ਬਿਲਗਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ ‘ਚ ‘ਲੋਕ ਜਗਾਓ, ਲੁਟੇਰੇ ਭਜਾਓ ਜਥਾ ਮਾਰਚ ਮੁਹਿੰਮ ਤਹਿਤ ਪਿੰਡ ਤਲਵਣ, ਪੁਆਦੜਾ, ਬੁਰਜ ਹਸਨ , ਸੰਗੋਵਾਲ, ਪੁਆਦੜਾ, ਬਿਲਗਾ, ਪਿੰਡ ਔਜਲਾ ਵਿਚ ਯੂਨਿਟ ਮੀਟਿੰਗਾਂ ਕੀਤੀਆਂ ਗਈਆਂ| ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ, ਜਿਲ੍ਹਾ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੋਦੀ ਸਰਕਾਰ ਆਉਣ ਨਾਲ ਦੇਸ਼ ਅੰਦਰ ਔਰਤਾਂ ਤੇ ਦਲਿਤਾਂ ‘ਤੇ ਜ਼ੁਲਮਾਂ ਵਿਚ ਭਾਰੀ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਨੋਟ ਬੰਦੀ ਤੇ ਜੀ. ਐੱਸ. ਟੀ. ਲਾਗੂ ਕਰਨ ਨਾਲ ਤੇਲ ਦੀਆਂ ਕੀਮਤਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ| ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਕੈਪਟਨ ਸਰਕਾਰ ਵੀ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀ ਕਰ ਰਹੀ|ਹਰੇਕ ਵਰਗ ਇਨ੍ਹਾਂ ਸਰਕਾਰਾਂ ਤੋਂ ਦੁਖੀ ਹੈ| ਤਹਿਸੀਲ ਸਕੱਤਰ ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਅਤੇ ਫ਼ਿਰਕੂ ਇਕਸੁਰਤਾ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸੋਹਣ ਸਿੰਘ ਢੇਸੀ ਦੀ ਬਰਸੀ 20 ਨਵੰਬਰ ਨੂੰ ਕਾਨਾ ਢੇਸੀਆਂ ਵਿਖੇ ਮਨਾਈ ਜਾ ਰਹੀ ਹੈ|