ਅਨਿਲ ਰਾਜੀਮਵਾਲੇ
ਆਰ ਐੱਸ ਐੱਸ ਦੀ ਅਗਿਆਨਤਾ ਸਪੱਸ਼ਟ ਸਾਹਮਣੇ ਆ ਜਾਂਦੀ ਹੈ, ਜਦੋਂ ਉਹ ਕਾਰਲ ਮਾਰਕਸ ਅਤੇ ਭਾਰਤ ਬਾਰੇ ਉਸ ਦੇ ਵਿਚਾਰਾਂ ਨੂੰ ਵਿਸ਼ੇਸ਼ ਕਰ ਕੇ ਅਤੇ ਆਮ ਤੌਰ ’ਤੇ ਸਮੁੱਚੇ ਦਰਸ਼ਨ ਨੂੰ ਤੋੜ-ਮਰੋੜ ਕੇ ਆਪਣੇ ਸਾਹਿਤ ਅਤੇ ਪ੍ਰਚਾਰ ਤੰਤਰ ਰਾਹੀਂ ਪੇਸ਼ ਕਰਦੇ ਹਨ। ਅਸੀਂ ਮਾਰਕਸ ਦੀ ਇੱਕ ਮਹਾਨ ਸਾਂਝੀਵਾਲਤਾ ਦੇ ਚਿੰਤਕ ਵਜੋਂ ਬਹੁਤ ਇੱਜ਼ਤ ਕਰਦੇ ਹਾਂ, ਜਿਵੇਂ ਕਿ ਆਰ ਐੱਸ ਐੱਸ ਦੇ ਮੁੱਖ ਪਰਚੇ ‘ਆਰਗੇਨਾਈਜਰ’¿; ਦੇ 29 ਜੁਲਾਈ 2018 ਦੇ ਅੰਕ ਵਿੱਚ ਦਰਸਾਇਆ ਗਿਆ ਹੈ। ਇਹ ਮਾਰਕਸ ਹੀ ਸੀ, ਜਿਸ ਨੇ ਅਜੋਕੇ ਇਤਿਹਾਸ ਵਿੱਚ ਆਮ ਮਜ਼ਦੂਰ ਅਤੇ ਮਜ਼ਦੂਰ ਜਮਾਤ ਨੂੰ ਕੇਂਦਰ ਬਿੰਦੂ ਵਾਲੀ ਜਗ੍ਹਾ ’ਤੇ ਲਿਆ ਖੜਾ ਕੀਤਾ। ਅਸਲ ਵਿੱਚ ਇਹੀ ਕਰਮ ਦੇ ਸਿਧਾਂਤ ਦੀ ਅਸਲੀ ਪੂਜਾ ਸੀ, ਜੋ ਕਾਰਲ ਮਾਰਕਸ ਨੇ ਕਰ ਦਿਖਾਈ, ਕਿਉਂਕਿ ਉਸ ਨੇ ਆਪਣੇ ਵਿਚਾਰਾਂ ਰਾਹੀਂ ਮਿਹਨਤਕਸ਼ਾਂ ਦੀ ਆਮ ਤੌਰ ’ਤੇ ਅਤੇ ਪੂੰਜੀਪਤੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਕੀਤੀ ਜਾਂਦੀ ਲੁੱਟ ਨੂੰ ਨੰਗਾ ਕੀਤਾ। ਉਸ ਨੇ ਸਮਾਜ ਨੂੰ, ਭਾਰਤੀ ਸਮਾਜ ਸਮੇਤ, ਦਰਸਾਇਆ ਕਿ ਕਿਵੇਂ ਇਹ ਬਿਨਾਂ ਰੋਕ-ਟੋਕ ਅਜਿਹੇ ਦੌਰ ਵੱਲ ਵਧ ਰਿਹਾ ਹੈ, ਜਿੱਥੇ ਨਾ ਕੋਈ ਅਮੀਰ ਹੋਵੇਗਾ ਅਤੇ ਨਾ ਕੋਈ ਗ਼ਰੀਬ। ਇਹ ਕਾਰਲ ਮਾਰਕਸ ਹੀ ਸੀ, ਜਿਸ ਨੇ ਇਸ ਸਿਧਾਂਤ ਦੀ ਖੋਜ ਕੀਤੀ ਕਿ ਕੁਦਰਤ, ਸਮਾਜ ਅਤੇ ਚੇਤਨਾ/ਵਿਚਾਰ ਗਤੀਸ਼ੀਲ ਹਨ ਅਤੇ ਇੱਕ ਜਗ੍ਹਾ ਨਹੀਂ ਰੁਕੇ ਰਹਿ ਸਕਦੇ।
ਮਾਰਕਸ ਹੋਰ ਦਾਰਸ਼ਨਿਕਾਂ ਦੀ ਤਰ੍ਹਾਂ ਮਿਹਨਤਕਸ਼ਾਂ ਦੇ ਹੱਕ ਵਿੱਚ ਦਇਆ ਅਤੇ ਪਿਆਰ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਉਹ ਤਾਂ ਕਿਰਤੀਆਂ ਨੂੰ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਸਿਰਜਕ ਵਜੋਂ ਦੇਖਦਾ ਸੀ। ਇਹ ਗੱਲ ਭਾਰਤ ਦੇ ਸੰਦਰਭ ਵਿੱਚ ਵੀ ਪੂਰੀ ਤਰ੍ਹਾਂ ਸਹੀ ਹੈ। ਬਿਨਾਂ ਸ਼ੱਕ, ਭਾਰਤ ਅਤੇ ਸੰਸਾਰ ਭਰ ਵਿੱਚ ਹੋਰ ਬਹੁਤ ਮਹਾਨ ਚਿੰਤਕ, ਸੰਤ ਅਤੇ ਫਿਲਾਸਫਰ ਹੋਏ ਹਨ, ਜਿਨ੍ਹਾਂ ਦੀ ਅਸੀਂ ਬੇਹੱਦ ਇੱਜ਼ਤ ਕਰਦੇ ਹਾਂ ਅਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਮੰਨਦੇ ਵੀ ਹਾਂ।
