Now Reading
ਧਰਮ-ਨਿਰਪੱਖਤਾ ਬਾਰੇ ਕਾਂਗਰਸ ਦੀ ਪੇਤਲੀ ਪਹੁੰਚ

ਧਰਮ-ਨਿਰਪੱਖਤਾ ਬਾਰੇ ਕਾਂਗਰਸ ਦੀ ਪੇਤਲੀ ਪਹੁੰਚ

ਮੰਗਤ ਰਾਮ ਪਾਸਲਾ

ਕੀ ਕਾਂਗਰਸ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਅੰਦਰ ਭਾਜਪਾ ਗਠਜੋੜ ਨੂੰ ਹਰਾਉਣ ਲਈ ਧਰਮ ਨਿਰਪੱਖਤਾ ‘ਤੇ ਅਧਾਰਤ ਲੋਕ-ਰਾਜੀ ਪੈਂਤੜਾ ਅਖਤਿਆਰ ਕਰੇਗੀ, ਜਾਂ ‘ਨਰਮ ਹਿੰਦੂਵਾਦ’ ਤੇ ਗੈਰ-ਜਮਹੂਰੀ ਪ੍ਰਸ਼ਾਸਨਕ ਵਿਵਸਥਾਵਾਂ ਨੂੰ ਜਾਰੀ ਰੱਖਣ ਦੇ ਮੰਚ ਤੋਂ ਭਾਜਪਾ ਨੂੰ ਮਾਤ ਦੇਣ ਦਾ ਯਤਨ ਕਰੇਗੀ? ਇਹ ਸਵਾਲ ਰਾਜਨੀਤਕ ਗਲਿਆਰਿਆਂ ਅੰਦਰ ਆਮ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਇਤਿਹਾਸ ਉਪਰ ਝਾਤੀ ਮਾਰਿਆਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਦੀ ਜਮਹੂਰੀਅਤ ਅੰਦਰ ਰਾਜਸੱਤਾ ਤੱਕ ਪੁੱਜਣ ਵਾਸਤੇ ਸਰਮਾਏਦਾਰ-ਜਾਗੀਰਦਾਰ ਹਾਕਮ ਜਮਾਤਾਂ ਦੀਆਂ ਪਾਰਟੀਆਂ ਦਾ ਕੋਈ ਪੱਕਾ ਜਾਂ ਇਕਸਾਰ ਰਾਜਨੀਤਕ ਸਿਧਾਂਤ ਨਹੀਂ ਰਿਹਾ। ਇਕ ਸਮੇਂ ਫਿਰਕਾਪ੍ਰਸਤੀ ਦਾ ‘ਡਟਵਾਂ’ ਵਿਰੋਧ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਕੁਝ ਦਿਨਾਂ ਅੰਦਰ ਹੀ ਫਿਰਕਾਪ੍ਰਸਤ ਧਿਰਾਂ ਨਾਲ ਮਿਲਕੇ ਸਾਂਝੀਆਂ ਸਰਕਾਰਾਂ ਕਾਇਮ ਕਰ ਲੈਂਦੀਆਂ ਹਨ। ਲੋਕਰਾਜ ਦੇ ਨਾਅਰੇ ਬੁਲੰਦ ਕਰਨ ਵਾਲੇ ਰਾਜਸੀ ਦਲ ਲੋਕ ਸਭਾ ਤੇ ਵਿਧਾਨ ਸਭਾਵਾਂ ਅੰਦਰ ਜਮਹੂਰੀਅਤ ਵਿਰੋਧੀ ਕਾਲੇ ਕਾਨੂੰਨ ਪਾਸ ਕਰਦੇ ਦੇਖੇ ਗਏ, ਜੋ ਲੋਕਾਂ ਦੀਆਂ ਬੋਲਣ, ਲਿਖਣ, ਜਥੇਬੰਦ ਹੋਣ ਤੇ ਵਿਰੋਧ ਕਰਨ ਦੀਆਂ ਆਜ਼ਾਦੀਆਂ ਨੂੰ ਪੈਰਾਂ ਹੇਠ ਮਸਲਦੇ ਹਨ। ਸੰਘਾਤਮਕ ਢਾਂਚੇ ਦੇ ਪੱਕੇ ਹਮਾਇਤੀ ਹੋਣ ਦੇ ਦਾਅਵੇ ਕਰਨ ਵਾਲੇ, ਏਕਾਤਮਕ ਵਿਵਸਥਾਵਾਂ ਕਾਇਮ ਕਰਨ ਲਈ ਸੂਬਾਈ ਅਧਿਕਾਰਾਂ ‘ਤੇ ਛਾਪੇ ਮਾਰਨ ਵਾਲੇ ਕਾਨੂੰਨਾਂ ਦੇ ਹੱਕ ਵਿਚ ਹੱਥ ਖੜੇ ਕਰ ਦਿੰਦੇ ਰਹੇ ਹਨ। ਸਪਾ, ਬਸਪਾ, ਰਾਜਦ, ਅੰਨਾ.ਡੀ.ਐਮ.ਕੇ., ਡੀ.ਐਮ.ਕੇ., ਸ਼੍ਰੋਮਣੀ ਅਕਾਲੀ ਦਲ, ਐਨ.ਸੀ.ਪੀ. ਅਤੇ ਜਨਤਾ ਦਲ (ਯੂ) ਵਰਗੇ ਰਾਜਨੀਤਕ ਦਲਾਂ ਦੇ ਪਿਛਲੇ ਇਤਿਹਾਸ ਦੇ ਸਫ਼ਿਆਂ ‘ਤੇ ਇਹ ਸਭ ਉਕਰਿਆ ਹੋਇਆ ਹੈ । ਕਾਂਗਰਸ ਪਾਰਟੀ ਵੀ ਇਨ੍ਹਾਂ ਮਾਨਤਾਵਾਂ ਨੂੰ ਹੀ ਪੱਠੇ ਪਾਉਂਦੀ ਨਜ਼ਰ ਆ ਰਹੀ ਹੈ। ”ਜੋ ਜੀਤਾ ਉਹੀ ਸਿਕੰਦਰ” ਤੇ ”ਰਾਜਨੀਤੀ ਵਿਚ ਕੋਈ ਪੱਕਾ-ਠੱਕਾ ਦੋਸਤ ਜਾਂ ਦੁਸ਼ਮਣ ਨਹੀਂ” ਦੇ ਸਿਧਾਂਤ ਵਰਗੇ ਮੌਕਾਪ੍ਰਸਤ ਵਾਕੰਸ਼ਾਂ ਉਪਰ ਕਾਂਗਰਸੀ ਆਗੂਆਂ ਦਾ ਵੀ ਪੂਰਾ-ਪੂਰਾ ਭਰੋਸਾ ਰਿਹਾ ਹੈ।
ਭਾਜਪਾ ਨੇ ਹੁਣ, ਬਿਨਾਂ ਕਿਸੇ ਰੱਖ ਰਖਾਅ ਦੇ, ਐਲਾਨ ਕਰ ਦਿੱਤਾ ਹੈ ਕਿ ਉਹ ਆਰ.ਐਸ.ਐਸ. ਦੇ ਏਜੰਡੇ ਭਾਵ ਧਰਮ ਅਧਾਰਤ ਰਾਸ਼ਟਰ ਕਾਇਮ ਕਰਨ, ਨੂੰ ਸਫਲਤਾ ਪੂਰਬਕ ਸਿਰੇ ਚਾੜ੍ਹਨ ਲਈ ਕੰਮ ਕਰੇਗੀ। ਭਾਜਪਾ ਪ੍ਰਧਾਨ ਨੇ ਪਿਛਲੇ ਦਿਨਾਂ ਅੰਦਰ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਸ਼੍ਰੀ ਗਣੇਸ਼ ਕਰਦਿਆਂ ਜਿਹੜਾ ਭੜਕਾਊ ਭਾਸ਼ਨ ਕੀਤਾ ਹੈ, ਉਸ ਨੂੰ ਜੇਕਰ ਗੰਭੀਰਤਾ ਸਹਿਤ ਘੋਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਅਤੇ, ਉਨ੍ਹਾਂ ਨੂੰ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਦੇ ਸਹਿਯੋਗ ਦੀ ਕੋਈ ਬਹੁਤੀ ਲੋੜ ਨਹੀਂ ਹੈ। ਇਸ ਅੱਤ ਪਿਛਾਖੜੀ ਵਿਚਾਰਧਾਰਾ ਤੇ ਰਾਜਨੀਤਕ ਦਾਅਪੇਚ ਦਾ ਮੁਕਾਬਲਾ ਕਰਨ ਲਈ ਸਪੱਸ਼ਟ ਰੂਪ ਵਿਚ ਇਕ ਸਿਧਾਂਤਕ ਤੇ ਖਰੀ ਧਰਮ ਨਿਰਪੱਖਤਾ ਵਾਲੀ ਪਹੁੰਚ ‘ਤੇ ਅਧਾਰਤ ਦਰੁਸਤ ਰਾਜਸੀ ਪੈਂਤੜਾ ਅਖਤਿਆਰ ਕਰਨ ਦੀ ਜ਼ਰੂਰਤ ਹੈ। ਪ੍ਰੰਤੂ ਕਾਂਗਰਸ ਪਾਰਟੀ ਸਮਝਦੀ ਹੈ ਕਿ ਸ਼ਾਇਦ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਨ ਦਾ ਵਿਰੋਧ ਕਰਕੇ ਭਾਵ ਧਰਮ ਨਿਰਪੱਖ ਨਜ਼ਰੀਏ ਤੋਂ ਉਹ ਦੇਸ਼ ਦੇ ਕਰੋੜਾਂ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਵੋਟਾਂ ਹਾਸਲ ਨਾ ਕਰ ਸਕੇ। ਇਸ ਕੰਮ ਲਈ ਫਿਰਕਾਪ੍ਰਸਤੀ ਤੇ ਧਰਮ ਨਿਰਪੱਖਤਾ ਦੇ ਦੋ ਵਿਰੋਧੀ ਸਿਧਾਂਤਾਂ ਦੇ ਕਿਸੇ ਵਿਚਕਾਰਲੇ ਰਸਤੇ ਦੀ ਤਲਾਸ਼ ਵਿਚ ਹੈ ਕਾਂਗਰਸ ਪਾਰਟੀ। ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਨਾ ਜਾਂ ਕੋਈ ਧਾਰਮਿਕ ਰਸਮ ਅਦਾ ਕਰਨਾ ਹਰ ਇਨਸਾਨ ਦਾ ਨਿੱਜੀ ਮਾਮਲਾ ਹੈ। ਪ੍ਰੰਤੂ ਕਿਸੇ ਧਰਮ ਦੇ ਅਨੁਆਈਆਂ ਦੀ ਹਮਾਇਤ ਹਾਸਲ ਕਰਨ ਲਈ ਉਨ੍ਹਾਂ ਨੂੰ ‘ਧਾਰਮਿਕ ਹਮਸਫਰ’ ਸਿੱਧ ਕਰਨ ਦੀ ਰਾਜਨੀਤੀ ਕਾਂਗਰਸ ਪਾਰਟੀ ਦੇ ‘ਧਰਮ ਨਿਰਪੱਖ’ ਹੋਣ ਦੇ ਦਾਅਵੇ ਨੂੰ ਜ਼ਰੂਰ ਖੋਖਲਾ ਸਿੱਧ ਕਰਦੀ ਹੈ। ਹਿੰਦੂ ਮੱਠਾਂ ਵਿਚ ਜਾ ਕੇ ਸੰਬੰਧਤ ਧਰਮ ਗੁਰੂਆਂ ਤੋਂ ਰਾਜਨੀਤਕ ਸਫਲਤਾਵਾਂ ਹਾਸਲ ਕਰਨ ਲਈ ਆਸ਼ੀਰਵਾਦ ਲੈਣ, ਇਸੇ ਤਰ੍ਹਾਂ ਮੁਸਲਿਮ ਤੇ ਸਿੱਖ ਧਰਮ ਅਸਥਾਨਾਂ ਦੇ ਦੌਰੇ ਕਰਕੇ ਸੰੰਬੰਧਤ ਫਿਰਕੇ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਤਰਲੇ ਕਰਨਾ, ਕਾਂਗਰਸ ਪਾਰਟੀ ਦੀ ਧਰਮ ਨਿਰਪੱਖਤਾ ਦੇ ਅਸੂਲਾਂ ਪ੍ਰਤੀ ਪ੍ਰਤੀਬੱਧਤਾ ਬਾਰੇ ਲਾਜ਼ਮੀ ਗੰਭੀਰ ਸ਼ੰਕੇ ਖੜ੍ਹੇ ਕਰਦਾ ਹੈ। ਕਾਂਗਰਸ ਆਗੂਆਂ ਨੇ ਚੋਣਾਂ ਦੌਰਾਨ ਅਜਿਹੇ ਤਜ਼ਰਬੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਜਿਵੇਂ ਕੇਰਲਾ, ਜੰਮੂ-ਕਸ਼ਮੀਰ, ਗੁਜਰਾਤ ਆਦਿ ਰਾਜਾਂ ਵਿਚ ਕਰਕੇ ਦੇਖ ਲਏ ਹਨ। ਇਸ ਤਰ੍ਹਾਂ ਦੀਆਂ ਰਾਜਨੀਤਕ ਮੌਕਾਪ੍ਰਸਤੀਆਂ ਦਾ ਨਤੀਜਾ ਕਦੇ ਵੀ ਦੇਸ਼ ਦੇ ਹਿਤਾਂ ਲਈ ਲਾਭਕਾਰੀ ਸਿੱਧ ਨਹੀਂ ਹੋਇਆ। ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਨ੍ਹਾਂ ਨਾਅਰਿਆਂ ਨਾਲ ਜੰਮੂ ਕਸ਼ਮੀਰ ਦੀਆਂ ਚੋਣਾਂ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਹੋਈ ਸੀ, ਉਨ੍ਹਾਂ ਬਾਰੇ ਭਾਜਪਾ ਦੇ ਇਕ ਉਚ ਆਗੂ ਨੇ ਕਿਹਾ ਸੀ ਕਿ ”ਜੰਮੂ ਕਸ਼ਮੀਰ ਵਿਚ ਭਾਵੇਂ ਸਾਡੀ ਪਾਰਟੀ ਹਾਰ ਗਈ ਹੈ, ਪ੍ਰੰਤੂ ਸਾਡੀ ਵਿਚਾਰਧਾਰਾ ਜਿੱਤ ਗਈ ਹੈ।” ਇਹ ਦੂਰਗਾਮੀ ਖਤਰਿਆਂ ਨੂੰ ਦਰਸਾਉਂਦੀ ਇਕ ਅਰਥ ਭਰਪੂਰ ਟਿੱਪਣੀ ਸੀ।
ਹੁਣ ਪੰਜਾਬ ਅੰਦਰ ਵੀ, ਆਉਂਦੀਆਂ ਲੋਕ ਸਭਾ ਚੋਣਾਂ ਅੰਦਰ, ਅਕਾਲੀ ਦਲ-ਭਾਜਪਾ ਨੂੰ ਮਾਤ ਦੇਣ ਲਈ ਤੇ ਪ੍ਰਾਂਤ ਵਿਚ ਆਪਣਾ ਜਨਤਕ ਅਧਾਰ ਮਜ਼ਬੂਤ ਕਰਨ ਹਿੱਤ ਕਾਂਗਰਸ ਪਾਰਟੀ ਦੇ ਆਗੂਆਂ ਨੇ  ਕੁਝ ਧਾਰਮਿਕ ਮੁੱਦਿਆਂ ਨੂੰ ਚੁਣਿਆ ਹੈ ਤੇ ਗਰਮ ਖਿਆਲੀ ਸਿੱਖ ਆਗੂਆਂ ਨਾਲ ਸਾਂਝਾਂ ਪਾ ਕੇ ਆਪਣੇ ਆਪ ਨੂੰ ‘ਵੱਡੇ ਤੇ ਸੱਚੇ ਸਿੱਖ’ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਾਂਗਰਸ ਵਲੋਂ 70ਵਿਆਂ ਵਿਚ ਇਹ ਖਤਰਨਾਕ ਤੇ ਮੌਕਾਪ੍ਰਸਤ ਰਾਜਸੀ ਖੇਡ ਪਹਿਲਾਂ ਵੀ ਖੇਡੀ ਜਾ ਚੁੱਕੀ ਹੈ। ਅੱਤਵਾਦ ਦੇ ਕਾਲੇ ਦੌਰ ਅੰਦਰ, ਪਹਿਲੇ ਪੜਾਅ ਵਿਚ ਕਾਂਗਰਸ ਪਾਰਟੀ ਨੇ ਰਾਜਨੀਤੀ ਵਿਚ ਅਕਾਲੀ ਦਲ ਨੂੰ ਮਾਤ ਦੇਣ ਲਈ ਭੜਕਾਊ ਲੋਕਾਂ ਦੀ ਪੁਸ਼ਤਪਨਾਹੀ ਕੀਤੀ। ਜਦੋਂ ਪ੍ਰਾਂਤ ਅੰਦਰ ਹਿੰਸਕ ਸਰਗਰਮੀਆਂ ਪੂਰੇ ਜ਼ੋਰ ਤੇ ਸਨ, ਉਦੋਂ ਵੀ ਕਾਂਗਰਸ ਦੇ ਆਗੂਆਂ ਵਲੋਂ ਵੱਖਵਾਦੀ ਤੱਤਾਂ ਨੂੰ ਪਤਿਆਉਣ ਦਾ ਯਤਨ ਕੀਤਾ ਗਿਆ ਸੀ। ਕਈ ਕਾਂਗਰਸੀ ਨੇਤਾਵਾਂ ਨੇ ਤਾਂ ਅਕਾਲੀ ਆਗੂਆਂ ਵਾਂਗ ਵੱਡੇ ਦਹਿਸ਼ਤਗਰਦਾਂ ਨਾਲ ਨੇੜਲੇ ਦੋਸਤਾਨਾ ਸਬੰਧ ਵੀ ਕਾਇਮ ਕਰ ਲਏ ਸਨ। ਭਾਵੇਂ ਬਾਅਦ ਵਿਚ ਇਨ੍ਹਾਂ ਮੌਕਾਪ੍ਰਸਤ ਰਾਜਸੀ ਦਾਅਪੇਚਾਂ ਦੀ ਸਮੁੱਚੇ ਦੇਸ਼ ਦੀ ਤਰ੍ਹਾਂ ਕਾਂਗਰਸ ਪਾਰਟੀ ਤੇ ਸਿੱਖ ਜਨ ਸਮੂਹਾਂ ਨੂੰ ਵੱਡੀ ਕੀਮਤ ਚੁਕਾਉਣੀ ਪਈ, ਜਿਸ ਨੂੰ ਅਜੇ ਤੱਕ ਵੀ ਭੁਲਾਇਆ ਨਹੀਂ ਜਾ ਸਕਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅੱਤ ਨਿੰਦਣਯੋਗ ਹਨ। ਜਿਨ੍ਹਾਂ ਗੁਨਾਹਗਾਰਾਂ ਨੇ ਇਹ ਗੁਨਾਹ ਕੀਤਾ ਹੈ, ਉਨ੍ਹਾਂ ਨੂੰ ਹਰ ਕੀਮਤ ‘ਤੇ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰੰਤੂ ਇਨ੍ਹਾਂ ਧਾਰਮਿਕ ਮੁੱਦਿਆਂ ਨੂੰ ਪੰਜਾਬੀਆਂ ਦਾ ਕੇਂਦਰੀ ਮੁੱਦਾ ਬਣਾ ਕੇ ਸਿੱਖ ਜਨ ਸਮੂਹਾਂ ਦੇ ਜ਼ਜਬਾਤਾਂ ਨਾਲ ਖੇਡਣਾ ਬਹੁਤ ਹੀ ਹਲਕੀ ਕਿਸਮ ਦੀ ਰਾਜਨੀਤੀ ਹੈ। ਇਹ ਮੁੱਦਾ ਉਦੋਂ ਹੋਰ ਵੀ ਖਤਰਨਾਕ ਬਣ ਜਾਂਦਾ ਹੈ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਚਲ ਰਹੇ ਕਿਸੇ ਮੋਰਚੇ ਜਾਂ ਸੰਘਰਸ਼ ਦੀ ਅਗਵਾਈ ਉਹ ਲੋਕ ਕਰਦੇ ਹੋਣ ਜਿਨ੍ਹਾਂ ਦਾ ਪਿਛਲਾ ਕਿਰਦਾਰ ਬਹੁਤਾ ਪਾਕਿ ਸਾਫ ਨਹੀਂ ਰਿਹਾ। ਕਿਸੇ ਫਿਰਕੇ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾ ਕੇ ਉਸ ਵਿਚੋਂ ਰਾਜਸੀ ਵਿਰੋਧੀਆਂ ਨੂੰ ਪਛਾੜਨ ਦੀ ਖੇਡ ਸ਼ੇਰ ਦੀ ਅਸਵਾਰੀ ਕਰਨ ਵਰਗੀ ਭੁੱਲ ਹੈ, ਜੋ ਬਾਅਦ ਵਿਚ ਗਲਤੀ ਕਰਨ ਵਾਲੇ ਦੀ ਜਾਨ ਦਾ ਖੌਅ ਬਣ ਸਕਦੀ ਹੈ। ਬਿਨਾਂ ਸ਼ੱਕ ਅਕਾਲੀ ਦਲ-ਭਾਜਪਾ ਨੇ ਰਾਜਨੀਤੀ ਵਿਚ ਹਮੇਸ਼ਾ ਹੀ ਧਰਮ ਦਾ ਦੁਰਉਪਯੋਗ ਆਪਣੇ ਰਾਜਸੀ ਹਿੱਤਾਂ ਨੂੰ ਪੱਠੇ ਪਾਉਣ ਲਈ ਕੀਤਾ ਹੈ। ਇਸ ਨਾਲ ਸਮੁੱਚੇ ਸਿੱਖ ਧਰਮ, ਧਾਰਮਿਕ ਸਥਾਨਾਂ, ਮਾਨਵਵਾਦੀ ਪ੍ਰੰਪਰਾਵਾਂ ਤੇ ਸਿੱਖ ਸੰਸਥਾਵਾਂ ਦਾ ਡਾਢਾ ਘਾਣ ਹੋਇਆ ਹੈ। ਰਾਜਨੀਤਕ ਖੇਤਰ ਵਿਚ ਅਕਾਲੀ ਦਲ-ਭਾਜਪਾ ਦੀ ਦਸਾਂ ਸਾਲਾਂ ਦੀ ਹਕੂਮਤ ਦਾ ਕਾਰਜਕਾਲ ਲੋਕ ਵਿਰੋਧੀ ਕਾਰਨਾਮਿਆਂ ਤੇ ਭਰਿਸ਼ਟਾਚਾਰ ਨਾਲ ਨੱਕੋ ਨੱਕ ਭਰਿਆ ਪਿਆ ਹੈ। ਪ੍ਰੰਤੂ ਇਨ੍ਹਾਂ ਲੋਕ ਮਾਰੂ ਕਦਮਾਂ ਤੇ ਧਰਮ ਦਾ ਦੁਰਉਪਯੋਗ ਕਰਨ ਦੀਆਂ ਗਲਤ ਨੀਤੀਆਂ ਦਾ ਮੁਕਾਬਲਾ ਦਰੁਸਤ ਪੈਂਤੜੇ ਤੋਂ ਰਾਜਨੀਤਕ ਖੇਤਰ ਵਿਚ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਆਗੂ ਜਿਨ੍ਹਾਂ ਹਥਿਆਰਾਂ ਨਾਲ ਅਕਾਲੀ ਦਲ-ਭਾਜਪਾ ਨੂੰ ਮਾਤ ਦੇ ਕੇ ਰਾਜਨੀਤਕ ਖੇਤਰ ਵਿਚੋਂ ਮਨਫੀ ਕਰਨਾ ਚਾਹੁੰਦੇ ਹਨ, ਜੇਕਰ ਉਹ ਇਸ ਕੰਮ ਵਿਚ ਅੰਸ਼ਿਕ ਰੂਪ ਵਿਚ ਸਫਲ ਵੀ ਹੋ ਜਾਂਦੇ ਹਨ ਤਾਂ ਇਸ ਸਫਲਤਾ ਦੇ ਫਲਸਰੂਪ ਪ੍ਰਾਂਤ ‘ਚ ਉਭਰੇ ਰਾਜਨੀਤਕ ਖਲਾਅ ਨੂੰ ਅੱਤ ਦੀਆਂ ਸੱਜ ਪਿਛਾਖੜੀ ਧਿਰਾਂ ਹੀ ਭਰਨ ਦੇ ਸਮਰੱਥ ਬਣਨਗੀਆਂ। ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਇਹ ਰਾਜਨੀਤਕ ਪੈਂਤੜਾ ਉਸ ਵਲੋਂ ਕੌਮੀ ਪੱਧਰ ਉਪਰ ਨਿਰਧਾਰਤ ਕੀਤੀ ਰਾਜਨੀਤੀ ਦੇ ਦਾਅਵਿਆਂ ਦੇ ਵੀ ਉਲਟ ਜਾਂਦਾ ਹੈ।
ਸ਼ਾਇਦ ਕਾਂਗਰਸ ਪਾਰਟੀ ਉਸ ਵਲੋਂ ਅਪਣਾਏ ਜਾਂਦੇ ਮੌਜੂਦਾ ਦਾਅਪੇਚਾਂ ਤੋਂ ਕਿਨਾਰਾਕਸ਼ੀ ਨਾ ਕਰੇ, ਪ੍ਰੰਤੂ ਜਿਹੜੇ ਲੋਕ ਪੰਜਾਬ ਅੰਦਰ ਫਿਰਕੂ ਸਦਭਾਵਨਾ ਤੇ ਸ਼ਾਂਤੀ ਕਾਇਮ ਰੱਖਣਾ ਚਾਹੁੰਦੇ ਹਨ ਤੇ ਲੋਕਾਂ ਨਾਲ ਸੰਬੰਧਤ ਮੁੱਦਿਆਂ ਜਿਵੇਂ ਬੇਕਾਰੀ, ਮਹਿੰਗਾਈ, ਮਜ਼ਦੂਰਾਂ-ਕਿਸਾਨਾਂ ਸਿਰ ਚੜ੍ਹੇ ਕਰਜ਼ੇ, ਭਰਿਸ਼ਟਾਚਾਰ, ਵਿਦਿਆ ਤੇ ਸਿਹਤ ਸਹੂਲਤਾਂ ਦਾ ਨਿਘਾਰ ਆਦਿ ਵਿਰੁੱਧ ਸਾਂਝੀ ਜਨਤਕ ਲਹਿਰ ਉਸਾਰ ਕੇ ਲੋਕ ਹਿਤਾਂ ਲਈ ਕੋਈ ਯੋਗਦਾਨ ਪਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜ਼ਰੂਰ ਮੌਜੂਦਾ ਸੂਬਾਈ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਅਕਾਲੀ ਦਲ-ਭਾਜਪਾ ਦੇ ਸ਼ਾਸਨ ਕਾਲ ਦੌਰਾਨ ਨਿਭਾਏ ਗਏ ਲੋਕ ਦੋਖੀ ਰੋਲ ਨੂੰ ਲੋਕਾਂ ਸਾਹਮਣੇ ਬੇਪਰਦ ਕਰਨਾ ਹੋਵੇਗਾ ਤੇ ਪ੍ਰਾਂਤ ਅੰਦਰ ਇਕ ਧਰਮ ਨਿਰਪੱਖ, ਅਗਾਂਹਵਧੂ ਤੇ ਜਮਹੂਰੀ ਲਹਿਰ ਨੂੰ ਮਜ਼ਬੂਤ ਕਰਨਾ ਹੋਵੇਗਾ। ਖੂਹ ਵਿਚੋਂ ਨਿਕਲ ਕੇ ਖਾਈ ਵਿਚ ਪੈਣਾ ਕਦੀ ਸਿਆਣਪ ਭਰਿਆ ਕਦਮ ਨਹੀਂ ਹੋ ਸਕਦਾ। ਕਾਂਗਰਸ ਤੇ ਅਕਾਲੀ ਦਲ-ਭਾਜਪਾ ਦੇ ਵਿਰੋਧ ਵਿਚ ਕੋਈ ਹਕੀਕੀ ਲੋਕ ਪੱਖੀ ਰਾਜਸੀ ਮੁਤਬਾਦਲ ਸੱਜੇ ਪੱਖੀ ਸ਼ਕਤੀਆਂ ਨਹੀਂ ਉਸਾਰ ਸਕਦੀਆਂ, ਬਲਕਿ ਇਹ ਜ਼ਿੰਮੇਵਾਰੀ ਸਿਰਫ ਤੇ ਸਿਰਫ ਖੱਬੇ ਪੱਖੀ ਤਾਕਤਾਂ ਹੀ ਨਿਭਾਉਣ ਦੇ ਸਮਰੱਥ ਹਨ।

Scroll To Top