ਜਲੰਧਰ ; 19 ਜੁਲਾਈ : ਦਿਹਾਤੀ ਮਜ਼ਦੂਰ ਸਭਾ 22 ਜੁਲਾਈ ਨੂੰ ਜਵਾਹਰੇਵਾਲਾ ਦਲਿਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ ਮੁਕਤਸਰ ਵਿਖੇ ਕੀਤੇ ਜਾ ਰਹੇ ਸੂਬਾਈ ਰੋਸ ਐਕਸ਼ਨ ਵਿਚ ਪੂਰੀ ਸ਼ਕਤੀ ਨਾਲ ਹਿੱਸਾ ਲਵੇਗੀ। ਇਹ ਜਾਣਕਾਰੀ ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦਿੱਤੀ। ਦੋਹਾਂ ਆਗੂਆਂ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਘੋਲ ਲੜ ਰਹੀ ਐਕਸ਼ਨ ਕਮੇਟੀ ਦੀਆਂ ਮੰਗਾਂ ਦੀ ਪੂਰਨ ਹਮਾਇਤ ਕਰਦਿਆਂ ਸੂਬਾ ਸਰਕਾਰ ਤੋਂ ਉਕਤ ਮੰਗਾਂ ਬਿਨਾਂ ਕਿਸੇ ਦੇਰੀ ਮੰਨੇ ਜਾਣ ਦੀ ਮੰਗ ਕੀਤੀ। ਮਜ਼ਦੂਰ ਆਗੂਆਂ ਨੇ ਸਭਾ ਦੀਆਂ ਹੇਠਲੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ 22 ਜੁਲਾਈ ਨੂੰ ਵਧ ਚੜ੍ਹਕੇ ਮੁਕਤਸਰ ਪੁੱਜਣ।