ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਦੀ ਮੀਟਿੰਗ, 22 ਸਤੰਬਰ 2019 ਨੂੰ, ਸਾਥੀ ਓਮਕਾਰ ਯਾਦਗਾਰੀ ਭਵਨ, ਹੈਦਰਾਬਾਦ (ਤਿਲੰਗਾਨਾ) ਵਿਖੇ ਚੇਅਰਮੈਨ ਸਾਥੀ ਕੇ. ਗੰਗਾਧਰਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅਜੋਕੀ ਕੌਮਾਂਤਰੀ ਅਤੇ ਕੌਮੀ ਰਾਜਸੀ ਅਵਸਥਾ ਦਾ ਵਿਸ਼ਲੇਸ਼ਣ ਕਰਦਿਆਂ, ਇਸ ਅਵਸਥਾ ਵਿੱਚ ਪਾਰਟੀ ਦੇ ਦਰੁਸਤ ਪੈਂਤੜੇ ਤੋਂ ਦਖਲਅੰਦਾਜ਼ੀ ਬਾਰੇ ਸੁਝਾਅ ਰੱਖੇ । ਸਾਥੀ ਪਾਸਲਾ ਨੇ ਐਮਸੀਪੀਆਈ(ਯੂ) ਨਾਲ ਚੱਲ ਰਹੀ ਏਕੀਕਰਣ ਦੀ ਗੱਲਬਾਤ ਦੀ ਪ੍ਰਗਤੀ ਬਾਬਤ ਜਾਣਕਾਰੀ ਦਿੰਦਿਆਂ ਇਸ ਸੰਬੰਧੀ ਭਵਿੱਖੀ ਕਾਰਜਾਂ ਬਾਰੇ ਵੀ ਠੋਸ ਸੁਝਾਅ ਰੱਖੇ ।
ਮੀਟਿੰਗ ਵਲੋਂ ਦੋ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਵੱਖੋ-ਵੱਖ ਪ੍ਰਾਂਤਾਂ ਦੀਆਂ ਉਪ ਚੋਣਾਂ ਵਿੱਚ ਪਾਰਟੀ ਵਲੋਂ ਅਪਣਾਈ ਜਾਣ ਵਾਲੀ ਰਾਜਸੀ ਲਾਈਨ ਅਤੇ ਦਾਅਪੇਚਾਂ ਬਾਰੇ ਵੀ ਨਿਰਣੇ ਲਏ ਗਏ ।
ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਪਾਰਟੀ ਵਲੋਂ ਆਜ਼ਾਦਾਨਾ ਅਤੇ ਖੱਬੀਆਂ ਪਾਰਟੀਆਂ ਨਾਲ ਸਾਂਝੇ ਸੰਗਰਾਮਾਂ ਦੀ ਉਸਾਰੀ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾਵੇ । ਇਸ ਸੇਧ ਵਿੱਚ, ਸੰਘ ਪਰਿਵਾਰ ਦੀਆਂ ਧਰਮ ਆਧਾਰਿਤ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੋਝੇ ਇਰਾਦਿਆਂ ਅਧੀਨ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਅਨੁਸਾਰ ਸ਼ਾਸਨ ਚਲਾ ਰਹੀ ਮੋਦੀ ਸਰਕਾਰ ਵਲੋਂ ਦੇਸ਼ ਦੇ ਜਮਹੂਰੀ ਢਾਂਚੇ, ਧਰਮਨਿਰਪੱਖ ਕਦਰਾਂ ਕੀਮਤਾਂ ਅਤੇ ਫੈਡਰਲ ਢਾਂਚੇ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਖਿਲਾਫ਼ ਲੋਕਾਈ ਦਾ ਪ੍ਰਤੀਰੋਧ ਉਸਾਰਨ ਹਿੱਤ ਐਕਸ਼ਨ ਕਰਨ ਦਾ ਨਿਰਣਾ ਲਿਆ ਗਿਆ। ਪ੍ਰਾਂਤਕ ਚੋਣਾਂ ਵਿੱਚ ਨਵਉਦਾਰਵਾਦੀ ਨੀਤੀਆਂ ਦੀ ਅਲੰਬਰਦਾਰ ਕਾਂਗਰਸ ਅਤੇ ਫਿਰਕੂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਮੁਕਾਬਲੇ ਗੈਰ ਫਿਰਕੂ ਅਤੇ ਜਮਹੂਰੀ ਧਿਰਾਂ ਨਾਲ ਮਿਲ ਕੇ ਚੋਣਾਂ ਲੜਨ ਲਈ ਰਾਜ ਕਮੇਟੀਆਂ ਨੂੰ ਸੁਝਾਅ ਦਿੱਤਾ ਗਿਆ ।