ਇਹ ਕੇਵਲ ਮਾਰਕਸ ਹੀ ਸੀ, ਜਿਸ ਨੇ ਕਿਰਤੀਆਂ ਤੇ ਮਜ਼ਦੂਰ ਜਮਾਤ ਨੂੰ ਇਤਿਹਾਸ ਦਾ ਸਰਗਰਮ ਹਿੱਸਾ ਮੰਨਿਆ। ਇਹੋ ਨਹੀਂ, ਉਸ ਨੇ ਇਹ ਸਿੱਧ ਕੀਤਾ ਕਿ ਇਸ ਧਰਤੀ ’ਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕੋਈ ਕਿਸੇ ਦਾ ਸ਼ੋਸ਼ਣ ਨਾ ਕਰੇ, ਅਤੇ ਲੁੱਟ-ਰਹਿਤ ਸਮਾਜ ਕਿਸੇ ਸਵਰਗ-ਨਰਕ ਦੇ ਚੱਕਰ ਵਿੱਚ ਪਏ ਬਗ਼ੈਰ ਹੋਂਦ ਵਿੱਚ ਆ ਸਕਦਾ ਹੈ। ਸਾਡੇ ਲਈ ਸਭ ਤੋਂ ਵੱਧ ਮਹੱਤਵ ਪੂਰਨ ਗੱਲ ਇਹ ਹੈ ਕਿ ਕਾਰਲ ਮਾਰਕਸ ਭਾਰਤ ਅਤੇ ਭਾਰਤੀ ਆਜ਼ਾਦੀ ਦੇ ਅੰਦੋਲਨ ਦੇ ਮਹਾਨ ਦੋਸਤਾਂ ਵਿੱਚੋਂ ਇੱਕ ਸੀ।
ਮਾਰਕਸ ਅਤੇ ਭਾਰਤ
ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਰ ਐੱਸ ਐੱਸ ਦੇ ਬੁਲਾਰੇ ‘ਆਰਗੇਨਾਈਜਰ’ ਅਤੇ ਇਨ੍ਹਾਂ ਦੇ ਹੋਰ ਸਾਹਿਤ ਵਿੱਚ ਮਾਰਕਸ ਨੂੰ ਭਾਰਤ ਨਾਲ ਨਫ਼ਰਤ ਕਰਨ ਅਤੇ ਇਸ ਵਿਰੁੱਧ ਫੋਬੀਆ ਰੱਖਣ ਵਾਲੇ ਵਜੋਂ ਪ੍ਰਚਾਰਿਆ ਜਾਂਦਾ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮਾਰਕਸ ਨੂੰ ਮਿਲ ਅਤੇ ਮੈਕਾਲੇ ਵਰਗੇ ਲੋਕਾਂ ਦੇ ਬਰਾਬਰ ਰੱਖਿਆ ਜਾ ਰਿਹਾ ਹੈ, ਜਿਹੜੇ ਭਾਰਤ ਨੂੰ ਪੱਛਮੀ ਨਜ਼ਰੀਏ ਤੋਂ ਦੇਖਦੇ ਸਨ। ਇਸ ਤੋਂ ਪਿਛਾਖੜੀ ਪ੍ਰਾਪੇਗੰਡੇ ਦੀਆਂ ਤਾਕਤਾਂ ਦੀ ਮੁਕੰਮਲ ਅਗਿਆਨਤਾ ਜਾਂ ਤੋੜ-ਮਰੋੜ ਕਰਨ ਦੀ ਨੀਅਤ ਦਾ ਸਾਫ਼ ਪਤਾ ਚੱਲਦਾ ਹੈ। ਮਾਰਕਸ ਨੂੰ ਇਸ ਲਈ ਵੀ ਨਿੰਦਿਆ ਜਾਂਦਾ ਹੈ ਕਿ ਉਸ ਨੇ ਕਦੇ ਵੀ ਭਾਰਤ ਦੀ ਯਾਤਰਾ ਨਹੀਂ ਕੀਤੀ ਅਤੇ ਇਸ ਲਈ ਉਸ ਨੂੰ ਭਾਰਤੀ ਹਾਲਤਾਂ ਦੀ ਪੂਰੀ ਸਾਰ ਨਹੀਂ ਸੀ।
ਇਹ ਖ਼ੁਸ਼ੀ ਵਾਲੀ ਗੱਲ ਹੁੰਦੀ, ਜੇ ਮਾਰਕਸ ਭਾਰਤ ਦੀ ਯਾਤਰਾ ਕਰ ਸਕਦਾ, ਪਰ ਉਸ ਨੇ ਭਾਰਤ ਦਾ ਅਧਿਐਨ ਅਤੇ ਵਰਨਣ ਯਾਤਰਾ ਕਰ ਚੁੱਕੇ ਕਿਸੇ ਵੀ ਹੋਰ ਵਿਦਵਾਨ ਨਾਲੋਂ ਵੱਧ ਗੰਭੀਰਤਾ ਅਤੇ ਡੂੰਘਾਈ ਨਾਲ ਕੀਤਾ। ਉਸ ਨੇ ਭਾਰਤ ਨੂੰ ਹੋਰ ਕਿਸੇ ਤੋਂ ਵੀ ਵੱਧ ਜਾਣਿਆਂ। ਇਥੋਂ ਤੱਕ ਕਿ ਭਾਜਪਾ, ਆਰ ਐੱਸ ਐੱਸ ਦੇ ਕੇਂਦਰ ਸਰਕਾਰ ਵਿੱਚ ਰਾਜ-ਭਾਗ ਦੇ ਸਵਾਮੀ ਹੋ ਕੇ ਵੀ 4 ਸਾਲਾਂ ਵਿੱਚ ਭਾਰਤ ਅਤੇ ਭਾਰਤੀ ਲੋਕਾਂ ਨੂੰ ਸਮਝ ਸਕਣ ਨਾਲੋਂ ਵੀ ਬਹੁਤ ਵੱਧ ਕਾਰਲ ਮਾਰਕਸ ਨੇ ਭਾਰਤ ਨੂੰ ਜਾਣਿਆ ਸੀ।
