Now Reading
ਲੋਕ ਰੋਹ ਦੀ ਕਾਂਗ ਨੂੰ ਲੀਹੋਂ ਲਾਹੁਣ ਲਈ ਹੀ ਕਾਂਡ ਕਰਵਾਏ

ਲੋਕ ਰੋਹ ਦੀ ਕਾਂਗ ਨੂੰ ਲੀਹੋਂ ਲਾਹੁਣ ਲਈ ਹੀ ਕਾਂਡ ਕਰਵਾਏ

ਜਲੰਧਰ : ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ, ਜੋ ਪੰਜਾਬ ਵਿਧਾਨ ਸਭਾ ਅੰਦਰ ਪੇਸ਼ ਕਰ ਦਿੱਤੀ ਗਈ ਹੈ, ਲੋਕਾਂ ਵਾਸਤੇ ਇਕ ਸਬਕ ਹੈ ਤੇ ਉਨ੍ਹਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ।।ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇਥੇ ਜਾਰੀ ਇਕ ਬਿਆਨ ਵਿਚ ਕਹੀ। ਆਪਣੇ ਬਿਆਨ ਵਿੱਚ ਸਾਥੀ ਹਰਕੰਵਲ ਸਿੰਘ ਨੇ ਕਿਹਾ ਹੈ ਕਿ ਰਿਪੋਰਟ ਵਿਚ ਵੇਲੇ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪੁਲਸ ਅਫਸਰਾਂ ਦੇ ਰੋਲ ‘ਤੇ ਉਂਗਲੀ ਉਠਾਈ ਗਈ ਹੈ।।ਰਿਪੋਰਟ ‘ਚ ਕਿਹਾ ਗਿਆ ਹੈ ਕਿ ਘਟਨਾ ਦੌਰਾਨ ਵੇਲੇ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾ ਸਿਰਫ ਜਿਲ੍ਹਾ ਪਰਸ਼ਾਸਨ ਸਗੋਂ ਡੀਜੀਪੀ ਦੇ ਸੰਪਰਕ ਵਿਚ ਸਨ। ਇਸ ਦੇ ਨਾਲ ਹੀ ਉਨ੍ਹਾ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ‘ਚ ਹੋਈ ਫਾਇਰਿੰਗ ਦੀ ਵੀ ਪੂਰੀ ਜਾਣਕਾਰੀ ਸੀ। ਰਿਪੋਰਟ ਅਨੁਸਾਰ ਵੇਲੇ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਕਿਹਾ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾਕ੍ਰਮ ਬਾਰੇ ਬਾਦਲ ਨੂੰ ਪੂਰੀ ਜਾਣਕਾਰੀ ਸੀ। ਆਪਣੇ ਬਿਆਨ ਵਿੱਚ ਸਾਥੀ ਹਰਕੰਵਲ ਸਿੰਘ ਨੇ ਕਿਹਾ ਹੈ ਕਿ ਜੇ ਪਿੱਛੇ ਝਾਤ ਮਾਰੀਏ ਤਾਂ ਇਹ ਉਹ ਸਮਾਂ ਸੀ ਜਦ ਕਿਸਾਨਾਂ-ਮਜ਼ਦੂਰ ਸੰਘਰਸ਼ ਨੇ ਸਰਕਾਰ ਦਾ ਨੱਕ ਵਿਚ ਦਮ ਕੀਤਾ ਹੋਇਆ ਸੀ। ਸੂਬੇ ਵਿਚਲੇ ਮਾਫੀਆ ਰਾਜ ਖਿਲਾਫ ਲੋਕਾਂ ਦਾ ਗੁੱਸਾ ਚਰਮ ਸੀਮਾ ‘ਤੇ ਸੀ। ਆਪਣੇ ਵਿਰੁੱਧ ਉੱਠ ਰਹੀ ਲੋਕ ਰੋਹ ਦੀ ਉਸ ਕਾਂਗ ਨੂੰ ਲੀਹੋਂ ਲਾਹੁਣ ਲਈ ਹੀ ਇਹ ਕਾਂਡ ਕਰਵਾਏ ਗਏ ਸਨ। ਖੱਬੀਆਂ ਪਾਰਟੀਆਂ ਉਸ ਵੇਲੇ ਤੋਂ ਹੀ ਇਹ ਗੱਲ ਕਹਿ ਰਹੀਆਂ ਸਨ ਜੋ ਹੁਣ ਸੱਚ ਸਾਬਤ ਹੋਈ ਹੈ। ਉਨਾ ਅੱਗੇ ਕਿਹਾ ਹੈ ਕਿ ਇਸ ਸਾਰੇ ਵਰਤਾਰੇ ਤੋਂ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਧਰਮ ਦੇ ਨਾਂਅ ‘ਤੇ ਸਿਆਸਤ ਕਰਨ ਵਾਲੀਆਂ ਪਾਰਟੀਆਂ ਲਈ ਧਰਮ ਅਕੀਦੇ ਦਾ ਮਾਮਲਾ ਨਹੀਂ ਸਗੋਂ ਸੱਤਾ ‘ਤੇ ਪਕੜ ਮਜ਼ਬੂਤ ਕਰਨ ਦਾ ਇੱਕ ਹਥਿਆਰ ਮਾਤਰ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਹੀ ਨਹੀਂ, ਸਮੁੱਚੇ ਦੇਸ਼ ਦੇ ਲੋਕਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਜਿਹੜੇ ਸੱਤਾ ‘ਤੇ ਬਿਰਾਜਮਾਨ ਅਤੇ ਸੱਤਾ ਲਈ ਤਰਲੋਮੱਛੀ ਪਾਰਟੀਆਂ ਵਲੋ ਪੈਦਾ ਕੀਤੀਆਂ ਫਿਰਕੂ ਭੜਕਾਹਟਾਂ ਦੇ ਜਾਲ ਵਿਚ ਫਸ ਕੇ ਆਪਣੀ ਜ਼ਿੰਦਗੀ ਦੀ ਬਿਹਤਰੀ ਤੇ ਬਿਹਤਰ ਸਮਾਜ ਦੀ ਉਸਾਰੀ ਦੇ ਨਿਸ਼ਾਨੇ ਤੋਂ ਭਟਕ ਜਾਂਦੇ ਹਨ।

Scroll To Top