ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਦੀ ਬਰਾਂਚ ਮੱਖੀ ਕਲਾਂ ਵਲੋਂ ਪੰਚਾਇਤੀ ਜ਼ਮੀਨ ਵਿਚ ਬੇਜ਼ਮੀਨੇ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ10-10 ਮਰਲੇ ਦੇ ਪਲਾਟ ਅਲਾਟ ਕਰਾਉਣ ਲਈ ਪੰਚਾਇਤੀ ਜ਼ਮੀਨ ਮੱਖੀ ਕਲਾਂ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਜਿਸਦੀ ਅਗਵਾਈ ਪਿੰਡ ਮੱਖੀ ਕਲਾਂ ਦੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਬਗੀਚਾ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਬਗੀਚਾ ਸਿੰਘ ਅਤੇ ਸੰਤੋਖ ਸਿੰਘ ਵਲੋਂ ਕੀਤੀ ਗਈ।
ਇਸ ਮੌਕੇ ਜ਼ਿਲਾ ਪ੍ਰਧਾਨ ਚਮਨ ਲਾਲ ਦਰਾਜਕੇ ਤਹਿਸੀਲ ਪ੍ਰਧਾਨ ਹਰਜੀਤ ਸਿੰਘ ਚੂੰਘ, ਸੰਤੋਖ ਸਿੰਘ, ਜਸਵੰਤ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਚੋਣਾਂ ਦੌਰਾਨ ਗਰੀਬ ਲੋਕਾਂ ਨਾਲ ਪੰਚਾਇਤੀ ਜ਼ਮੀਨਾਂ ਵਿਚੋਂ 5-5 ਮਰਲੇ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਪੂਰਾ ਨਹੀਂ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਡੀਸੀ ਅਤੇ ਐੱਸਡੀਐੱਮ ਭਿੱਖੀਵਿੰਡ ਤੋਂ ਗਰੀਬ ਤੇ ਬੇ ਜ਼ਮੀਨੇ ਸਾਧਨਹੀਣ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ 10-10 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਡੀ ਇਸ ਮੰਗ ਵਲ ਧਿਆਨ ਨਾ ਦਿੱਤਾ ਤਾਂ 8-10 ਦਿਨ ਦੇ ਧਰਨੇ ਤੋਂ ਬਾਅਦ ਉਹ ਖੁਦ ਪਲਾਟਾਂ ਦੀ ਵੰਡ ਕਰ ਲੈਣਗੇ। ਦਿਹਾਤੀ ਮਜ਼ਦੂਰ ਸਭਾ ਅਤੇ ਪਿੰਡ ਮੱਖੀ ਕਲਾਂ ਦੇ ਵਾਸੀਆਂ ਵਲੋਂ ਲਗਾਇਆ ਗਿਆ ਮੋਰਚਾ ਪਲਾਟ ਅਲਾਟ ਕਰਾਉਣ ਤੱਕ ਜਾਰੀ ਰਹੇਗਾ।