ਭਾਰਤ ਸੰਬੰਧੀ ਮਾਰਕਸ ਦੇ ਵਿਚਾਰ
ਮਾਰਕਸ ਦੀਆਂ ਲਿਖਤਾਂ ’ਤੇ ਸਰਸਰੀ ਨਜ਼ਰ ਮਾਰਿਆਂ ਹੀ ਭਾਰਤ ਸੰਬੰਧੀ ਉਸ ਦੇ ਦੋਸਤਾਨਾ ਅਤੇ ਹਮਦਰਦੀ ਵਾਲੇ ਵਿਚਾਰਾਂ ਦਾ ਪਤਾ ਚੱਲ ਜਾਂਦਾ ਹੈ ਕਿ ਉਹ ਭਾਰਤੀ ਸਰੋਕਾਰਾਂ ਪ੍ਰਤੀ ਕਿੰਨਾ ਗੰਭੀਰ ਸੀ ਅਤੇ ਉਸ ਨੇ ਕਿੰਨੀ ਡੂੰਘਾਈ ਨਾਲ ਭਾਰਤ ’ਤੇ ਅੰਗਰੇਜ਼ਾਂ ਦੇ ਰਾਜ ਤੇ ਉਨ੍ਹਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਨਕਾਰਿਆ ਸੀ।
ਆਰ ਐੱਸ ਐੱਸ ਨੂੰ ਤਾਂ ਕਾਰਲ ਮਾਰਕਸ ਤੋਂ ਜਾਣਨਾ ਚਾਹੀਦਾ ਹੈ ਕਿ ਉਹ ਕਿਵੇਂ ਤੇ ਕਿੰਨਾ ਭਾਰਤੀ ਸੱਭਿਅਤਾ ਦਾ ਮੁੱਲ ਪਾਉਂਦਾ ਸੀ ਅਤੇ ਬਰਤਾਨੀਆ ਦੇ ਵਿਦੇਸ਼ੀ ਹਾਕਮਾਂ ਵੱਲੋਂ ਇਸ ਪੁਰਾਤਨ ਸੱਭਿਅਤਾ ਦੀ ਤਬਾਹੀ ਵਿਰੁੱਧ ਉਨ੍ਹਾਂ ਦੀ ਨਿਖੇਧੀ ਕਰਦਾ ਸੀ। ਕਾਰਲ ਮਾਰਕਸ ਦੇ ਇੱਕ ਲੇਖ ‘ਦਿ ਫਿਊਚਰ ਰਿਜ਼ਲਟਸ ਆਫ਼ ਦਿ ਬਿ੍ਰਟਿਸ਼ ਰੂਲ ਇਨ ਇੰਡੀਆ’ (‘ਭਾਰਤ ਵਿੱਚ ਬਰਤਾਨੀਆ ਦੇ ਰਾਜ ਦੇ ਭਵਿੱਖੀ ਨਤੀਜੇ’) ਵਿੱਚ ਮਾਰਕਸ ਲਿਖਦਾ ਹੈ ਕਿ ਕਿਵੇਂ ਬਰਤਾਨਵੀ ਵਿਦੇਸ਼ੀ ਹਾਕਮਾਂ ਨੇ ਦੇਸੀ (ਸਥਾਨਕ) ਸਮੁਦਾਏ ਨੂੰ ਤੋੜਨ ਅਤੇ ਜੋ ਕੁਝ ਸਥਾਨਕ ਵਧੀਆ ਸੀ, ਉਸ ਨੂੰ ਤਬਾਹ ਕਰ ਕੇ ਸੱਭਿਅਤਾ ਦਾ ਨਾਸ ਕੀਤਾ। ਉਸ ਨੇ ਸਾਫ਼-ਸਾਫ਼ ਲਿਖਿਆ ਕਿ ਭਾਰਤ ਦੀ ਰਾਜਸੀ ਏਕਤਾ ਬਰਤਾਨੀਆ ਦੀ ਤਲਵਾਰ ਕਰ ਕੇ ਸੀ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗੀ, ਜਦੋਂ ਇਲੈਕਟਰਿਕ ਟੈਲੀਗ੍ਰਾਫ ਦੀ ਸ਼ੁਰੂਆਤ ਹੋਈ।
ਦੇਖੋ! ਕਿੰਨੀ ਸਹੀ ਭਵਿੱਖਬਾਣੀ ਕੀਤੀ ਸੀ ਕਾਰਲ ਮਾਰਕਸ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਭਾਰਤ ਅੱਜ ਇਸ ਦੀ ਆਧੁਨਿਕ ਤਕਨੀਕ ਸਦਕਾ ਹੀ ਮਹਾਨ ਸ਼ਕਤੀ ਬਣ ਸਕਿਆ ਹੈ, ਜੋ ਕਿ ਇਸ ਦੀ ਅਮੀਰ ਪਰੰਪਰਾ, ਕਲਚਰ ਅਤੇ ਸੱਭਿਅਤਾ ਦੇ ਬਲਬੂਤੇ ਹੀ ਵਿਕਸਤ ਹੋ ਸਕੀ ਹੈ।
