Now Reading
ਜਮਹੂਰੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ ਨੂੰ ਜੇਲ੍ਹਾਂ ‘ਚ ਡੱਕਣਾ ਫਾਸ਼ੀਵਾਦ ਦਾ ਚਿੰਨ੍ਹ ਹੀ ਹੈ : ਪਾਸਲਾ

ਜਮਹੂਰੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ ਨੂੰ ਜੇਲ੍ਹਾਂ ‘ਚ ਡੱਕਣਾ ਫਾਸ਼ੀਵਾਦ ਦਾ ਚਿੰਨ੍ਹ ਹੀ ਹੈ : ਪਾਸਲਾ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਏਥੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਰਾਹੀਂ ਜਮਹੂਰੀ ਤੇ ਟਰੇਡ ਯੂਨੀਅਨ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ ਦੇ ਘਰਾਂ ‘ਤੇ ਮਹਾਰਾਸ਼ਟਰ ਪੁਲਸ ਵਲੋਂ ਛਾਪੇ ਮਾਰਨ ਅਤੇ ਉਹਨਾਂ ਨੂੰ ਝੂਠੇ ਤੇ ਮਨਘੜੰਤ ਦੋਸ਼ਾਂ ਅਧੀਨ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਤੈਲਗੂ ਭਾਸ਼ਾ ਦੇ ਪ੍ਰਸਿੱਧ ਕਵੀ ਵਾਰਵਾਰਾ ਰਾਓ, ਦਿੱਲੀ ਦੇ ਗੌਤਮ ਨਵਲੱਖਾ ਤੇ ਸੁਧਾ ਭਾਰਦਵਾਜ ਵਰਗੇ ਉਚ ਕੋਟੀ ਦੇ ਵਿਦਵਾਨਾਂ ਅਤੇ ਮਹਾਰਾਸ਼ਟਰ ਤੋਂ ਵੀ. ਗੌਨਸਾਲੇਵ ਤੇ ਅਰੁਨ ਫਰੇਰਾ ਵਰਗੇ ਜਮਹੂਰੀ ਲਹਿਰ ਦੇ ਉਘੇ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਅਤੇ ਪ੍ਰੋਫੈਸਰ ਆਨੰਦ ਤੈਲਤੁੰਬਡੇ ਵਰਗੇ ਵਿਦਵਾਨ ਤੇ ਕੁਝ ਹੋਰ ਆਗੂਆਂ ਦੇ ਘਰਾਂ ਦੀਆਂ ਤਲਾਸ਼ੀਆਂ ਲੈਣਾ ਇਸ ਗੱਲ ਦਾ ਸਪੱਸ਼ਟ ਸੂਚਕ ਹੈ ਕਿ ਭਾਜਪਾ ਸਰਕਾਰ ਹਰ ਉਸ ਆਵਾਜ਼ ਨੂੰ ਡਰਾਉਣਾ ਤੇ ਬੰਦ ਕਰਨਾ ਚਾਹੁੰਦੀ ਹੈ ਜਿਹੜੀ ਕਿ ਇਸ ਦੀਆਂ ਸਰਮਾਏਦਾਰ ਤੇ ਸਾਮਰਾਜ ਪੱਖੀ ਨੀਤੀਆਂ ਤੇ ਫਿਰਕੂ ਹਮਲਿਆਂ ਦਾ ਵਿਰੋਧ ਕਰਦੀ ਹੈ ਜਾਂ ਦੱਬੇ ਕੁਚਲੇ ਲੋਕਾਂ, ਦਲਿਤਾਂ, ਔਰਤਾਂ, ਆਦਿਵਾਸੀਆਂ ਤੇ ਘੱਟ ਗਿਣਤੀ ਵਸੋਂ ਦੇ ਹੱਕਾਂ-ਹਿਤਾਂ ਲਈ ਗੱਲ ਕਰਦੀ ਹੈ। ਸਾਥੀ ਪਾਸਲਾ ਨੇ ਇਹ ਦੋਸ਼ ਵੀ ਲਾਇਆ ਕਿ ਇਸ ਸਰਕਾਰ ਨੂੰ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਵੀ ਕੋਈ ਸਤਿਕਾਰ ਨਹੀਂ। ਏਸੇ ਲਈ ਜਿਹੜਾ ਵੀ ਇਸ ਦੇ ਕਿਸੇ ਵੀ ਲੋਕ ਮਾਰੂ ਜਾਂ ਦੇਸ਼ ਵਿਰੋਧੀ ਕਦਮ ਦੀ ਮੁਖ਼ਾਲਫਤ ਕਰਦਾ ਹੈ, ਉਸ ਨੂੰ ਤੁਰੰਤ ਹੀ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ‘ਸ਼ਹਿਰੀ ਮਾਓਵਾਦ’ ਨੂੰ ਕਾਬੂ ਕਰਨ ਦੇ ਬਹਾਨੇ ਹੇਠ ਕੀਤੀਆਂ ਗਈਆਂ ਇਹ ਅਤੇ ਇਸ ਤੋਂ ਪਹਿਲਾਂ ਵੀ ਕੀਤੀਆਂ ਗਈਆਂ ਸਾਰੀਆਂ ਗ੍ਰਿਫਤਾਰੀਆਂ ਆਰ.ਐਸ.ਐਸ. ਦੇ ਫਿਰਕੂ-ਫਾਸ਼ੀਵਾਦ ਦੇ ਖਤਰਨਾਕ ਮਨਸੂਬਿਆਂ ਦਾ ਹੀ ਰੂਪ ਹਨ। ਉਹਨਾਂ ਸਮੂਹ ਖੱਬੀਆਂ, ਜਮਹੂਰੀ ਤੇ ਇਨਸਾਫ ਪਸੰਦ ਸ਼ਕਤੀਆਂ ਤੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰੀ ਆਜ਼ਾਦੀਆਂ ਤੇ ਜਮਹੂਰੀ ਅਧਿਕਾਰਾਂ ‘ਤੇ ਕੀਤੇ ਗਏ ਇਸ ਨਵੇਂ ਤਾਨਾਸ਼ਾਹੀ ਹਮਲੇ ਦਾ ਇਕਜੁੱਟ ਹੋ ਕੇ ਡਟਵਾਂ ਵਿਰੋਧ ਕੀਤਾ ਜਾਵੇ।

Scroll To Top