Now Reading
ਕਰਜਾ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਮੀਟਿੰਗਾਂ ਕੀਤੀਆਂ

ਕਰਜਾ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਮੀਟਿੰਗਾਂ ਕੀਤੀਆਂ

ਬਰਨਾਲਾ, 12 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਦਿਹਾਤੀ ਮਜ਼ਦੂਰ ਸਭਾ,  ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ, ਨੌਜਵਾਨ ਭਾਰਤ ਸਭਾ ਦੇ ਸਾਂਝੇ ਸੱਦੇ ‘ਤੇ ਬਰਨਾਲਾ ਜਿਲੇ ਦੇ ਪਿੰਡਾਂ ਬੀਹਲਾ, ਗਹਿਲ, ਨਰਾਇਣਗੜ੍ਹ ਸੋਹੀਆਂ, ਦੀਵਾਨੇ ‘ਚ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਔਰਤਾਂ ਸਿਰ ਚੜੇ ਕਰਜ਼ਿਆਂ ਖਿਲਾਫ਼ ਕਰਜ਼ਾ ਪੀੜਤ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਇਨਾਂ ਮੀਟਿੰਗਾਂ ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲ ਮਾਜਰਾ, ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਦੀਆਂ ਆਗੂ ਕੁਲਵੰਤ ਕੌਰ, ਪ੍ਰਮੋਦ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਮਨਵੀਰ ਬੀਹਲਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੀ ਚਿੱਠੀ ਮੁਤਾਬਕ 31 ਅਗਸਤ ਤੱਕ ਕਿਸ਼ਤਾਂ ਭਰਾਉਣ ਆਉਂਦੇ ਮੁਲਾਜ਼ਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਸ ਦੇ ਨਾਲ ਹੀ ਆਗੂਆਂ ਨੇ ਇਹ ਗੱਲ ਵੀ ਰੱਖੀ ਕਿ ਸਰਕਾਰ ਸਿੱਧਾ ਅਤੇ ਸਸਤਾ ਕਰਜ਼ ਮਜ਼ਦੂਰ ਔਰਤਾਂ ਨੂੰ ਦੇ ਕੇ ਵਿਚੋਂ ਫਾਇਨਾਂਸ ਕੰਪਨੀਆਂ ਦੀ ਦਖਲਅੰਦਾਜ਼ੀ ਨੂੰ ਖ਼ਤਮ ਕਰੇ। ਇਸ ਦੇ ਨਾਲ ਹੀ ਜਿਸ ਤਰਾਂ ਵੱਡੇ ਕਾਰਪੋਰੇਟ ਘਰਾਣਿਆਂ ਦਾ ਪਿਛਲੇ ਦਿਨੀਂ 68 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਗਿਆ ਓਵੇਂ ਈ ਮਜ਼ਦੂਰ ਔਰਤਾਂ ਸਿਰ ਚੜਿਆ ਹੁਣ ਤੱਕ ਦਾ ਕੁੱਲ ਕਰਜ਼ ਮੁਆਫ ਕੀਤਾ ਜਾਵੇ।
ਆਗੂਆਂ ਨੇ ਮਹਿੰਗਾਈ ਦੇ ਦੌਰ ਨੂੰ ਧਿਆਨ ਚ ਰੱਖਦਿਆਂ ਇਹ ਵੀ ਗੱਲ ਰੱਖੀ ਕਿ ਮਜ਼ਦੂਰਾਂ ਦੀ ਪ੍ਰਤੀ ਦਿਹਾੜੀ ਆਮਦਨ ‘ਚ ਵੀ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਘਰ ਗੁਜ਼ਾਰੇ ‘ਚ ਦਿੱਕਤਾਂ ਨਾ ਆਉਣ । ਮੌਜੂਦਾ ਪ੍ਰਤੀ ਦਿਹਾੜੀ ਆਮਦਨ ਨਾਲ ਮਜ਼ਦੂਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਵੀ ਪੂਰਾ ਨਹੀਂ ਹੁੰਦਾ।
ਇਨਕਲਾਬੀ ਜੱਥੇਬੰਦੀ ਦੇ ਆਗੂਆਂ ਨੇ ਫਾਇਨੈਂਸ ਕੰਪਨੀਆਂ ਦੇ ਕਰਜ਼ੇ ਤੋਂ ਮੁਕਤੀ ਲਈ ਆਉਣ ਵਾਲੇ ਦਿਨਾਂ ਚ ਸੰਘਰਸ਼ਾਂ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਜ਼ਦੂਰ, ਨੌਜਵਾਨ ਅਤੇ ਔਰਤ ਜਥੇਬੰਦੀਆਂ ਦੀਆਂ ਮੰਗਾਂ ‘ਤੇ ਫੌਰੀ ਧਿਆਨ ਦੇ ਕੇ ਇਨਾਂ ਮੰਗਾਂ ਨੂੰ ਪੂਰਾ ਕਰੇ।

Scroll To Top