ਸਤਨਾਮ ਚਾਨਾ
(ੳ)
ਗੁਰੂ ਨਾਨਕ ਦੇਵ ਦੀ ਬਾਣੀ ਬ੍ਰਹਿਮੰਡ ਤੋਂ ਲੈ ਕੇ ਪ੍ਰਿਥਵੀ ਤੱਕ, ਪ੍ਰਕਿਰਤੀ ਤੋਂ ਲੈ ਕੇ ਮਾਨਵਤਾ ਤੱਕ ਦੀਆਂ ਸਭ ਹੋਂਦਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਇਸ ਵਿਚ ਹਰ ਖੰਡ ਅਤੇ ਹਰ ਪਰਤ ਦੀ ਤਰਕ ਪੂਰਨ ਵਿਆਖਿਆ ਹੈ। ਇਸੇ ਤਰ੍ਹਾਂ ਸਮਾਜ, ਆਰਥਿਕਤਾ, ਸਭਿਆਚਾਰ ਅਤੇ ਸੱਤਾ ਦਾ ਵਿਸ਼ਲੇਸ਼ਣ ਕਰਦਿਆਂ, ਦਰਪੇਸ਼ ਪੇਚੀਦਗੀਆਂ ਅਤੇ ਮੁਸੀਬਤਾਂ ਤੋਂ ਛੁਟਕਾਰੇ ਦਾ ਰਾਹ ਦਰਸਾਇਆ ਗਿਆ ਹੈ। ਜੋ ਸੁਝਾਅ ਦਿੱਤੇ ਗਏ ਹਨ ਉਨ੍ਹਾਂ ਦਾ ਮੂਲ ਤੱਤ ਇਹ ਹੈ ਕਿ ਇਨਸਾਨ ਹਰ ਸਮੱਸਿਆ ਨੂੰ ਸਾਂਝੇ ਯਤਨਾਂ ਨਾਲ ਸੁਲਝਾਅ ਸਕਦੇ ਹਨ। ਕਿਰਤ ਕਮਾਈ ਕਰਨ ਵਾਲੇ ਵਰਗਾਂ, ਜਿਨ੍ਹਾਂ ਨੂੰ ਘਾਲ ਖਾਣ ਵਾਲੇ ਵੀ ਕਿਹਾ ਗਿਆ ਹੈ, ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਸ਼ਰੇਣੀਆਂ ਵਿਚ ਭੁਲੇਖਾ ਰਹਿਤ ਨਿਖੇੜਾ ਹੈ। ਆਰਥਿਕ ਅਤੇ ਬੌਧਿਕ ਸ਼ੋਸ਼ਣ ਦੀ ਭਰਪੂਰ ਨਿੰਦਾ ਹੈ। ਜਿਥੋਂ ਤੱਕ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਅਧਿਆਤਮਕ ਪੱਖ ਹੈ ਉਸ ਵਿਚ ਪ੍ਰਮਾਤਮਾ ਦੀ ਹੋਂਦ, ਜਿਸਨੇ ਭਾਰਤੀ ਲੋਕ ਚੇਤਨਾ ਨੂੰ ਆਪਣੀ ਪੀਡੀ ਗ੍ਰਿਫਤ ਵਿਚ ਲਿਆ ਹੋਇਆ ਹੈ, ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਬਿਆਨਿਆ ਗਿਆ ਹੈ ਜੋ ਰਵਾਇਤੀ ਬੰਦਸ਼ਾਂ ਨੂੰ ਤੋੜਦਾ ਹੈ ਅਤੇ ਭਟਕਣਾਂ ਨੂੰ ਠੱਲ੍ਹ ਪਾਉਂਦਾ ਹੈ, ਸਵੈ ਸੁਧਾਰ, ਸਮਾਜ ਕਲਿਆਣ ਤੇ ਇਨਸਾਫ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਅੰਤ ਵਿਚ ਸੰਗਤ ਨੂੰ ਸਰਵ ਸਮਰੱਥ ਸ਼ਕਤੀ ਵਜੋਂ ਉਭਾਰਦਾ ਹੈ। ਜਦੋਂ ਅਸੀਂ ਉਸ ਸਮੇਂ ਦੀ ਸਮਾਜਿਕ ਮਨੋ ਵੇਦਨਾ ਅਤੇ ਵਿਚਾਰ ਸੰਚਾਰ ਨੂੰ ਵਿਚਾਰਦੇ ਹਾਂ ਤਾਂ ਗੁਰੂ ਨਾਨਕ, ਸਮਾਜ ਦੁਆਲੇ ਉਣੇ ਸੰਘਣੇ ਭਰਮ ਜਾਲ੍ਹ ਵਿਰੁੱਧ ਵਿਦਰੋਹ ਪੈਦਾ ਕਰਦੇ ਹੋਏ ਨਜ਼ਰ ਆਉਂਦੇ ਹਨ।
