Now Reading
ਲੁਧਿਆਣਾ ‘ਚ ਸੰਯੁਕਤ ਕਿਸਾਨ ਮੋਰਚੇ ਨੇ ਜੰਗ ਦੇ ਵਿਰੁੱਧ ਕੀਤਾ ਅਮਨ ਮਾਰਚ

ਲੁਧਿਆਣਾ ‘ਚ ਸੰਯੁਕਤ ਕਿਸਾਨ ਮੋਰਚੇ ਨੇ ਜੰਗ ਦੇ ਵਿਰੁੱਧ ਕੀਤਾ ਅਮਨ ਮਾਰਚ


ਲੁਧਿਆਣਾ: ਭਾਰਤ ਅਤੇ ਪਾਕਿਸਤਾਨ ਦੇ ਹਾਕਮਾਂ ਵੱਲੋਂ ਅਮਨ ਪਸੰਦ ਲੋਕਾਂ ਉੱਤੇ ਬੇਲੋੜੀ ਥੋਪੀ ਜਾ ਰਹੀ ਜੰਗ ਦੇ ਵਿਰੋਧ ਵਿੱਚ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਅਮਨ ਮਾਰਚ ਕੱਢਿਆ ਗਿਆ। ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਦੇ ਸਾਹਮਣੇ ਇਕੱਠੇ ਹੋਏ ਅਮਨ ਪਸੰਦ ਲੋਕਾਂ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਦੇਵ ਸਿੰਘ ਲਤਾਲਾ, ਆਲ ਇੰਡੀਆ ਕਿਸਾਨ ਸਭਾ (1936) ਦੇ ਜਸਵੀਰ ਸਿੰਘ ਝੱਜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜਗਰੂਪ ਸਿੰਘ ਹਸਨਪੁਰ, ਪੰਜਾਬ ਕਿਸਾਨ ਯੂਨੀਅਨ ਦੇ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਨਜੀਤ ਸਿੰਘ ਢੀਡਸਾ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੁਲਦੀਪ ਸਿੰਘ ਗਰੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਨੌਜਵਾਨ ਆਗੂ ਯੁਵਰਾਜ ਸਿੰਘ ਘੁਡਾਣੀ, ਸੀ ਟੀ ਯੂ ਪੰਜਾਬ ਦੇ ਜਗਦੀਸ਼ ਚੰਦ, ਆਲ ਇੰਡਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਐਮ ਐਸ ਭਾਟੀਆ, ਬਾਇਓ ਗੈਸ ਫੈਕਟਰੀ ਵਿਰੋਧੀ ਤਾਲਮੇਲ ਐਕਸ਼ਨ ਕਮੇਟੀ ਦੇ ਡਾ. ਸੁਖਦੇਵ ਸਿੰਘ ਭੂੰਦੜੀ, ਮੋਲਡਰ ਐਡ ਸਟੀਲ ਵਰਕਰਜ ਦੇ ਹਰਜਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਸਿੰਘ ਜੀਰਖ, ਮਹਿਲਾ ਆਗੂ ਹਰਜਿੰਦਰ ਕੌਰ ਨੇ ਆਖਿਆ ਕਿ ਭਾਰਤ ਤੇ ਪਾਕਿਸਤਾਨ ਦੇ ਹਾਕਮ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕਾਹਲੇ ਪਏ ਹੋਏ ਹਨ। ਉਹ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਸਿਹਤ ਸਿੱਖਿਆ ਅਤੇ ਰੁਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ। ਜਿਸ ਕਰਕੇ ਉਹ ਆਪਣੀ ਰਾਜ ਸੱਤਾ ਕਾਇਮ ਰੱਖਣ ਲਈ ਲੋਕਾਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਜਿਸ ਲਈ ਉਹ ਦੇਸ਼ ਵਿੱਚ ਹੁਣ ਜੰਗ ਵਰਗਾ ਮਾਹੌਲ ਸਿਰਜ ਕੇ ਲੋਕਾਂ ਵਿੱਚ ਫੋਕੀ ਦੇਸ਼ ਭਗਤੀ ਪੈਦਾ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਜਿਸ ਨੂੰ ਅਮਨ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਆਖਿਆ ਕਿ ਜੰਗ ਹਮੇਸ਼ਾ ਹੀ ਬਰਬਾਦੀ ਲੈ ਕੇ ਆਉਂਦੀ ਹੈ ਜਿਸ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ।
ਆਗੂਆਂ ਨੇ ਇੱਕ ਸੁਰ ਹੁੰਦਿਆਂ ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਨੂੰ ਤਾੜਨਾ ਕੀਤੀ ਕਿ ਜੇ ਉਨਾਂ ਆਮ ਲੋਕਾਂ ਉੱਤੇ ਜ਼ਬਰੀ ਜੰਗ ਥੋਪੀ ਤਾਂ ਉਹ ਜੰਗ ਵਿੱਚ ਇਹਨਾਂ ਹਾਕਮਾਂ ਦਾ ਵਿਰੋਧ ਕਰਨਗੇ।
ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਆਗੂਆਂ ਨੇ ਆਖਿਆ ਕਿ ਜੰਗ ਦੇ ਵਿਰੋਧ ਦੇ ਵਿੱਚ ਉਹ ਸੜਕਾਂ ਉੱਪਰ ਨਿਤਰਨ। ਉਨਾਂ ਅੱਤਵਾਦ ਦੇ ਖਾਤਮੇ ਲਈ ਦੇਸ਼ ਵਿੱਚ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ ਤਾਂ ਕਿ ਲੋਕ ਆਪਣਾ ਜੀਵਨ ਸੁਖੀ ਬਸਰ ਕਰ ਸਕਣ। ਰੈਲੀ ਕਰਨ ਉਪਰੰਤ ਹਾਜ਼ਰ ਇਕੱਠ ਵੱਲੋ ਜੰਗ ਵਿਰੋਧ ਨਾਹਰਿਆਂ ਦੀ ਗੂੰਜ ਵਿੱਚ ਅਮਨ ਮਾਰਚ ਕੀਤਾ ਗਿਆ। ਜੋ ਕਿ ਭਾਈ ਬਾਲਾ ਚੌਕ ਵਿੱਚ ਹੁੰਦਾ ਹੋਇਆ ਵਾਪਸ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਸਮਾਪਤ ਹੋਇਆ।
ਅੱਜ ਦੇ ਪ੍ਰੋਗਰਾਮ ਮੌਕੇ ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਅਤੇ ਚਮਕੌਰ ਸਿੰਘ ਬਰਮੀ ਨੇ ਬਾਖੂਬੀ ਚਲਾਈ। ਇਸ ਮੌਕੇ ਹੋਰਨਾ ਤੋ ਇਲਾਵਾ ਬਾਪੂ ਬਲਕੌਰ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਜੁਗਿੰਦਰ ਅਜ਼ਾਦ ਸਾਬਕਾ ਅਧਿਆਪਕ ਆਗੂ, ਵਿਜੇ ਕੁਮਾਰ, ਤਹਿਸੀਲਦਾਰ ਯਾਦਵ , ਬਲਰਾਮ ਸਿੰਘ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ,ਸਰਪੰਚ ਹਰਜੀਤ ਸਿੰਘ ਆਸੀ ਕਲਾਂ, ਸਵਰਨ ਸਿੰਘ ਆਸੀ ਕਲਾਂ ਆਦਿ ਹਾਜ਼ਰ ਸਨ।

Scroll To Top