ਆਰ ਐੱਸ ਐੱਸ ਦੇ ਚਿੰਤਕਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਮਾਰਕਸ ਅਕਸਰ ‘ਹਿੰਦੂ’ ਸ਼ਬਦ ਦੀ ਵਰਤੋਂ ਕਰਦਾ ਰਿਹਾ ਹੈ, ਪਰ ਉਸ ਨੇ ਇਹ ਸ਼ਬਦ ਕਦੇ ਕਿਸੇ ਸਮੁਦਾਏ ਵਿਸ਼ੇਸ਼ ਲਈ ਨਹੀਂ ਵਰਤਿਆ, ਬਲਕਿ ਇਹ ਭਾਰਤ ਦੀ ਭੂਗੋਲਿਕ ਸੱਭਿਅਤਾ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਲਈ ਵਰਤਿਆ, ਜਿਸ ਦੀਆਂ ਜੜ੍ਹਾਂ ‘ਇੰਦੁਸ’ ਦਰਿਆ ਨਾਲ ਜੁੜੀਆਂ ਹੋਈਆਂ ਹਨ, ਜਿਸ ਦੀਆਂ ਘਾਟੀਆਂ ਵਿੱਚ ਇੱਕ ਵਿਸ਼ੇਸ਼ ਸੱਭਿਅਤਾ ਨੇ ਵਿਕਾਸ ਕੀਤਾ ਅਤੇ ਜਿਹੜੀ ਪਿੱਛੋਂ ਇੰਡੀਆ, ਯਾਨੀ ਭਾਰਤੀ ਸੱਭਿਅਤਾ ਕਹਾਈ। ਉਸ ਨੇ (ਕਾਰਲ ਮਾਰਕਸ) ਭਾਰਤ ਦੀਆਂ ਵੱਖ-ਵੱਖ ਜਾਤਾਂ, ਸਮੁਦਾਇਆਂ¿; ਨੂੰ ਵਿਸ਼ੇਸ਼ ਮਹੱਤਵ ਦਿੱਤਾ ਅਤੇ ਦੱਸਿਆ ਕਿ ਕਿਵੇਂ ਇਹ ਸਭ ਭਾਰਤੀ ਸਮਾਜ ਦੇ ਅਨਿੱਖੜਵੇਂ ਅੰਗ ਬਣ ਗਏ।
ਕਾਰਲ ਮਾਰਕਸ ਨੇ ਹੈਰਾਨੀ ਜਨਕ ਹੱਦ ਤੱਕ ਸਹੀ-ਸਹੀ ਵਿਸਥਾਰ ਅਤੇ ਗਹਿਰਾਈ ਤੱਕ ਵਿਆਖਿਆ ਕੀਤੀ। ਉਸ ਦੇ ਲੇਖ ‘ਦਿ ਬਿ੍ਰਟਿਸ਼ ਰੂਲ ਇਨ ਇੰਡੀਆ’ (‘ਭਾਰਤ ਵਿੱਚ ਬਰਤਾਨਵੀ ਰਾਜ’) ਵਿੱਚ ਅਤੇ ‘ਈਸਟ ਇੰਡੀਆ ਕੰਪਨੀ’, ‘ਰਿਵੌਲਟ ਇਨ ਇੰਡੀਆ’ ਆਦਿ ਵਿੱਚ ਆਪਣੀ ਮਹਾਨ ਦਿੱਬ-ਦਿ੍ਰਸ਼ਟੀ ਨਾਲ ਭਾਰਤੀ ਸਮਾਜਿਕ-ਆਰਥਿਕ ਢਾਂਚਿਆਂ ਦਾ ਸਹੀ-ਸਹੀ ਮੁਲੰਕਣ ਕੀਤਾ।
ਕਾਰਲ ਮਾਰਕਸ ਦੁਨੀਆ ਦਾ ਪਹਿਲਾ ਚਿੰਤਕ ਸੀ, ਜਿਸ ਨੇ ਭਾਰਤ ਵਿੱਚ ਰੇਲਵੇ ਦੇ ਆ ਜਾਣ ਨਾਲ ਭਵਿੱਖੀ ਨਤੀਜਿਆਂ ਦੀ ਸਹੀ-ਸਹੀ ਪੇਸ਼ੀਨਗੋਈ ਕੀਤੀ ਸੀ। ਹਾਲਾਂਕਿ ਇਹ ਥਾਨੇ ਤੋਂ ਬੰਬਈ ਤੱਕ ਵਿਛਾਈ ਗਈ 1853 ਦੀ ਰੇਲ ਲਾਈਨ ਤੋਂ ਕੁਝ ਹੀ ਸਮਾਂ ਬਾਅਦ ਦੀ ਪੇਸ਼ੀਨਗੋਈ ਸੀ। ਮਾਰਕਸ ਨੇ ਲਿਖਿਆ ਕਿ ਬਰਤਾਨਵੀ ਹਾਕਮਾਂ ਨੇ ਭਾਰਤ ਵਿੱਚ ਸਮਾਜਿਕ ਇਨਕਲਾਬ ਦੇ ਬੀਜ ਬੀਜ ਦਿੱਤੇ ਹਨ। ਕਾਰਲ ਮਾਰਕਸ ਦੀ ਇਹ ਭਵਿੱਖਬਾਣੀ ਭਾਰਤ ਦੀ ਆਜ਼ਾਦੀ ਨਾਲ 1947 ਵਿੱਚ ਪੂਰੀ ਤੇ ਸਹੀ ਸਾਬਤ ਹੋ ਗਈ।
ਮਾਰਕਸ ਨੇ ਆਪਣੀਆਂ ਲਿਖਤਾਂ ਵਿੱਚ ਦਿਖਾਇਆ ਕਿ ਕਿਵੇਂ ਵਿਦੇਸ਼ੀ ਬਸਤੀਵਾਦੀ ਹਾਕਮਾਂ ਨੇ ਆਪਣੇ ਪੂੰਜੀਵਾਦੀ ਅਤੇ ਸਾਮਰਾਜੀ ਹੱਥਕੰਡਿਆਂ ਨਾਲ ਅਤੇ ਲਾਲਚ ਵੱਸ ਭਾਰਤੀਆਂ ਦੇ ਖ਼ੂਨ ਨੂੰ ਨਿਚੋੜਿਆ। ਇਹ ਮਾਰਕਸ ਹੀ ਸੀ, ਜਿਸ ਨੇ ਅਨੇਕ ਲਿਖਤਾਂ ਵਿੱਚ ਉੱਤਰੀ ਭਾਰਤ ਦੇ ਮੈਦਾਨਾਂ, ਜਿਹੜੇ ਕਿ ਭਾਰਤੀ ਕਾਰੀਗਰਾਂ ਅਤੇ ਕਿਸਾਨਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਉਸਾਰੀ ਸੱਭਿਅਤਾ ਨਾਲ ਭਰੇ ਪਏ ਸਨ, ਦਾ ਜ਼ਿਕਰ ਕੀਤਾ। ਉਸ ਨੇ ਸਾਫ਼-ਸਾਫ਼ ਲਿਖਿਆ ਕਿ ਬਰਤਾਨਵੀ ਹਾਕਮਾਂ ਨੇ ਪੂੰਜੀਵਾਦੀ ਲਾਲਚ ਵੱਸ ਹੋ ਕੇ ਸਨਅਤੀ ਚੀਜ਼ਾਂ ਦਾ ਪਸਾਰ ਕੀਤਾ ਅਤੇ ਵਿਗਿਆਨਕ ਕਾਢਾਂ ਦਾ ਇਸਤੇਮਾਲ ਕਰ ਕੇ ਭਾਰਤ ਦੇ ਰਿਵਾਇਤੀ ਉਦਯੋਗਾਂ, ਖੇਤੀਬਾੜੀ ਤੇ ਮਾਰਕੀਟ ਨੂੰ ਤਬਾਹ ਕੀਤਾ ਅਤੇ ਵਿਆਪਕ ਤਬਾਹੀ ਕੀਤੀ। ਮਾਰਕਸ ਨੇ ਜ਼ਿਕਰ ਕੀਤਾ ਕਿ ਈਸਟ ਇੰਡੀਆ ਕੰਪਨੀ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਭਾਰਤ ਵਿਦੇਸ਼ਾਂ ਨੂੰ ਮਾਲ ਭੇਜਣ ਦਾ ਕੇਂਦਰ ਸੀ, ਪਰ ਬਰਤਾਨਵੀ ਰਾਜ ਆਉਣ ਤੋਂ ਬਾਅਦ ਇਹ ਵਰਤਾਰਾ ਉਲਟ ਹੋ ਗਿਆ, ਅਰਥਾਤ ਵਿਦੇਸ਼ਾਂ ਤੋਂ ਮਾਲ ਮੰਗਵਾਉਣ ਦਾ ਕੇਂਦਰ ਬਣ ਗਿਆ। ਭਾਰਤ ਨੇ ਸੰਸਾਰ ਦੀ ਆਰਥਿਕਤਾ ਵਿੱਚ ਆਪਣਾ ਅਗਵਾਨੂੰ ਰੋਲ ਗੁਆ ਲਿਆ, ਕਿਉਂਕਿ ਇਹ ਵਿਦੇਸ਼ੀ ਬਰਤਾਨਵੀ ਹਾਕਮਾਂ ਦੀਆਂ ਨੀਤੀਆਂ ਦਾ ਨਤੀਜਾ ਸੀ। ਭਾਰਤੀ ਸੰਦਰਭ ਵਿੱਚ ਮਾਰਕਸ ਨੇ ਪੂੰਜੀਵਾਦੀ ਬਰਤਾਨਵੀ ਹਾਕਮਾਂ ਦੀ ਗਹਿਰੀ ਚਾਲ ਅਤੇ ਅੰਦਰੂਨੀ ਬਰਬਾਦੀ ਵਾਲੀ ਬੁਰਜੁਆਜ਼ੀ ਸੱਭਿਅਤਾ ਦਾ ਨੰਗੇਜ ਜੱਗ-ਜ਼ਾਹਰ ਕਰ ਦਿੱਤਾ। ਮਾਰਕਸ ਨੇ ਸਾਫ਼ ਕਿਹਾ ਕਿ ਬਰਤਾਨਵੀ ਬਸਤੀਵਾਦੀ ਹਾਕਮ ਯੋਰਪ ਵਿੱਚ ਹੋਰ ਭਾਸ਼ਾ ਬੋਲਦੇ ਹਨ ਅਤੇ ਭਾਰਤ ਵਿੱਚ ਹੋਰ।
ਪੂੰਜੀ ਦੇ ਕੇਂਦਰੀਕਰਨ ਨਾਲ ਮੰਡੀ ਅਤੇ ਆਰਥਿਕਤਾ ਨਿਰਭਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ, ਕਾਰੀਗਰਾਂ ਅਤੇ ਹੋਰ ਮਿਹਨਤਕਸ਼ਾਂ ਦਾ ਸ਼ੋਸ਼ਣ ਵਧ ਜਾਂਦਾ ਹੈ। ਇਹੋ ਕਾਰਨ ਸੀ ਕਿ ਲੋਕਾਂ ਦਾ 1857 ਦੇ ਆਜ਼ਾਦੀ ਸੰਗਰਾਮ ਸਮੇਂ ਹਥਿਆਰਬੰਦ ਵਿਦਰੋਹ ਸਾਹਮਣੇ ਆਇਆ।
ਮਾਰਕਸ ਆਪਣੀਆਂ ਲਿਖਤਾਂ ਵਿੱਚ ਬੰਬਈ, ਮਦਰਾਸ ਅਤੇ ਬੰਗਾਲ ਦੇ ਮਹਾਨ ਖੇਤੀਬਾੜੀ ਕਾਮਿਆਂ ਦੇ ਵਿਦਰੋਹਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਾ ਹੈ। ਉਹ ਰੌਬਰਟ ਕਲਾਇਬ ਨੂੰ ਮਹਾਂ-ਲੁਟੇਰਾ ਕਹਿ ਕੇ ਸੰਬੋਧਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ‘ਭਿ੍ਰਸ਼ਟਾਚਾਰ ਦਾ ਸ਼ੈਤਾਨ ਅਤੇ ਭਾਰਤ ਨੂੰ ਲੁੱਟਣ ਵਾਲਾ’ ਸੀ। ਬਰਤਾਨਵੀ ਹਾਕਮਾਂ ਨੇ ਆਪਣੇ ਦੇਸ਼ ਦੇ ਜਿਹੜੇ ਸ਼ਹਿਰ; ਜਿਵੇਂ ਲਿਵਰਪੂਲ, ਮਾਨਚੈਸਟਰ, ਬਰਮਿੰਘਮ ਅਤੇ ਲੰਡਨ ਉਸਾਰੇ, ਉਹ ਬੰਗਾਲ, ਪੰਜਾਬ ਤੇ ਸਮੁੱਚੇ ਭਾਰਤ ਦੀ ਲੁੱਟ ਕਰ ਕੇ ਵਸਾਏ ਸਨ, ਖ਼ਾਸ ਕਰ ਕੇ ਉੱਤਰੀ ਭਾਰਤ ਦੀ ਲੁੱਟ ਨਾਲ।
ਕਾਰਲ ਮਾਰਕਸ ਆਜ਼ਾਦੀ ਦੀ ਪਹਿਲੀ ਜੰਗ 1857 ਤੋਂ 1859 ਦੇ ਹੈਰਾਨਕੁਨ ਵਿਸਥਾਰ ਪੂਰਬਕ ਵੇਰਵੇ ਦਿੰਦਾ ਹੈ ਅਤੇ ਲਖਨਊ, ਹਰਿਦੁਆਰ, ਦਿੱਲੀ, ਮੇਰਠ, ਬਿਹਾਰ, ਕੇਂਦਰੀ ਭਾਰਤ, ਦੱਖਣੀ ਭਾਰਤ, ਕਲਕੱਤਾ ਆਦਿ ਦਾ ਇਨ੍ਹਾਂ ਥਾਂਵਾਂ ਦੇ ਮਹਾਨ ਯੋਧਿਆਂ ਦਾ ਨਾਂਅ ਲੈ ਕੇ ਵਿਸਥਾਰ ਨਾਲ ਜ਼ਿਕਰ ਕਰਦਾ ਹੈ। ਉਹ ਜਮਾਤੀ ਅਤੇ ਸਮਾਜਿਕ ਵਿਸ਼ਲੇਸ਼ਣ ਕਰ ਕੇ ਦਰਸਾਉਂਦਾ ਹੈ ਕਿ ਕਿਵੇਂ ਭਾਰਤੀ ਲੋਕ ਬਦੇਸ਼ੀ ਬਰਤਾਨਵੀ ਰਾਜ ਵਿਰੁੱਧ ਉੱਠ ਖੜੇ ਹੋਏ। ਉਹ ਪੁਖਤਾ ਤੱਥ ਅਤੇ ਅੰਕੜੇ ਪੇਸ਼ ਕਰ ਕੇ ਦਰਸਾਉਂਦਾ ਹੈ ਕਿ ਕਿਵੇਂ ਤੇ ਕਿੰਨੀ ਆਰਥਕ, ਰਾਜਸੀ, ਸਮਾਜਕ ਅਤੇ ਫ਼ੌਜੀ ਤਬਾਹੀ ਭਾਰਤ ਵਿੱਚ ਵਿਦੇਸ਼ੀ ਬਰਤਾਨਵੀ ਹਾਕਮਾਂ ਨੇ ਕੀਤੀ।
ਮਾਰਕਸ ਭਾਰਤੀ ਵੱਸੋਂ ਦਾ ਅਕਸਰ ਜ਼ਿਕਰ ਕਰਦਾ ਹੈ ਕਿ ਹਿੰਦੂਆਂ, ਮੁਸਲਮਾਨਾਂ ਅਤੇ ਹੋਰ ਸਮੁਦਾਇਆਂ ਦੇ ਲੋਕਾਂ ਨੂੰ ਬਰਤਾਨਵੀ ਹਾਕਮਾਂ ਨੇ ਆਪਣੇ ਲਾਲਚ ਲਈ ਸ਼ੋਸ਼ਣ (ਲੁੱਟ) ਦਾ ਸ਼ਿਕਾਰ ਬਣਾਇਆ, ਪਰ ਇਹ ਸਭ ਭਾਰਤੀ ਸਮਾਜ ਦਾ ਇੱਕਜੁੱਟ ਤੇ ਅਨਿੱਖੜਵਾਂ ਅੰਗ ਹਨ।
ਮਾਰਕਸ ਦਾ ਪੁਰਾਤਨ ਭਾਰਤ ਦਾ ਵਿਸ਼ਲੇਸ਼ਣ ਪੱਛਮੀ ਦਿ੍ਰਸ਼ਟੀਕੋਣ ਨਹੀਂ। ਇਹ ਬੜਾ ਦਿਲਚਸਪ ਪਹਿਲੂ ਹੈ ਕਿ ਕਾਰਲ ਮਾਰਕਸ ਪੁਰਾਤਨ ਅਤੇ ਮੱਧ ਯੁੱਗ ਦੇ ਸਮੇਂ ਦੇ ਭਾਰਤੀ ਸਮਾਜ ਅਤੇ ਇਸ ਦੇ ਬੁਨਿਆਦੀ ਢਾਂਚੇ ਦਾ ਬੜੀ ਗਹਿਰਾਈ ਨਾਲ ਵਿਸ਼ਲੇਸ਼ਣ ਕਰਦਾ ਹੈ। ਉਸ ਦੇ ਕਈ ਸੰਕਲਪਾਂ ਨਾਲ ਕੋਈ ਸਹਿਮਤ ਨਾ ਵੀ ਹੋਵੇ, ਪਰ ਉਸ ਦੀ ਬੁੱਧੀਮਤਾ, ਅਧਿਐਨ ਅਤੇ ਭਾਰਤੀ ਲੋਕਾਂ ਨਾਲ ਹਮਦਰਦੀ ਤੇ ਇਸ ਦੇਸ਼ ਦੇ ਪੁਰਾਤਨ ਸੱਭਿਆਚਾਰਕ ਢਾਂਚੇ ਬਾਰੇ ਸਤਿਕਾਰ ਭਰੇ ਲਹਿਜੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਉਹ ਮਹਾਨਤਾ ਪੂਰਬਕ ਭਾਰਤੀ ਸਮਾਜ ਦੇ ਵਿਕਾਸ, ਪ੍ਰਾਪਤੀਆਂ ਅਤੇ ਭਾਰਤੀ ਕਲਚਰ ਤੇ ਸੱਭਿਅਤਾ ਦੇ ਵਿਕਾਸ ਨੂੰ ਬਹੁਤ ਪ੍ਰਸੰਸਾ ਭਰੇ ਲਹਿਜੇ ਨਾਲ ਬਿਆਨ ਕਰਦਾ ਹੈ।