ਐਮਸੀਪੀਆਈ(ਯੂ) ਨਾਲ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਂਝੀਆਂ ਮੀਟਿੰਗਾਂ ਅਤੇ ਸੰਘਰਸ਼ ਪ੍ਰੋਗਰਾਮਾਂ ਦਾ ਸੱਦਾ ਦੇਣ ਤੋਂ ਇਲਾਵਾ ਜਨਤਕ ਫਰੰਟਾਂ ਦੇ ਏਕੀਕਰਣ ਬਾਬਤ ਪਹਿਲਕਦਮੀ ਕਰਨ ਦਾ ਫੈਸਲਾ ਕੀਤਾ ਗਿਆ ।
ਆਰਐਮਪੀਆਈ ਅਤੇ ਐਮਸੀਪੀਆਈ(ਯੂ) ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ : ਆਰਐਮਪੀਆਈ ਕੇਂਦਰੀ ਕਮੇਟੀ ਮੀਟਿੰਗ ਵਲੋਂ ਅਪਣਾਈ ਗਈ ਸਮੁੱਚੀ ਸਮਝਦਾਰੀ ਆਰ ਐਮ ਪੀ ਆਈ ਅਤੇ ਐਮ ਸੀ ਪੀ ਆਈ-ਯੂ ਦੀ ਏਕੀਕਰਣ ਕਮੇਟੀ ਵਿੱਚ ਵਿਚਾਰੇ ਜਾਣ ਉਪਰੰਤ 23 ਸਤੰਬਰ ਨੂੰ ਦੋਹਾਂ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ ਸਾਥੀ ਕੇ. ਗੰਗਾਧਰਨ ਅਤੇ ਸਾਥੀ ਮਹਿੰਦਰ ਸਿੰਘ ਨੇਹ ਦੀ ਪ੍ਰਧਾਨਗੀ ਹੇਠ ਹੋਈ ।
ਸਾਂਝੀ ਮੀਟਿੰਗ ਦੇ ਫੈਸਲੇ : ਭਵਿੱਖ ਵਿੱਚ ਦੋਹਾਂ ਪਾਰਟੀਆਂ ਦੇ ਪੋਲਿਟ ਬਿਊਰੋ ਅਤੇ ਸਟੈਂਡਿੰਗ ਕਮੇਟੀ ਦੀਆਂ ‘ਤੇ ਦੋਹਾਂ ਕੇਂਦਰੀ ਕਮੇਟੀਆਂ ਦੀਆਂ ਸਾਂਝੀਆਂ ਮੀਟਿੰਗਾਂ ਹੋਇਆ ਕਰਨਗੀਆਂ ਅਤੇ ਸਾਂਝੇ ਫੈਸਲਿਆਂ ‘ਤੇ ਆਧਾਰਿਤ ਸੰਘਰਸ਼ਾਂ ਦੇ ਸਾਂਝੇ ਸੱਦੇ ਦਿੱਤੇ ਜਾਇਆ ਕਰਨਗੇ । ਇਹ ਵਿਧੀ ਹਰ ਪੱਧਰ ਤੇ ਅਪਣਾਈ ਜਾਵੇਗੀ । ਇਸ ਸੇਧ ਵਿੱਚ ਆਉਂਦੀ 14 ਦਸੰਬਰ ਨੂੰ ਚੇਨਈ (ਤਾਮਿਲਨਾਡੂ) ਵਿਖੇ ਦੋਵੇਂ ਕੇਂਦਰੀ ਕਮੇਟੀਆਂ ਮਿਲਣਗੀਆਂ ।
ਸਾਂਝੀ ਕੌਮੀ ਕਨਵੈਨਸ਼ਨ ਦਾ ਫੈਸਲਾ : ਇਹ ਫੈਸਲਾ ਕੀਤਾ ਗਿਆ ਕਿ 15 ਦਸੰਬਰ ਨੂੰ ਚੇਨਈ ਵਿਖੇ ਇੱਕ ਕੌਮੀ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿੱਚ ਭਾਰਤੀ ਆਵਾਮ ਨੂੰ ਫਿਰਕੂ ਵੰਡ ਤਿੱਖੀ ਕਰਨ ਦੀ ਸਾਜਿਸ਼ ਅਧੀਨ ਲਾਗੂ ਕੀਤੇ ਜਾ ਰਹੇ ‘ਐਨਆਰਸੀ’ ਖਿਲਾਫ਼, ਜੰਮੂ ਕਸ਼ਮੀਰ ਵਿੱਚੋਂ ਤਾਨਾਸ਼ਾਹੀ ਪਹੁੰਚ ਅਧੀਨ ਸੰਵਿਧਾਨ ਦੀ ਧਾਰਾ 370 ਅਤੇ 35-ਏ ਦੇ ਇਕਤਰਫਾ ਖਾਤਮੇ ਤੇ ਸੂਬੇ ਦੀ ਵਿਧਾਨ ਸਭਾ ਦਾ ਦਰਜਾ ਘਟਾ ਕੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਕਰਨ ਵਿਰੁੱਧ, ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਸਦਕਾ ਤਿੱਖੇ ਹੋ ਰਹੇ ਆਰਥਿਕ ਮੰਦਵਾੜੇ ਅਤੇ ਇਸ ਦੇ ਸਿੱਟੇ ਵੱਜੋਂ ਲੋਕਾਂ ਦੇ ਵਧ ਰਹੇ ਕੰਗਾਲੀਕਰਨ ਖਿਲਾਫ਼, ਗਰੀਬ ਵਸੋਂ ਨੂੰ ਵਿਦਿਆ ਤੋਂ ਵਿਰਵੇ ਕਰਨ ਵਾਲੀ ਨਵੀਂ ਸਿੱਖਿਆ ਨੀਤੀ ਵਿਰੁੱਧ, ਦਲਿਤਾਂ, ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਉਦੇਸ਼ ਅਧੀਨ ਔਰਤਾਂ ਅਤੇ ਕਬਾਇਲੀਆਂ ‘ਤੇ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ਼, ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀਆਂ ‘ਤੇ ਕੀਤੇ ਜਾ ਰਹੇ ਬਰਬਰ ਅੱਤਿਆਚਾਰਾਂ ਖਿਲਾਫ਼, ਫੈਡਰਲਿਜ਼ਮ, ਜਮਹੂਰੀਅਤ ਅਤੇ ਸੈਕੁਲਰਿਜ਼ਮ ਦੀ ਰਾਖੀ ਲਈ ਸੰਘਰਸ਼ਾਂ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਜਾਵੇਗਾ ।
ਦੋਹਾਂ ਕੇਂਦਰੀ ਕਮੇਟੀਆਂ ਦਰਮਿਆਨ ਟਰੇਡ ਯੂਨੀਅਨ, ਕਿਸਾਨ, ਨੌਜਵਾਨ ਅਤੇ ਇਸਤਰੀ ਫਰੰਟਾਂ ਦੀਆਂ ਸਾਂਝੀਆਂ ਜਨਤਕ ਜਥੇਬੰਦੀਆਂ ਦੀ ਕਾਇਮੀ ਬਾਰੇ ਵੀ ਸਹਿਮਤੀ ਕਾਇਮ ਹੋਈ । ਸਾਂਝੀ ਮੀਟਿੰਗ ਨੂੰ ਦੋਹਾਂ ਪਾਰਟੀਆਂ ਦੇ ਜਨਰਲ ਸਕੱਤਰਾਂ ਸਾਥੀ ਮੰਗਤ ਰਾਮ ਪਾਸਲਾ ਅਤੇ ਮੁਹੰਮਦ ਗੌਂਸ ਵਲੋਂ ਸੰਬੋਧਨ ਕੀਤਾ ਗਿਆ ।
ਮੀਟਿੰਗ ਦੀ ਕਾਰਵਾਈ ਐਮ ਸੀ ਪੀ ਆਈ-ਯੂ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ ਵਲੋਂ ਚਲਾਈ ਗਈ ।
ਐਮ.ਸੀ.ਪੀ.ਆਈ-ਯੂ ਦੀ ਰਾਜ ਕਮੇਟੀ ਦੇ ਸਕੱਤਰ ਸਾਥੀ ਤਾਂਦਰਾ ਕੁਮਾਰ ਵਲੋਂ ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਜੀ ਆਇਆਂ ਕਿਹਾ ਗਿਆ ।
ਮੀਟਿੰਗ ਦੇ ਸ਼ੁਰੂ ਵਿੱਚ ਕਿਰਤੀਆਂ ਦੀ ਬੰਦਖਲਾਸੀ ਦੇ ਸੰਗਰਾਮ ਵਿੱਚ ਜੀਵਨ ਅਰਪਣ ਕਰਨ ਵਾਲੇ ਸ਼ਹੀਦਾਂ ਅਤੇ ਵਿਛੜੇ ਸਾਥੀਆਂ ਨੂੰ ਦੋ ਮਿੰਟ ਮੌਨ ਖੜ੍ਹ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।