Now Reading
26 ਅਗਸਤ ਨੂੰ ਜਾਏਗਾ ਤੁੜ ਤੋਂ ਦਿੱਲੀ ਲਈ ਜਥਾ

26 ਅਗਸਤ ਨੂੰ ਜਾਏਗਾ ਤੁੜ ਤੋਂ ਦਿੱਲੀ ਲਈ ਜਥਾ

ਫਤਿਆਬਾਦ, 22 ਅਗਸਤ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਪਿੰਡ ਤੁੜ ਚ ਮੀਟਿੰਗ ਜੰਗ ਬਹਾਦਰ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਨਰਿੰਦਰ ਸਿੰਘ ਤੁੜ ਨੇ ਕਿਹਾ ਕੇ ਖੇਤੀ ਅਤੇ ਖਪਤਕਾਰ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਦਿੱਲੀ ਬਾਰਡਰਾਂ ਤੇ ਚੱਲ ਰਿਹਾ ਕਿਸਾਨ ਮੋਰਚਾ ਚੜਦੀ ਕਲਾ ਵਿੱਚ ਅਤੇ ਪੱਕੇ ਪੈਰੀ ਹੈ ਅਤੇ ਅਹਿਮ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਮੋਦੀ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਭਾਜਪਾ ਦਾ ਪੱਤਨ ਪੰਜਾਬ ਤੋਂ ਸੁਰੂ ਹੋ ਚੁੱਕਾ ਹੈ। ਜਿਸ ਦਾ ਅਹਿਮ ਸਬੂਤ ਕਿ ਉਸ ਦੇ ਆਗੂ ਧੜਾਧੜ ਪਾਰਟੀ ਛੱਡ ਰਹੇ ਹਨ। ਦੇਸ਼ ਦੇ ਵੱਖ ਵੱਖ ਥਾਵਾਂ ਵਿੱਚ ਹੋਈਆ ਚੋਣਾਂ ਵਿੱਚ ਕਿਸਾਨ ਅੰਦੋਲਨ ਪ੍ਰਤੀ ਅਪਣਾਏ ਬੇਰੁਖੀ ਭਰੇ ਅੜੀਅਲ ਵਤੀਰੇ ਦੀ ਕੀਮਤ ਚਕਾਉਦਿਆ ਹਾਰਾਂ ਦਾ ਮੂਹ ਵੀ ਵੇਖਣਾ ਪਿਆ ਹੈ।

ਉਹਨਾਂ ਨੇ ਕਿਸਾਨ ਆਗੂਆ ਨੂੰ ਲੰਮੇ ਘੋਲ ਦੀ ਤਿਆਰੀ ਲਈ ਠੋਸ ਯੋਜਨਾਬੰਦੀ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕੇ ਇੱਕ ਪਾਸੇ ਮੋਰਚਿਆ ਦੀ ਮਜਬੂਤੀ ਲਈ ਦਿੱਲੀ ਬਾਰਡਰਾਂ ਤੇ ਗਿਣਤੀ ਵਧਾਈ ਜਾਵੇਗੀ ਅਤੇ ਦੂਜੇ ਪਾਸੇ ਬਹੁਕੌਮੀ ਕੰਪਨੀਆ ਅਤੇ ਕਾਰਪੋਰੇਟਾਂ ਦੀ ਮਿੱਤਰ ਬੀਜੇਪੀ ਦੀ ਰਾਜਸੀ ਤਾਕਤ ਨੂੰ ਕਮਜੋਰ ਕਰਨ ਲਈ ਮਿਸ਼ਨ ਯੂਪੀ ਉਤਰਾ ਖੰਡ ਤਹਿਤ ਆਉਦੀਆਂ ਅਸੰਬਲੀ ਚੋਣਾਂ ਵਿੱਚ ਹਰਾਉਣ ਲਈ ਕਿਸਾਨ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨਾ ਹੋਵੇਗਾ।ੳਹਨਾ ਦੱਸਿਆ ਕੇ ਮਿਸ਼ਨ ਦੀ ਸੁਰੂਆਤ 5 ਸਤੰਬਰ ਨੂੰ ਮਜੱਫਰਨਗਰ (ਯੂਪੀ) ਵਿੱਚ ਇਤਹਾਸਕ ਰੈਲੀ ਕਰਕੇ ਕੀਤੀ ਜਾਵੇਗੀ। 26 ਅਗਸਤ ਨੂੰ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਤੇ ਦੇਸ਼ ਭਰ ਦੀਆਂ ਕਿਸਾਨ ਅੰਦੋਲਨ ਨਾਲ ਜੁੜੀਆ ਜਥੇਬੰਦੀਆਂ ਦੀ ਸਾਂਝੀ ਕਨਵੈਨਸ਼ਨ ਸਿੰਘੂ ਬਾਰਡਰ ਤੇ ਕੀਤੀ ਜਾਵੇਗੀ। ਗੰਭੀਰ ਵਿਚਾਰ ਚਰਚਾ ਬਾਅਦ ਸੰਘਰਸ਼ ਨੂੰ ਦੇਸ਼ ਦੇ ਸਾਰੇ ਕੋਨਿਆਂ ਵਿੱਚ ਤਿੱਖਾ ਕਰਨ ਲਈ ਨਵੀ ਰੂਪਰੇਖਾ ਦਾ ਐਲਾਨ ਕੀਤਾ ਜਾਵੇਗਾ।ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ 26 ਅਗਸਤ ਨੂੰ ਕਿਸਾਨਾਂ ਦਾ ਜੱਥਾ ਤੁੜ ਤੋਂ ਰਵਾਨਾ ਹੋਵੇਗਾ। ਮੀਟਿੰਗ ਵਿਚ ਪਰਗਟ ਸਿੰਘ, ਲਸ਼ਮਣ ਸਿੰਘ, ਡਾ ਅਮਰਜੀਤ ਸਿੰਘ, ਬਰਲਾਜ ਸਿੰਘ, ਗੁਰਜਿੰਦਰ  ਸਿੰਘ, ਸਰਵਣ ਸਿੰਘ, ਪਰਗਟ ਸਿੰਘ ਡਰਾਇਵਰ, ਕਾਰਜ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Scroll To Top