Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2018)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2018)

‘ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ’ ਸਫਲਤਾ ਸਹਿਤ ਸੰਪਨ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ 12 ਤੋਂ 21 ਨਵੰਬਰ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਦੋ ਵੱਖ-ਵੱਖ ਜਥਾ ਮਾਰਚਾਂ ਰਾਹੀਂ ਸੰਘਣੀ ਜਨਸੰਪਰਕ ਮੁਹਿੰਮ ਚਲਾਈ ਗਈ। ਇਨ੍ਹਾਂ ‘ਚੋਂ ਇਕ ਜਥਾ ਮਾਰਚ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਦੂਜੇ ਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਕੀਤੀ ਗਈ। ”ਸਾਮਰਾਜ ਖਿਲਾਫ ਦੇਸ਼ ਭਗਤ ਸੰਗਰਾਮ ਦੀ ਸ਼ਾਨਾਮੱਤੀ ਜਿੱਤ ਅਤੇ ਭਾਰਤੀ ਆਵਾਮ ਦੀ ਫਿਰਕੂ ਇਕਸੁਰਤਾ ਦੇ ਪ੍ਰਤੀਕ ਜਲ੍ਹਿਆਂਵਾਲਾ ਬਾਗ, ਅੰਮ੍ਰਿਤਸਰ ਤੋਂ ਇਹ ਜਥੇ ਤੋਰੇ ਗਏ। ”ਭਾਰਤੀ ਕਿਰਤੀ ਸ਼੍ਰੇਣੀ” ਦੀ ਹਰ ਕਿਸਮ ਦੀ ਲੁੱਟ-ਚੋਂਘ ਤੋਂ ”ਮੁਕਤੀ ਦੇ ਸੰਗਰਾਮ” ਦੀ ਸਫਲਤਾ ਲਈ ਲੋਕਾਂ ਨੂੰ ਹਰ ਤਿਆਗ ਕਰਨ ਲਈ ਤਿਆਰ ਹੋਣ ਦਾ ਹੋਕਾ ਦੇਣਾ ਇਸ ਥਾਂ ਦੀ ਚੋਣ ਕਰਨ ਪਿੱਛੇ ਪਾਰਟੀ ਦਾ ਦੂਜਾ ਵੱਡਾ ਮਕਸਦ ਸੀ। ਲੋਕਾਂ ਨੂੰ ਜਮਾਤੀ ਚੇਤਨਾ ਨਾਲ ਲੈਸ ਹੁੰਦਿਆਂ, ਸਾਰੇ ਮਤਭੇਦ ਭੁਲਾ ਕੇ ਏਕਾ ਕਰਦਿਆਂ, ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਲਈ ਨਿੱਤਰਨ ਦਾ ਸੁਨੇਹਾ ਦੇਣ ਲਈ ਇਸ ਜਨਸੰਰਪਕ ਮੁਹਿੰਮ ਦਾ ਨਾਂਅ ”ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ” ਰੱਖਿਆ ਸੀ। ਸਾਥੀ ਪਾਸਲਾ ਦੀ ਅਗਵਾਈ ਵਾਲੇ ਮਾਰਚ ਨੇ ਮਾਝੇ-ਦੋਆਬੇ ਦੇ ਸਮੁੱਚੇ ਜ਼ਿਲ੍ਹਿਆਂ ਤੋਂ ਇਲਾਵਾ ਰੋਪੜ, ਮੋਹਾਲੀ ਆਦਿ ਵਿਖੇ ਲੋਕਾਈ ਨਾਲ ਵਿਚਾਰ ਚਰਚਾ ਕੀਤੀ। ਜਦਕਿ ਸਾਥੀ ਦਾਊਦ ਦੀ ਅਗਵਾਈ ਵਾਲੇ ਦੂਜੇ ਜਥੇ ਨੇ ਸਮੁੱਚੇ ਮਾਲਵਾ ਖਿੱਤੇ ਅਤੇ ਤਰਨ ਤਾਰਨ ਜ਼ਿਲ੍ਹੇ ਦੀ ਕਿਰਤੀ ਵਸੋਂ ਦੇ ਦੁੱਖਾਂ-ਦਰਦਾਂ ਦੀ ਬਾਤ ਛੇੜਦਿਆਂ ਭਵਿੱਖੀ ਸੰਗਰਾਮਾਂ ਦੀ ਮਜ਼ਬੂਤੀ ਦਾ ਸੱਦਾ ਦਿੱਤਾ। ਦੋਹਾਂ ਜਥਿਆਂ ਨਾਲ ਚੱਲਣ ਵਾਲੇ ਵਹੀਕਲਾਂ ਨੂੰ ਸੰਸਾਰ ਅਤੇ ਭਾਰਤ ਦੀ ਕਿਰਤੀ ਸ਼੍ਰੇਣੀ ਦੇ ਆਗੂਆਂ ਦੀਆਂ ਤਸਵੀਰਾਂ, ਲੋਕਾਂ ਦੀਆਂ ਮੰਗਾਂ-ਉਮੰਗਾਂ ਦੀ ਪੂਰਤੀ ਵਾਲੀਆਂ ਫਲੈਕਸਾਂ ਅਤੇ ਲੋਕ ਮੁਸੀਬਤਾਂ ਲਈ ਜ਼ਿਮੇਵਾਰ ਸਾਮਰਾਜੀਆਂ ਤੇ ਉਨ੍ਹਾਂ ਦੀਆਂ ਭਾਈਵਾਲ ਭਾਰਤੀ ਹਾਕਮਾਂ ਦੀ ਨਿਸ਼ਾਨਦੇਹੀ ਕਰਦੀਆਂ ਫਲੈਕਸਾਂ ਨਾਲ ਸਜਾਇਆ ਗਿਆ। ਇਸ ਇਨਕਲਾਬੀ ਸਜਾਵਟ ਦਾ ਇਕ ਹੋਰ ਨਿਵੇਕਲਾ ਪੱਖ ਸੀ, ਕਮਿਊਨਿਸਟ ਲਹਿਰ ਦੇ ਹੋਂਦ ‘ਚ ਆਉਣ ਤੋਂ ਵੀ ਪਹਿਲਾਂ ਵੇਲੇ ਦੀ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਕਿਰਤੀ ਸ਼੍ਰੇਣੀ ਵਲੋਂ ਲੜੇ ਗਏ ਨਿਰਣਾਇਕ ਤੇ ਯੁਗ ਪਲਟਾਊ ਯੁੱਧਾਂ ਦੇ ਨਾਇਕਾਂ ਦੀਆਂ ਤਸਵੀਰਾਂ ਵੀ ਪਹਿਲੀ ਵਾਰ ਕਮਿਊਨਿਸਟ ਪ੍ਰਚਾਰ ਵਿਧੀ ਦਾ ਅਨਿਖੜਵਾਂ ਭਾਗ ਬਣੀਆਂ। ਬੁਲਾਰਿਆਂ ਨੇ ਵੀ ਇਨ੍ਹਾਂ ਜੁਝਾਰੂਆਂ ਦਾ ਬੜੇ ਅਦਬ ‘ਤੇ ਸਤਿਕਾਰ ਨਾਲ ਜ਼ਿਕਰ ਕੀਤਾ। ਭਾਰਤੀ ਉਪ ਮਹਾਂਦੀਪ ਖਾਸ ਕਰ ਭਾਰਤ ਦੇ ਸਮਾਜੀ ਕੋਹੜ ਵਲੋਂ ਵੇਲਾ ਵਿਆਹ ਚੁੱਕੇ ਪਾਰਟੀ ਵਲੋਂ ਚਿੰਨ੍ਹਿਤ ਕੀਤੇ ”ਮਨੂੰਵਾਦੀ’ ‘ਤੇ ”ਪਿੱਤਰਸੱਤਾਵਾਦੀ” ਵਿਚਾਰ ਚੌਖਟੇ ਦੇ ਸਿੱਟੇ ਵਜੋਂ ਭਾਰਤੀ ਪ੍ਰੋਲੇਤਾਰੀ ਜਮਾਤ ਦੇ ਵੱਡੇ ਤੇ ਅਹਿਮ ਹਿੱਸੇ ਦਲਿਤਾਂ ਤੇ ਕਿਰਤੀ ਸ਼੍ਰੇਣੀ ਦੀ ਅੱਧੀ ਆਬਾਦੀ ਔਰਤਾਂ ਖਿਲਾਫ਼ ਹੁੰਦੇ ਅਕਹਿ ਤੇ ਅਸਹਿ ਜ਼ੁਲਮਾਂ ਦਾ ਵੇਰਵਾ ਦਿੰਦੇ ਤੇ ਇਨ੍ਹਾਂ ਜ਼ੁਲਮਾਂ ਦੇ ਖਾਤਮੇਂ ਲਈ ਇਤਿਹਾਸਕ ਸੰਗਰਾਮਾਂ ਦੀ ਉਸਾਰੀ ਦਾ ਹੋਕਾ ਦਿੰਦੇ ਨਾਹਰੇ ਵੀ ਇਸ ਕ੍ਰਾਂਤੀਕਾਰੀ ਸਜਾਵਟ ‘ਚ ਸ਼ਾਮਲ ਸਨ। ਦੋਹਾਂ ਜਥਿਆਂ ਦੀ ਅਗਵਾਈ ਕਰ ਰਹੇ ਸਾਥੀ ਪਾਸਲਾ ਅਤੇ ਸਾਥੀ ਦਾਊਦ ਵਲੋਂ 52 ਵੱਡੇ ਸਥਾਨਕ ਜਲਸਿਆਂ ਅਤੇ ਅਨੇਕਾਂ ਛੋਟੀਆਂ ਰੋਡ ਜਨਸਭਾਵਾਂ (ਪਿੰਡ ਜਾਂ ਕਸਬੇ ਪੱਧਰ) ਨੂੰ ਮੁਖਾਤਿਬ ਹੁੰਦਿਆਂ ਜਨਸੰਪਰਕ ਮੁਹਿੰਮ ਦਾ ਵਡੇਰਾ ਮੰਤਵ, ਮਹੱਤਵ ਤੇ ਜ਼ਰੂਰਤ ਲੋਕਾਈ ਸਨਮੁੱਖ ਬਿਆਨ ਕੀਤੀ ਗਈ। ਉਂਝ ਵਹੀਕਲਾਂ ‘ਤੇ ਵੱਜਦੇ ਸਪੀਕਰਾਂ ਰਾਹੀਂ ਦੋਹਾਂ ਜਥਾ ਮਾਰਚਾਂ ਦੇ ਸਾਰੇ ਰਸਤਿਆਂ ‘ਚ ਵਿਚਰਦਿਆਂ ਕੋਲੋਂ ਲੰਘਦੇ ਲੋਕਾਂ ਤੱਕ ਜਥਾ ਮਾਰਚਾਂ ਦਾ ਮਨੋਰਥ ਵੱਡੇ ਪੈਮਾਨੇ ‘ਤੇ ਪ੍ਰਚਾਰਿਆ ਗਿਆ। ਸਾਥੀ ਪਾਸਲਾ ਅਤੇ ਦਾਊਦ ਤੋਂ ਇਲਾਵਾ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸਕੱਤਰ ਸਾਥੀ ਹਰਕੰਵਲ ਸਿੰਘ, ਵਿੱਤ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ, ਰਘਬੀਰ ਸਿੰਘ ਪਕੀਵਾਂ, ਕੁਲਵੰਤ ਸਿੰਘ ਸੰਧੂ, ਮਹੀਪਾਲ, ਇੰਦਰਜੀਤ ਸਿੰਘ ਗਰੇਵਾਲ, ਸੱਜਣ ਸਿੰਘ ਬੈਂਸ (ਸਾਰੇ ਕੇਂਦਰੀ ਕਮੇਟੀ ਮੈਂਬਰ) ਭੀਮ ਸਿੰਘ ਆਲਮਪੁਰ, ਡਾਕਟਰ ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਰਵੀ ਕੰਵਰ, ਵੇਦ ਪ੍ਰਕਾਸ਼ (ਸਾਰੇ ਸੂਬਾ ਸਕੱਤਰੇਤ ਦੇ ਮੈਂਬਰਾਨ) ਤੇ ਸੂਬਾ ਕਮੇਟੀ ਮੈਂਬਰਾਂ ਵਲੋਂ ਉਪਰੋਕਤ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਪਾਰਟੀ ਵਲੋਂ ਛਪਵਾਈ ਗਈ ਇਕ ‘ਦੁਵਰਕੀ’ ਵੀ ਇਨ੍ਹਾਂ ਜਨ ਸਭਾਵਾਂ ਦੌਰਾਨ ਲੋਕਾਂ ਤੱਕ ਪੜ੍ਹਣ ਹਿੱਤ ਪੁੱਜਦੀ ਕੀਤੀ ਗਈ। ਇਸ ਦੁਵਰਕੀ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਤਰਸਯੋਗ ਹਾਲਤ, ਇਸ ਹਾਲਤ ਲਈ ਜ਼ਿੰਮੇਵਾਰ ਸਾਮਰਾਜੀਆਂ ਨਾਲ ਘਿਓ-ਖਿੱਚੜੀ ਭਾਰਤੀ ਹਾਕਮਾਂ ਦੀਆਂ ਨੀਤੀਆਂ ਅਤੇ ਇਸ ਮਾਰੂ ਸਥਿਤੀ ‘ਚ ਹਾਂ ਪੱਖੀ ਮੋੜਾ ਲਿਆਉਣ ਵਾਲੇ ਸੰਗਰਾਮਾਂ ਬਾਰੇ ਸਾਦੇ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ ਗਿਆ ਹੈ। ਸਾਰੇ ਥਾਂਈ ਝੰਡੇ-ਮਾਟੋਆਂ ਨਾਲ ਲੈਸ ਦੁਪਹਿਆ ਵਾਹਨਾਂ ਦੇ ਖੂਬਸੂਰਤ ਕਾਫ਼ਲੇ ਨੇ ਜਥਾ ਮਾਰਚਾਂ ਦੀ ਸ਼ਾਨਦਾਰ ਅਗਵਾਈ ਕੀਤੀ। ਕਈ ਘਾਟਾ ਕਮਜੋਰੀਆਂ ਦੇ ਬਾਵਜੂਦ ‘ਲੋਕ ਜਗਾਓ ਲੁਟੇਰੇ ਭਜਾਓ’ ਮੁਹਿੰਮ ਨੇ ਬੜੀਆਂ ਭਵਿੱਖ ਮੁਖੀ ਨਿੱਗਰ ਪ੍ਰਾਪਤੀਆਂ ਕੀਤੀਆਂ ਅਤੇ ਸ਼ਾਨਦਾਰ ਪਿਰਤਾਂ ਪਾਈਆਂ ਹਨ। ਸਮਾਜਕ ਤਬਦੀਲੀ ਦੇ ਭਵਿੱਖੀ ਸੰਗਰਾਮ ਨੂੰ ਜਿੱਤ ਤੱਕ ਲੈ ਜਾਣ ਲਈ ਪਾਰਟੀ ਵਲੋਂ ਇਹਨਾਂ ਪਿਰਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸਥਾਰਨ ਦੇ ਸਿਰਤੋੜ ਯਤਨ ਕਰਨੇ ਚਾਹੀਦੇ ਹਨ।

ਇਸ ਮੁਹਿੰਮ ਦਾ ਸਭ ਤੋਂ ਹੌਂਸਲਾ ਵਧਾਊ ਪੱਖ ਇਹ ਰਿਹਾ ਕਿ ਇਸ ਵਿਚ ਬੁਨਿਆਦੀ ਜਮਾਤਾਂ ਭਾਵ ਬੇਜ਼ਮੀਨੇ ਦਲਿਤਾਂ ਅਤੇ ਗਰੀਬ ਕਿਸਾਨੀ ਨੇ ਨਾ ਕੇਵਲ ਬੜੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਬਲਕਿ ਬੁਲਾਰਿਆਂ ਦੇ ਵਿਚਾਰਾਂ ਨੂੰ ਨੀਝ ਲਾ ਕੇ ਸੁਣਦਿਆਂ ਆਤਮਸਾਤ ਕਰਨ ਦਾ ਯਤਨ ਕੀਤਾ। ਇਹ ਵੀ ਸਮੇਂ ਦਾ ਇਕ ਖੂਬਸੂਰਤ ਇਤਿਹਾਸਕ ਪੜਾਅ ਹੀ ਸਮਝਣਾ ਚਾਹੀਦਾ ਹੈ ਕਿ ਇਸ ਮੁਹਿੰਮ ‘ਚ ਔਰਤਾਂ, ਖਾਸ ਕਰਕੇ ਕਿਰਤੀ ਪਰਿਵਾਰਾਂ ਦੀਆਂ ਸਥਾਨਕ ਤੇ ਪਰਵਾਸੀ ਔਰਤਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਕੁੱਝ ਇਕ ਸਭਾਵਾਂ ਦਾ ਪ੍ਰਭਾਵ ਤਾਂ ਇਹ ਜਾਂਦਾ ਸੀ ਜਿਵੇਂ ਇਹ ਨਿਰੋਲ ਔਰਤਾਂ ਦੀਆਂ ਇਕੱਤਰਤਾਵਾਂ ਹੋਣ।

ਨੌਜਵਾਨਾਂ ਦੀ ਇਸ ਮੁਹਿੰਮ ਵਿਚ ਸ਼ਮੂਲੀਅਤ ਨੇ ਇਹ ਸੁਭਾਗਾ ਸੰਕੇਤ ਦਿੱਤਾ ਹੈ ਕਿ ਨੌਜਵਾਨ ਇਕ ਵਾਰ ਫਿਰ (ਕਿਤੇ ਵੱਧ-ਕਿਤੇ ਘੱਟ) ਕਮਿਊਨਿਸਟ ਸੰਗਰਾਮਾਂ ਤੇ ਮੁਹਿੰਮਾਂ ਵੱਲ ਆਕਰਸ਼ਿਤ ਹੋਣ ਲੱਗੇ ਹਨ। ਕੁੱਝ ਥਾਈਂ ਤਾਂ ਨੌਜਵਾਨਾਂ ਦੀ ਸਭਾਵਾਂ ‘ਚ ਗਿਣਤੀ ਅੱਧ ਤੋਂ ਵਧੇਰੇ ਵੀ ਨਜ਼ਰੀ ਪਈ।

ਸ਼ਹਿਰੀ ਸਭਾਵਾਂ ਖਾਸ ਕਰ ਜਲੰਧਰ, ਪਠਾਨਕੋਟ, ਸੁਲਤਾਨਪੁਰ ਲੋਧੀ, ਸੁਜਾਨਪੁਰ ਆਦਿ ‘ਚ ਪ੍ਰਵਾਸੀ ਕਿਰਤੀਆਂ (ਔਰਤਾਂ ਤੇ ਮਰਦ ਦੋਵੇਂ) ਦੀ ਹਾਜ਼ਰੀ ਨੇ ਮੁਹਿੰਮ ਨੂੰ ਬੜਾ ਹੁਲਾਰਾ ਦਿੱਤਾ।

ਇਨ੍ਹਾਂ ਸਭਾਵਾਂ ਦਾ ਇਕ ਹੋਰ ਉਜਲਾ ਪੱਖ ਇਹ ਵੀ ਰਿਹਾ ਕਿ ਸਾਰੇ ਥਾਵਾਂ ‘ਤੇ ਸਮਾਜ ਦੇ ਸੰਘਰਸ਼ਸ਼ੀਲ ਲੋਕਾਂ ਨੇ ਪੁੱਜ ਕੇ ਮੁਹਿੰਮ ਨੂੰ ਬਲ ਬਖ਼ਸ਼ਿਆ।

ਇਸ ਮੁਹਿੰਮ ਨੇ ਇਕ ਵਾਰ ਫਿਰ ਇਸ ਸਦੀਵੀਂ ਸੱਚ ਨੂੰ ਉਭਾਰ ਕੇ ਪੇਸ਼ ਕੀਤਾ ਕਿ ਜਿਸ ਤਨਜ਼ੀਮ ‘ਤੇ ਲੋਕੀਂ ਭਰੋਸਾ ਕਰ ਲੈਣ, ਬਲਕਿ ਇਹ ਕਹਿਣਾ ਜ਼ਿਆਦਾ ਵਾਜ਼ਬ ਹੋਵੇਗਾ ਕਿ ਜਿਹੜੀ ਤਨਜ਼ੀਮ ਲੋਕਾਂ ਦਾ ਭਰੋਸਾ ਜਿੱਤ ਲਵੇ ਲੋਕੀਂ ਉਸ ਕੋਲ ਸਾਧਨਾਂ ਦੀ ਕਮੀ ਨਹੀਂ ਰਹਿਣ ਦਿੰਦੇ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਆਗੂਆਂ ਨੇ ਜਦੋਂ ਲੋਕਾਂ ਨੂੰ ਕਿਹਾ ਕਿ ਪ੍ਰਚਾਰ ਮੁਹਿੰਮ ਅਤੇ ਪਾਰਟੀ ਨੂੰ ਹੋਰ ਤਕੜਾ ਕਰਨ ਲਈ ਕਿਰਤੀ-ਕਿਸਾਨਾਂ-ਮਿਹਨਤੀਆਂ ਤੋਂ ਮਾਲੀ ਇਮਦਾਦ ਚਾਹੀਦੀ ਹੈ ਤਾਂ ਗਰੀਬੜੇ ਅਤੇ ਥੁੜਾਂ ਮਾਰੇ ਲੋਕਾਂ ਨੇ ਕੋਈ ਕਸਰਾਂ ਬਾਕੀ ਨਹੀਂ ਰਹਿਣ ਦਿੱਤੀਆਂ। ਮੁਹਿੰਮ ਦਾ ਲਗਭਗ ਸਾਰਾ ਖਰਚਾ ਸਭਾਵਾਂ ‘ਚ ”ਪੁੱਜਣ” ਵਾਲੇ ਭਾਈ ਲਾਲੋਆਂ ਨੇ ਪੂਰਾ ਕਰ ਦਿੱਤਾ। ਇਸ ਮੁਹਿੰਮ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਜਨਤਕ ਉਗਰਾਹੀ ਪਾਰਟੀ ਉਸਾਰੀ ਦਾ ਸਭ ਤੋਂ ਵੱਡਾ ਸਾਧਨ ਹੈ।

ਪਾਰਟੀ ਵਲੋਂ ਪੰਜਾਬ ਦੇ ਜੁਝਾਰੂ ਤੇ ਲੋਕ ਪੱਖੀ ਵਿਰਸੇ ਨੂੰ ਨਾਲ ਲੈਂਦਿਆਂ ਅੱਗੇ ਵਧਣ ਦੇ ਸੁਵੱਲੇ ਫੈਸਲੇ ‘ਤੇ ਅਮਲ ਕਰਦਿਆਂ ਜਦੋਂ ਆਪਣੀਆਂ ਤਕਰੀਰਾਂ ‘ਚ ਇਹ ਮਾਣਮੱਤੀਆਂ ਗਾਥਾਵਾਂ ਛੋਹੀਆਂ ਗਈਆਂ ਤਾਂ ਥੱਲਿਓਂ ਬੜੇ ਥਾਈਂ ਜੈਕਾਰੇ ਛੁਡਾਏ ਗਏ ਜੋ ਕਮਿਊਨਿਸਟ ਸਰਗਰਮੀ ‘ਚ ਜੁੜਿਆ ਨਵਾਂ, ਨਿਵੇਕਲਾ ਹਾਂ-ਪੱਖੀ ਵਰਤਾਰਾ ਸਮਝਿਆ ਜਾਣਾ ਚਾਹੀਦਾ ਹੈ।

ਸੰਗਰੂਰ ਜ਼ਿਲ੍ਹੇ ਦੀ ਵਾਲਮੀਕਿ ਨੌਜਵਾਨ ਸਭਾ ਵਲੋਂ ਪਿੰਡ ਆਲਮਪੁਰ ‘ਚ ਸਾਥੀ ਗੁਰਨਾਮ ਸਿੰਘ ਦਾ ਲੋਈ ਨਾਲ ਸਨਮਾਨ ਕਰਨਾ ਅਤੇ ਮੁਕਤਸਰ ਵਿਖੇ ਅੰਬੇਡਕਰਵਾਦੀ ਸੰਗਠਨਾਂ ਵਲੋਂ ਸਭਾਵਾਂ ‘ਚ ਭਾਗ ਲੈਣਾ ਵੀ ਇਸ ਮੁਹਿੰਮ ਦੀ ਚੰਗੀ ਪ੍ਰਾਪਤੀ ਕਹਾਉਣ ਦੀ ਹੱਕਦਾਰ ਹੈ।

