ਅੰਮਿ੍ਰਤਸਰ :ਹੁਕਮਰਾਨ ਜਿੱਥੇ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦੇ ਨਾਲ ਨਾਲ ਇਕ ਧਰਮ ਅਧਾਰਤ ਵਿਵਸਥਾ ਉਸਾਰਨ ਲਈ ਫਿਰਕੂ ਫਾਸ਼ੀਵਾਦੀ ਨੀਤੀਆਂ ’ਤੇ ਚਲ ਰਹੇ ਹਨ ਉਥੇ ਸੱਤਾ ਦੀ ਦਾਅਵੇਦਾਰ ਕਾਂਗਰਸ ਤੇ ਹੋਰਨਾਂ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਕੋਲ ਵੀ ਕੋਈ ਵੱਖਰੀ ਨੀਤੀ ਨਹੀਂ ਹੈ। ਇਸ ਨਾਜ਼ੁਕ ਦੌਰ ਵਿਚ ਦੇਸ਼ ਨੂੰ ਇਕ ਖੱਬੇ ਪੱਖੀ ਸੈਕੂਲਰ ਤੇ ਅਗਾਂਹਵਧੂ ਮੁਤਬਾਦਲ ਦੀ ਸਖਤ ਲੋੜ ਹੈ। ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਰਈਆ ਦੇ ਨਾਲ ਲੱਗਦੇ ਪਿੰਡ ਵਡਾਲਾ ’ਚ ਇਕ ਪ੍ਰਭਾਵਸ਼ਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੇ।
ਇਹ ਜਨਤਕ ਕਾਨਫਰੰਸ ਆਰ.ਐਮ.ਪੀ.ਆਈ. ਵਲੋਂ ਜਲ੍ਹਿਆਂਵਾਲਾ ਬਾਗ ਤੋਂ ਸੋਮਵਾਰ ਨੂੰ ਸ਼ੁਰੂ ਕੀਤੇ ‘ਲੋਕ ਜਗਾਓ-ਲੁਟੇਰੇ ਭਜਾਓ’ ਜਥਾ ਮਾਰਚ ਅਧੀਨ ਕੀਤੀ ਗਈ। ਇਸ ਜਲਸੇ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਵੀ ਕੋਈ ਚੰਗੇ ਨਹੀਂ। ਇਕ ਪਾਸੇ ਜਿੱਥੇ ਬਾਦਲ ਦਲ ਆਪਣੀਆਂ ਕੀਤੀਆਂ ਦਾ ਫਲ ਭੋਗ ਰਿਹਾ ਹੈ, ਉਥੇ ਕਿਸੇ ਵੀ ਲੋਕ ਪੱਖੀ ਨੀਤੀ ਤੋਂ ਵਿਰਵੀ ਆਮ ਆਦਮੀ ਪਾਰਟੀ ਵੀ ਬੁਰੀ ਤਰ੍ਹਾਂ ਬਿਖਰੀ ਹੋਈ ਹੈ। ਇਸ ਲਈ ਸੂਬੇ ਵਿਚ ਕਾਂਗਰਸ ਨੂੰ ਟੱਕਰ ਦੇਣ ਲਈ ਖੱਬੀਆਂ ਧਿਰਾਂ ਨੂੰ ਇਕ ਮੰਚ ’ਤੇ ਲਾਜ਼ਮੀ ਤੌਰ ’ਤੇ ਇਕੱਠੇ ਹੋਣਾ ਚਾਹੀਦਾ ਹੈ ਜਿਸ ਵਾਸਤੇ ਆਰ.ਐਮ.ਪੀ.ਆਈ. ਆਪਣੀ ਤਰਫੋਂ ਸੁਹਿਰਦ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖ ਰਹੀ ਹੈ।
ਕਾਮਰੇਡ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਸੋਮਵਾਰ ਨੂੰ ਕਈ ਪਿੰਡਾਂ ’ਚ ਮਾਰਚ ਕਰਨ ਤੋਂ ਬਾਅਦ ਬੁਟਾਰੀ ’ਚ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਜਿੱਥੇ ਜਥੇ ਦੇ ਆਗੂਆਂ ਨੇ ਇਲਾਕੇ ਦੇ ਲੋਕਾਂ ਵਲੋਂ 30,000 ਰੁਪਏ ਦੀ ਥੈਲੀ ਭੇਟ ਕੀਤੀ ਗਈ। ਇਸ ਜਥੇ ਵਲੋਂ ਕੀਤੇ ਗਏ ਜਲਸਿਆਂ ਨੂੰ ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ ਤੇ ਜਗਤਾਰ ਸਿੰਘ ਕਰਮਪੁਰਾ ਤੋਂ ਇਲਾਵਾ ਹੋਰਨਾਂ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਹੇਠ ਚਲ ਰਹੇ ਦੂਸਰੇ ਜਥੇ ਨੇ ਦੂਜੇ ਦਿਨ ਬਾਠ ਪਿੰਡ ਤੋਂ ਚਲ ਕੇ ਪੰਡੋਰੀ, ਤਰਨ ਤਾਰਨ ਸ਼ਹਿਰ ’ਚੋਂ ਹੁੰਦੇ ਹੋਏ ਝਬਾਲ ਜਾ ਕੇ ਇਕ ਭਰਵੀਂ ਕਾਨਫਰੰਸ ਕੀਤੀ। ਬਾਅਦ ’ਚ ਇਹ ਜਥਾ ਗਦਰੀ ਬਾਬਿਆਂ ਦੇ ਪਿੰਡ ਸੁਰ ਸਿੰਘਵਾਲਾ, ਭਿੱਖੀਵਿੰਡ ਹੁੰਦਾ ਹੋਇਆ ਬਾਅਦ ਦੁਪਹਿਰ ਪੱਟੀ ਤਹਿਸੀਲ ਦੇ ਪਿੰਡ ਦਿਆਲਪੁਰਾ ਪਹੁੰਚਿਆ ਜਿੱਥੇ ਇਕ ਪ੍ਰਭਾਵਸ਼ਾਲੀ ਜਲਸਾ ਕੀਤਾ ਗਿਆ। ਇਸ ਜਥੇ ਵਲੋਂ ਕੀਤੀਆਂ ਗਈਆਂ ਜਨਤਕ ਮੀਟਿੰਗਾਂ ਤੇ ਕਾਨਫਰੰਸਾਂ ਨੂੰ ਸਾਥੀ ਗੁਰਨਾਮ ਸਿੰਘ ਦਾਊਦ ਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਸਰਵ ਸਾਥੀ ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਪੰਡੋਰੀ, ਡਾ. ਅਜਾਇਬ ਸਿੰਘ, ਮੁਖਤਿਆਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਅਰਸਾਲ ਸਿੰੰਘ ਸੰਧੂ, ਹਰਭਜਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਜਥੇ ਨੂੰ ਸੋਮਵਾਰ ਨੂੰ ਖਡੂਰ ਸਾਹਿਬ ’ਚ ਹੋਈ ਕਾਨਫਰੰਸ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਜਥੇ ਨੂੰ 50000 ਰੁਪਏ ਦੀ ਥੈਲੀ ਭੇਟ ਕੀਤੀ ਗਈ।
ਇਨ੍ਹਾਂ ਜਥਿਆਂ ਦੇ ਨਾਲ ਲਾਲ ਝੰਡੇ ਲੈ ਕੇ ਮੋਟਰ ਸਾਈਕਲਾਂ ’ਤੇ ਸਵਾਰ ਪਾਰਟੀ ਵਰਕਰਾਂ ਵਲੋਂ ਕੀਤੇ ਜਾ ਰਹੇ ਮਾਰਚ ਅਤੇ ਇਸਦੇ ਅੱਗੇ ਚੱਲ ਰਹੇ ਮਹਾਨ ਸ਼ਹੀਦਾਂ, ਮਹਾਨ ਸ਼ਖਸੀਅਤਾਂ ਤੇ ਇਨਕਲਾਬੀ ਆਗੂਆਂ ਦੀਆਂ ਤਸਵੀਰਾਂ, ਸੰਦੇਸ਼ਾਂ ਤੇ ਜਥੇ ਦੇ ਉਦੇਸ਼ਾਂ ਵਾਲੇ ਬੈਨਰਾਂ ਨਾਲ ਸਜੇ ਵਹੀਕਲ ਆਮ ਲੋਕਾਂ ’ਚ ਉਤਸ਼ਾਹ ਪੈਦਾ ਕਰ ਰਹੇ ਹਨ। ਮਾਰਕਸਵਾਦ-ਲੈਨਿਨਵਾਦ ਦੀਆਂ ਲੀਹਾਂ ਦੇ ਨਾਲ ਨਾਲ ਆਰ.ਐਮ.ਪੀ.ਆਈ. ਵਲੋਂ ਪੰਜਾਬ ਦੇ ਅਗਾਂਹਵਧੂ ਇਤਿਹਾਸਕ ਪਿਛੋਕੜ ਵਾਲੀਆਂ, ਬਾਬਾ ਬੰਦਾ ਸਿੰਘ ਬਹਾਦਰ ਵਰਗੀਆਂ ਮਹਾਨ ਸ਼ਖਸ਼ੀਅਤਾਂ ਤੋਂ ਰੌਸ਼ਨੀ ਲੈ ਕੇ ਚੱਲਣ ਕਾਰਨ ਸਧਾਰਨ ਤੋਂ ਸਧਾਰਨ ਲੋਕ ਵੀ ਜਥਾ ਮਾਰਚ ਵੱਲ ਖਿੱਚੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਜਥਿਆਂ ਦੀਆਂ ਜਨਤਕ ਮੀਟਿੰਗਾਂ, ਜਲਸਿਆਂ, ਕਾਨਫਰੰਸਾਂ ’ਚ ਔਰਤਾਂ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੀਆਂ ਹਨ।