ਅਜਨਾਲਾ :ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਨ ਮੌਕੇ ਤਹਿਸੀਲ ਪੱਧਰੀ ਮਾਰਚ ਤੇ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦੀਆਂ ਫਾਸ਼ਿਸਟ, ਫਿਰਕਾਪ੍ਰਸਤ, ਮਹਿੰਗਾਈ, ਬੇਰੁਜ਼ਗਾਰੀ ਤੇ ਦਲਿਤਾਂ ਸਮੇਤ ਔਰਤਾਂ ਤੇ ਹੁੰਦੇ ਹਮਲਿਆਂ ਲਈ ਸੰਘ ਪਰਿਵਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਅਤੇ ਸੂਬਾ ਕੈਪਟਨ ਸਰਕਾਰ ਵਲੋਂ ਹਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ 2500 ਰੁਪਏ ਪ੍ਰਤੀ ਮਹੀਨਾ, ਮੁਫ਼ਤ ਸਮਾਰਟ ਫ਼ੋਨ ਤੇ ਉਚੇਰੀ ਵਿਦਿਆ ਮੁਫ਼ਤ ਆਦਿ ਚੋਣ ਵਾਅਦੇ ਪੂਰੇ ਨਾ ਕਰਨ ਵਿਰੁੱਧ ਲੋਕਾਂ ਨੂੰ ਇਨ੍ਹਾਂ ਸਰਕਾਰਾਂ ਵਿਰੁੱਧ ਜਾਗਰੂਕ ਹੋਣ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਰਕਾਰਾਂ ਤੇ ਟੇਕ ਰੱਖਣ ਦੀ ਬਜਾਏ ਜਨਤਕ ਸੰਘਰਸ਼ਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਰੋਸ ਮਾਰਚ ਤੇ ਮੁਜ਼ਾਹਰੇ ਦੀ ਅਗਵਾਈ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਦੁਧਰਾਏ, ਤਹਿਸੀਲ ਆਗੂ ਸਤਵਿੰਦਰ ਸਿੰਘ ਓਠੀਆਂ ਤੇ ਭਰਾਤਰੀ ਜਥੇਬੰਦੀ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਸਾਂਝੇ ਤੌਰ ‘ਤੇ ਕਰ ਰਹੇ ਸਨ | ਇਸ ਤੋਂ ਪਹਿਲਾਂ ਸਭਾ ਦੇ ਤਹਿਸੀਲ ਪੱਧਰੀ ਦਫ਼ਤਰੀ ਕੰਪਲੈਕਸ ਵਿਖੇ ਤਹਿਸੀਲ ਆਗੂ ਸਤਵਿੰਦਰ ਸਿੰਘ ਓਠੀਆਂ, ਸੁੱਚਾ ਸਿੰਘ ਘੋਗਾ, ਸੁਖਦੇਵ ਸਿੰਘ ਦੁਧਰਾਏ, ਗੁਰਭੇਜ ਸਿੰਘ ਮਾਕੋਵਾਲ, ਸਾਹਿਬ ਸਿੰਘ ਬੂਆਨੰਗਲੀ ਦੀ ਸਾਂਝੀ ਪ੍ਰਧਾਨਗੀ ‘ਚ ਕਰਵਾਈ ਗਈ ਤਹਿਸੀਲ ਪੱਧਰੀ ਨੌਜਵਾਨ ਕਨਵੈਨਸ਼ਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਅਤੇ ਨਸ਼ਿਆਂ ਆਦਿ ਸਮਾਜਿਕ ਬੁਰਾਈਆਂ ਵਿਰੁੱਧ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਅਤੇ ਸੰਘਰਸ਼ ਲਈ ਜਥੇਬੰਦ ਹੋਣ ਦਾ ਹੋਕਾ ਦਿੱਤਾ| ਇਸ ਮੌਕੇ ਗੁਰੰਜਟ ਸਿੰਘ ਜਸਰਾਊਰ, ਜੱਗਾ ਸਿੰਘ ਡੱਲਾ, ਜਗਤਾਰ ਸਿੰਘ ਤੇੜਾ, ਧਰਮਿੰਦਰ ਸਿੰਘ ਮੱਲੂਨੰਗਲ, ਸੁਖਦੇਵ ਸਿੰਘ ਡੱਲਾ, ਗੋਪੀ ਭਿੰਡੀ ਸੈਦਾਂ, ਰਵੀ ਉਮਰਪੁਰਾ, ਜਗਤਾਰ ਸਿੰਘ ਓਠੀਆਂ, ਤਰਸੇਮ ਸਿੰਘ ਸਾਰੰਗਦੇਵ ਛੰਨਾ, ਰੇਸ਼ਮ ਸਿੰਗ ਉਮਰਪੁਰਾ ਆਦਿ ਮੌਜੂਦ ਸਨ|