Now Reading
ਸਿੱਖਾਂ ਦੇ ਨਰੋਏ ਅਕਸ ਨੂੰ ਢਾਹ ਲਾਈ ਹੈ ਸਿੰਘੂ ਵਿਖੇ ਕੀਤੇ ਗਏ ਹੌਲਨਾਕ ਕਤਲ ਤੋਂ

ਸਿੱਖਾਂ ਦੇ ਨਰੋਏ ਅਕਸ ਨੂੰ ਢਾਹ ਲਾਈ ਹੈ ਸਿੰਘੂ ਵਿਖੇ ਕੀਤੇ ਗਏ ਹੌਲਨਾਕ ਕਤਲ ਤੋਂ

ਜਦੋਂ ਸਮੁੱਚੇ ਦੇਸ਼ ਉਪਰ ਕਈ ਤਰ੍ਹਾਂ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹੋਣ, ਤਾਂ ਪੰਜਾਬ ਖਤਰਿਆਂ ਤੋਂ ਖਾਲੀ ਕਿਵੇਂ ਰਹਿ ਸਕਦਾ ਹੈ? ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਅੰਨ ਦਾਤਾ ਹੈ, ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਨਾਲ ਲੋਹਾਂ ਲੈਂਦਿਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਜਨਮ ਭੂਮੀ ਹੈ। ਕਿਸੇ ਲੋੜਵੰਦ ਵਿਅਕਤੀ ਜਾਂ ਸਮੂਹ ਨੂੰ ਜਦੋਂ ਕਦੀ ਵੀ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਪਈ, ਪੰਜਾਬੀਆਂ ਨੂੰ ਇਸ ਸਹਾਇਤਾ ਦੀ ਗੁਹਾਰ ਸੁਣਦਿਆਂ ਹੀ ਜਿਵੇਂ ਚਾਅ ਚੜ੍ਹ ਜਾਂਦਾ ਹੈ ਤੇ ਜੋ ਕੁਝ ਵੀ ਸੰਭਵ ਹੋਵੇ, ਪੱਲੇ ਬੰਨ੍ਹ ਕੇ ਲੋੜਵੰਦਾਂ ਦੇ ਦਰਵਾਜ਼ੇ ਆਪ ਉਪੜ ਜਾਂਦੇ ਹਨ। ਇਸ ਖਿੱਤੇ ਦੇ ਲੋਕਾਂ ਨੂੰ ਅਜਿਹੀ ਵਿਰਾਸਤ ਲੰਬੇ ਤੇ ਕਠਿਨ ਤਜ਼ਰਬਿਆਂ ਤੋਂ ਹਾਸਲ ਹੋਈ ਹੈ। ਇਹ ਪਿਊਂਦ ਜੋਗੀਆਂ, ਨਾਥਾਂ, ਸੂਫੀ ਸੰਤਾਂ, ਭਗਤੀ ਲਹਿਰ ਦੇ ਸਿਰਜਕਾਂ, ਗੁਰੂਆਂ, ਕੂਕਿਆਂ, ਗਦਰੀ ਬਾਬਿਆਂ ਤੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦੀਆਂ ਮਹਾਨ ਸਿੱਖਿਆਵਾਂ ਤੇ ਕੁਰਬਾਨੀਆਂ ਨੇ ਹੋਰ ਨਿਖਾਰੀ ਹੈ। ਇਸ ਮਾਣਮੱਤੇ ਖਜ਼ਾਨੇ ਨੂੰ ਅਨੇਕਾਂ ਵਾਰ ਵਿਦੇਸ਼ੀ ਤੇ ਦੇਸੀ ਦੁਸ਼ਮਣਾਂ, ਧਾਰਮਿਕ ਕੱਟੜਪੰਥੀਆਂ, ਫਿਰਕੂ ਜਨੂੰਨੀਆਂ ਤੇ ਸੱਜੇ ਪੱਖੀ ਤੱਤਾਂ ਨੇ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਪੰਜਾਬੀਆਂ ਦੇ ਸਿਦਕ, ਦਰਿਆਦਿਲੀ, ਤਸੀਹੇ ਸਹਾਰਦਿਆਂ ਭਾਣਾ ਮੰਨਣ ਦੀ ਫਿਤਰਤ, ਸਹਿਨਸ਼ੀਲਤਾ ਤੇ ਭਰਾਤਰੀ ਭਾਵ ਦੀ ਭਾਵਨਾ ਨੇ ਅਜਿਹੀਆਂ ਸਭ ਕੁਚਾਲਾਂ ਨੂੰ ਹਰ ਵਾਰੀ ਅਸਫਲ ਬਣਾਇਆ ਹੈ।
ਦੇਸ਼ ਦੀ ਆਜ਼ਾਦੀ ਦੇ ਅੰਦੋਲਨ ’ਚ ਪੰਜਾਬੀਆਂ ਦੇ ਯੋਗਦਾਨ, ਕੁਰਬਾਨੀਆਂ ਕਰਨ ਦੀ ਲੰਬੀ ਸੂਚੀ, ਫਾਂਸੀਆਂ ਦੇ ਰੱਸੇ ਚੁੰਮਣ ਤੇ ਅਸਹਿ ਤਸੀਹੇ ਝੱਲਣ ਦੀਆਂ ਕਹਾਣੀਆਂ ਦੀ ਭਾਰਤੀ ਲੋਕਾਂ ਦੇ ਮਨਾਂ ਅੰਦਰ ਗਹਿਰੀ ਛਾਪ ਹੈ। ਪੰਜਾਬੀਆਂ ਦੀ ਬਾਕੀ ਦੇਸ਼ ਵਾਸੀਆਂ ਨਾਲ ਇਸ ਮਾਣਮੱਤੀ, ਅਟੁੱਟ ਤੇ ਨਿਰਸਵਾਰਥ ਸਾਂਝ ਸਦਕਾ ਹੀ ਜਦੋਂ ਕੋਈ ਚੰਗੀ ਜਾਂ ਮਾੜੀ ਘਟਨਾ ਪੰਜਾਬ ਅੰਦਰ ਵਾਪਰਦੀ ਹੈ ਤਾਂ ਇਸਦੇ ਅਹਿਸਾਸ ਤੇ ਫਿਕਰਮੰਦੀ ਦੀਆਂ ਝਰਨਾਟਾਂ ਸਭ ਭਾਰਤ ਵਾਸੀਆਂ ਦੇ ਪਿੰਡਿਆਂ ’ਤੇ ਛੇੜ ਦਿੰਦੀਆਂ ਹਨ। ਜੇਕਰ ਕੋਈ ਮਾਨਵਤਾ ਦੇ ਭਲੇ ਵਾਲੀਆਂ ਠੰਡੀਆਂ ਹਵਾਵਾਂ ਇਸ ਧਰਤੀ ਤੋਂ ਉਠਦੀਆਂ ਹਨ, ਤਾਂ ਸਾਰੇ ਦੇਸ਼ ਵਾਸੀ ਇਨ੍ਹਾਂ ਦਾ ਅਨੰਦ ਤੇ ਸੁਗੰਧੀਆਂ ਮਾਣਦਾ ਹੈ। ਇਸਦੇ ਉਲਟ ਜੇਕਰ ਪੰਜਾਬ ਨਾਲ ਜੁੜੀ ਕਿਸੇ ਅਣਹੋਣੀ ਜਾਂ ਗੈਰ ਵਾਜ਼ਬ ਗਤੀਵਿਧੀ ਦੀ ਭਿਣਕ ਭਾਰਤੀ ਲੋਕਾਂ ਦੇ ਕੰਨਾਂ ’ਚ ਪੈਂਦੀ ਹੈ, ਤਾਂ ਵੀ ਸਭ ਲੋਕੀ ਫੌਰਨ ਚੁਕੰਨੇ ਤੇ ਫਿਕਰਮੰਦ ਹੋ ਜਾਂਦੇ ਹਨ। ਪੰਜਾਬ ਵਿਚਲੇ 1980 ਵਿਆਂ ਤੇ 90ਵਿਆਂ ਦੇ ਦੌਰ ਦੀਆਂ ਘਟਨਾਵਾਂ ਦਾ ਦੇਸ਼ ਵਿਆਪੀ ਰਾਜਨੀਤੀ, ਸਮਾਜਿਕ ਤੇ ਆਰਥਿਕ ਅਵਸਥਾ ਉਪਰ ਗਹਿਰਾ ਅਸਰ ਸਭ ਲੋਕਾਂ ਨੇ ਤੱਕਿਆ ਤੇ ਅਨੁਭਵ ਕੀਤਾ ਹੈ। ਦੇਸ਼-ਵਿਦੇਸ਼ਾਂ ’ਚ ਵਸਦੇ ਭਾਰਤੀਆਂ ਦੇ ਸਰੀਰਾਂ ਤੇ ਦਿਮਾਗਾਂ ਉਪਰ ਇਸ ‘ਕਾਲੇ ਦੌਰ’ ਦੀਆਂ ਕੌੜੀਆਂ ਯਾਦਾਂ ਅਜੇ ਵੀ ਅਨੁਭਵ ਕੀਤੀਆਂ ਜਾ ਸਕਦੀਆਂ ਹਨ।
ਪ੍ਰੰਤੂ ਇਹ ਸਿਹਰਾ ਪੰਜਾਬੀਆਂ ਦੀ ਸ਼ਾਨਦਾਰ ਵਿਰਾਸਤ ਸਿਰ ਹੀ ਬੱਝਦਾ ਹੈ ਕਿ ਇਤਿਹਾਸ ਦੇ ਮਾਰੂ ਹੱਲਿਆਂ ਦੇ ਦੌਰ ਨੂੰ ਸਹਾਰਦਿਆਂ ਹੋਇਆਂ ਆਪਣੇ ਡੂੰਘੇ ਜਖ਼ਮਾਂ ਨੂੰ ਭਰਕੇ ਇਹ ਮੁੜ ਪੈਰਾਂ ’ਤੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਸਭ ਗੁਣਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਾਨੂੰ ਉਨ੍ਹਾਂ ਕਮਜ਼ੋਰੀਆਂ ਤੇ ਉਕਾਈਆਂ ਨੂੰ ਵੀ ਧਿਆਨ ਗੋਚਰੇ ਲਿਆਉਣ ਦੀ ਲੋੜ ਹੈ, ਜਿਸ ਨਾਲ ਪੰਜਾਬੀਆਂ ਦੇ ਜੁਝਾਰੂ, ਆਪਾਵਾਰੂ ਤੇ ਮਾਨਵੀ ਅਕਸ ਨੂੰ ਢਾਅ ਲੱਗਦੀ ਹੋਵੇ। ਭਾਵੇਂ ਇਸ ਪਿੱਛੇ ਸ਼ਾਤਰ ਹੁਕਮਰਾਨ ਧਿਰਾਂ ਜਾਂ ਅੰਦਰੂਨੀ ਛਿਪੇ ਦੁਸ਼ਮਣਾਂ ਦਾ ਹੀ ਹੱਥ ਹੋਵੇ, ਪ੍ਰੰਤੂ ਸਾਜ਼ਿਸਾਂ ਨੂੰ ਸਮੇਂ ਸਿਰ ਨਾ ਸਮਝਣ ਤੇ ਲੋੜੀਂਦੀ ਚੌਕਸੀ ਨਾ ਵਰਤਣ ਦਾ ਦੋਸ਼ ਤਾਂ ਸਮੁੱਚੇ ਪੰਜਬੀਆਂ ਸਿਰ ਬੱਝੇਗਾ ਹੀ! ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ 1977 ਦੀਆਂ ਚੋਣਾਂ ਅੰਦਰ ਕਾਂਗਰਸ ਪਾਰਟੀ ਦੀ ਲੱਕ ਤੋੜਵੀਂ ਹਾਰ ਤੋਂ ਬਾਅਦ ਹਾਰੀ ਹਾਕਮ ਧਿਰ ਵਲੋਂ ਰਾਜ ਸੱਤਾ ਉਪਰ ਮੁੜ ਕਬਜ਼ਾ ਕਰਨ ਹਿੱਤ ਵਿਊਂਤੀ ਲੰਬੀ ਯੋਜਨਾ ਨੂੰ ਜੇਕਰ ਪੰਜਾਬੀਆਂ, ਖਾਸਕਰ ਸਿੱਖਾਂ ਨੇ, ਸਮੇਂ ਸਿਰ ਸਮਝਿਆ ਹੁੰਦਾ ਤਾਂ ਲਾਜ਼ਮੀ ਤੌਰ ’ਤੇ ਲਗਭਗ ਦੋ ਦਹਾਕਿਆਂ ਦਾ ਸੰਤਾਪ ਪੰਜਾਬੀਆਂ ਸਮੇਤ ਸਮੁੱਚੇ ਦੇਸ਼ ਦੇ ਲੋਕਾਂ ਨੂੰ ਨਾ ਹੰਢਾਉਣਾ ਪੈਂਦਾ।
ਹੁਣ ਫਿਰ ਇਕ ਵਾਰ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਦੀ ਰਾਖੀ ਕਰਨ ਦਾ ਮੌਕਾ ਆ ਗਿਆ ਹੈ। ਜੇਕਰ ਅਸੀਂ ਸਮੂਹ ਪੰਜਾਬੀ, ਤੇ ਖਾਸਕਰ ਬੁੱਧੀਜੀਵੀ, ਸਿੱਖ ਵਿਦਵਾਨ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਲੋਕਾਂ ਨੇ ਹਰ ਘਟਨਾ ਬਾਰੇ ਤਰਕਪੂਰਨ ਨਿਰੀਖਣ ਦੇ ਆਧਾਰ ’ਤੇ ਗਲਤ ਜਾਂ ਠੀਕ ਰਾਇ ਬਣਾਈ, ਤਾਂ ਹਾਕਮਾਂ ਤੇ ਸ਼ਰਾਰਤੀ ਤੱਤਾਂ ਵਲੋਂ ਕੀਤਾ ਜਾਂਦਾ ਝੂਠਾ ਪ੍ਰਚਾਰ ਆਮ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ, ਜਿਸ ਦੇ ਗੰਭੀਰ ਸਿੱਟੇ ਸਮੁੱਚੇ ਸਮਾਜ ਨੂੰ ਭੁਗਤਣੇ ਪੈ ਸਕਦੇ ਹਨ।
