Now Reading
ਹਸਪਤਾਲ ਵਿੱਚ ਲੇਡੀ ਡਾਕਟਰ ਨਾ ਹੋਣ ਕਾਰਨ ਧਰਨਾ

ਹਸਪਤਾਲ ਵਿੱਚ ਲੇਡੀ ਡਾਕਟਰ ਨਾ ਹੋਣ ਕਾਰਨ ਧਰਨਾ

ਫਿਲੌਰ – ਇੱਥੋਂ ਦੇ ਸਿਵਲ ਹਸਪਤਾਲ ‘ਚ ਡਲਿਵਰੀ ਕੇਸ ਦੌਰਾਨ ਇੱਕ ਗ਼ਰੀਬ ਔਰਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਔਰਤ ਦੀ ਮਦਦ ਲਈ ਪੁੱਜੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਡਿਊਟੀ ‘ਤੇ ਮੌਜੂਦ ਡਾਕਟਰ ਨੇ ਗ਼ਰੀਬ ਔਰਤ ਦੀ ਡਲਿਵਰੀ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਹਸਪਤਾਲ ‘ਚ ਲੇਡੀ ਡਾਕਟਰ ਅਤੇ ਬਾਕੀ ਸਹੂਲਤਾਂ ਨਹੀਂ ਹਨ। ਸੋਨੀਆ ਪਤਨੀ ਰਮਨ ਕੁਮਾਰ ਵਾਸੀ ਮੁਹੱਲਾ ਸੰਤੋਖਪੁਰਾ ਫਿਲੌਰ ਜਦੋਂ ਹਸਪਤਾਲ ਦਾਖਲ ਹੋਈ ਤਾਂ ਉਸ ਨੂੰ ਕਥਿਤ ਤੌਰ ’ਤੇ ਜਲੰਧਰ ਜਾਂ ਲੁਧਿਆਣਾ ਜਾਣ ਲਈ ਕਿਹਾ, ਜਿਸ ‘ਤੇ ਮਰੀਜ਼ ਦੇ ਵਾਰਸਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਫਿਲੌਰ ਦੇ ਧਿਆਨ ‘ਚ ਮਾਮਲਾ ਲਿਆਂਦਾ। ਮਰੀਜ਼ ਨੂੰ ਰੈਫ਼ਰ ਕਰਨ ‘ਤੇ ਗ਼ੁੱਸੇ ‘ਚ ਆਏ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਫਿਲੌਰ ਦੇ ਬਾਹਰ ਧਰਨਾ ਲਗਾ ਦਿੱਤਾ, ਜਿਸ ਦੀ ਅਗਵਾਈ ਜਰਨੈਲ ਫਿਲੌਰ ਅਤੇ ਭਾਵਾਧਸ ਦੇ ਆਗੂ ਸੁਰਿੰਦਰ ਡਾਵਰ ਨੇ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਰੀਜ਼ ਦੀ ਡਲਿਵਰੀ ਇਸ ਹਸਪਤਾਲ ਵਿਚ ਨਾ ਕੀਤੀ ਤਾਂ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਅੰਦੋਲਨ ਕੀਤਾ ਜਾਵੇਗਾ। ਇਸ ਧਰਨੇ ਮੌਕੇ ਦੇਵ ਫਿਲੌਰ, ਸ਼ੰਕਰ ਸੰਧੂ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਫਿਲੌਰ, ਮੱਖਣ ਸੰਗਰਾਮੀ, ਅੰਬੇਡਕਰੀ ਆਗੂ ਦੀਪਕ ਰਸੂਲਪੁਰੀ, ਜਗਨਨਾਥ ਜੱਗੀ, ਰਾਜ ਕੁਮਾਰ ਵਿੱਕੀ, ਜਗਤਾਰ ਕਤਪਾਲੋਂ, ਗੁਰਦੀਪ ਗੋਗੀ, ਕੌਂਸਲਰ ਸੁਨੀਤਾ ਫਿਲੌਰ, ਕਮਲਜੀਤ ਕੌਰ ਬੰਗੜ ਹਾਜ਼ਰ ਸਨ। ਹਸਪਤਾਲ ਦੇ ਐਸਐਮਓ ਡਾ. ਰਿਚਾ ਬਾਲਾ ਨੇ ਕਿਹਾ ਕਿ ਔਰਤਾਂ ਦੀ ਮਾਹਿਰ ਡਾਕਟਰ ਛੁੱਟੀ ’ਤੇ ਹੋਣ ਕਾਰਨ ਮਰੀਜ਼ ਜਲੰਧਰ ਰੈਫਰ ਕਰ ਦਿੱਤਾ ਗਿਆ।

Scroll To Top