ਮਾਰਕਸ ਦੀ ਇੱਕ ਹੋਰ ਮਹਾਨਤਾ ਹੈ ਕਿ ਉਸ ਨੇ ‘ਏਸ਼ੀਐਟਕ ਮੋਡ ਆਫ਼ ਪ੍ਰੋਡਕਸ਼ਨ’ (‘ਪੈਦਾਵਾਰ ਦੇ ਏਸ਼ੀਆਈ ਤਰੀਕੇ’) ਦੇ ਸੰਕਲਪ ਦੀ ਰਚਨਾ ਕੀਤੀ, ਤਾਂ ਕਿ ਭਾਰਤੀ ਸਮਾਜ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਸਹੀ ਵਿਆਖਿਆ ਕੀਤੀ ਜਾ ਸਕੇ। ਉਸ ਨੇ ਪੇਂਡੂ ਸਮਾਜ ਅਤੇ ਜਾਤ-ਪਾਤੀ¿; ਪ੍ਰਣਾਲੀ ਦੇ ਸ਼ੁਰੂ ਹੋਣ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਸੰਘ ਪਰਵਾਰ ਸਮੇਤ ਕੁਝ ਲੋਕ ਕਾਰਲ ਮਾਰਕਸ ਨੂੰ ਪੱਛਮੀ ਦਿ੍ਰਸ਼ਟੀਕੋਣ ਵਾਲਾ ਦਰਸਾ ਕੇ ਉਸ ਬਾਰੇ ਗ਼ਲਤ ਧਾਰਨਾ ਪੈਦਾ ਕਰਦੇ ਹਨ। ਉਸ ਦੀ ਬਿਲਕੁਲ ਵੀ ਪੱਛਮੀ ਧਾਰਨਾ ਦੀ ਪੱਧਤੀ ਨਹੀਂ ਸੀ, ਬਲਕਿ ਉਸ ਦੀ ਤਾਂ ਵਾਸਤਵਿਕ ਦਿ੍ਰਸ਼ਟੀ ਸੀ, ਅਰਥਾਤ ਵਿਸ਼ਵੀ ਸਮਾਜ ਦਾ ਵਿਗਿਆਨਕ ਦਿ੍ਰਸ਼ਟੀਕੋਣ ਸਮੇਤ ਭਾਰਤੀ ਸਮਾਜ ਦੇ।
ਕਾਰਲ ਮਾਰਕਸ ਭਾਰਤੀ ਸਮਾਜ ਲਈ ਯੋਰਪੀਨ ਸਮਾਜ ਵਾਲਾ ਦਿ੍ਰਸ਼ਟੀਕੋਣ ਨਹੀਂ ਅਪਣਾਉਂਦਾ ਤੇ ਨਾ ਹੀ ਏਸ਼ੀਆ ਸੰਬੰਧੀ ਅਜਿਹਾ ਕਰਦਾ ਹੈ। ਉਹ ਭਾਰਤ ਅਤੇ ਏਸ਼ੀਆਈ ਸਮਾਜ ਬਾਰੇ ਜਦੋਂ ਵਰਨਣ ਕਰਦਾ ਹੈ ਤਾਂ ਉਹ ਕਲਾਸ, ਜਮਾਤੀ ਸੰਘਰਸ਼, ਸਮਾਜਿਕ ਵਿਕਾਸ ਦੇ ਪੜਾਅ ਆਦਿ ਦਾ ਜ਼ਿਕਰ ਕਰਦਾ ਹੈ। ਉਦਾਹਰਣ ਦੇ ਤੌਰ ’ਤੇ ਉਹ ਕਹਿੰਦਾ ਹੈ ਕਿ ਭਾਰਤੀ ਤੇ ਏਸ਼ੀਐਟਿਕ ਸਮਾਜ ਦੇ ਵਿਕਾਸ ਦਾ ਉਹ ਰਸਤਾ ਨਹੀਂ ਸੀ, ਜੋ ਯੋਰਪੀ ਸਮਾਜ ਦੇ ਵਿਕਾਸ ਦਾ ਸੀ। ਉਸ ਨੇ ਯੋਰਪ ਸੰਬੰਧੀ ਆਪਣੇ ਵਿਸ਼ਲੇਸ਼ਣਾਂ ਨਾਲੋਂ ਭਾਰਤੀ ਤੇ ਏਸ਼ੀਆਈ ਵਿਕਾਸ ਦਾ ਵੱਖਰੇ ਢੰਗ ਨਾਲ ਵਿਸ਼ਲੇਸ਼ਣ ਪੇਸ਼ ਕੀਤਾ, ਕਿਉਂਕਿ ਏਥੇ ਮੂਲੋਂ ਹੀ ਵੱਖਰੇ-ਵੱਖਰੇ ਪੜਾਵਾਂ ਦੀਆਂ ਪੱਧਤੀਆਂ ਰਹੀਆਂ ਹਨ।
