ਗੁਰਦਾਸਪੁਰ : ਪੰਜਾਬ ਦੀਆਂ 6 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਬਣਾਈ ਗੰਨਾ ਉਤਪਾਦਕ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਸਤਬੀਰ ਸਿੰਘ ਸੁਲਤਾਨੀ ਨੇ ਕੀਤੀ | ਜਮਹੂਰੀ ਕਿਸਾਨ ਸਭਾ ਦੇ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਵਲੋਂ ਬਲਬੀਰ ਸਿੰਘ ਕੱਤੋਵਾਲ, ਜਸਬੀਰ ਸਿੰਘ, ਕਿਰਤੀ ਕਿਸਾਨ ਵਲੋਂ ਸਤਬੀਰ ਸਿੰਘ ਤੇ ਬਲਵੀਰ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਵਲੋਂ ਰਘਬੀਰ ਸਿੰਘ ਪਕੀਵਾਂ ਤੇ ਦਰਸ਼ਨ ਸਿੰਘ, ਕੁਲ ਹਿੰਦ ਵਲੋਂ ਲਖਵਿੰਦਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਡਾ: ਅਸ਼ੋਕ ਭਾਰਤੀ ਸ਼ਾਮਿਲ ਹੋਏ | ਇਸ ਮੌਕੇ ਬਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਤੇ ਗੰਨਾ ਮਿੱਲਾਂ ਵਲੋਂ ਕਿਸਾਨਾਂ ਪ੍ਰਤੀ ਧਾਰਨ ਕੀਤੇ ਰਵੱਈਏ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ 28 ਅਗਸਤ ਨੰੂ ਹੋਈ ਤਿੰਨ ਧਿਰੀ ਮੀਟਿੰਗ ਵਿਚ ਡੀ.ਸੀ ਗੁਰਦਾਸਪੁਰ ਅਤੇ ਮਿੱਲਾਂ ਦੇ ਪ੍ਰਬੰਧਕ ਹਾਜ਼ਰ ਸਨ | ਪਰ ਮੰਗਾਂ ਹੁਣ ਤੱਕ ਲਾਗੂ ਨਹੀਂ ਕੀਤੀਆਂ ਗਈਆਂ | ਉਨ੍ਹਾਂ ਗੰਨਾ ਉਤਪਾਦਕ ਕਿਸਾਨਾਂ ਦਾ ਰਹਿੰਦਾ ਬਕਾਇਆ ਦੇਣ ਤੇ ਬਾਕੀ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਡੀ.ਸੀ ਦਫ਼ਤਰ ਸਾਹਮਣੇ 16 ਅਕਤੂਬਰ ਨੰੂ ਧਰਨੇ ਦਾ ਐਲਾਨ ਕੀਤਾ | ਉਨ੍ਹਾਂ ਨੇ ਗੁਰਦਾਸਪੁਰ ਤੇ ਪਠਾਨਕੋਟ ਦੇ ਸਮੂਹ ਗੰਨਾ ਉਤਪਾਦਕ ਕਿਸਾਨਾਂ ਨੰੂ ਇਸ ਧਰਨੇ ਵਿਚ ਪਹੁੰਚਣ ਲਈ ਕਿਹਾ |