ਭੁੱਚੋ ਮੰਡੀ : ਪਿੰਡ ਤੁੰਗਵਾਲੀ ਅਤੇ ਭੁੱਚੋ ਖੁਰਦ ਦੇ ਨੀਲੇ ਕਾਰਡ ਧਾਰਕਾਂ ਨੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਅੱਜ ਸਥਾਨਕ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਅਧਿਕਾਰੀਆਂ ਨੂੰ ਮਿਲ ਕੇ ਯੋਗ ਵਿਅਕਤੀਆਂ ਦੇ ਕੱਟੇ ਗਏ ਨੀਲੇ ਕਾਰਡ ਮੁੜ ਬਹਾਲ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਵੱਲੋਂ ਬੇਵਸੀ ਜਾਹਰ ਕਰਨ ਤੋਂ ਬਾਅਦ ਆਗੂਆਂ ਨੇ ਮੀਟਿੰਗ ਕਰ ਕੇ 30 ਅਗਸਤ ਤੋਂ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ।
ਇਸ ਮੌਕੇ ਭਾਕਿਯੂ ਡਕੌਂਦਾ, ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਚੰਦ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਜਸਪਾਲ ਕੌਰ, ਮਹਿੰਦਰ ਕੌਰ, ਜਸਪ੍ਰੀਤ ਕੌਰ ਅਤੇ ਪ੍ਰਦੀਪ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੱਡੀ ਪੱਧਰ ‘ਤੇ ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ।
ਅਧਿਕਾਰੀ ਯੋਗ ਵਿਅਕਤੀਆਂ ਦੇ ਕਾਰਡ ਚਾਲੂ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਭੁੱਚੋ ਖੁਰਦ ਦੇ ਸੰਘਰਸ਼ ਮੌਕੇ ਬਹਾਲ ਕੀਤੇ ਕਾਰਡਾਂ ਵਿੱਚੋਂ ਲਗਭਗ 35 ਕਾਰਡ ਰਹਿ ਗਏ ਸਨ ਅਤੇ ਪਿੰਡ ਤੁੰਗਵਾਲੀ ਦੇ ਲਗਭਗ 300 ਕਾਰਡ ਚਾਲੂ ਹੋਣੇ ਬਾਕੀ ਹਨ।
ਇੰਸਪੈਕਟਰ ਨੀਰਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਕਿਸੇ ਪਰਿਵਾਰ ਦਾ ਕੋਈ ਕਾਰਡ ਨਹੀਂ ਕੱਟਿਆ। ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਕਾਰਡ ਕੱਟੇ ਗਏ ਹਨ। ਉਨ੍ਹਾਂ ਵੱਲੋਂ ਹੀ ਦੁਬਾਰਾ ਜਾਂਚ ਕਰਨ ਤੋਂ ਬਾਅਦ ਸਿਫ਼ਾਰਸ਼ ਕੀਤੇ ਕਾਰਡ ਬਣਾਏ ਜਾਣਗੇ।