
ਗੁਰਦਾਸਪੁਰ, 5 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਿਕ ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਲੋਂ ਅੱਜ ਖੇਤੀ ਕਾਲੇ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋਣ ‘ਤੇ ਰੋਸ ਵਜੋਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਵਲੋਂ ਰੇਲਵੇ ਸਟੇਸ਼ਨ ‘ਤੇ ਇਕੱਠੇ ਹੋ ਕੇ ਸ਼ਹਿਰ ਅੰਦਰ ਰੋਸ ਮਾਰਚ ਵੀ ਕੱਢਿਆ ਗਿਆ। ਜਿਸ ਤੋਂ ਬਾਅਦ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਨਾ ਤਾਂ ਭਾਜਪਾ ਦਾ ਕੋਈ ਵਿਧਾਇਕ ਹੈ ਅਤੇ ਨਾ ਹੀ ਭਾਜਪਾ ਦਾ ਦਫ਼ਤਰ ਹੈ। ਜਿਸ ਕਾਰਨ ਉਨ੍ਹਾਂ ਵਲੋਂ ਕਾਲੇ ਕਾਨੰੂਨਾਂ ਦੀਆਂ ਕਾਪੀਆਂ ਰੇਲਵੇ ਸਟੇਸ਼ਨ ਵਿਖੇ ਸਾੜੀਆਂ ਗਈਆਂ ਹਨ। ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਇਹ ਕਾਪੀਆਂ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਦਫ਼ਤਰਾਂ ਸਾਹਮਣੇ ਸਾੜਨ ਦਾ ਪ੍ਰੋਗਰਾਮ ਸੀ। ਇਸ ਮੌਕੇ ਮੱਖਣ ਸਿੰਘ ਕੋਹਾੜ, ਕਾ: ਅਮਰਜੀਤ ਸਿੰਘ ਸੈਣੀ, ਐਸ.ਪੀ.ਸਿੰਘ ਗੋਸਲ, ਸੁਖਦੇਵ ਸਿੰਘ ਗੋਸਲ, ਕਰਮ ਸਿੰਘ, ਸਲਵਿੰਦਰ ਸਿੰਘ ਗੋਸਲ, ਮੇਜਰ ਰੋੜਾਂਵਾਲੀ, ਮੱਖਣ ਸਿੰਘ, ਪਲਵਿੰਦਰ ਸਿੰਘ, ਅਜੀਤ ਸਿੰਘ ਹੁੰਦਲ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ, ਹਰਭਜਨ ਸਿੰਘ, ਨੇਕ ਰਾਜ ਆਦਿ ਆਗੂ ਹਾਜ਼ਰ ਸਨ।