ਸਾਡੇ ਸਮਾਜ ਦੀਆਂ ਕਈ ਮਹੱਤਵਪੂਰਨ ਵਿਸ਼ੇਸ਼ਤਾਈਆਂ ਦੀ ਕੁੰਜੀਵਤ ਭੂਮਿਕਾ ਚਲੀ ਆ ਰਹੀ ਹੈ ਜਿਨ੍ਹਾਂ ਨੂੰ ਦਰਕਿਨਾਰ ਕਰਕੇ ਕੋਈ ਵੀ ਵਿਚਾਰ ਚਰਚਾ ਫਲਦਾਇਕ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਇਹ ਵਿਸ਼ੇਸ਼ਤਾਈਆਂ ਯਥਾਰਥ ਹਨ ਜੋ ਵਿਚਾਰ ਅਤੇ ਸੰਘਰਸ਼ ਦਾ ਰੂਪ ਤਰਾਸ਼ਣ ਵਿਚ ਵੀ ਕੁੰਜੀਵਤ ਭੂਮਿਕਾ ਨਿਭਾਉਂਦੀਆਂ ਹਨ। ਜਿਹੜੇ ਵਿਚਾਰ ਅਤੇ ਵਿਧੀ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਹੁੰਦੇ ਉਹ ਬੇਨਤੀਜ਼ਾ ਰਹਿੰਦੇ ਹਨ ਜਾਂ ਵਿਪਰੀਤ ਨਤੀਜੇ ਪੈਦਾ ਕਰਦੇ ਹਨ। ਸਮਾਜੀ ਕ੍ਰਾਂਤੀ ਦਾ ਸੰਘਰਸ਼ ਨਿਰੰਤਰ ਹੈ ਜੋ ਇਕ ਪਲ ਲਈ ਵੀ ਅਰਾਮ ਦੀ ਮੁਦਰਾ ਵਿਚ ਨਹੀਂ ਹੁੰਦਾ। ਇਹ ਉਦੋਂ ਤੋਂ ਹੀ ਚੱਲ ਰਿਹਾ ਹੈ ਜਦੋਂ ਸ਼੍ਰੇਣੀਆਂ ਪੈਦਾ ਹੋਈਆਂ ਹਨ। ਮਨੁੱਖ ਨੇ ਸੰਗਠਤ ਲੜਾਈ ਤਾਂ ਅਨੇਕ ਸਦੀਆਂ ਬਾਅਦ ਸਿੱਖੀ ਸੀ। ਫਿਰ ਵੀ ਮਨੁੱਖ ਪੜਾਅ ਵਾਰ ਆਪਣੇ ਵਿਚਾਰ ਵਿਕਸਤ ਕਰਦਾ ਅਤੇ ਸਮਾਜੀ ਪਰਿਵਰਤਨ ਲਿਆਉਂਦਾ ਰਿਹਾ ਸੀ। ਗੁਰੂ ਨਾਨਕ ਦੀ ਵਿਚਾਰਧਾਰਾ ਦਾ ਮਹੱਤਵ ਮੱਧਕਾਲ ਦੀਆਂ ਵਿਸ਼ੇਸ਼ਤਾਈਆਂ ਅਤੇ ਸਮਾਜੀ ਰਿਸ਼ਤਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਸ ਸਮੇਂ ਹੋਂਦ ਵਿਚ ਰਹੀਆਂ ਸ਼੍ਰੇਣੀਆਂ ਅਤੇ ਸ਼੍ਰੇਣੀਆਂ ਦੇ ਅੰਦਰਲੀਆਂ ਪਰਤਾਂ ਦੇ ਹਿਤ ਕੀ ਸਨ ਅਤੇ ਲੱਛਣ ਕੀ ਸਨ? ਇਕ ਸ਼੍ਰੇਣੀ ਵਿਚਲੇ ਵਿਭਿੰਨ ਧੜੇ ਜਿੱਥੇ ਰਾਜਨੀਤਕ ਅਤੇ ਆਰਥਿਕ ਪ੍ਰਭੂਸੱਤਾ ਦੀ ਖੋਹਖਿੱਚ ਵਿਚ ਲੱਗੇ ਹੋਏ ਸਨ ਉਥੇ ਦੂਜੀ ਸ਼੍ਰੇਣੀ, ਜੋ ਕਿ ਵਿਸ਼ਾਲ ਜਨ ਸਮੂਹ ਸੀ, ਦੀਆਂ ਵਿਭਿੰਨ ਤੈਹਾਂ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਕਿਰਿਆਵਾਂ ਚਲ ਰਹੀਆਂ ਸਨ। ਇਕ ਸਮੂਹ ਜਿੱਥੇ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਿਹਾ ਸੀ ਉਥੇ ਦੂਜਾ ਸਮੂਹ ਅਜੇ ਈਸ਼ਵਰ ਦੀ ਅਰਾਧਨਾ ਦਾ ਅਧਿਕਾਰ ਪ੍ਰਾਪਤ ਕਰਨ ਲਈ ਲੜ ਰਿਹਾ ਸੀ। ਤੀਜੇ ਸਮੂਹ ਨੂੰ ਤਾਂ ਅਜੇ ਪੂਰਨ ਇਨਸਾਨ ਵੀ ਨਹੀਂ ਸੀ ਮੰਨਿਆ ਗਿਆ। ਉਹ ਕੇਵਲ ਇਨਸਾਨਾਂ ਦਾ ਦਰਜਾ ਹਾਸਲ ਕਰਨ ਲਈ ਲੜ ਰਹੇ ਸਨ। ਉਨ੍ਹਾਂ ਦੀ ਹਾਲਤ ਅਧੂਰੇ ਜੀਵਾਂ ਵਾਲੀ ਬਣਾਈ ਹੋਈ ਸੀ। ਇਸ ਕਰਕੇ ਭਿੰਨ-ਭਿੰਨ ਲੋਕ ਸਮੂਹਾਂ ਲਈ ਕ੍ਰਾਂਤੀ ਦਾ ਆਪਣਾ ਆਪਣਾ ਅਰਥ ਸੀ। ਉਨ੍ਹਾਂ ਕੋਲ ਆਪਣੇ ਹੀ ਵਿਲੱਖਣ ਸੰਘਰਸ਼ ਵਿਚੋਂ ਕਮਾਏ ਹੋਏ ਵਿਚਾਰ ਅਤੇ ਵਿਧੀਆਂ ਵੀ ਸਨ ਜਿਨ੍ਹਾਂ ਨੇ ਨਵੇਂ ਵਿਚਾਰਾਂ ਅਤੇ ਵਿਧੀਆਂ ਦਾ ਆਧਾਰ ਬਣਨਾ ਸੀ। ਉਨ੍ਹਾਂ ਅੰਦਰ ਸਦੀਆਂ ਤੋਂ ਮੌਜੂਦ ਸੰਵੇਦਨਾਵਾਂ, ਸਿਰਜਣਾਵਾਂ ਅਤੇ ਮਾਨਵ ਕਲਿਆਣ ਦੀਆਂ ਕੋਮਲ ਭਾਵਨਾਵਾਂ ਨੂੰ ਗੁਰੂ ਨਾਨਕ ਨੇ ਸੂਤਰਬੱਧ ਕਰਕੇ ਸਦੀਵੀਂ ਅਤੇ ਸਰਬ ਸਥਾਨੀ ਸੱਚ ਦੇ ਫਲਸਫੇ ਵਿਚ ਤਬਦੀਲ ਕਰ ਦਿੱਤਾ। ਗੁਰੂ ਨਾਨਕ ਦੇ ਫਲਸਫੇ ਦੀ ਮਹਾਨਤਾ ਇਹ ਵੀ ਹੈ ਕਿ ਇਹ ਭੂਗੋਲਿਕ ਸੀਮਾਵਾਂ ਅੰਦਰ ਹੀ ਨਹੀਂ ਸਗੋਂ ਪੂਰੇ ਵਿਸ਼ਵ ਲਈ ਸਾਰਥਿਕ ਹੈ। ਇਹ ਫਲਸਫਾ, ਭਾਵੇਂ ਕਿ ਪੂਰੀ ਮਾਨਵਤਾ ਦੇ ਸਮਾਜੀ ਅਤੇ ਸਿਆਸੀ ਜੀਵਨ ਉਤੇ ਲਾਗੂ ਹੋਣ ਯੋਗ ਹੈ। ਪਰ ਪੰਜਾਬ ਦੀ ਧਰਤੀ, ਗੁਰੂ ਸਾਹਿਬ ਦੀ ਜੰਮਣ ਭੋਂ ਹੋਣ ਕਾਰਨ, ਇਸ ਨੂੰ ਆਪਣਾ ਕਹਿਣ ਉਤੇ ਪਹਿਲਾ ਅਧਿਕਾਰ ਰੱਖਦੀ ਹੈ।
(ਅ)
ਪਿਛਲੇ ਕੁੱਝ ਦਹਾਕਿਆਂ ਦੌਰਾਨ ਗੁਰੂ ਨਾਨਕ ਪ੍ਰਤੀ ਕਸ਼ਿਸ਼ ਪੂਰੇ ਵਿਸ਼ਵ ਵਿਚ ਵਧੀ ਹੈ। ਇਹ ਕਸ਼ਿਸ਼ ਵਿਸ਼ਵ ਵਿਚ ਫੈਲੇ ਹੋਏ ਸਿੱਖਾਂ ਤੱਕ ਹੀ ਸੀਮਤ ਨਹੀਂ ਸਗੋਂ ਦੂਜੀਆਂ ਕੌਮਾਂ ਦੇ ਚਿੰਤਕਾਂ ਵਿਚ ਵੀ ਪਾਈ ਜਾ ਰਹੀ ਹੈ। ਯੂਰੋਪ ਅਤੇ ਉਤਰੀ ਅਮਰੀਕਾ ਦੇ ਰਾਜਨੀਤਕ, ਹਲਕਿਆਂ ਨੇ ਵੀ ਇਸ ਪ੍ਰਤੀ ਆਪਣਾ ਲਗਾਓ ਪ੍ਰਗਟ ਕੀਤਾ ਹੈ, ਕੁਝ ਦੇਸ਼ਾਂ ਦੀਆਂ ਪਾਰਲੀਮੈਂਟਾਂ ਅਤੇ ਅਸੰਬਲੀਆਂ ਨੇ ਵੀ ਗੁਰੂ ਨਾਨਕ ਦੇ ਵਿਚਾਰਾਂ ਦੀ ਪ੍ਰਸੰਸਾ ਕੀਤੀ ਹੈ। ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ, ਪਹਿਲਾਂ ਮਨਾਏ ਜਾਂਦੇ ਰਹੇ ਪੁਰਬਾਂ ਦੇ ਮੁਕਾਬਲੇ ਬਹੁਤ ਵਿਸ਼ਾਲ ਅਤੇ ਗੁਣਾਤਮਕ ਪੱਖੋਂ ਬਹੁਤ ਵੱਖਰਾ ਹੈ। ਜਸ਼ਨਾਂ ਦੀ ਯੋਜਨਾਬੰਦੀ ਵਿਚ ਭਾਰਤ-ਪਾਕਿ ਦੀਆਂ ਸਰਕਾਰਾਂ ਦੀ ਸਿੱਧੀ ਸ਼ਮੂਲੀਅਤ ਨੇ ਇਸਦਾ ਮਹੱਤਵ ਹੋਰ ਵਧਾ ਦਿੱਤਾ ਹੈ। ਨਿਰਸੰਦੇਹ, ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਕਾਰ ਮਿੱਤਰਤਾ ਦਾ ਪੁਲ ਬਣੇਗਾ ਪਰ ਪੁਰਬ ਦੀ ਅਸਲ ਮਹੱਤਤਾ ਗੁਰੂ ਨਾਨਕ ਦੀ ਵਿਚਾਰਧਾਰਾ ਕਾਰਨ ਹੈ ਜੋ ਹਾਲ ਦੀ ਘੜੀ ਰਾਜਨੀਤਕ ਬਹਿਸਬਾਜ਼ੀ ਕਾਰਨ ਅਤੇ ਨੇਤਾਵਾਂ ਵਲੋਂ ਆਭਾ ਖੱਟਣ ਦੀ ਦੌੜ ਕਾਰਨ ਉਸ ਰੌਸ਼ਨੀ ਵਿਚ ਨਹੀਂ ਹੈ ਜਿਸ ਦੀ ਕਿ ਇਹ ਅਧਿਕਾਰੀ ਹੈ। ਇਸ ਉਪਰ ਅੱਜ ਅਤੇ ਭਲਕ ਦੀਆਂ ਮੁਸੀਬਤਾਂ ਦੇ ਪ੍ਰਸੰਗ ਵਿਚ ਵਿਆਪਕ ਚਰਚਾ ਛਿੜਨ ਦੇ ਆਸਾਰ ਹਨ। ਜਲਦੀ ਹੀ ਇਹ ਪ੍ਰਸ਼ਨ ਵੀ ਜ਼ੋਰ ਫੜੇਗਾ ਕਿ ਕੀ ਜਸ਼ਨਾਂ ਵਿਚ ਸ਼ਾਮਲ ਸਰਕਾਰਾਂ ਆਪਣੀਆਂ ਨੀਤੀਆਂ ਦੀ ਬਾਬਾ ਨਾਨਕ ਦੀ ਵਿਚਾਰਧਾਰਾ ਦੇ ਅਨੁਕੂਲ ਬਣਾਉਣਗੀਆਂ?
ਪਿਛਲੇ ਸਮੇਂ ਵਿਚ ਜਿਸ ਪ੍ਰਕਾਰ ਪੰਜਾਬੀਆਂ ਦਾ ਚਰਿੱਤਰ ਉਭਰਿਆ ਹੈ ਅਤੇ ਉਨ੍ਹਾਂ ਦੇ ਕਾਰਜ ਸਾਹਮਣੇ ਆਏ ਹਨ ਉਸਨੇ ਦੂਰ ਦੁਰਾਡੇ, ਖਾਸ ਕਰਕੇ ਸੰਕਟ ਮਾਰੇ ਲੋਕਾਂ ਅੰਦਰ ਗੁਰੂ ਨਾਨਕ ਪ੍ਰਤੀ ਦਿਲਚਸਪੀ ਵਧਾਈ ਹੈ। ਉਹ ਉਸ ਸਰੋਤ ਬਾਰੇ ਜਾਣਨਾ ਚਾਹੁੰਦੇ ਹਨ ਜਿਸਨੇ ਉਨ੍ਹਾਂ ਦੇ ਮਨਾਂ ਵਿਚ ਅਜਿਹੀਆਂ ਭਾਵਨਾਵਾਂ ਪੈਦਾ ਕੀਤੀਆਂ ਹਨ ਅਤੇ ਮਾਨਵਤਾ, ਬਰਾਬਰਤਾ ਤੇ ਸਾਂਝੀਵਾਲਤਾ ਦਾ ਬੀਜ ਬੀਜਿਆ ਹੈ। ਸਬੱਬ ਨਾਲ 550ਵਾਂ ਪ੍ਰਕਾਸ਼ ਪੁਰਬ ਉਸ ਸਮੇਂ ਆਇਆ ਹੈ ਜਦੋਂ ਸਮਾਜ ਅੰਨ੍ਹੀ ਗਲ੍ਹੀ ਵਿਚ ਫਸਿਆ ਹੋਇਆ ਹੈ ਅਤੇ ਗੁਰੂ ਨਾਨਕ ਦਰਸ਼ਨ ਨੂੰ ਉਮੀਦ ਦੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ।
ਹਰ ਪੀੜ੍ਹੀ ਆਪਣੇ ਪੁਰਖਿਆਂ ਦੇ ਵਿਗਸਾਏ ਚਿੰਤਨ ਅਤੇ ਵਿਧੀਆਂ ਤੋਂ ਹੀ ਰੌਸ਼ਨੀ ਲੈ ਕੇ, ਆਪਣੇ ਸਮੇਂ ਦੀਆਂ ਮੁਸੀਬਤਾਂ ਸੁਲਝਾਉਂਦੀ ਆਈ ਹੈ। ਸੂਝ ਦੀਆਂ ਪਹਿਲੀਆਂ ਪੈੜਾਂ ਦੇ ਬਾਹਰੋ ਬਾਹਰ ਜਾਂ ਨਵਾਂ ਨਿਕੋਰ ਰਸਤਾ ਕੋਈ ਨਹੀਂ ਹੁੰਦਾ। ਹਰ ਸਮਾਜ ਦੇ ਮੌਲਿਕ ਚਿੰਤਨ ਦਾ ਆਪਣਾ ਪ੍ਰਵਾਹ ਹੁੰਦਾ ਹੈ ਜਿਸ ਤੋਂ ਬਾਹਰ ਨਿਕਲਕੇ ਤੈਰਨ ਵਾਲਾ ਡੁੱਬ ਜਾਂਦਾ ਹੈ। ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀਆਂ ਰਸਮੀ ਸਰਗਰਮੀਆਂ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਦੀਆਂ ਗਹਿਰਾਈਆਂ ਵਿਚ ਲੈ ਜਾਣ ਦੀ ਲੋੜ ਹੈ। ਇਹ ਫਰਜ਼ ਮਾਨਵ ਹਤੈਸ਼ੀ ਬੁੱਧੀਜੀਵੀਆਂ ਦਾ ਹੈ।
ਗੁਰੂ ਨਾਨਕ ਨੇ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਦੀ ਸਰਲ ਅਤੇ ਸਫਲ ਵਿਧੀ ਸਮਾਜ ਨੂੰ ਦਿੱਤੀ ਸੀ। ਉਹ ਕੇਵਲ ਧਾਰਮਿਕ ਗੁਰੂ ਹੀ ਨਹੀਂ ਸਗੋਂ ਮਾਨਵੀ ਇਤਿਹਾਸ ਦੀ ਪਹਿਲੀ ਅਜਿਹੀ ਕ੍ਰਾਂਤੀ ਦੇ ਨਿਰਮਾਤਾ ਵੀ ਹਨ ਜਿਸ ਦੀ ਇੱਛਾ, ਘਾਲ ਖਾਣ ਵਾਲੇ ਕਾਮਿਆਂ ਦੇ ਦਿਲਾਂ ਅੰਦਰ ਤਾਂ ਯੁੱਗਾਂ ਤੋਂ ਮੌਜੂਦ ਸੀ ਪਰ ਉਨ੍ਹਾਂ ਨੇ ਕਦੇ ਇਹ ਸੁਪਨਾ ਨਹੀਂ ਲਿਆ ਸੀ ਕਿ ਉਹ ਦੁੱਖਦਾਈ ਵਿਵਸਥਾ ਨੂੰ ਖੁਦ ਹੀ ਬਦਲ ਸਕਦੇ ਹਨ। ਉਨ੍ਹਾਂ ਅੰਦਰ ਇਹ ਸੁਪਨਾ ਗੁਰੂ ਨਾਨਕ ਨੇ ਸੰਜੋਇਆ ਅਤੇ ਸਾਕਾਰ ਕਰਨ ਦੇ ਗੁਰ ਦੱਸੇ, ਜਿਵੇਂ ਕਿ : ਸਰਬੱਤ ਦਾ ਭਲਾ…., ਸਭੇ ਸਾਂਝੀਵਾਲ ਸਦਾਇਨ…, ਖਾਵਹਿ ਖਰਚਹਿ ਰਲ ਮਿਲ ਭਾਈ…, ਘਾਲ ਖਾਇ ਕਿਛੁ ਹੱਥੋਂ ਦੇਇ…, ਨੀਚਾਂ ਅੰਦਰ ਨੀਚ ਜਾਤ…., ਪਾਪਾਂ ਬਾਜਹੁ ਹੋਵੇ ਨਹੀਂ…., ਜੋ ਰੱਤ ਪੀਵਹਿ ਮਾਣਸਾ ਤਿਨ ਕਿਉ ਨਿਰਮਲ ਚੀਤੁ…, ਕੂੜ ਬੋਲਿ ਮੁਰਦਾਰ ਖਾਇ…., ਕਲਿ ਕਾਤੀ ਰਾਜੇ ਕਸਾਈ…, ਰਾਜੇ ਸ਼ੀਹ ਮੁਕਦਮ ਕੁੱਤੇ….. ਆਦਿ। ਗੁਰੂ ਦੇ ਗੁਰ, ਛੇਵੀਂ ਪਾਤਸ਼ਾਹੀ ਨੂੰ ਇਸ ਪ੍ਰਤਿੱਖਿਆ ਤੱਕ ਲੈ ਗਏ ਸਨ : ਦੇਸ ਰਾਜ ਮੈਂ ਤਿੰਨ ਕਾ ਲੈਹੋਂ, ਗਰੀਬ ਅਨਾਥਨ ਕੋ ਸਭ ਦੈਹੋਂ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਸੰਖੇਪ ਜਿਹਾ ਭਾਵ ਹੈ ਜੋ ਸੰਪੂਰਨ ਰੂਪ ਵਿਚ ਕਾਫੀ ਵਿਸਤਰਤ ਹੈ, ਵਿਆਖਿਆਮਈ ਹੈ, ਜਿਸਨੇ ਆਪਣੀ ਸਾਰਥਕਤਾ ਸਿੱਧ ਕਰ ਦਿਖਾਈ ਅਤੇ ਯੁੱਗਾਂ ਦੇ ਕੁਚਲੇ ਮਜ਼ਲੂਮ, ਦੁਨੀਆਂ ਦੀ ਮਹਾਂ ਸ਼ਕਤੀ ਨਾਲ ਟੱਕਰਾ ਗਏ ਅਤੇ ਇਕ ਵਾਰ ਤਾਂ ਆਪਣੀ ਸੱਤਾ ਸਥਾਪਤ ਕਰਨ ਵਿਚ ਵੀ ਸਫਲ ਹੋ ਗਏ।
ਹਰ ਚੰਗੇ ਅਤੇ ਬੁਰੇ ਕਰਮ ਦੀ ਵਿਚਾਰਧਾਰਾ ਹੁੰਦੀ ਹੈ। ਇਨ੍ਹਾਂ ਵਿਚਾਰਧਾਰਾਵਾਂ ਦੇ ਅੰਦਰ ਅਨੇਕਾਂ ਉਪ-ਚਿੰਤਨ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਖਹਿਬਾਜ਼ੀ ਬਣੀ ਰਹਿੰਦੀ ਹੈ। ਇਨ੍ਹਾਂ ਵਿਚਾਰਧਾਰਾਵਾਂ ਦੀ ਪ੍ਰਤੀਨਿੱਧਤਾ ਵੱਖ-ਵੱਖ ਵਰਗ ਕਰਦੇ ਹਨ। ਜਿਹੜਾ ਵਰਗ ਰਾਜ ਭਾਗ ਅਤੇ ਵਸੀਲਿਆਂ ਦੀ ਜੰਗ ਹਾਰ ਜਾਂਦਾ ਹੈ, ਉਹ ਅਸਲ ਵਿਚ ਬਹੁਤ ਦੇਰ ਪਹਿਲਾਂ ਵਿਚਾਰਧਾਰਕ ਜੰਗ ਹਾਰ ਚੁੱਕਾ ਹੁੰਦਾ ਹੈ। ਕਾਰਨ ਕੋਈ ਵੀ ਰਹੇ ਹੋਣ। ਹਾਲ ਦੀ ਘੜੀ ਸਮਾਨਤਾ, ਸਾਂਝੀਵਾਲਤਾ ਅਤੇ ਇਨਸਾਫ ਦੇ ਸੰਘਰਸ਼ ਵਿਚ ਖੜੋਤ ਆ ਗਈ ਹੈ। ਜਦੋਂਕਿ ਇਸ ਧਾਰਾ ਦੇ ਬੁੱਧੀਜੀਵੀਆਂ ਦੀ ਗਿਣਤੀ ਬੇਸ਼ੁਮਾਰ ਹੈ। ਬਾਬਾ ਨਾਨਕ ਤੋਂ ਇਹ ਸਿੱਖਣ ਦੀ ਵੀ ਲੋੜ ਹੈ ਕਿ ਉਹ ਇਕੱਲੇ ਹੀ, ਆਪਣੇ ਇਕ ਰਬਾਬੀ ਸਾਥੀ ਨੂੰ ਨਾਲ ਲੈ ਕੇ ਤੁਰੇ ਸਨ ਅਤੇ ਕਰੋੜਾਂ ਮਜ਼ਲੂਮਾਂ ਦੇ ਹਿਰਦਿਆਂ ਅੰਦਰ ਕਰਾਂਤੀ ਦੀ ਜੋਤ ਜਗਾਉਣ ਵਿਚ ਸਫਲ ਹੋ ਗਏ। ਉਨ੍ਹਾਂ ਦੀ ਸਫਲਤਾ ਦਾ ਕਾਰਨ ਉਨ੍ਹਾਂ ਦੀ ਉਤਮ ਵਿਚਾਰਧਾਰਾ ਸੀ ਜੋ ਸਦੀਆਂ ਦੇ ਸਮਾਜੀ ਸੰਘਰਸ਼ਾਂ ਵਿਚੋਂ ਨਿਰੰਤਰ ਰਿਸਦੇ ਰਹੇ ਚਿੰਤਨ ਦਾ ਸਹੀ ਨਿਚੋੜ ਸੀ। ਜਿਸਨੂੰ ਉਨ੍ਹਾਂ ਨੇ ਨਾ ਕੇਵਲ ਪ੍ਰਚਾਰਿਆ ਹੀ ਸਗੋਂ ਸਭਿਆਚਾਰ ਵਿਚ ਤਬਦੀਲ ਕਰਕੇ ਜਨ ਸਧਾਰਨ ਦੇ ਲਹੂ ਵਿਚ ਸੰਚਾਰ ਕਰਨ ਲਾ ਦਿੱਤਾ।