15 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਕਿਸਾਨ ਮੋਰਚੇ ਦੇ ਇਕ ਕੇਂਦਰ, ਸਿੰਘੂ ਬਾਰਡਰ, ਨੇੜੇ ਨਿਹੰਗ ਸਿੰਘਾਂ ਦੇ ਇਕ ਗਰੁੱਪ ਵਲੋਂ ਉਨ੍ਹਾਂ ਦੀ ਸੇਵਾ ਕਰ ਰਹੇ ਇਕ ਵਿਅਕਤੀ ਲਖਬੀਰ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤਰ੍ਹਾਂ ਮਿ੍ਰਤਕ ਦੀ ਇਕ ਬਾਂਹ ਤੇ ਲੱਤ ਵੱਢ ਕੇ ਉਸਦੇ ਖੂਨ ’ਚ ਲੱਥ ਪੱਥ ਸਰੀਰ ਨੂੰ ਸੜਕ ’ਤੇ ਲੱਗੇ ਬੈਰੀਗੇਡ ਉਪਰ ਟੰਗ ਕੇ ਦੁਨੀਆਂ ਨੂੰ ਦਿਖਾਇਆ ਗਿਆ, ਉਸ ਨਾਲ ਸੰਸਾਰ ਭਰ ’ਚ, ਜਿਸਨੇ ਵੀ ਇਸ ਡਰਾਉਣੇ ਸੀਨ ਨੂੰ ਤੱਕਿਆ, ਉਹ ਤ੍ਰਾਹ-ਤ੍ਰਾਹ ਕਰ ਉਠਿਆ। ਨਿਹੰਗਾਂ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਹ ਦਾਅਵਾ ਕੀਤਾ ਗਿਆ ਕਿ ਇਹ ਵਿਅਕਤੀ ਨਿਹੰਗ ਸਿੰਘਾਂ ਦੇ ਇਕ ਧਰਮ ਗੰ੍ਰਥ ‘ਸਰਵ ਲੋਹ’ ਗ੍ਰੰਥ (ਪਹਿਲਾਂ ਪ੍ਰਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੀਤਾ ਗਿਆ) ਦੀ ਬੇਅਦਬੀ ਕਰ ਰਿਹਾ ਸੀ ਤੇ ਉਸਨੂੰ ਅਜਿਹੀ ਸਜ਼ਾ ਦੇਣੀ ‘‘ਸਾਡੇ ਗੁਰੂ ਦੀ ਸਿੱਖਿਆ ਵੀ ਹੈ ਤੇ ਸਾਡਾ ਫਰਜ਼ ਵੀ ਬਣਦਾ ਹੈ।’’ ਦੋਸ਼ੀਆਂ ਨੇ ਗਿ੍ਰਫਤਾਰ ਹੋਣ ਤੋਂ ਬਾਅਦ ਪੁਲਸ ਤੇ ਅਦਾਲਤ ਸਾਹਮਣੇ ਵੀ ਕਿਸੇ ਧਰਮ ਗੰ੍ਰਥ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਅੱਗੋਂ ਵੀ ‘ਸੋਧਣ’ (ਭਾਵ ਮਾਰਨ) ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ, ਜੋ ਇਕ ਸਾਲ ਤੋਂ ਸ਼ਾਂਤਮਈ ਚਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ, ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤੱਤਾਂ ਤੋਂ ਸਪੱਸ਼ਟ ਵੱਖਰੇਵਾਂ ਕਰ ਲਿਆ ਤੇ ਕਤਲ ਦੀ ਨਿੰਦਿਆਂ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਹੈ। ਕਿਸਾਨ ਆਗੂਆਂ ਨੇ ਇਸ ਸਾਰੀ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। ਇਹ ਮੰਗ ਉਦੋਂ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ, ਜਦੋਂ ਇਸ ਵਰਤਾਰੇ ਨੂੰ ਅੰਜ਼ਾਮ ਦੇਣ ਵਾਲੇ ਇਕ ਨਿਹੰਗ ਮੁਖੀ ਅਮਨ ਸਿੰਘ ਨੂੰ ਮੋਦੀ ਸਰਕਾਰ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀਆਂ ਸਿਰੋਪਾ ਦੇ ਕੇ ਸਨਮਾਨਤ ਕਰਦਿਆਂ ਦੀਆਂ ਫੋਟੋਜ਼ ਸਾਹਮਣੇ ਆਈਆਂ ਹਨ। ਇਹ ਘਟਨਾ ਨੇ ਲੋਕਾਂ ਦੇ ਮਨਾਂ ’ਚ ਮੋਦੀ ਸਰਕਾਰ ਵਲੋਂ ਚਲ ਰਹੇ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦਾ ਖੁਲਾਸਾ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਉਥੇ ਬੈਠੇ ਦੂਸਰੇ ਨਿਹੰਗ ਸਿੰਘਾਂ ਨੂੰ ਉਸ ਜਗ੍ਹਾ ਤੋਂ ਚਲੇ ਜਾਣ ਦੀ ਬੇਨਤੀ ਵੀ ਕੀਤੀ ਹੈ, ਕਿਉਂਕਿ ਸੰਯੁਕਤ ਮੋਰਚਾ ਨਿਰੋਲ ਕਿਸਾਨਾਂ ਦਾ ਗੈਰ ਰਾਜਨੀਤਕ ਤੇ ਗੈਰ ਧਾਰਮਿਕ ਮੋਰਚਾ ਹੈ, ਜਿਹੜਾ ਪੁਰਅਮਨ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਇਸ ਮੰਦਭਾਗੀ ਘਟਨਾ ਦੀ ਚੁਫੇਰਿਓਂ ਨਿੰਦਿਆਂ ਹੋਈ ਹੈ। ਪ੍ਰੰਤੂ ਕੁਝ ਲੋਕ, ਜੋ ਆਪਣੇ ਆਪ ਨੂੰ ‘ਸ਼ੁੱਧ ਸਿੱਖ’ ਹੋਣ ਦਾ ਦਾਅਵਾ ਕਰਦੇ ਹਨ, ਉਹ ਕਤਲ ਕਰਨ ਵਾਲੇ ਨਿਹੰਗਾਂ ਦੀਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਿਫ਼ਤਾਂ ਕਰ ਰਹੇ ਹਨ ਤੇ ਉਨ੍ਹਾਂ ਨੂੰ ‘ਕੌਮ ਦੇ ਬਹਾਦਰਾਂ’ ਦੀਆਂ ਉਪਾਧੀਆਂ ਨਾਲ ਨਿਵਾਜ਼ ਰਹੇ ਹਨ। ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨਾ ਘੋਰ ਅਪਰਾਧ ਹੈ ਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਵੀ ਹਕੀਕਤ ਹੈ ਕਿ ਬਹੁਤ ਵਾਰੀ ਕਾਨੂੰਨੀ ਪ੍ਰਕਿਰਿਆ ਏਨੀ ਲੰਬੀ ਤੇ ਮਹਿੰਗੀ ਹੁੰਦੀ ਹੈ ਕਿ ਆਮ ਵਿਅਕਤੀ ਨੂੰ ਇਨਸਾਫ ਦੀ ਉਡੀਕ ਕਰਦਿਆਂ ਲੰਬਾ ਸਮਾਂ ਬੀਤ ਜਾਂਦਾ ਹੈ। ਦੇਰ ਨਾਲ ਮਿਲਿਆਂ ਇਨਸਾਫ, ਨਾ ਮਿਲਣ ਦੇ ਬਰਾਬਰ ਹੁੰਦਾ ਹੈ। ਪ੍ਰੰਤੂ ਅਜੋਕੀਆਂ ਸਥਿਤੀਆਂ ਅੰਦਰ ਕਾਨੂੰਨ ਤੇ ਬੇਵਿਸ਼ਵਾਸ਼ੀ ਜਤਾ ਕੇ ਜੇਕਰ ਦੋਸ਼ੀ ਨੂੰ ਆਪ ਸਜ਼ਾ ਦੇਣ (ਜਿਵੇਂ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵਲੋਂ ਦਿੱਤੀ ਗਈ ਹੈ) ਦਾ ਰਾਹ ਚੁਣ ਲਿਆ ਜਾਂਦਾ ਹੈ, ਤਾਂ ਅਜਿਹਾ ਵਹਿਸ਼ੀ ਵਰਤਾਰਾ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਪ੍ਰਵਾਨ ਨਹੀਂ ਹੈ।
ਦੋਸ਼ੀ ਨਿਹੰਗ ਸਿੰਘਾਂ ਵਲੋਂ ਕੀਤੇ ਇਸ ਕਤਲ ਨਾਲ ਸੰਸਾਰ ਭਰ ਦੇ ਲੋਕਾਂ ਦੇ ਮਨਾਂ ਅੰਦਰ ‘ਸਿੱਖਾਂ’ ਦਾ ਅਕਸ ਜ਼ਰੂਰ ਧੁੰਧਲਾ ਤੇ ਸ਼ੱਕੀ ਬਣਿਆ ਹੈ। ਹਾਲਾਂਕਿ ਸਿੱਖ ਜਨ ਸਮੂਹਾਂ ਨੇ ਇਸ ਘਟਨਾ ਨੂੰ ਪਸੰਦ ਨਹੀਂ ਕੀਤਾ, ਪ੍ਰੰਤੂ ਜਿਸ ਤਰ੍ਹਾਂ ਆਰ.ਐਸ.ਐਸ. ਜਾਂ ਸੰਘ ਪਰਿਵਾਰ ਹੱਥੋਂ ਕਿਸੇ ਘੱਟ ਗਿਣਤੀ ਧਾਰਮਿਕ ਫਿਰਕੇ ਨਾਲ ਸਬੰਧਤ ਵਿਅਕਤੀ, ਦਲਿਤ, ਔਰਤ ਜਾਂ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਦੇ ਕਤਲ ਜਾਂ ਕੋਈ ਹੋਰ ਧੱਕੇ ਵਾਲੀ ਘੱਟਨਾ ਹੋਣ ’ਤੇ ਵਿਰੋਧ ਦੀ ਲਹਿਰ ਉਠਦੀ ਹੈ, ਉਸ ਤਰ੍ਹਾਂ ਦੀ ਲਹਿਰ ਪੰਜਾਬੀਆਂ, ਖਾਸਕਰ ਸਿੱਖ ਜਨ ਸਮੂਹਾਂ ’ਚ ਨਹੀਂ ਦੇਖੀ ਜਾ ਰਹੀ। ਭਾਵੇਂ ਉਹ ਇਸ ਮੰਦਭਾਗੀ ਘਟਨਾ ਨਾਲ ਦੂਰ-ਨੇੜੇ ਤੋਂ ਕਿਸੇ ਵੀ ਤਰ੍ਹਾਂ ਸੰਬੰਧਤ ਨਹੀਂ ਹਨ, ਪ੍ਰੰਤੂ ਜਦੋਂ ਕਾਤਲ ਨਿਹੰਗਾਂ ਦਾ ਬਾਣਾ ਤੇ ਦਿਖ ਸਿੱਖੀ ਵਾਲੀ ਹੈ, ਤੇ ਉਹ ਇਹ ਘਿਨਾਉਣਾ ਜ਼ੁਰਮ ਸਿੱਖਾਂ ਦੇ ‘ਧਾਰਮਿਕ ਗ੍ਰੰਥ’ ਦੀ ਬੇਅਦਬੀ ਦੇ ਪਰਦੇ ਹੇਠਾਂ ਕਰ ਰਹੇ ਹਨ, ਤਾਂ ਸਿੱਖ ਧਰਮ ਨਾਲ ਜੁੜੇ ਵਿਸ਼ਾਲ ਗਿਣਤੀ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਧਰਮ, ਇਸਦੀਆਂ ਮਾਨਵਵਾਦੀ ਪ੍ਰੰਪਰਾਵਾਂ ਤੇ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਘਿਨਾਉਣਾ ਵਿਵਹਾਰ ਨਾ ਕਰਨ ਦੀਆਂ ਸਿੱਖਿਆਵਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨ। ਸੰਭਵ ਹੈ ਇਹ ਇਕ ਖਤਰਿਆਂ ਭਰਿਆ ਕਾਰਜ ਹੋਵੇ, ਕਿਉਂਕਿ ਦੇਸ਼ ਦੇ ਹੁਕਮਰਾਨ, ਸਰਕਾਰੀ ਏਜੰਸੀਆਂ ਤੇ ਫਿਰਕੂ ਤੱਤ ਕਿਸਾਨ ਅੰਦੋਲਨ ਦੀ ਰੌਸ਼ਨੀ ’ਚ ਇਸ ਤਰ੍ਹਾਂ ਦੇ ਗੈਰ ਮਾਨਵੀ ਅਮਲਾਂ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣ ਦੇ ਹਾਮੀ ਹਨ ਤੇ ਇਸਦੀ ਨਿੰਦਿਆ ਕਰਨ ਵਾਲਿਆਂ ਵਿਰੁੱਧ ਕੋਈ ਵੀ ਹਿੰਸਕ ਜਾਂ ਨੁਕਸਾਨਦੇਹ ਕਾਰਵਾਈ ਕਰ-ਕਰਾ ਸਕਦੇ ਹਨ। ਜੇਕਰ ਅਸੀਂ ਸੱਚ ਤੇ ਧਰਮ ਦੀਆਂ ਮਾਨਵਵਾਦੀ ਕਦਰਾਂ ਕੀਮਤਾਂ ਲਈ ਕੋਈ ਖਤਰਾ ਸਹੇੜਨ ਤੋਂ ਭੈਅ ਖਾ ਕੇ ਚੁੱਪ ਰਹਿੰਦੇ ਹਾਂ, ਤਾਂ ‘ਸੱਚੇ ਸਿੱਖ’ ਤਾਂ ਕੀ ਜੋ ਸਮਾਜ ਦੇ ਭਲੇ ਲਈ ਆਪਣੇ ਪਰਿਵਾਰਾਂ ਨੂੰ ਵੀ ਨਿਸ਼ਾਵਰ ਕਰਦੇ ਰਹੇ ਹਨ, ਇਕ ਚੰਗੇ ਇਨਸਾਨ ਕਹਾਉਣ ਦੇ ਹੱਕਦਾਰ ਵੀ ਨਹੀਂ ਹਾਂ।
ਆਮ ਸਿੱਖਾਂ, ਬੁੱਧੀਜੀਵੀਆਂ, ਵਿਦਵਾਨਾਂ ਤੇ ਹੋਰ ਅਗਾਂਹਵਧੂ ਲੋਕਾਂ, ਜੋ ਪੰਜਾਬ ਦੀ ਮਾਣਮੱਤੀ ਵਿਰਾਸਤ ਦੇ ਮਾਲਿਕ ਹੋਣ ਦਾ ਦਾਅਵਾ ਕਰਦੇ ਹਨ, ਨੂੰ ਤੁਰੰਤ ਦਿੱਲੀ ’ਚ ਸਿੰਘੂ ਬਾਰਡਰ ’ਤੇ ਹੋਏ ਕਤਲ ਦੀ ਨਿਖੇਧੀ ਕਰਨੀ ਚਾਹੀਦੀ ਹੈ ਤੇ ਸਾਰੀ ਘਟਨਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਕਿ ਪਛਾਣੇ ਗਏ ਦੋਸ਼ੀਆਂ ਦੇ ਨਾਲ-ਨਾਲ ਉਨ੍ਹਾਂ ਪਿੱਛੇ ਲੁੱਕੇ ਹੋਏ ਸ਼ੈਤਾਨਾਂ ਦੀ ਪਹਿਚਾਣ ਵੀ ਹੋ ਸਕੇ। ਸਾਡੀ ਚੁੱਪ ਸਿੱਖਾਂ ਬਾਰੇ ਬਹੁਤ ਹੀ ਗਲਤ ਤੇ ਡਰਾਉਣੀ ਧਾਰਨਾ ਪੈਦਾ ਕਰ ਸਕਦੀ ਹੈ, ਜਿਸ ਨਾਲ ਸਮੁੱਚੇ ਸਮਾਜ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ। ਅੱਜ ਦੇ ਸਮਿਆਂ ’ਚ ‘ਹਿੰਸਾ’ ਹਾਕਮ ਜਮਾਤਾਂ ਦਾ ਹਥਿਆਰ ਹੈ, ਜੋ ਉਹ ਪੀੜਤ ਲੋਕਾਂ ਤੇ ਸੰਘਰਸ਼ਸ਼ੀਲ ਜਨ ਸਮੂਹਾਂ ਵਿਰੁੱਧ ਇਸਤੇਮਾਲ ਕਰਦੀ ਹੈ। ਅਜਿਹਾ ਕਰਦਿਆਂ ਉਹ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਸਕਦੀ ਹੈ। ਤਿੰਨ-ਚਾਰ ਸਦੀਆਂ ਪਹਿਲਾਂ ਵਾਲੇ ਸ਼ਾਸ਼ਤਰ ਜਾਂ ਲੜਾਈ ਦੇ ਦਾਅ ਪੇਚ ਮੌਜੂਦਾ ਲੋਕ ਰਾਜੀ ਪ੍ਰਣਾਲੀ ਅੰਦਰ ਮਿਹਨਤਕਸ਼ ਅਵਾਮ ਤੇ ਧਾਰਮਿਕ ਘੱਟ ਗਿਣਤੀਆਂ ਬਾਰੇ ਬਿਲਕੁਲ ਹੀ ਨਾ ਗਵਾਰਾ ਹਨ ਤੇ ਉਲਟਾ ਭਾਰੀ ਨੁਕਸਾਨਦੇਹ ਹਨ। ਇਹ ਤੱਥ ਦੁਨੀਆਂ ਭਰ ’ਚ ਸਾਮਰਾਜੀ ਸ਼ਕਤੀਆਂ ਤੇ ਭਾਰਤ ਦੇ ਹਾਕਮਾਂ ਵਲੋਂ ਪਿਛਲੇ ਸਮੇਂ ਦੋਰਾਨ ਬੇਗੁਨਾਹ ਲੋਕਾਂ ਵਿਰੁੱਧ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ’ਚ ਸਿੱਧ ਹੋ ਚੁੱਕਾ ਹੈ। ਧਾਰਮਿਕ ਘੱਟ ਗਿਣਤੀਆਂ ਦੀਆਂ ਕੁੱਝ ਬਹੁਤ ਹੀ ਹੱਕੀ ਸ਼ਿਕਾਇਤਾਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਪ੍ਰੰਤੂ ਇਹ ਕਾਰਜ ਕੋਈ ਇਕ ਧਾਰਮਿਕ ਘੱਟ ਗਿਣਤੀ ਆਪ ਇਕੱਲਿਆਂ ਨਹੀਂ ਕਰ ਸਕਦੀ। ਇਸ ਵਾਸਤੇ ਸਮੁੱਚੀ ਪੀੜਤ ਲੋਕਾਈ ਤੇ ਜਮਹੂਰੀ ਲਹਿਰ ਨਾਲ ਮਿਲਕੇ ਸੰਘਰਸ਼ ਕਰਨਾ ਹੋਵੇਗਾ। ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਫਿਰਕੂ ਤੇ ਵੰਡਵਾਦੀ ਤੱਤ ਅਜੇ ਵੀ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ 80ਵਿਆਂ ਦੀ ਤ੍ਰਾਸਦੀ ਵੱਲ ਮੁੜ ਕੇ ਧੱਕਣ ਲਈ ਯਤਨਸ਼ੀਲ ਹਨ। ਅਜਿਹੇ ਲੋਕਾਂ ਤੋਂ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੀ ਲੋੜ ਹੈ। ਉਂਝ ਤਾਂ ਬਹੁ ਗਿਣਤੀ ਭਾਈਚਾਰੇ ਦੇ ਫਿਰਕੂ ਹਿੰਸਕ ਤੱਤਾਂ ਦੀਆਂ ਕਾਰਵਾਈਆਂ ਬਹੁ ਗਿਣਤੀ ਵਸੋਂ ਲਈ ਵੀ ਘੱਟ ਖਤਰਨਾਕ ਨਹੀਂ ਹਨ, ਪ੍ਰੰਤੂ ਭਾਰਤ ਦੀਆਂ ਮੌਜੂਦਾ ਹਾਲਤਾਂ ਅੰਦਰ ਧਾਰਮਿਕ ਘੱਟ ਗਿਣਤੀਆਂ ਲਈ ਕਿਸੇ ਹਿੰਸਕ ਕਾਰਵਾਈ ਦੇ ਸਹਾਰੇ ਆਪਣੇ ਮਾਨ ਸਨਮਾਨ ਤੇ ਧਰਮ ਦੀ ਰਾਖੀ ਕਰਨ ਦਾ ਪੈਂਤੜਾ ਵੱਡੇ ਖਤਰਿਆਂ ਦਾ ਸੂਚਕ ਬਣ ਸਕਦਾ ਹੈ। ਧਾਰਮਿਕ ਘੱਟ ਗਿਣਤੀਆਂ ਸਮੇਤ ਸਮੁੱਚੇ ਸਮਾਜ, ਦਲਿਤਾਂ ਤੇ ਔਰਤਾਂ ਦਾ ਉਜਲ ਭਵਿੱਖ ਸਮਾਜਿਕ ਬਦਲਾਅ ’ਚ ਹੈ, ਜਿਸ ਲਈ ਹਾਕਮ ਧਿਰਾਂ ਤੇ ਹਰ ਰੰਗ ਦੇ ਫਿਰਕੂ ਤੱਤਾਂ ਦੀਆਂ ਸਾਰੀਆਂ ਚਾਲਾਂ ਤੇ ਹਿੰਸਕ ਕਾਰਵਾਈਆਂ ਦਾ ਟਾਕਰਾ ਪੁਰਅਮਨ ਢੰਗ ਨਾਲ ਇਕੱਠਿਆਂ ਹੋ ਕੇ ਕਰਨਾ ਹੋਵੇਗਾ।

  • ਮੰਗਤ ਰਾਮ ਪਾਸਲਾ
Scroll To Top