ਲੋਕਾਂ ਦੀ ਮਨੋਦਸ਼ਾ ਦੀ ਇਬਾਰਤ ਪੜ੍ਹਦਿਆਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਲੋਕ ਕੌਮੀ ਪੱਧਰ ‘ਤੇ ਮੋਦੀ ਐਂਡ ਕੰਪਨੀ ਤੇ ਸੂਬਾਈ ਪੱਧਰ ‘ਤੇ ਬਾਦਲਾਂ ਤੋਂ ਬਹੁਤ ਅਕੇ ਹੋਏ ਹਨ। ਸੂਬੇ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਿੱਠ ਫੇਰ ਲੈਣ ਤੋਂ ਵੀ ਉਹ ਗੁੱਸੇ ਵਿਚ ਹਨ। ਮੁਹਿੰਮ ਦੌਰਾਨ ਹੋਈਆਂ ਕਾਨਫਰੰਸਾਂ-ਜਲਸਿਆਂ ਵਿਚ ਆਗੂਆਂ ਵਲੋਂ ਪਾਰਟੀ ਵਲੋ ਮਿੱਥੇ ਗਏ ਅਗਲੇਰੇ ਮਹੱਤਵਪੂਰਨ ਕਾਰਜ਼, 10 ਦਸੰਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ”ਵਿਸ਼ਾਲ ਅਧਿਕਾਰ ਰੈਲੀ” ‘ਚ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਵੀ ਵੱਡੀ ਪੱਧਰ ‘ਤੇ ਲੋਕਾਂ ਨੂੰ ਦਿੱਤਾ ਗਿਆ। ਇਹ ਸਪੱਸ਼ਟ ਕੀਤਾ ਗਿਆ ਕਿ ਪਾਰਟੀ ਦੀ ਉਪਰੋਕਤ ਰੈਲੀ ਪੂੰਜੀਪਤੀ ਲੁਟੇਰੇ ਵਰਗਾਂ ਦੀਆਂ ਲੋਟੂ ਪਾਰਟੀਆਂ ਦੀ ਰੈਲੀ ਵਰਗੀ ਨਹੀਂ ਹੋਵੇਗੀ। ਇਸ ਰੈਲੀ ਵਿਚ ਕਿਰਤੀ ਲੋਕਾਂ ਨੂੰ ਖ਼ੁਦ ਆਪਣੇ ਇਕੱਤਰ ਕੀਤੇ ਪੈਸਿਆਂ ਰਾਹੀਂ ਕੀਤੇ ਸਾਧਨਾਂ ਜ਼ਰੀਏ ਆਪਣਾ ਹੀ ਤਿਆਰ ਕੀਤਾ ਰੁੱਖਾ ਮਿੱਸਾ ਲੰਗਰ ਪ੍ਰਸ਼ਾਦਾ ਲੈ ਕੇ ਪੁੱਜਣਾ ਹੋਵੇਗਾ। ਲੋਕਾਂ ਦੇ ਹੁੰਗਾਰੇ ਤੋਂ ਲੱਗਦਾ ਹੈ ਕਿ ਇਹ ਰੈਲੀ ਬੇ-ਬਾਮਿਸਾਲ ਰੂਪ ਵਿਚ ਸਫਲ ਰਹੇਗੀ। ਪਰ ਕੁਲ ਮਿਲਾ ਕੇ ਇਹ ਕਹਿਣ ‘ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਪਿਛਾਖੜੀ ਤੇ ਅਵਿਗਿਆਨਕ ਵਿਚਾਰਾਂ ਦੀਆਂ ਬੇੜੀਆਂ ‘ਚੋਂ ਲੋਕਾਂ ਨੂੰ ਮੁਕਤ ਕਰਨ, ਧਰਮ, ਜਾਤ, ਭਾਸ਼ਾ, ਇਲਾਕੇ ਆਦਿ ਦੇ ਵੰਡਵਾਦੀ ਰੁਝਾਨਾਂ ‘ਚੋਂ ਕੱਢ ਕੇ ਜਮਾਤੀ ਲੀਹਾਂ ‘ਤੇ ਜਥੇਬੰਦ ਕਰਨ, ਅਸਲ ਦੁਸ਼ਮਣ ਦੀ ਸ਼ਨਾਖਤ ਦੇ ਯੋਗ ਹੁੰਦਿਆਂ ਸੰਘਰਸ਼ਾਂ ਰਾਹੀਂ ਲੁੱਟ ਦੇ ਨਿਜ਼ਾਮ ਦਾ ਫਸਤਾ ਵੱਢਣ ਲਈ ਅਜੇ ਪਾਰਟੀ ਅਤੇ ਸਮੁੱਚੀ ਖੱਬੀ ਲਹਿਰ ਨੂੰ ਵਧੇਰੇ ਸੁਹਿਰਦ, ਪਰਪੱਕ, ਬੱਝਵੇਂ, ਸਿਰੜੀ ਯਤਨਾਂ ਦੀ ਬੜੀ ਵੱਡੀ ਲੋੜ ਹੈ। ਇਸ ਰਾਹ ‘ਤੇ ਚਲਦਿਆਂ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਾ ਹੱਟਣ ਵਾਲੀ ਆਗੂ ਟੀਮ ਅਤੇ ਕਾਡਰ ਤਿਆਰ ਕਰਨਾ ਅਗਲੇਰੀ ਵੱਡੀ ਲੋੜ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕਿਰਤੀ ਜਨਸਮੂਹਾਂ ਨੂੰ ਜਾਗਰੂਕ ਤੇ ਜਥੇਬੰਦ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਜਲ੍ਹਿਆਂਵਾਲਾ ਬਾਗ ਤੋਂ ਦੋ ਜਥੇ ਤੋਰ ਕੇ ”ਲੋਕ ਜਗਾਓ-ਲੁਟੇਰੇ ਭਜਾਓ” ਜਥਾ ਮਾਰਚ ਦਾ ਆਰੰਭ ਕੀਤਾ ਗਿਆ। ਇਨ੍ਹਾਂ ਦੋਵੇ ਜਥਿਆਂ ਨੇ 10 ਦਿਨ ਪ੍ਰਾਂਤ ਦੇ ਹਰ ਕੋਨੇ ਵਿਚ, ਪਠਾਨਕੋਟ ਤੋਂ ਖੂਹੀਆਂ ਸਰਵਰ (ਫਾਜ਼ਿਲਕਾ) ਤੱਕ ਅਤੇ ਭਿੰਡੀ ਸੈਦਾਂ (ਅਜਨਾਲਾ) ਤੋਂ ਮੋਹਾਲੀ ਤੱਕ ਜਾ ਕੇ ਲੋਕਾਂ ਨੂੰ ਮੌਜੂਦਾ ਸਰਕਾਰਾਂ ਦੀਆਂ ਰੁਜ਼ਗਾਰ ਤੇ ਖੇਤੀ ਨੂੰ ਤਬਾਹ ਕਰਨ ਵਾਲੀਆਂ ਤੇ ਮਹਿੰਗਾਈ ਵਧਾਕੇ ਸਰਮਾਏਦਾਰਾਂ ਦੀਆਂ ਤਿਜੋਰੀਆਂ ਭਰਨ ਵਾਲੀਆਂ ਲੋਕ ਵਿਰੋਧੀ ਤੇ ਦੇਸ਼ ਧਰੋਹੀ ਨੀਤੀਆਂ ਵਿਰੁੱਧ ਅਤੇ ਸੰਘ ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਅਜੰਡੇ ਵਿਰੁੱਧ ਜਨਤਕ ਸੰਘਰਸ਼ਾਂ ਦੇ ਪਿੜ ਮੱਲ੍ਹਣ ਦਾ ਹੋਕਾ ਦਿੱਤਾ। ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੇ ਮਿਨਾਰ ‘ਤੇ ਸ਼ਰਧਾਂਜਲੀਆਂ ਭੇਂਟ ਕਰਨ ਉਪਰੰਤ ਮਾਝਾ ਤੇ ਦੁਆਬੇ ਦੇ ਜ਼ਿਲ੍ਹਿਆਂ ਲਈ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਚੱਲੇ ਜਥੇ ਵਿਚ ਸਰਵਸਾਥੀ ਰਤਨ ਸਿੰਘ ਰੰਧਾਵਾ ਸੂਬਾਈ ਪ੍ਰਧਾਨ, ਡਾ. ਸਤਨਾਮ ਸਿੰਘ ਅਜਨਾਲਾ, ਗੁਰਮੇਜ਼ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਸ਼ੀਤਲ ਸਿੰਘ ਤਲਵੰਡੀ ਅਤੇ ਗੁਰਦਰਸ਼ਨ ਸਿੰਘ ਬੀਕਾ (ਸਾਰੇ ਸੂਬਾ ਕਮੇਟੀ ਮੈਂਬਰ) ਅਤੇ ਸਥਾਨਕ ਆਗੂ ਸ਼ਾਮਲ ਸਨ। ਜਦੋਂਕਿ ਤਰਨ ਤਾਰਨ ਅਤੇ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਲਈ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਹੇਠ ਰਵਾਨਾ ਹੋਏ ਜਥੇ ਵਿਚ ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ, ਮੁਖਤਾਰ ਸਿੰਘ ਮਲ੍ਹਾ (ਸਾਰੇ ਸੂਬਾ ਕਮੇਟੀ ਮੈਂਬਰ), ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਅਤੇ ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਸ਼ਾਮਲ ਸਨ। ਜਥਿਆਂ ਨੂੰ ਰਵਾਨਾ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਹਰਕੰਵਲ ਸਿੰਘ ਨੇ ਕਿਹਾ ਕਿ ਇਹ ਜਥਾ ਮਾਰਚ ਕੇਂਦਰੀ ਤੇ ਰਾਜ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਕਾਰਨ ਵੱਧ ਰਹੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਜਗਾਉਣ ਦੇ ਨਾਲ-ਨਾਲ ਸੰਘ ਪਰਿਵਾਰ ਦੇ ਮਨੂੰੂਵਾਦੀ ਮਨਸੂਬਿਆਂ ਵਿਰੁੱਧ ਵਿਚਾਰਧਾਰਕ ਤੇ ਰਾਜਨੀਤਕ ਸੰਘਰਸ਼ ਤਿੱਖਾ ਕਰਨ ਅਤੇ ਇਹਨਾਂ ਲੋਕ- ਦੁਸ਼ਮਣ ਸਿਆਸੀ ਗਠਜੋੜਾਂ ਦੇ ਟਾਕਰੇ ਲਈ ਲੋਕ-ਪੱਖੀ ਖੱਬਾ-ਜਮਹੂਰੀ ਬਦਲ ਉਭਾਰਨ ਦਾ ਸੱਦਾ ਵੀ ਦੇਵੇਗਾ।

ਦੂਸਰੇ ਦਿਨ ਕਾਮਰੇਡ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਰਈਆ ਦੇ ਨਾਲ ਲੱਗਦੇ ਪਿੰਡ ਵਡਾਲਾ ‘ਚ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਹੁਕਮਰਾਨ ਜਿੱਥੇ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦੇ ਨਾਲ ਨਾਲ ਇਕ ਧਰਮ ਅਧਾਰਤ ਵਿਵਸਥਾ ਉਸਾਰਨ ਲਈ ਫਿਰਕੂ ਫਾਸ਼ੀਵਾਦੀ ਨੀਤੀਆਂ ‘ਤੇ ਚਲ ਰਹੇ ਹਨ ਉਥੇ ਸੱਤਾ ਦੀ ਦਾਅਵੇਦਾਰ ਕਾਂਗਰਸ ਤੇ ਹੋਰਨਾਂ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਕੋਲ ਵੀ ਕੋਈ ਵੱਖਰੀ ਨੀਤੀ ਨਹੀਂ ਹੈ। ਇਸ ਨਾਜ਼ੁਕ ਦੌਰ ਵਿਚ ਦੇਸ਼ ਨੂੰ ਇਕ ਖੱਬੇ ਪੱਖੀ ਸੈਕੂਲਰ ਤੇ ਅਗਾਂਹਵਧੂ ਮੁਤਬਾਦਲ ਦੀ ਸਖਤ ਲੋੜ ਹੈ। ਸਾਥੀ ਪਾਸਲਾ ਨੇ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਵੀ ਕੋਈ ਚੰਗੇ ਨਹੀਂ। ਇਕ ਪਾਸੇ ਜਿੱਥੇ ਬਾਦਲ ਦਲ ਆਪਣੀਆਂ ਕੀਤੀਆਂ ਦਾ ਫਲ ਭੋਗ ਰਿਹਾ ਹੈ, ਉਥੇ ਕਿਸੇ ਵੀ ਲੋਕ ਪੱਖੀ ਨੀਤੀ ਤੋਂ ਵਿਰਵੀ ਆਮ ਆਦਮੀ ਪਾਰਟੀ ਵੀ ਬੁਰੀ ਤਰ੍ਹਾਂ ਬਿਖਰੀ ਹੋਈ ਹੈ। ਇਸ ਲਈ ਸੂਬੇ ਵਿਚ ਕਾਂਗਰਸ ਨੂੰ ਟੱਕਰ ਦੇਣ ਲਈ ਖੱਬੀਆਂ ਧਿਰਾਂ ਨੂੰ ਇਕ ਮੰਚ ‘ਤੇ ਲਾਜ਼ਮੀ ਤੌਰ ‘ਤੇ ਇਕੱਠੇ ਹੋਣਾ ਚਾਹੀਦਾ ਹੈ ਜਿਸ ਵਾਸਤੇ ਆਰ.ਐਮ.ਪੀ.ਆਈ. ਆਪਣੀ ਤਰਫੋਂ ਸੁਹਿਰਦ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖ ਰਹੀ ਹੈ। ਕਾਮਰੇਡ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਸੋਮਵਾਰ ਨੂੰ ਕਈ ਪਿੰਡਾਂ ‘ਚ ਮਾਰਚ ਕਰਨ ਤੋਂ ਬਾਅਦ ਬੁਟਾਰੀ ‘ਚ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਜਿੱਥੇ ਜਥੇ ਦੇ ਆਗੂਆਂ ਨੇ ਇਲਾਕੇ ਦੇ ਲੋਕਾਂ ਵਲੋਂ 30,000 ਰੁਪਏ ਦੀ ਥੈਲੀ ਭੇਟ ਕੀਤੀ ਗਈ। ਇਸ ਜਥੇ ਵਲੋਂ ਕੀਤੇ ਗਏ ਜਲਸਿਆਂ ਨੂੰ ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ ਤੇ ਜਗਤਾਰ ਸਿੰਘ ਕਰਮਪੁਰਾ ਤੋਂ ਇਲਾਵਾ ਹੋਰਨਾਂ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਹੇਠ ਚਲ ਰਹੇ ਦੂਸਰੇ ਜਥੇ ਨੇ ਦੂਜੇ ਦਿਨ ਬਾਠ ਪਿੰਡ ਤੋਂ ਚਲ ਕੇ ਪੰਡੋਰੀ, ਤਰਨ ਤਾਰਨ ਸ਼ਹਿਰ ‘ਚੋਂ ਹੁੰਦੇ ਹੋਏ ਝਬਾਲ ਜਾ ਕੇ ਇਕ ਭਰਵੀਂ ਕਾਨਫਰੰਸ ਕੀਤੀ। ਬਾਅਦ ‘ਚ ਇਹ ਜਥਾ ਗਦਰੀ ਬਾਬਿਆਂ ਦੇ ਪਿੰਡ ਸੁਰ ਸਿੰਘਵਾਲਾ, ਭਿੱਖੀਵਿੰਡ ਹੁੰਦਾ ਹੋਇਆ ਬਾਅਦ ਦੁਪਹਿਰ ਪੱਟੀ ਤਹਿਸੀਲ ਦੇ ਪਿੰਡ ਦਿਆਲਪੁਰਾ ਪਹੁੰਚਿਆ ਜਿੱਥੇ ਇਕ ਪ੍ਰਭਾਵਸ਼ਾਲੀ ਜਲਸਾ ਕੀਤਾ ਗਿਆ। ਇਸ ਜਥੇ ਵਲੋਂ ਕੀਤੀਆਂ ਗਈਆਂ ਜਨਤਕ ਮੀਟਿੰਗਾਂ ਤੇ ਕਾਨਫਰੰਸਾਂ ਨੂੰ ਸਾਥੀ ਗੁਰਨਾਮ ਸਿੰਘ ਦਾਊਦ ਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਸਰਵ ਸਾਥੀ ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਪੰਡੋਰੀ, ਡਾ. ਅਜਾਇਬ ਸਿੰਘ, ਮੁਖਤਿਆਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਅਰਸਾਲ ਸਿੰੰਘ ਸੰਧੂ, ਹਰਭਜਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਜਥੇ ਨੂੰ ਸੋਮਵਾਰ ਨੂੰ ਖਡੂਰ ਸਾਹਿਬ ‘ਚ ਹੋਈ ਕਾਨਫਰੰਸ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਜਥੇ ਨੂੰ 50000 ਰੁਪਏ ਦੀ ਥੈਲੀ ਭੇਟ ਕੀਤੀ ਗਈ। ਇਨ੍ਹਾਂ ਜਥਿਆਂ ਦੇ ਨਾਲ ਲਾਲ ਝੰਡੇ ਲੈ ਕੇ ਮੋਟਰ ਸਾਈਕਲਾਂ ‘ਤੇ ਸਵਾਰ ਪਾਰਟੀ ਵਰਕਰਾਂ ਵਲੋਂ ਕੀਤੇ ਜਾ ਰਹੇ ਮਾਰਚ ਅਤੇ ਇਸਦੇ ਅੱਗੇ ਚੱਲ ਰਹੇ ਮਹਾਨ ਸ਼ਹੀਦਾਂ, ਮਹਾਨ ਸ਼ਖਸੀਅਤਾਂ ਤੇ ਇਨਕਲਾਬੀ ਆਗੂਆਂ ਦੀਆਂ ਤਸਵੀਰਾਂ, ਸੰਦੇਸ਼ਾਂ ਤੇ ਜਥੇ ਦੇ ਉਦੇਸ਼ਾਂ ਵਾਲੇ ਬੈਨਰਾਂ ਨਾਲ ਸਜੇ ਵਹੀਕਲ ਆਮ ਲੋਕਾਂ ‘ਚ ਉਤਸ਼ਾਹ ਪੈਦਾ ਕਰ ਰਹੇ ਸਨ। ਮਾਰਕਸਵਾਦ-ਲੈਨਿਨਵਾਦ ਦੀਆਂ ਲੀਹਾਂ ਦੇ ਨਾਲ ਨਾਲ ਆਰ.ਐਮ.ਪੀ.ਆਈ. ਵਲੋਂ ਪੰਜਾਬ ਦੇ ਅਗਾਂਹਵਧੂ ਇਤਿਹਾਸਕ ਪਿਛੋਕੜ ਵਾਲੀਆਂ, ਬਾਬਾ ਬੰਦਾ ਸਿੰਘ ਬਹਾਦਰ ਵਰਗੀਆਂ ਮਹਾਨ ਸ਼ਖਸ਼ੀਅਤਾਂ ਤੋਂ ਰੌਸ਼ਨੀ ਲੈ ਕੇ ਚੱਲਣ ਕਾਰਨ ਸਧਾਰਨ ਤੋਂ ਸਧਾਰਨ ਲੋਕ ਵੀ ਜਥਾ ਮਾਰਚ ਵੱਲ ਖਿੱਚੇ ਗਏ। ਇਹੀ ਕਾਰਨ ਹੈ ਕਿ ਇਨ੍ਹਾਂ ਜਥਿਆਂ ਦੀਆਂ ਜਨਤਕ ਮੀਟਿੰਗਾਂ, ਜਲਸਿਆਂ, ਕਾਨਫਰੰਸਾਂ ‘ਚ ਔਰਤਾਂ ਨੇ ਵੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।

ਜਥਾ ਮਾਰਚ ਦੇ ਤੀਸਰੇ ਦਿਨ ਕਸਬਾ ਮੱਲੂ ਨੰਗਲ (ਅੰਮ੍ਰਿਤਸਰ) ‘ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਵਲੋਂ ਕੀਤੀ ਗਈ ਰੈਲੀ ‘ਚ ਲਗਭਗ ਇਕ ਹਜ਼ਾਰ ਮਜ਼ਦੂਰਾਂ-ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੀ ਮਹਿੰਗਾਈ ਨੂੰ ਰੋਕਣ, ਗੁਜ਼ਾਰੇਯੋਗ ਰੁਜ਼ਗਾਰ ਦੀ ਗਰੰਟੀ ਕਰਨ ਅਤੇ ਬੇਲਗਾਮ ਭ੍ਰਿਸ਼ਟਾਚਾਰ ਨੂੰ ਰੋਕਣ ‘ਚ ਨਾਕਾਮੀ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਕਿ ਇਸ ‘ਤੇ ਪਰਦਾ ਪਾਉਣ ਲਈ ਦੋਵੇਂ ਸਰਕਾਰਾਂ ਲੋਕਾਂ ‘ਚ ਪੈਦਾ ਹੋ ਰਹੀ ਬੇਚੈਨੀ ਨੂੰ ਕੁਰਾਹੇ ਪਾਉਣ ਲਈ ਗਿਣਮਿੱਥ ਕੇ ਧਾਰਮਿਕ ਮੁੱੱਦੇ ਉਭਾਰ ਰਹੀਆਂ ਹਨ। ਉਨ੍ਹਾ ਲੋਕਾਂ ਨੂੰ ਕੇਂਦਰ ਤੇ ਸੂਬਾਈ ਸਰਕਾਰ ਦੀਆਂ ਕੁਲਹਿਣੀਆਂ ਚਾਲਾਂ ਨੂੰ ਅਸਫਲ ਬਨਾਉਣ ਲਈ ਆਖਦਿਆਂ ਮੁੱਖ ਟੇਕ ਵਿਆਪਕ ਜਥੇਬੰਦਕ ਸੰਘਰਸ਼ਾਂ ‘ਤੇ ਹੀ ਰੱਖਣ ਦਾ ਸੱਦਾ ਦਿੱਤਾ। ਦੂਜੇ ਪਾਸੇ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਤਰਨ ਤਾਰਨ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਮਾਰਚ ਕੀਤਾ। ਇਸ ਜਥੇ ਦੀ ਆਮਦ ‘ਤੇ ਇਲਾਕੇ ਦੇ ਸਧਾਰਨ ਕਿਰਤੀ ਲੋਕਾਂ ਦੇ ਸਹਿਯੋਗ ਨਾਲ ਸਥਾਨਕ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਹਰੀਕੇ ਪੱਤਣ ‘ਤੇ ਵਿਸ਼ਾਲ ਇਕੱਠ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਦਾਊਦ ਨੇ ਕਿਹਾ ਕਿ ਦੇਸ਼ ਦੇ ਧਰਮ ਨਿਰਪੱਖ ਖਾਸੇ ਨੂੰ ਬਚਾਉਣ ਤੇ ਦੇਸ਼ ਦੀ ਜਵਾਨੀ ਲਈ ਰੁਜ਼ਗਾਰ ਦੀ ਸਥਾਈ ਗਰੰਟੀ ਕਰਨ ਦਾ ਕਾਰਜ ਕੇਵਲ ਖੱਬੀਆਂ ਪਾਰਟੀਆਂ ਹੀ ਕਰ ਸਕਦੀਆਂ ਹਨ ਤੇ ਇਨ੍ਹਾਂ ਪਾਰਟੀਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਇਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਇਕੱਠ ਨੂੰ ਸਾਥੀ ਦਾਊਦ ਤੋਂ ਇਲਾਵਾ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਹੋਰਨਾ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।

‘ਲੋਕ ਜਗਾਓ-ਲੁਟੇਰੇ ਭਜਾਓ’ ਮਾਰਚ ਦੇ ਚੌਥੇ ਦਿਨ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਘੁਮਾਣ, ਬਟਾਲਾ ਤੇ ਧਾਰੀਵਾਲ ‘ਚ ਵਿਸ਼ਾਲ ਰੈਲੀਆਂ ਕੀਤੀਆਂ ਜਿਨ੍ਹਾਂ ‘ਚ ਮਜ਼ਦੂਰਾਂ-ਕਿਸਾਨਾਂ ਨੇ ਬਹੁਤ ਜ਼ੋਸ਼ ਨਾਲ ਹਿੱਸਾ ਲਿਆ ਤੇ ਆਗੂਆਂ ਦੇ ਵਿਚਾਰ ਸੁਣੇ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਜ਼ੋਰਦਾਰ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਬੇਘਰੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਕਸਮਾਂ ਖਾ ਕੇ ਸੱਤਾ ‘ਚ ਆਈ ਸੀ ਤੇ ਕਸਮਾਂ ਵੀ ਹੱਥ ‘ਚ ਗੁਟਕਾ ਸਾਹਿਬ ਲੈ ਕੇ ਖਾਧੀਆਂ ਸਨ। ਪਰ ਹੁਣ ਉਹੀ ਕੈਪਟਨ ਸਰਕਾਰ ਆਪਣੇ ਵਾਅਦੇ ਭੁਲਾਕੇ ਜਬਰ ਦਾ ਰਾਹ ਅਪਣਾ ਰਹੀ ਹੈ। ਸਾਥੀ ਪਾਸਲਾ ਨੇ ਇਹ ਵੀ ਦੱਸਿਆ ਕਿ ਕੇਰਲ ਦੇ ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਦਾਖਲੇ ਦਾ ਵਿਰੋਧ ਕਰਕੇ ਭਾਰਤੀ ਜਨਤਾ ਪਾਰਟੀ ਨੇ ਔਰਤਾਂ ਬਾਰੇ ਆਪਣੀ ਮਨੂੰਵਾਦੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਨਹੀਂ ਕੀਤਾ ਬਲਕਿ ਦੇਸ਼ ਦੀ ਸਰਵ-ਉਚ ਅਦਾਲਤ ਦੀ ਮਾਣ ਮਰਿਆਦਾ ਦੀਆਂ ਵੀ ਧੱਜੀਆਂ ਉਡਾਈਆਂ ਹਨ। ਸਾਥੀ ਪਾਸਲਾ ਨੇ ਲੋਕਾਂ ਨੂੰ ਭਾਜਪਾ ਵਲੋਂ ਵੋਟਾਂ ਹਾਸਲ ਕਰਨ ਲਈ ਰਚੀਆਂ ਜਾ ਰਹੀਆਂ ਅਜੇਹੀਆਂ ਫਿਰਕੂ ਸਾਜਿਸ਼ਾਂ ਤੋਂ ਵੀ ਸੁਚੇਤ ਕੀਤਾ। ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਦੂਸਰੇ ਜਥੇ ਨੇ ਪਿੰਡ ਵਜੀਦਪੁਰ (ਜ਼ਿਲ੍ਹਾ ਫਿਰੋਜ਼ਪੁਰ), ਹਰੀ ਨੌ (ਜ਼ਿਲ੍ਹਾ ਫਰੀਦਕੋਟ) ਅਤੇ ਪਿੰਡ ਜੰਮੂਆਣਾ (ਜ਼ਿਲ੍ਹਾ ਮੁਕਤਸਰ ਸਾਹਿਬ) ‘ਚ ਵਿਸ਼ਾਲ ਰੈਲੀਆਂ ਕੀਤੀਆਂ ਜਿਨ੍ਹਾਂ ਦੌਰਾਨ ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਦੀਆਂ ਨੀਤੀਆਂ, ਜੋ ਬੇਜ਼ਮੀਨੇ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਵਧਦੀਆਂ ਮੁਸੀਬਤਾਂ ਦਾ ਅਸਲ ਕਾਰਨ ਹਨ, ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਜਨਤਕ ਲਾਮਬੰਦੀ ਦਾ ਪਿੜ ਮਘਾਉਣ ਦਾ ਸੱਦਾ ਦਿੱਤਾ।