550ਵਾਂ ਪ੍ਰਕਾਸ਼ ਪੁਰਬ, ਅਸਲ ਵਿਚ, ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪੁਰਬ ਹੈ। ਉਂਝ ਵੀ, ਜਦੋਂ ਕਿਸੇ ਗੁਰੂ, ਪੈਗੰਬਰ ਜਾਂ ਚਿੰਤਕ ਦਾ ਪੁਰਬ ਮਨਾਇਆ ਜਾਂਦਾ ਹੈ ਤਾਂ ਪੁਰਬ ਉਸ ਦੀ ਵਿਚਾਰਧਾਰਾ ਅਤੇ ਉਸ ਵਿਚਾਰਧਾਰਾ ਕਾਰਨ ਕੀਤੀ ਉਸਦੀ ਘਾਲਣਾ ਦਾ ਹੀ ਮਨਾਇਆ ਜਾਂਦਾ ਹੈ। ਪੁੁਰਬ ਮਨਾਉਣ ਵਾਲਿਆਂ ਦੀ ਭਾਵਨਾਤਮਕਤਾ ਜਾਂ ਭਾਵੁਕਤਾ ਅਤੇ ਜੋਸ਼ ਉਸ ਵਿਚਾਰਧਾਰਾ ਦੀ ਸਫਲਤਾ ਦਾ ਪੈਮਾਨਾ ਹੁੰਦੇ ਹਨ। ਮੁਸੀਬਤਾਂ ਜਦੋਂ ਨਵੀਂ ਕਰਵਟ ਲੈਂਦੀਆਂ ਹਨ ਤਾਂ ਉਹ ਲੋਕ ਵੱਡੀਆਂ ਉਮੀਦਾਂ ਨਾਲ ਫਿਰ ਉਸ ਵਿਚਾਰਧਾਰਾ ਦਾ ਓਟ ਆਸਰਾ ਭਾਲ੍ਹਦੇ ਹਨ ਜਿਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਸੰਕਟ ਮੁਕਤ ਕੀਤਾ ਹੁੰਦਾ ਹੈ। ਜਿਹੜਾ ਚਿੰਤਨ ਮਨ ਘੜਤ ਹੁੰਦਾ ਹੈ ਜਾਂ ਸਮੇਂ ਦੇ ਸੱਚ ਅਨੁਕੂਲ ਨਹੀਂ ਹੁੰਦਾ ਉਹ ਯਥਾਰਥ ਨਾਲ ਟਕਰਾ ਕੇ ਖੱਖੜੀਆਂ ਹੋ ਜਾਂਦਾ ਹੈ। ਹਰ ਸਫਲ ਚਿੰਤਨ ਇਤਿਹਾਸਕ ਵਿਕਾਸ ਰਾਹੀਂ ਪ੍ਰਪੱਕਤਾ ਨੂੰ ਪਹੁੰਚਦਾ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਵਲੋਂ ਉਚਤਮ ਅਵੱਸਥਾ ਗ੍ਰਹਿਣ ਕਰਨ ਦੀ ਇਤਿਹਾਸ ਰੇਖਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵਿਚ ਬਾਖੂਬੀ ਬਿਰਾਜਮਾਨ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਸਭ ਤੋਂ ਪੁਰਾਣੇ ਬਾਣੀਕਾਰ ਭਗਤ ਜੈ ਦੇਵ ਜੀ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ 337 ਸਾਲ ਪਹਿਲਾਂ ਹੋਏ ਸਨ। ਇਸੇ ਤਰ੍ਹਾਂ ਬਾਬਾ ਸ਼ੇਖ ਫਰੀਦ ਜੀ 296 ਸਾਲ ਪਹਿਲਾਂ, ਗੁਰੂ ਰਵੀਦਾਸ ਜੀ 71 ਸਾਲ ਪਹਿਲਾਂ ਅਤੇ ਸੰਤ ਕਬੀਰ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸਮਕਾਲੀ ਵੀ ਮੰਨਿਆ ਜਾ ਸਕਦਾ ਹੈ 29 ਸਾਲ ਪਹਿਲਾਂ ਪੈਦਾ ਹੋਏ ਸਨ। ਸਾਰੇ ਬਾਣੀਕਾਰਾਂ ਦੀ ਬਾਣੀ ਇਕ ਧਾਰਾ ਹੋਣ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਹੈ। ਇਹ ਸੱਚ ਵੀ ਯਾਦ ਰੱਖਣ ਯੋਗ ਹੈ ਕਿ ਸਮੁੱਚੇ ਮਾਨਵੀ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਹੀ ਕਿਰਤ ਦੀ ਉਪਮਾ ਅਤੇ ਵਿਆਖਿਆ ਸਹੀ ਦ੍ਰਿਸ਼ਟੀਕੋਣ ਤੋਂ ਕੀਤੀ ਸੀ ਅਤੇ ਬਰਾਬਰਤਾ ਤੇ ਸਾਂਝੀਵਾਲਤਾ ਦੇ ਸਭਿਆਚਾਰ ਦੀ ਨੀਂਹ ਰੱਖੀ ਸੀ। ਇਹ ਉਨ੍ਹਾਂ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਸੀ ਜਦੋਂ ਸਮਾਜ ਨੇ ਅਜੇ ਘਰੇਲੂ ਉਤਪਾਦਨ ਤੋਂ ਬਾਹਰ ਪੈਰ ਹੀ ਨਹੀਂ ਸੀ ਪੁੱਟਿਆ।
ਜਿਹੜੇ ਵੀ ਲੋਕ ਜਬਰ, ਸ਼ੋਸ਼ਣ ਤੇ ਫਿਰਕੂ ਨਫਰਤ ਦੇ ਖਿਲਾਫ਼ ਅਤੇ ਸਮਾਨਤਾ, ਸਾਂਝੀਵਾਲਤਾ ਤੇ ਸਹਿਹੋਂਦ ਵਾਸਤੇ, ਸਭਿਆਚਾਰ ਤੇ ਬੋਲੀ ਦੀ ਰਾਖੀ ਵਾਸਤੇ ਜੂਝਦੇ ਹਨ ਉਹ ਅਚੇਤ ਜਾਂ ਸੁਚੇਤ ਰੂਪ ਵਿਚ ਗੁਰੂ ਨਾਨਕ ਦੀ ਵਿਚਾਰਧਾਰਾ ਉਤੇੇ ਵੀ ਚੱਲ ਰਹੇ ਹਨ। ਉਹ ਭਾਵੇਂ ਆਸਤਿਕ ਹਨ ਭਾਵੇਂ ਨਾਸਤਿਕ ਹਨ। ਸੰਘਰਸ ਦੇ ਮੈਦਾਨ ਵਿਚ ਉਹ ਦੋਵੇਂ ਇਕੋ ਧਿਰ ਹਨ, ਭਾਵੇਂ ਕਿ ਵੱਖੀਆਂ ਤੇ ਵੀ ਵਾਰ ਕਰਦੇ ਰਹਿੰਦੇ ਹਨ। ਸਮਾਜੀ ਸੰਘਰਸ਼ ਵਿਚ ਸਦੀਵੀ ਕਠੋਰਤਾ ਅਤੇ ਅਮੋੜ ਕੱਟੜਤਾ ਲਈ ਕੋਈ ਥਾਂ ਨਹੀਂ ਹੁੰਦੀ। ਵਿਸ਼ਵ ਪ੍ਰਸਿੱਧ ਚਿੰਤਕ, ਦੇਰ ਤੋਂ ਇਸ ਬਾਰੇ ਸੁਚੇਤ ਕਰਦੇ ਆਏ ਹਨ।
(ੲ)
ਕਾਰਲ ਮਾਰਕਸ ਅਤੇ ਏਂਗਲਜ਼ ਨੇ ਡਉਮਰੇ ਦੀ ਰਚਨਾ ‘ਨਵੇਂ ਯੁੱਗ ਦਾ ਧਰਮ’ ਦਾ ਰੀਵਿਊ ਕਰਦਿਆਂ ਸਾਂਝੇ ਤੌਰ ‘ਤੇ ਕਿਹਾ ਕਿ ਸਮਾਜਿਕ ਪ੍ਰਸਥਿਤੀਆਂ ਵਿਚ ਵਾਪਰਨ ਵਾਲੀ ਹਰ ਇਤਿਹਾਸਕ ਕ੍ਰਾਂਤੀ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਵਿਚ, ਵਿਚਾਰਾਂ ਵਿਚ ਅਤੇ ਨਤੀਜੇ ਵਜੋਂ ਧਾਰਿਮਕ ਮਾਨਤਾਵਾਂ ਵਿਚ ਵੀ ਕ੍ਰਾਂਤੀ ਪੈਦਾ ਕਰ ਦਿੰਦੀ ਹੈ। ਬੇਲਚਕਤਾ ਵਿਰੁੱਧ ਉਨ੍ਹਾਂ ਦੀ ਇਹ ਤਾੜਨਾ ਹੀ ਸੀ। ਦੂਜੇ ਪਾਸੇ ਚਾਰਲਸ ਡਾਰਵਿਨ ਕਹਿੰਦਾ ਹੈ ਕਿ ਜਦੋਂ ਸਾਧਨਾਂ ਉਤੇ ਕਾਬਜ਼ ਨਿਗੂਣੀ ਜਹੀ ਘੱਟ ਗਿਣਤੀ ਦੇ ਹਿਤਾਂ ਦੀ ਰਾਖੀ ਲਈ ਕਾਨੂੰਨ ਅਤੇ ਰਾਜਨੀਤੀ ਹੋਂਦ ਵਿਚ ਆਏ ਤਾਂ ਧਰਮ ਹੋਂਦ ਵਿਚ ਆਇਆ। ਜਦੋਂ ਕਿ ਅਰਨਲਡ ਟੋਇੰਬੀ ਦਾ ਮੰਨਣਾ ਹੈ ਕਿ ਮਾਨਵੀ ਜੀਵਨ ਦੀਆਂ ਸਾਰੀਆਂ ਹੀ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਅਤੇ ਜੰਗੀ ਆਦਿ ਸਰਗਰਮੀਆਂ ਧਾਰਮਿਕ ਹੀ ਹੁੰਦੀਆਂ ਸਨ। ਸਰਗਰਮੀਆਂ ਹੀ ਮਨੁੱਖ ਦਾ ਧਰਮ ਹੁੰਦਾ ਸੀ। ਧਰਮਾਂ ਨੂੰ ਸਭਿਅਤਾਵਾਂ ‘ਚ ਵਸਣ ਵਾਲੇ, ਸਾਧਨਾਂ ਤੋਂ ਵਾਂਝੇ ਕਿਰਤੀ (ਪ੍ਰੋਲੇਟੇਰੀਅਟ) ਪੈਦਾ ਕਰਦੇ ਹਨ। ਐਚ ਜੀ ਵੈਲਜ਼ ਮੰਨਦਾ ਹੈ ਕਿ ਮੁੱਢਲੇ ਸਮਿਆਂ ਦਾ ਧਰਮ ਪ੍ਰਚਾਰਕ ਅਪਲਾਇਡ ਸਾਇੰਸ ਦਾ ਗਿਆਤਾ ਹੁੰਦਾ ਸੀ ਜਿਸਦਾ ਕੰਮ ਗਿਆਨ ਇਕੱਤਰ ਕਰਕੇ ਸਮਾਜ ਦੀ ਵਰਤੋਂ ਵਿਚ ਲਿਆੳਣਾ ਹੁੰਦਾ ਸੀ ਭਾਵੇਂ ਕਿ ਆਪਣੇ ਗਿਆਨ ਨੂੰ ਖਬਰਦਾਰੀ ਨਾਲ ਲਕੋ ਕੇ ਰੱਖਦਾ ਸੀ।
ਸਥਾਪਤ ਵਿਵਸਥਾ ਨੂੰ ਕਿਸੇ ਵੀ ਲੜਾਕੇ ਵਿਅਕਤੀ, ਸੰਗਠਨ ਜਾਂ ਆਪਮੁਹਾਰੀ ਭੀੜ ਤੋਂ ਕੋਈ ਡਰ ਨਹੀਂ ਲੱਗਦਾ। ਸਥਾਪਤੀ ਕੇਵਲ ਮਜ਼ਲੂਮਾਂ ਦੇ ਜਾਗ ਪੈਣ ਤੋਂ ਡਰਦੀ ਹੈ, ਜਿਹੜੇ ਵਿਵਸਥਾ ਪਰਿਵਰਤਨ ਦਾ ਸੁਪਨਾ ਲੈ ਕੇ ਜਾਗਣ। ਉਹ ਜਾਣਦੀ ਹੈ ਕਿ ਪਰਿਵਰਤਨਕਾਰੀ ਵਿਚਾਰਧਾਰਾ ਤੋਂ ਬਿਨਾਂ ਸੰਘਰਸ਼ ਕੁਝ ਦਿਨਾਂ ਦਾ ਪਰ੍ਹਾਉਣਾ ਹੀ ਹੁੰਦਾ ਹੈ। ਇਸ ਕਰਕੇ ਮਜ਼ਲੂਮ ਕਿਰਤੀਆਂ ਨੂੰ ਅਵੇਸਲੇਪਨ ਦੀ ਨੀਂਦ ਤੋਂ ਜਗਾਉਣ ਵਾਲਾ ਇਕੱਲਾ ਵਿਅਕਤੀ ਵੀ ਸੱਤਾ ਦੀ ਨੀਂਦ ਹਰਾਮ ਕਰ ਦਿੰਦਾ ਹੈ। ਵਰਨਾ ਬਾਬਾ ਨਾਨਕ ਨੂੰ ਬੰਦੀਖਾਨੇ ਵਿਚ ਪਾਉਣ ਦਾ ਕੋਈ ਕਾਰਨ ਨਹੀਂ ਸੀ, ਕਿਉਂਕਿ ਉਸ ਸਮੇਂ ਤਾਂ ਉਹ ਇਕੱਲੇ ਹੀ ਸਨ। ਅੱਜ ਜੇਕਰ ਅਣਗਿਣਤ ਬੁੱਧੀਜੀਵੀ ਸਮਾਨਤਾ, ਸਾਂਝੀਵਾਲਤਾ, ਅਮਨ ਅਤੇ ਇਨਸਾਫ ਦੀ ਵਿਚਾਰਧਾਰਾ ਦੱਬੇ ਕੁਚਲੇ ਲੋਕ ਸਮੂਹਾਂ ਵਿਚ ਲੈ ਜਾਂਦੇ ਹਨ ਅਤੇ ਸਭਿਆਚਾਰ ਦਾ ਰੂਪ ਦੇ ਦਿੰਦੇ ਹਨ ਤਾਂ ਲੋਕ ਆਪਣੇ ਆਪ ਹੀ ਵਿਵਸਥਾ ਬਦਲ ਲੈਣਗੇ, ਕਿਉਂਕਿ ਜ਼ਿੰਦਗੀ ਨੇ ਸੰਘਰਸ਼ ਕਰਨਾ ਉਨ੍ਹਾਂ ਨੂੰ ਸਿਖਾਇਆ ਹੀ ਹੋਇਆ ਹੈ। ਸਾਰਥਿਕ ਵਿਚਾਰਧਾਰਾ ਅਤੇ ਅਨੁਕੂਲ ਵਿਧੀ ਤੋਂ ਬਿਨਾਂ ਸੰਘਰਸ਼ ਦਾ ਨਤੀਜਾ ਟੱਕਰਾਂ ਮਾਰਨ ਵਿਚ ਨਿਕਲਦਾ ਹੈ।