ਕਹਿ ਚੁੱਕਾ ਹੈ ਕਿ ਇਰਾਨ ਕੋਲ ਕੋਈ ਪ੍ਰਮਾਣੂ ਬੰਬ ਨਹੀਂ ਹੈ ਬਲਕਿ ਪਰਮਾਣੂ ਬਿਜਲੀ ਪੈਦਾਵਾਰ ਦੇ ਆਪਣੇ ਸਾਰੇ ਅਦਾਰਿਆਂ ਦੀ ਜਾਂਚ ਪੜਤਾਲ ਵਿੱਚ ਹਰ ਪੱਖੋਂ ਸਹਿਯੋਗ ਦੇ ਰਿਹਾ ਹੈ। ਈਰਾਨ ਪਰਮਾਣੂ ਪ੍ਰਸਾਰ ਰੋਕਣ ਵਾਲੀ ਕੌਮਾਂਤਰੀ ਸੰਧੀ ’ਤੇ ਵੀ ਦਸਤਖਤ ਕਰ ਚੁੱਕਾ ਹੈ ਅਤੇ ਯੂਐੱਨਓ ਦੇ ਪੰਜ ਸਥਾਈ ਮੈਂਬਰਾਂ ਰੂਸ, ਚੀਨ, ਫਰਾਂਸ, ਬ੍ਰਿਟੇਨ, ਅਮਰੀਕਾ ਨਾਲ ਹੋਏ ਸਮਝੌਤੇ ਜੇਸੀਪੀਓ ਕਦੀ ਵੀ ਪਰਮਾਣੂ ਬੰਬ ਨਾ ਬਣਾਉਣ ਦੀ ਗਰੰਟੀ ਦੇ ਚੁੱਕਾ ਹੈ। ਸਾਥੀ ਜਾਮਾਰਾਏ ਨੇ ਅਮਰੀਕਾ ਦੀ ਇਸ ਦਾਦਾਗਿਰੀ ਖਿਲਾਫ ਡਟਵਾਂ ਅਸੂਲੀ ਸਟੈਂਡ ਲੈਣ ਦੀ ਮੰਗ ਕਰਦਿਆਂ ਦੇਸ਼ ਵਾਸੀਆਂ ਨੂੰ ਜੰਗਬਾਜ ਜੁੰਡਲੀ ਖ਼ਿਲਾਫ਼ ਸ਼ਕਤੀਸ਼ਾਲੀ ਅਮਨ ਲਹਿਰ ਖੜੀ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ ਤੋਂ ਇਲਾਵਾ ਬਲਵਿੰਦਰ ਸਿੰਘ ਵਡਾਲਾ, ਹਰਜੀਤ ਸਿੰਘ ਦਾਊਦ, ਕਮਲਜੀਤ ਸਿੰਘ ਵਡਾਲਾ, ਦਿਆਲ ਸਿੰਘ, ਜਸਵੰਤ ਸਿੰਘ ਵਡਾਲਾ, ਸੂਬਾ ਸਿੰਘ ਵਡਾਲਾ, ਠੇਕੇਦਾਰ ਸਰਬਜੀਤ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ ਵਡਾਲਾ, ਰਾਜੂ ਦਾਊਦ ਅਤੇ ਹੋਰ ਪਾਰਟੀ ਕਾਰਕੁੰਨ ਹਾਜ਼ਰ ਸਨ।