ਕਾਰਲ ਮਾਰਕਸ ਨੇ ਇੱਕ ਨਿਵੇਕਲੇ ਸੰਕਲਪ ਦਾ ਨਿਰਮਾਣ ਕੀਤਾ, ਜਿਸ ਦਾ ਨਾਂਅ ਹੈ ‘ਰਾਜ ਦੇ ਸਿੱਧੇ ਪਿੰਡ ਸਮੁਦਾਏ ਨਾਲ ਸੰਬੰਧ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ’। ਇਸ ਬਾਰੇ ਅਜੇ ਵੀ ਬਹਿਸ ਜਾਰੀ ਹੈ ਅਤੇ ਹੋਰ ਨਿਵੇਕਲੇ ਸੰਕਲਪਾਂ ਬਾਰੇ ਵੀ ਜਾਰੀ ਹੈ, ਪਰ ਇਸ ਤਰ੍ਹਾਂ ਉਸ ਦੇ ਮਹਾਨ ਗੁਣਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸਲ ਵਿੱਚ ਮਾਰਕਸ ਪੱਛਮੀ ਦਿ੍ਰਸ਼ਟੀਕੋਣ ਤੋਂ ਬਾਹਰ ਆ ਕੇ ਦਰਸਾਉਂਦਾ ਹੈ ਕਿ ਕਿਵੇਂ ਭਾਰਤੀ ਸਮਾਜ ਪੱਛਮੀ ਸਮਾਜ ਤੋਂ ਵੱਖਰਾ ਹੈ। ਹਾਂ, ਉਹ ਇਸ ਕੰਮ ਲਈ ਆਪਣੇ ਵਿਸ਼ਲੇਸ਼ਣ ਅਤੇ ਸੰਸਲੇਸ਼ਣ ਲਈ ਇਤਿਹਾਸ ਦੇ ਪਦਾਰਥਵਾਦੀ ਸੰਕਲਪ ਦਾ ਤਰੀਕਾਕਾਰ ਅਪਣਾਉਂਦਾ ਹੈ।
ਮਾਰਕਸਵਾਦੀ ਤਰੀਕਾਕਾਰ ਤੇ
ਭਾਰਤੀ ਸਮਾਜ ਦਾ ਅਧਿਐਨ
ਮਾਰਕਸ ਨਾਲ ਮੱਤਭੇਦ ਰੱਖਣ ਅਤੇ ਉਸ ਦੀ ਆਲੋਚਨਾ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਅਜਿਹਾ ਉਸ ਦੀਆਂ ਲਿਖਤਾਂ ਦੇ ਅਧਿਐਨ ਤੋਂ ਬਾਅਦ ਅਤੇ ਗੁਣ-ਦੋਸ਼ ਦੇ ਆਧਾਰ ’ਤੇ ਹੀ ਕਰਨਾ ਚਾਹੀਦਾ ਹੈ। ਉਸ ਨੂੰ ਭਾਰਤ ਵਿਰੋਧੀ ਕਹਿ ਕੇ ਨਿੰਦਣਾ ਕੇਵਲ ਦਾਰਸ਼ਨਿਕ ਗ਼ਰੀਬੀ ਅਤੇ ਵਿਚਾਰਾਂ ਦੀ ਕਮੀ ਹੋਣਾ ਦਰਸਾਉਂਦਾ ਹੈ।
ਕਾਰਲ ਮਾਰਕਸ ਨੇ ਭਾਰਤੀ ਸਮਾਜ ਸਮੇਤ ਸਮੁੱਚੀ ਦੁਨੀਆ ਦੇ ਸਮਾਜਾਂ ਨੂੰ ਘੋਖਣ-ਪਰਖਣ ਲਈ ਸਮਾਜਿਕ ਵਿਕਾਸ ਦਾ ਇੱਕ ਨਿਵੇਕਲਾ ਢੰਗ ਸਾਨੂੰ ਦਿੱਤਾ ਹੈ, ਕਿਉਂਕਿ ਵਿਗਿਆਨਕ ਤਰੀਕਾਕਾਰ ਵਿੱਚ ਕੁਝ ਵੀ ਵਿਦੇਸ਼ੀ ਜਾਂ ਭਾਰਤੀ ਨਹੀਂ ਹੁੰਦਾ। ਜਿਵੇਂ ਕਿ ਸਰ ਇਸਾਕ ਨਿਊਟਨ ਵੱਲੋਂ ਖੋਜੇ ਲਾਅ ਆਫ਼ ਗਰੈਵੀਟੇਸ਼ਨ ਵਿੱਚ ਕੁਝ ਵੀ ਦੇਸੀ ਤੇ ਪ੍ਰਦੇਸੀ ਨਹੀਂ ਹੈ, ਬਲਕਿ ਇਹ ਇੱਕ ਸੰਸਾਰ-ਵਿਆਪੀ ਵਿਗਿਆਨਕ ਸਿਧਾਂਤ ਹੈ।
ਵਿਗਿਆਨਕ ਤਰੀਕਾ ਸਮਾਜ ਨੂੰ ਸਮਝਣ ਲਈ ਇੱਕ ਬਿਹਤਰ ਢੰਗ ਹੈ, ਜਿਸ ਵਿੱਚ ਸਾਡੇ ਤਮਾਮ ਮਹਾਨ ਅਤੇ ਬੁੱਧੀਮਾਨ ਦਾਰਸ਼ਨਿਕਾਂ, ਸੰਤਾਂ ਦੇ ਵਿਚਾਰਾਂ ਅਤੇ ਵੱਖ-ਵੱਖ ਧਰਮਾਂ, ਸਮੁਦਾਇਆਂ ਅਤੇ ਤਰੀਕਿਆਂ ਦਾ ਨਿਚੋੜ ਹੈ। ਵਿਗਿਆਨਕ ਵਿਚਾਰ ਅਤੇ ਤਰੀਕਾਕਾਰ, ਅਰਥਾਤ ਵਿਗਿਆਨਕ ਦਰਸ਼ਨ/ਵਿਚਾਰ ਅਤੇ ਪੱਧਤੀ ਉਨ੍ਹਾਂ ਸਭਨਾਂ ਦੇ ਸੰਸਾਰ ਦੇ ਦਿ੍ਰਸ਼ਟੀਕੋਣ ਦਾ ਸਮੁੱਚਾ ਨਿਚੋੜ ਹੈ। ਇਸੇ ਲਈ ਵਿਆਪਕ ਦਿ੍ਰਸ਼ਟੀਕੋਣ ਹੈ। ਕਾਸ਼! ਆਰ ਐੱਸ ਐੱਸ ਵੀ ਇਸ ਨੂੰ ਅਪਣਾ ਸਕਦੀ।
ਅਨੁਵਾਦ : ਮਹਿੰਗਾ ਰਾਮ, ਐੱਮ. ਏ.
(ਨਵਾਂ ਜਮਾਨਾਂ ’ਚੋਂ ਧੰਨਵਾਦ ਸਹਿਤ)