‘ਲੋਕ ਜਗਾਓ -ਲੁਟੇਰੇ ਭਜਾਓ ਜਥਾ ਮਾਰਚ’ ਦਾ ਪੰਜਵਾਂ ਦਿਨ ਗਦਰ ਲਹਿਰ ਦੇ ਮਹਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਤ ਕਰਦਿਆਂ ਇਸ ਮਹਾਨਾਇਕ ਵਲੋਂ ਚਿਤਵੇ ਜਾਤ, ਜਮਾਤ ਤੇ ਲਿੰਗਕ ਵਿਤਕਰੇ ਤੋਂ ਰਹਿਤ ਇਕ ਸੈਕੂਲਰ ਸਮਾਜ ਦੀ ਉਸਾਰੀ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਅਹਿਦ ਲਿਆ । ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ‘ਤੇ ਪਾਰਟੀ ਦੇ ਦੋਹਾਂ ਜਥਿਆਂ ਨੇ ਵੱਖ ਵੱਖ ਥਾਵਾਂ ‘ਤੇ ਕੀਤੇ ਜਲਸਿਆਂ-ਰੈਲੀਆਂ ਦੌਰਾਨ ਭਰਪੂਰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ । ਆਰ. ਐੱਮ. ਪੀ. ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਜ਼ਿਲ੍ਹਾ ਪਠਾਨਕੋਟ ਦੇ ਪਿੰਡਾਂ ‘ਚ ਮਾਰਚ ਕਰਦਿਆਂ ਡਿਬਕੂ ਧਲੌਰੀਆਂ, ਸੁਜਾਨਪੁਰ ਅਤੇ ਪੁਰਾਣੀ ਕਚਹਿਰੀ ਪਠਾਨਕੋਟ ਵਿਖੇ ਜਲਸੇ ਰੈਲੀਆਂ ਕਰਕੇ ਲੋਕਾਂ ਨੂੰ ਯਾਦ ਕਰਵਾਇਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਜਿਹਨਾ ਸਾਮਰਾਜੀ ਤਾਕਤਾਂ ਵਿਰੁੱਧ ਲੜਦਿਆਂ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ, ਸਾਡੇ ਹੁਕਮਰਾਨ ਉਹਨਾਂ ਸਾਮਰਾਜੀ ਤਾਕਤਾਂ ਦੇ ਇਸ਼ਾਰਿਆਂ ‘ਤੇ ਨੀਤੀਆਂ ਲਾਗੂ ਕਰਕੇ ਦੇਸ਼ ਦੀ ਆਜ਼ਾਦੀ ਲਈ ਮੁੜ ਖਤਰੇ ਖੜ੍ਹੇ ਕਰ ਰਹੇ ਹਨ । ਉਹਨਾ ਲੋਕਾਂ, ਖਾਸਕਰ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਰਸੇ ਨੂੰ ਪਿੱਠ ਨਾ ਦਿਖਾਉਣ ਤੇ ਇਕਮੁੱਠ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰਕੇ ਹਾਕਮ ਜਮਾਤ ਦੀ ਚੁਣੌਤੀ ਸਵੀਕਾਰ ਕਰਨ । ਸਾਥੀ ਪਾਸਲਾ ਦੇ ਨਾਲ ਨਾਲ ਸਰਵਸਾਥੀ ਲਾਲ ਚੰਦ ਕਟਾਰੂਚੱਕ, ਸ਼ਿਵ ਪਠਾਨਕੋਟ, ਨੱਥਾ ਸਿੰਘ, ਰਵੀ ਕੁਮਾਰ, ਗੁਰਦਰਸ਼ਨ ਬੀਕਾ ਤੇ ਹੋਰਨਾ ਆਗੂਆਂ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਜਲੰਧਰ ‘ਚ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ । ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਜਿਲ੍ਹਾ ਮੁਕਤਸਰ ਦੇ ਕਈ ਪਿੰਡਾਂ ‘ਚ ਮਾਰਚ ਕੀਤਾ ਅਤੇ ਜੱਸੇਆਣਾ ਤੇ ਚੱਕ ਮਦਰੱਸਾ ‘ਚ ਪ੍ਰਭਾਵਸ਼ਾਲੀ ਰੈਲੀਆਂ ਕਰਨ ਤੋਂ ਬਾਅਦ ਫਾਜ਼ਿਲਕਾ ਜਿਲ੍ਹੇ ‘ਚ ਖੂਈਆਂ ਸਰਵਰ ਵਿਖੇ ਵਿਸ਼ਾਲ ਜਲਸਾ ਕੀਤਾ । ਵੱਖ-ਵੱਖ ਜਲਸਿਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਉਦ ਨੇ ਗਦਰ ਲਹਿਰ ਦੇ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਭਰਪੂਰ ਚਾਨਣਾ ਪਾਇਆ। ਸਾਥੀ ਦਾਉਦ ਨੇ ਕਿਹਾ ਕੇਂਦਰ ਦੀ ਬੀ.ਜੇ.ਪੀ.ਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ। ਦੋਨੋਂ ਹੀ ਲੋਕ ਵਿਰੋਧੀ ਹਨ। ਇਨ੍ਹਾਂ ਦੀਆਂ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਭਰਿਸ਼ਟਾਚਾਰ ਵਿੱਚ ਬੇ-ਸ਼ੁਮਾਰ ਵਾਧਾ ਹੋਇਆ ਹੈ। ਵਿਦਿਆ, ਸਿਹਤ ਸਹੂਲਤਾਂ ਗਰੀਬ ਵਰਗ ਕੋਲੋਂ ਖੁੱਸਦੀਆਂ ਜਾ ਰਹੀਆਂ ਹਨ । ਸਾਥੀ ਦਾਉਦ ਨੇ ਕਿਹਾ ਕਿ ਅੱਜ ਦੇ ਦਿਨ ‘ਤੇ ਸਭ ਤੋਂ ਛੋਟੀ ਉਮਰ ‘ਚ ਦੇਸ਼ ਨੂੰ ਆਜਾਦ ਕਰਾਉਣ ਵਾਲੇ ਲੋਕਾਂ ਦੇ ਮਹਾਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਸ ਨੌਜਵਾਨ ਨੇ 19 ਸਾਲ ਦੀ ਉਮਰ ਵਿੱਚ ਹਸਦੇ ਹਸਦੇ ਫਾਂਸੀ ਦਾ ਰੱਸਾ ਗਲੇ ਲਾਇਆ ਸੀ । ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਸਰਬਸਾਥੀ ਬਲਦੇਵ ਸਿੰਘ ਪੰਡੋਰੀ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਲੋਂ ਜਲੰਧਰ ‘ਚ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ‘ਚ ਕਿਰਤੀ ਲੋਕਾਂ ਨੂੰ ਪ੍ਰਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।

ਜਥਾ ਮਾਰਚ ਦਾ ਛੇਵਾਂ ਦਿਨ ਕੰਢੀ ਅਤੇ ਮਾਲਵੇ ਦੇ ਲੋਕਾਂ ਨੂੰੂ ਸਮਰਪਿਤ ਕੀਤਾ ਗਿਆ। ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਛੇਵੇਂ ਦਿਨ ਕੰਢੀ ਦੇ ਇਲਾਕੇ ‘ਚ ਮਾਰਚ ਕੀਤਾ। ਇਸ ਜਥੇ ਦਾ ਸਵਾਗਤ ਹੁਸ਼ਿਆਰਪੁਰ-ਜੰਮੂ ਹਾਈਵੇ ‘ਤੇ ਮਾਨਸਰ ਟੋਲ ਪਲਾਜ਼ਾ ‘ਤੇ ਕੀਤਾ ਗਿਆ। ਇਹ ਜਥਾ ਵੱਖ ਵੱਖ ਪਿੰਡਾਂ ‘ਚੋਂ ਹੁੰਦਾ ਹੋਇਆ ਹਾਜ਼ੀਪੁਰ ਪੁੱਜਾ ਜਿੱਥੇ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਬਾਅਦ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਪਿੰਡਾਂ ‘ਚੋਂ ਹੁੰਦਾ ਹੋਇਆ ਇਹ ਜਥਾ ਦਸੂਹਾ ਪਹੁੰਚਿਆ। ਦਸੂਹੇ ਦੇ ਬਜਾਰਾਂ ਵਿਚ ਮਾਰਚ ਕਰਨ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੱਕੋਂ ‘ਚ ਜਲਸਾ ਕੀਤਾ ਗਿਆ। ਇਹ ਜਥਾ ਹੁਸ਼ਿਆਰਪੁਰ ਸ਼ਹਿਰ ਦੇ ਬਜ਼ਾਰਾਂ ‘ਚ ਮਾਰਚ ਕਰਦਾ ਚੱਬੇਵਾਲ ਪੁੱਜਾ ਜਿੱਥੇ ਇਕ ਰੈਲੀ ਕੀਤੀ ਗਈ। ਇਸ ਤੋਂ ਅੱਗੇ ਮਾਹਿਲਪੁਰ ਹੁੰਦੇ ਹੋਏ ਸ਼ਾਮ ਨੂੰ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਪੋਸੀ ਪਹੁੰਚਿਆ। ਇੱਥੇ ਵੀ ਇਕ ਬਹੁਤ ਹੀ ਪ੍ਰਭਾਵਸ਼ਾਲੀ ਜਲਸਾ ਕੀਤਾ ਗਿਆ। ਇਸ ਜਥੇ ਵਲੋਂ ਕੀਤੀਆਂ ਗਈਆਂ ਰੈਲੀਆਂ-ਜਲਸਿਆਂ ਨੂੰ ਸੰਬੋਧਨ ਦੌਰਾਨ ਸਾਥੀ ਮੰਗਤ ਰਾਮ ਪਾਸਲਾ ਨੇ ਕੰਢੀ ਖੇਤਰ ਦੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਚਲ ਰਹੇ ਸੰਘਰਸ਼ਾਂ ਵਿਚ ਪਾਰਟੀ ਵਲੋਂ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਦੀ ਗੱਲ ਕਰਦਿਆਂ ਇਲਾਕੇ ‘ਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਅਤੇ ਕਿਹਾ ਕਿ ਰੇਤ-ਬੱਜਰੀ ਮਾਫੀਆ ਨੇ ਕੰਢੀ ਦੇ ਲੋਕਾਂ ਦੀ ਜ਼ਿੰਦਗੀ ਨੂੰੂ ਨਰਕ ਬਣਾ ਕੇ ਰੱਖ ਦਿੱਤਾ ਹੈ। ਬੇਰੋਕਟੋਕ ਹੋ ਰਹੀ ਮਾਈਨਿੰਗ ਲੋਕਾਂ ਲਈ ਨਿੱਤ ਦਿਨ ਨਵੀਆਂ ਸਮੱਸਿਆਵਾਂ ਖੜੀਆਂ ਕਰ ਰਹੀ ਹੈ ਪਰ ਹੁਕਮਰਾਨ ਅੱਖਾਂ ਮੀਟੀ ਬੈਠੇ ਹਨ ਅਤੇ ਇਸ ਮਾਫੀਆ ਨੂੰ ਹਰ ਤਰ੍ਹਾਂ ਨਾਲ ਸ਼ਹਿ ਦੇ ਰਹੇ ਹਨ। ਜੋ ਵੀ ਇਸ ਮਾਫੀਆ ਖਿਲਾਫ਼ ਆਵਾਜ਼ ਉਠਾਉਂਦਾ ਹੈ, ਉਸ ਖਿਲਾਫ਼ ਝੂਠੇ ਕੇਸ ਦਰਜ ਕਰਕੇ ਉਸਨੂੰ ਜੇਲ੍ਹ ‘ਚ ਡੱਕ ਦਿੱਤਾ ਜਾਂਦਾ ਹੈ। ਸਾਥੀ ਪਾਸਲਾ ਤੋਂ ਇਲਾਵਾ ਇਨ੍ਹਾਂ ਇਕੱਠਾਂ ਨੂੰ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਸ਼ਿਵ ਅਮਰੋਹੀ, ਗਿਆਨ ਸਿੰਘ ਗੁਪਤਾ, ਸਵਰਨ ਸਿੰਘ, ਅਮਰਜੀਤ ਸਿੰਘ ਕਾਨੂਗੋ, ਪਿਆਰਾ ਸਿੰਘ ਪਰਖ, ਦੀਪਕ ਠਾਕਰ, ਧਰਮਿੰਦਰ, ਗੰਗਾ ਪ੍ਰਸ਼ਾਦ, ਦਵਿੰਦਰ ਕੱਕੋਂ, ਸਤਪਾਲ ਲੱਠ, ਸ਼ਾਦੀ ਲਾਲ ਕਪੂਰ, ਸ਼ਿੰਗਾਰਾ ਰਾਮ ਭੱਜਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਕੇਂਦਰ ‘ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਫਿਰਕੂ-ਫਾਸ਼ੀਵਾਦੀ ਨੀਤੀਆਂ ਤੋਂ ਸੁਚੇਤ ਕਰਦਿਆਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਸੱਦਾ ਦਿੱਤਾ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਮਾਲਵੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਇਸ ਇਲਾਕੇ ‘ਚੋਂ ਹੋਰਨਾਂ ਸੂਬਿਆਂ ‘ਚ ਪ੍ਰਵਾਸ ਕਰ ਗਏ ਨਰਮਾ ਮਜ਼ਦੂਰਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਬੇਹਤਰ ਬਨਾਉਣ ਲਈ ਵੱਖ ਵੱਖ ਇਲਾਕਿਆਂ ‘ਚ ਪ੍ਰਵਾਸ ਕਰਦਾ ਰਹਿੰਦਾ ਹੈ ਤੇ ਇਹ ਕੋਈ ਮਾੜੀ ਗੱਲ ਨਹੀਂ ਪਰ ਇਸ ਪ੍ਰਵਾਸ ਨੂੰ ਲੈ ਕੇ ਗਿਰੀ ਹੋਈ ਸਿਆਸਤ ਕਰਨਾ ਅਤੇ ਵੱਖ ਵੱਖ ਸੂਬਿਆਂ ਦੇ ਕਿਰਤੀਆਂ ‘ਚ ਵੰਡੀਆਂ ਪਾਉਣਾ ਸਭ ਤੋਂ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਬਠਿੰਡਾ-ਮਾਨਸਾ ਦੇ ਅਨੇਕਾਂ ਪਿੰਡਾਂ ਦੇ ਦਲਿਤ ਵਿਹੜੇ ਖਾਲੀ ਪਏ ਹਨ ਕਿਉਂਕਿ ਇਹ ਮਜ਼ਦੂਰ ਨਰਮਾ ਚੁਗਣ ਲਈ ਦੂਸਰੇ ਸੂਬਿਆਂ ‘ਚ ਚਲੇ ਗਏ ਹਨ। ਸਾਥੀ ਦਾਊਦ ਨੇ ਕਿਹਾ ਕਿ ਜੇ ਇਹਨਾਂ ਮਜ਼ਦੂਰਾਂ ਵਿਰੁੱਧ ਉਨ੍ਹਾਂ ਸੂਬਿਆਂ ‘ਚ ਕੋਈ ਆਵਾਜ਼ ਉਠਾਵੇਗਾ ਤਾਂ ਸਾਨੂੰ ਦੁੱਖ ਪਹੁੰਚੇਗਾ ਅਤੇ ਸਾਨੂੰ ਵੀ ਬਿਹਾਰ, ਯੂ.ਪੀ. ਦੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਜਥੇ ਵਲੋਂ ਸੰਗਤ ਮੰਡੀ ਅਤੇ ਬਠਿੰਡਾ ਵਿਚ ਕੀਤੇ ਗਏ ਇਕੱਠਾਂ ਨੂੰ ਸਰਵਸਾਥੀ ਮਹੀਪਾਲ, ਡਾ. ਸਤਨਾਮ ਸਿੰਘ, ਲਾਲ ਚੰਦ ਸਰਦੂਲਗੜ੍ਹ, ਮਿੱਠੂ ਸਿੰਘ ਘੁੱਦਾ, ਮਾਸਟਰ ਛੱਜੂ ਰਾਮ ਰਿਸ਼ੀ, ਜਗਜੀਤ ਸਿੰਘ ਜੱਸੇਆਣਾ, ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਫੁੱਲੋਮਿਠੀ, ਅਮਰੀਕ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਲੋਂ ਜਲੰਧਰ ‘ਚ ਕੀਤੀ ਜਾਣ ਵਾਲੀ ਵਿਸ਼ਾਲ ਅਧਿਕਾਰ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ।

ਜਥਾ ਮਾਰਚ ਦਾ 7ਵਾਂ ਦਿਨ ਕਿਸਾਨੀ ਨੂੰ ਸਮਰਪਤ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਾਂ ਜਗਤਪੁਰ, ਝਿਕਾ, ਲਧਾਣਾ, ਬੰਗਾ, ਪੂਨੀਆ, ਗੁਣਾਚੌਰ, ਖਾਨਖਾਨਾ, ਬੀਕਾ, ਮੁਕੰਦਪੁਰ, ਬਲਾਚੌਰ ਤੇ ਭਾਨ ਮਜਾਰਾ ‘ਚ ਜਲਸੇ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ‘ਚ ਹਰ ਰੰਗ ਦੇ ਹੁਕਮਰਾਨਾਂ ਨੇ ਕਿਰਸਾਨੀ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਖੇਤੀ ਜਿਣਸਾਂ ਦੇ ਲਾਹੇਵੰਦ ਭਾਅ ਤਾਂ ਕੀ ਮਿਲਣੇ ਹਨ, ਲਾਗਤ ਪੂਰੀ ਕਰਨ ਯੋਗ ਭਾਅ ਵੀ ਨਹੀਂ ਮਿਲ ਰਹੇ ਜਦਕਿ ਖੇਤੀ ਲਾਗਤਾਂ ਦਿਨੋ ਦਿਨ ਵੱਧ ਰਹੀਆਂ ਹਨ। ਇਸ ਹਾਲਤ ਵਿਚ ਇਕੱਲਾ ਕਿਸਾਨ ਹੀ ਨਹੀਂ, ਦਿਹਾਤੀ ਮਜ਼ਦੂਰ ਵੀ ਬੁਰੀ ਤਰ੍ਹਾਂ ਪਿਸ ਕੇ ਰਹਿ ਗਿਆ ਹੈ। ਉਨ੍ਹਾਂ ਦਾ ਜੋ ਹਾਲ ਕੇਂਦਰ ‘ਚ ਕਾਂਗਰਸ ਸਰਕਾਰ ਵੇਲੇ ਸੀ, ਉਸਤੋਂ ਵੀ ਬੁਰਾ ਹਾਲ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਰਕੇ ਰੱਖ ਦਿੱਤਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਕਿਸਾਨਾਂ ਤੇ ਦਿਹਾਤੀ ਮਜ਼ਦੂਰਾਂ ਦੀ ਹਾਲਤ ਉਸ ਵੇਲੇ ਤੱਕ ਬਿਹਤਰ ਨਹੀਂ ਹੋ ਸਕਦੀ, ਜਦ ਤੱਕ ਦੇਸ਼ ਦੇ ਹੁਕਮਰਾਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕਦੋਖੀ ਨੀਤੀਆਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾਂਦਾ। ਇਹ ਕੰਮ ਕੇਵਲ ਤੇ ਕੇਵਲ ਇਕਮੁੱਠ ਖੱਬੀ ਧਿਰ ਹੀ ਕਰ ਸਕਦੀ ਹੈ ਜਿਸ ਵਾਸਤੇ ਆਰ.ਐਮ.ਪੀ.ਆਈ. ਪੂਰੀ ਤਰ੍ਹਾਂ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਮੰਗ ਕਰਦੇ ਹਨ ਕਿ ਸੱਤਾ ‘ਤੇ ਕਾਬਜ਼ ਮੋਦੀ ਦੀ ਅਗਵਾਈ ਵਾਲੇ ਫਿਰਕੂ ਫਾਸ਼ੀਵਾਦੀ ਸੰਘੀ ਲਾਣੇ ਨੂੰ ਫੌਰੀ ਤੌਰ ‘ਤੇ ਲਾਂਭੇ ਕੀਤਾ ਜਾਵੇ। ਸਾਥੀ ਪਾਸਲਾ ਨੇ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਔਰਤਾਂ ਦੇ ਹੱਕ ‘ਚ ਲੜਨ ਵਾਲੀਆਂ ਹੋਰਨਾਂ ਧਿਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਖੱਬੀਆਂ ਧਿਰਾਂ ਸੰਗ ਖੜੋਣ। ਇਨ੍ਹਾਂ ਰੈਲੀਆਂ ਜਲਸਿਆਂ ਨੂੰ ਸਾਥੀ ਪਾਸਲਾ ਤੋਂ ਇਲਾਵਾ ਪ੍ਰਿੰਸੀਪਲ ਪਿਆਰਾ ਸਿੰਘ, ਗੁਰਦਰਸ਼ਨ ਬੀਕਾ, ਹਰਪਾਲ ਸਿੰਘ ਜਗਤਪੁਰ, ਸੋਹਣ ਸਿੰਘ ਸਲੇਮਪੁਰੀ, ਸਤਨਾਮ ਸਿੰਘ ਸੁਜੋਂ ਆਦਿ ਨੇ ਵੀ ਸੰਬੋਧਨ ਕੀਤਾ ਤੇ ਲੋਕਾਂ ਨੂੰੂ 10 ਦਸੰਬਰ ਦੀ ਜਲੰਧਰ ਰੈਲੀ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਤਲਵੰਡੀ ਸਾਬੋ ਤੇ ਫਫੜੇ ਭਾਈਕੇ ‘ਚ ਪ੍ਰਭਾਵਸ਼ਾਲੀ ਜਲਸੇ/ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਦਾਊਦ ਨੇ ਕਿਹਾ ਕਿ ਘੱਗਰ ਦੀ ਮਾਰ ਝੱਲ ਰਹੇ ਇਸ ਇਲਾਕੇ ਦੀ ਕੋਈ ਵੀ ਬਾਤ ਨਹੀਂ ਪੁੱਛਦਾ। ਘੱਗਰ ਦੇ ਦੂਸ਼ਤ ਪਾਣੀ ਕਾਰਨ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ‘ਚ ਹਨ। ਬਰਸਾਤ ਦੌਰਾਨ ਹੜ੍ਹ ਕਹਿਰ ਵਰਤਾ ਜਾਂਦਾ ਹੈ ਤੇ ਉਪਰੋਂ ਸਿਤਮ ਇਹ ਹੈ ਕਿ ਸਰਦੂਲਗੜ੍ਹ ਵਰਗੇ ਤਹਿਸੀਲ ਹੈਡਕੁਆਰਟਰ ‘ਚ ਇਕ ਵੀ ਸਰਕਾਰੀ ਅਦਾਰਾ ਨਹੀਂ। ਉਨ੍ਹਾਂ ਲੋਕਾਂ ਨੂੰ ਝਿੰਜੋੜਿਆ ਕਿ ਉਹ ਲਹੂ ਪੀਣੀਆਂ ਜੋਕਾਂ ਨੂੰ ਪਛਾਣਨ ਤੇ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਖੱਬੀਆਂ ਧਿਰਾਂ ਦਾ ਸਾਥ ਦੇਣ। ਇਕੱਠਾਂ ਨੂੰ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ, ਸੂਬਾਈ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਲਾਲ ਚੰਦ ਸਰਦੂਲਗੜ੍ਹ ਤੋਂ ਇਲਾਵਾ ਛੱਜੂ ਰਾਮ ਰਿਸ਼ੀ, ਬਲਦੇਵ ਸਿੰਘ ਪੰਡੋਰੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਜਥਾ ਮਾਰਚ ਦਾ 8ਵਾਂ ਦਿਨ ਦਹਿਸ਼ਤਗਰਦੀ ਦੇ ਖਤਰੇ ਦੇ ਵਿਰੋਧ ਵਿਚ ਭਾਈਚਾਰਕ ਇਕਸੁਰਤਾ ਨੂੰ ਸਮਰਪਤ ਕੀਤਾ ਗਿਆ। ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਰੋਪੜ ਜ਼ਿਲ੍ਹੇ ਦੇ ਪਿੰਡ ਕਾਹਨਪੁਰ ਖੂਹੀ ਤੋਂ ਮਾਰਚ ਸ਼ੁਰੂ ਕੀਤਾ। ਇਹ ਜਥਾ ਕਲਵਾਂ ਮੋੜ, ਸਮੀਰੋਵਾਲ, ਝੱਜ ਮੋੜ, ਨੂਰਪੁਰ ਬੇਦੀ, ਬਜਰੂੜ, ਆਬਿਆਣਾ, ਧਮਾਣਾ ਹੁੰਦਾ ਹੋਇਆ ਮੁਹਾਲੀ ਦੇ ਫੇਜ਼ ਗਿਆਰਾਂ ਪੁੱਜਾ। ਇਸ ਵਿਸ਼ਾਲ ਜਥੇ ਦੇ ਅੱਗੇ 80 ਮੋਟਰ ਸਾਇਕਲ ਚਲ ਰਹੇ ਸਨ। ਹਰ ਮੋਟਰਸਾਇਕਲ ‘ਤੇ ਸਵਾਰ ਦੋ-ਦੋ ਪਾਰਟੀ ਕਾਰਕੁੰਨਾਂ ਦੇ ਹੱਥਾਂ ਵਿਚ ਫੜੇ ਲਾਲ ਝੰਡੇ ਫਿਜ਼ਾ ਨੂੰ ਵੀ ਲਾਲ ਰੰਗਤ ਦੇ ਰਹੇ ਸਨ। ਇਸ ਜਥੇ ਵਲੋਂ ਥਾਂ ਥਾਂ ਕੀਤੇ ਗਏ ਜਲਸੇ-ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਅਜਨਾਲਾ ਨੇੜੇ ਇਕ ਨਿਰੰਕਾਰੀ ਸਤਿਸੰਗ ਭਵਨ ‘ਤੇ ਹੋਇਆ ਅੱਤਵਾਦੀ ਹਮਲਾ ਕੇਵਲ ਇਕ ਸਤਿਸੰਗ ਭਵਨ ‘ਤੇ ਹਮਲਾ ਨਹੀਂ ਹੈ, ਸਗੋਂ ਇਹ ਸਮੁੱਚੇ ਪੰਜਾਬ ‘ਤੇ ਹਮਲਾ ਹੈ। ਸਰਕਾਰਾਂ ਵਲੋਂ ਛਿਛਕੇਰੇ ਅੱਤਵਾਦੀ ਅਨਸਰਾਂ ਨੇ ਪੰਜਾਬ ਨੂੰ ਇਕ ਵਾਰ ਫੇਰ ਤੱਤੀ ਤਵੀ ‘ਤੇ ਬੈਠਣ ਲਈ ਤਿਆਰ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਪੰਜਾਬ ਦੇ ਬਹਾਦਰ ਲੋਕ ਆਪਣੀ ਭਾਈਚਾਰਕ ਇਕਸੁਰਤਾ ਨੂੰ ਬਰਕਰਾਰ ਰੱਖਕੇ ਇਸ ਚੁਣੌਤੀ ‘ਚੋਂ ਲਾਜ਼ਮੀ ਤੌਰ ‘ਤੇ ਜੇਤੂ ਹੋ ਕੇ ਨਿਕਲਣਗੇ। ਕਾਮਰੇਡ ਪਾਸਲਾ ਨੇ ਕਿਹਾ ਕਿ ਕੇਂਦਰ ‘ਚ ਮੋਦੀ ਦੀ ਅਗਵਾਈ ਵਾਲੀ ਸੰਘੀ ਸਰਕਾਰ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਅਤੇ ਪੰਜਾਬ ‘ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ 80ਵਿਆਂ ‘ਚ ਚੱਲੀਆਂ ਗਈਆਂ ਚਾਲਾਂ ਦੇ ਦੁਹਰਾਓ ਕਾਰਨ ਪੈਦਾ ਕੀਤੇ ਗਏ ਮਾਹੌਲ ਅੰਦਰ ਇਹ ਅੱਤਵਾਦੀ ਅਨਸਰ ਮੁੜ ਸਿਰ ਉਠਾ ਰਹੇ ਹਨ ਤੇ ਦੋਵੇਂ ਸਰਕਾਰਾਂ ਇਨ੍ਹਾਂ ਪ੍ਰਤੀ ਅਵੇਸਲਾਪਣ ਦਿਖਾ ਰਹੀਆਂ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਸਰਕਾਰਾਂ ਵਲੋਂ ਪੰਜਾਬ ਨੂੰ ਅੱਤਵਾਦ ਦੀ ਪ੍ਰਯੋਗਸ਼ਾਲਾ ਵਜੋਂ ਵਰਤਣ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਸਮੁੱਚੇ ਦੇਸ਼ ਲਈ ਖਤਰਨਾਕ ਹੋਣਗੇ। ਸਾਥੀ ਪਾਸਲਾ ਨੇ ਲੋਕਾਂ ਨੂੰ ਵੰਗਾਰਦਿਆਂ ਕਿਹਾ, ”ਅਜਿਹੀਆਂ ਖਤਰਨਾਕ ਕੋਸ਼ਿਸਾਂ ਨੂੰ ਅਸਫਲ ਬਣਾਉਂਦਿਆਂ ਭਾਈਚਾਰਕ ਇਕਸੁਰਤਾ ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਹੈ। ਆਪਣੀਆਂ ਭੱਖਦੀਆਂ ਸਮੱਸਿਆਵਾਂ ਤੇ ਸਰਕਾਰਾਂ ਦੀਆਂ ਨਾਕਾਮਯਾਬੀਆਂ ਤੋਂ ਜੇ ਤੁਹਾਡਾ ਧਿਆਨ ਭਟਕ ਗਿਆ ਤਾਂ ਲੋਕ ਦੋਖੀ ਹੁਕਮਰਾਨ ਮੁੜ ਜਿੱਤ ਜਾਣਗੇ।” ਇਨ੍ਹਾਂ ਇਕੱਠਾਂ ਨੂੰ ਸਾਥੀ ਪਾਸਲਾ ਤੋਂ ਇਲਾਵਾ ਸਰਵਸਾਥੀ ਵੇਦ ਪ੍ਰਕਾਸ਼, ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਸੱਜਣ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਸ਼ਮਸ਼ੇਰ ਸਿੰਘ ਤੇ ਹਿੰਮਤ ਸਿੰਘ ਨੇ ਵੀ ਸੰਬੋਧਨ ਕੀਤਾ। ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਸੰਗਰੂਰ ਜ਼ਿਲ੍ਹੇ ਦੇ ਆਲਮਪੁਰ ਤੇ ਘਰਾਚੋਂ ਅਤੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਦੌਣ ਕਲਾਂ ‘ਚ ਵੱਡੇ ਜਲਸੇ ਕੀਤੇ। ਇਨ੍ਹਾਂ ਥਾਵਾਂ ‘ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਥੀ ਦਾਊਦ ਨੇ ਅਜਨਾਲਾ ਨੇੜੇ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਦੇਸ਼ ਦੇ ਹੁਕਮਰਾਨ ਆਪਣੀ ਸੱਤਾ ਦੀ ਸਲਾਮਤੀ ਲਈ ਕਿਸੇ ਵੀ ਹੱਦ ‘ਚ ਜਾ ਸਕਦੇ ਹਨ। ਵੋਟਾਂ ਬਟੋਰਨ ਲਈ ਫਿਰਕੂ-ਫਾਸ਼ੀਵਾਦੀ ਅਨਸਰਾਂ ਨੂੰ ਖੁੱਲ੍ਹ ਖੇਡਣ ਦੀ ਇਜਾਜ਼ਤ ਅਤੇ ਅੱਤਵਾਦੀ ਅਨਸਰਾਂ ਪ੍ਰਤੀ ਗਿਣਿਆ ਮਿਥਿਆ ਅਵੇਸਲਾਪਨ ਇਸ ਹਮਲੇ ਲਈ ਜ਼ਿੰਮੇਵਾਰ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅੱਤਵਾਦੀ ਅਨਸਰਾਂ ਦੇ ਨਾਲ ਨਾਲ ਫਿਰਕੂ-ਫਾਸ਼ੀਵਾਦੀ ਤਾਕਤਾਂ ਤੋਂ ਵੀ ਸੁਚੇਤ ਰਹਿਣ ਤੇ ਇਹ ਨਾ ਭੁੱਲਣ ਕਿ ਉਨ੍ਹਾਂ ਦੀਆਂ ਦੁਸ਼ਵਾਰੀਆਂ ਦੀ ਅਸਲ ਜੜ੍ਹ ਕਿੱਥੇ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਅਜਿਹੀ ਚੌਕਸੀ ਹੀ ਇਨ੍ਹਾਂ ਸਾਜਿਸ਼ਾਂ ਨੂੰ ਅਸਫਲ ਬਣਾ ਸਕਦੀ ਹੈ। ਇਨ੍ਹਾਂ ਇਕੱਠਾਂ ਨੂੰ ਸਾਥੀ ਦਾਊਦ ਤੋਂ ਇਲਾਵਾ ਭੀਮ ਸਿੰਘ ਆਲਮਪੁਰ, ਗੱਜਣ ਸਿੰਘ ਦੁੱਗਾਂ, ਪੂਰਨ ਚੰਦ ਨਨਹੇੜਾ, ਭੀਮ ਸਿੰਘ ਦਿੜ੍ਹਬਾ, ਮੁਕੰਦ ਸਿੰਘ ਮੀਮਸਾ, ਹਰੀ ਸਿੰਘ ਢੀਂਡਸਾ, ਅਮਰਜੀਤ ਸਿੰਘ ਘਨੌਰ, ਸੁਰੇਸ਼ ਕੁਮਾਰ ਸਮਾਣਾ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ। d ਮਾਰਚ ਦਾ ਨੌਵਾਂ ਦਿਨ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਏ ਖੱਬੀ ਲਹਿਰ ਦੇ ਸਿਰਮੌਰ ਆਗੂਆਂ ਦੀ ਪ੍ਰੇਰਣਾਮਈ ਯਾਦ ਨੂੰ ਸਮਰਪਿਤ ਕੀਤਾ ਗਿਆ। ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲਾ ਜਥਾ 20 ਨਵੰਬਰ ਨੂੰ ਦੇਸ਼ ਭਗਤਾਂ ਦੀ ਧਰਤੀ ਦੁਆਬੇ ਦੀ ਧੁੰਨੀ ਮੰਨੇ ਜਾਣ ਵਾਲੇ ਇਲਾਕੇ ਮੰਜਕੀ ‘ਚ ਦਾਖਲ ਹੋਇਆ। ਇੱਥੇ ਪਿੰਡ ਕਾਨ੍ਹਾ ਢੇਸੀਆਂ ਵਿਖੇ ਲਾਸਾਨੀ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਵਿਚ ਹਾਜ਼ਰ ਲੋਕਾਈ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਜਮਹੂਰੀ ਲਹਿਰ ਦੇ ਲੋਕ ਹਿਤੂ ਸੰਗਰਾਮਾਂ ਨੂੰ ਤਾਰਪੀਡੋ ਕਰਨ ਲਈ ਹਾਕਮ ਜਮਾਤਾਂ ਹੀ ਆਪਣੇ ਹੱਥਠੋਕਿਆਂ ਰਾਹੀਂ ਵੱਖਵਾਦੀ ਲਹਿਰਾਂ ਨੂੰ ਪੈਦਾ ਕਰਦੀਆਂ ਹਨ। ਸਾਥੀ ਢੇਸੀ ਵਰਗੇ ਜੁਝਾਰੂਆਂ ਵਲੋਂ ਦਿੱਤੀ ਗਈ ਕੁਰਬਾਨੀ ਤੇ ਖੱਬੀ ਲਹਿਰ ਵਲੋਂ ਲੜੇ ਗਏ ਲਹੂ ਵੀਟਵੇਂ ਸੰਗਰਾਮਾਂ ਸਦਕਾ ਹਰਾਅ ਦਿੱਤੀ ਗਈ ਵੱਖਵਾਦੀ ਲਹਿਰ ਨੂੰ ਅੰਮ੍ਰਿਤਸਰ ਗ੍ਰਨੇਡ ਹਮਲੇ ਵਰਗੀਆਂ ਵਾਰਦਾਤਾਂ ਰਾਹੀਂ ਸੁਰਜੀਤ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਲਾਣਾ ਇਸੇ ਕੋਝੀ ਸਾਜਿਸ਼ ‘ਚ ਲੱਗਿਆ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਸਾਜਿਸ਼ਾਂ ਅਤੀਤ ਵਾਂਗੂੰ ਇਕ ਵਾਰ ਫਿਰ ਤੋਂ ਅਣਗਿਣਤ ਬੇਦੋਸ਼ਿਆਂ ਦਾ ਲਹੂ ਅਜਾਈਂ ਵਹਾਏ ਜਾਣ ਦਾ ਸਬੱਬ ਬਣਨਗੀਆਂ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੀਆਂ ਵੱਖਵਾਦੀ ਲਹਿਰਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਆਪਣੇ ਕੁੱਲੀ-ਗੁੱਲੀ-ਜੁੱਲੀ ਨਾਲ ਸਬੰਧਤ ਬੁਨਿਆਦੀ ਮਸਲਿਆਂ ਦੇ ਹੱਲ ਲਈ ਸਾਂਝੀ ਖੱਬੀ ਲਹਿਰ ਅਤੇ ਖਾਸ ਕਰਕੇ ਆਰ.ਐਮ.ਪੀ.ਆਈ. ਦੇ ਝੰਡੇ ਥੱਲੇ ਲਾਮਬੰਦ ਹੋ ਕੇ ਤਿੱਖੇ ਤੇ ਬੱਝਵੇਂ ਸੰਗਰਾਮਾਂ ਦੇ ਪਿੜ ਮੱਲ੍ਹਣ। ਉਪਰੋਕਤ ਨਿਸ਼ਾਨੇ ਦੀ ਪੂਰਤੀ ਹਿੱਤ 10 ਦਸੰਬਰ ਨੂੰ ਜਲੰਧਰ ਹੋ ਰਹੀ ”ਅਧਿਕਾਰ ਰੈਲੀ” ਵਿਚ ਉਨ੍ਹਾਂ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਪੁੱਜਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਤੋਂ ਪਹਿਲਾਂ ਜਥੇ ਦੇ ਆਗੂ ਅਤੇ ਸਮੂਹ ਵਰਕਰਾਂ ਨੇ ਸਾਥੀ ਢੇਸੀ ਦੀ ਯਾਦਗਾਰ ‘ਤੇ ਇਕੱਤਰ ਹੋ ਕੇ ਕਿਰਤੀਆਂ ਦੀ ਸਦੀਵੀਂ ਬੰਦਖਲਾਸੀ ਦੇ ਉਨ੍ਹਾਂ ਦੇ ਅਧੂਰੇ ਕਾਜ਼ ਦੀ ਪੂਰਤੀ ਲਈ ਹਰ ਕੁਰਬਾਨੀ ਦੇਣ ਦਾ ਪ੍ਰਣ ਦ੍ਰਿੜ੍ਹਾਇਆ। ਇਸ ਪਿਛੋਂ ਜਥਾ ਮਾਰਚ ਦੇ ਆਗੂਆਂ ਨੇ ਜੰਡਿਆਲਾ ਮੰਜਕੀ, ਮਹਿਤਪੁਰ ਅਤੇ ਆਧੀ ਵਿਖੇ ਵੱਡੀਆਂ ਕਾਨਫਰੰਸਾਂ ਤੋਂ ਇਲਾਵਾ ਰਸਤੇ ਵਿਚ ਕਈ ਛੋਟੀਆਂ ਸਭਾਵਾਂ ‘ਚ ਹਾਜ਼ਰ ਲੋਕਾਂ ਨਾਲ ਜਥੇ ਦਾ ਮਨੋਰਥ ਸਾਂਝਾ ਕੀਤਾ। ਸਭਾਵਾਂ ਨੂੰ ਸਾਥੀ ਪਾਸਲਾ ਤੋਂ ਇਲਾਵਾ ਸਾਥੀ ਕੁਲਵੰਤ ਸਿੰਘ ਸੰਧੂ, ਗੁਰਦਰਸ਼ਨ ਬੀਕਾ, ਦਰਸ਼ਨ ਨਾਹਰ, ਜਸਵਿੰਦਰ ਢੇਸੀ, ਸੰਤੋਖ ਬਿਲਗਾ, ਪਰਮਜੀਤ ਰੰਧਾਵਾ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਨਿਰਮਲ ਆਧੀ ਤੇ ਹੋਰਨਾਂ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਇਸ ਦਿਨ ਪਟਿਆਲਾ ਦੇ ਕਸਬਾ ਘਨੌਰ ਅਤੇ ਲਤਾਲਾ (ਲੁਧਿਆਣਾ) ਵਿਖੇ ਵੱਡੀਆਂ ਕਾਨਫਰੰਸਾਂ ਤੋਂ ਇਲਾਵਾ ਕਈ ਛੋਟੀਆਂ ਰੋਡ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਹਾਮੀਆਂ ਅਤੇ ਫਿਰਕੂ ਫਾਸ਼ੀਵਾਦ ਖਿਲਾਫ਼ ਸਾਫ ਲਕੀਰ ਖਿੱਚ ਕੇ ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਦਾ ਸੱਦਾ ਦਿੱਤਾ। ਸਭਾਵਾਂ ਨੂੰ ਬਲਦੇਵ ਪੰਡੋਰੀ, ਅਮਰਜੀਤ ਘਨੌਰ, ਪ੍ਰੋਫੈਸਰ ਜੈਪਾਲ, ਜਗਤਾਰ ਚਕੋਹੀ, ਰਘਬੀਰ ਬੈਨੀਪਾਲ, ਹਰਨੇਕ ਗੁੱਜਰਵਾਲ, ਗੁਰਿੰਦਰ ਕੌਰ ਗਰੇਵਾਲ ਤੇ ਹੋਰਨਾਂ ਸਾਥੀਆਂ ਵਲੋਂ ਵੀ ਸੰਬੋਧਨ ਕੀਤਾ ਗਿਆ।

ਸੂਬੇ ਅੰਦਰ ਰਾਜਨੀਤਿਕ ਚੇਤਨਾ ਦੀ ਇਕ ਨਵੀਂ ਚਿਣਗ ਪੈਦਾ ਕਰਨ ਵਾਲੇ ਇਨ੍ਹਾਂ ਜਥਿਆ ਵਲੋਂ ਆਪਣੇ ਮਾਰਚ ਦਾ ਆਖਰੀ ਦਿਨ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਸਮਰਪਿਤ ਕੀਤਾ ਗਿਆ । ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜੱਥੇ ਨੇ 21 ਨਵੰਬਰ ਦੇ ਆਖਰੀ ਦਿਨ ਦਾ ਸਫ਼ਰ ਜਲੰਧਰ ਜ਼ਿਲ੍ਹੇ ਦੇ ਕਸਬੇ ਮਲਸੀਆਂ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਬਾਬੇ ਨਾਨਕ ਦਾ ਵਿਰਸਾ ਸਮੋਈ ਬੈਠੇ ਸੁਲਤਾਨਪੁਰ ਲੋਧੀ ‘ਚ ਦਸਤਕ ਦਿੱਤੀ ਤੇ ਆਖਰੀ ਪੜਾਅ ਵਜੋਂ ਜਲੰਧਰ ਸ਼ਹਿਰ ਦੇ ਸੰਤੋਖਪੁਰਾ ‘ਚ, ਆ ਕੇ ਆਪਣਾ ਪੰਧ ਮੁਕਾਇਆ । ਇਨ੍ਹਾਂ ਸਭਨਾਂ ਥਾਵਾਂ ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਜਾਬੀਆਂ ਨੂੰ ਵੰਗਾਰਦਿਆਂ ਕਿਹਾ ਕਿ ”ਤੁਹਾਡਾ ਵਿਰਸਾ ਬਾਬਾ ਬੰਦਾ ਸਿੰਘ ਬਹਾਦਰ, ਕਰਤਾਰ ਸਿੰਘ ਸਰਾਭਾ, ਸ਼ਹੀਦ-ਇ-ਆਜ਼ਮ ਭਗਤ ਸਿੰਘ , ਊਧਮ ਸਿੰਘ ਵਰਗੇ ਸ਼ਹੀਦਾਂ ਅਤੇ ਗਦਰੀ ਸੂਰਬੀਰਾਂ ਦਾ ਵਿਰਸਾ ਹੈ। ਤੁਸੀਂ ਦੁਨੀਆਂ ਜਿੱਤਣ ਨਿਕਲੇ ਸਿਕੰਦਰ ਦੀਆਂ ਗੋਡਣੀਆਂ ਲੁਆਈਆਂ ਹਨ । ਇਹ ਵਿਰਸਾ ਜਬਰ ਤੇ ਜਾਬਰ ਨਾਲ ਟੱਕਰ ਲੈਣ ਦਾ ਹੈ, ਇਹ ਵਿਰਸਾ ਫਿਰਕੂ ਫਾਸ਼ੀਵਾਦੀ ਚਾਲਾਂ ਨੂੰ ਨਾਕਾਮ ਕਰਕੇ ਭਾਈਚਾਰਕ ਸਾਂਝਾਂ ਪੀਡੀਆਂ ਕਰਦਿਆਂ ਇੱਕਮੁਠ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੈ। ਜਲਿਆਂਵਾਲਾ ਬਾਗ ਇਸ ਵਿਰਾਸਤ ਦਾ ਚਾਨਣ ਮੁਨਾਰਾ ਹੈ।” ਸਾਥੀ ਪਾਸਲਾ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਅਗਲੇ ਸਾਲ ਆ ਰਹੀ ਹੈ ਤੇ ਇਹ ਵੀ ਮੌਕਾ ਮੇਲ ਹੈ ਕਿ ਆਮ ਚੋਣਾਂ ਵੀ ਇਸੇ ਸਾਲ ਹੀ ਹੋਣ ਜਾ ਰਹੀਆਂ ਹਨ। ਇਸ ਲਈ ਲੋਕਾਂ ਖਾਸ ਕਰ ਪੰਜਾਬੀਆਂ ਸਾਹਮਣੇ ਇਹ ਵੱਡਾ ਸੁਆਲ ਹੈ ਕਿ ਉਨ੍ਹਾਂ ਜਲਿਆਂਵਾਲਾ ਬਾਗ ਦੀ ਵਿਰਾਸਤ ਨੂੰ ਬਚਾਉਣਾ ਹੈ ਜਾਂ ਦੇਸ਼ ਨੂੰ ਇੱਕ ਧਰਮ ਆਧਾਰਤ ਰਾਜ ਵਿੱਚ ਬਦਲਣ ਲਈ ਫਿਰਕੂ-ਫਾਸੀਵਾਦੀ ਸੰਘ ਪਰਵਾਰ ਲਈ ਮੈਦਾਨ ਖਾਲੀ ਛੱਡਣਾ ਹੈ । ਉਨ੍ਹਾਂ ਕਿਹਾ ਕਿ ਮੋਦੀ ਨੂੰ ਅੱਗੇ ਲਾ ਕੇ ਖਤਰਨਾਕ ਵੰਡੀਆਂ ਪਾਉਣ ਵਾਲੇ ਇਸ ਭਗਵੇਂ ਟੋਲੇ ਤੇ ਇਸ ਦੇ ਭਾਈਵਾਲਾਂ ਨੂੰ ਜੇ ਇਸ ਵੇਰ ਭਾਂਜ ਨਾ ਦਿੱਤੀ ਗਈ ਤਾਂ ਸਮਾਂ ਸਾਨੂੰ ਕਦੇ ਵੀ ਮਾਫ ਨਹੀਂ ਕਰੇਗਾ । ਉਨ੍ਹਾਂ ਇਸ ਮੌਕੇ ਖੱਬੀਆਂ ਧਿਰਾਂ ਨੂੰ ਵੀ ਕਿਹਾ, ”ਦੇਸ਼ ਦੇ ਲੋਕ ਤੁਹਾਡੇ ਵੱਲ ਦੇਖ ਰਹੇ ਹਨ ਕਿ ਕਦੋਂ ਤੁਸੀਂ ਇੱਕ ਮੰਚ ਤੇ ਆਵੋਗੇ ਅਤੇ ਕਦੋਂ ਉਨ੍ਹਾਂ ਦੀ ਬਾਂਹ ਫੜੋਗੇ। ਲੋਕ ਤਾਂ ਲੜ ਮਰਨ ਲਈ ਤਿਆਰ ਬੈਠੇ ਹਨ, ਲੋੜ ਉਨ੍ਹਾਂ ਦੀ ਅਗਵਾਈ ਦੀ ਹੈ । ਕੋਈ ਵੀ ਇਕੱਲੀ ਧਿਰ ਇਹ ਅਗਵਾਈ ਦੇਣ ਦੇ ਸਮਰੱਥ ਨਹੀਂ। ਸਾਨੂੰ ਆਪਣੇ ਵਿਚਾਰਧਾਰਕ ਵਖਰੇਵਿਆਂ ਦੇ ਰਹਿੰਦਿਆਂ, ਇੱਕ ਘੱਟੋ – ਘੱਟ ਸਾਂਝੇ ਪ੍ਰੋਗਰਾਮ ਨੂੰ ਆਧਾਰ ਬਣਾ ਕੇ ਇਕੱਠੇ ਹੋਣਾ ਚਾਹੀਦਾ ਹੈ । ਜੇ ਪੂੰਜੀਪਤੀ ਪਾਰਟੀਆਂ ਇਕ ਮੋਰਚਾ ਬਣਾ ਸਕਦੀਆਂ ਹਨ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ?” ਇਨ੍ਹਾਂ ਸਭਾਵਾਂ ਨੂੰ ਸਾਥੀ ਪਾਸਲਾ ਤੋਂ ਇਲਾਵਾ ਕਾਮਰੇਡ ਗੁਰਦਰਸ਼ਨ ਬੀਕਾ, ਬਲਦੇਵ ਸਿੰਘ, ਗੁਰਮੇਜ ਸਿੰਘ, ਰਾਮ ਕਿਸ਼ਨ, ਹਰੀਮੁਨੀ ਸਿੰਘ, ਬੀਬੀ ਪਾਰਵਤੀ, ਬੀਬੀ ਕੰਚਨ ਸਿੰਘ, ਬੀਬੀ ਮੀਰਾ, ਜਵਾਹਰ ਚੌਰਸੀਆ, ਸ਼ੰਭੂ ਚੌਹਾਨ ਆਦਿ ਸਾਥੀਆਂ ਨੇ ਸੰਬੋਧਨ ਕੀਤਾ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਆਖਰੀ ਦਿਨ ਰਾਏਕੋਟ (ਲੁਧਿਆਣਾ) ਅਤੇ ਮਹਿਲ ਕਲਾਂ (ਬਰਨਾਲਾ) ‘ਚ ਪ੍ਰਭਾਵਸ਼ਾਲੀ ਜਲਸੇ ਕੀਤੇ । ਜਲਸਿਆਂ ਨੂੰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਸਾਥੀ ਮਲਕੀਤ ਸਿੰਘ ਵਜ਼ੀਦਕੇ, ਅਮਰਜੀਤ ਕੁੱਕੂ, ਗੁਰਦੇਵ ਸਿੰਘ ਮਹਿਲ ਖੁਰਦ, ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਬੱਧੀ ਤੇ ਹੋਰਨਾਂ ਸਾਥੀਆਂ ਨੇ ਵੀ ਸੰਬੋਧਨ ਕੀਤਾ।

Scroll To Top