Now Reading
ਕਮਿਊਨਿਸਟ ਲਹਿਰ ਦੀ ਇਕਜੁੱਟਤਾ ਦਾ ਮਹੱਤਵ ਅਤੇ ਸਹੀ ਮਾਰਗ

ਕਮਿਊਨਿਸਟ ਲਹਿਰ ਦੀ ਇਕਜੁੱਟਤਾ ਦਾ ਮਹੱਤਵ ਅਤੇ ਸਹੀ ਮਾਰਗ

ਮੰਗਤ ਰਾਮ ਪਾਸਲਾ
ਜਿਸ ਢੰਗ ਨਾਲ ਆਰ.ਐਸ.ਐਸ. ਸਮਰਥਤ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਹੋਂਦ ਵਿਚ ਆਈ ਹੈ ਅਤੇ ਉਸ ਵਲੋਂ ਅਪਣਾਈਆਂ ਜਾਣ ਵਾਲੀਆਂ ਆਰਥਿਕ ਨੀਤੀਆਂ ਦੀਆਂ ਸੇਧਾਂ ਤੈਅ ਕੀਤੀਆਂ ਜਾ ਰਹੀਆਂ ਹਨ, ਉਸ ਨੇ ਲਾਜ਼ਮੀ ਤੌਰ ‘ਤੇ ਭਾਰਤ ਦੇ ਆਰਥਿਕ, ਸਮਾਜਿਕ, ਰਾਜਨੀਤਕ ਤੇ ਸਭਿਆਚਾਰਕ ਭਾਵ ਸਾਰੇ ਪੱਖਾਂ ਨੂੰ ਪ੍ਰਭਾਵਤ ਕਰਨਾ ਹੈ। ਦੇਸ਼ ਦੀ ਰਾਜਨੀਤੀ ਨੇ ਸੱਜੇ ਪੱਖ ਵੱਲ ਨੂੰ ਮੋੜਾ ਕੱਟਿਆ ਹੈ, ਜਿਸ ਸਦਕਾ ਸਰਮਾਏਦਾਰ ਤੇ ਜਗੀਰਦਾਰ ਜਮਾਤਾਂ ਦੇ ਜਮਾਤੀ ਰਾਜ ਨੇ ਅਤੇ ਸਾਮਰਾਜੀ ਲੁੱਟ ਨੇ ਵਧੇਰੇ ਬੇਤਰਸ, ਤਬਾਹਕੁੰਨ ਤੇ ਲੋਕ ਮਾਰੂ ਰੂਪ ਧਾਰਨ ਕਰਨਾ ਹੈ। ਵਿਦੇਸ਼ੀ ਸਾਮਰਾਜੀ ਲੁਟੇਰਿਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਨੂੰ ਵਧਾਉਣ ਤੇ ਸਹਿਲ ਬਣਾਉਣ ਹਿੱਤ ਦੇਸ਼ ਦੇ ਕਿਰਤ ਕਾਨੂੰਨਾਂ ਅੰਦਰ ਮਜ਼ਦੂਰ ਜਮਾਤ ਵਿਰੋਧੀ ਵੱਡੀਆਂ ਤਰਮੀਮਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਧਨ ਕੁਬੇਰਾਂ ਨੂੰ ਨਿਰ ਵਿਰੋਧ ਸਸਤੀ ਕਿਰਤ ਸ਼ਕਤੀ ਉਪਲੱਬਧ ਕਰਾਈ ਜਾ ਸਕੇ। ਸਸਤੀ ਜ਼ਮੀਨ ਦੇਣ ਲਈ ਸਰਕਾਰ ਵਲੋਂ ਲੋਕਾਂ ਦੀਆਂ ਜ਼ਮੀਨਾਂ ਨੂੰ ਜਬਰੀ ਹਥਿਆ ਕੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਸਸਤੀ ਜ਼ਮੀਨ ਦੇਣ ਲਈ ‘ਲੈਂਡ ਬੈਂਕ’ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੁਦਰਤੀ ਸਾਧਨ ਪਹਿਲਾਂ ਹੀ ਸੁਟਵੇਂ ਭਾਵਾਂ ‘ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿੱਤ ਹਾਜ਼ਰ ਕਰ ਦਿੱਤੇ  ਗਏ ਹਨ। ਇਕ ਸੌ ਪੰਝੀ ਕਰੋੜ ਲੋਕਾਂ ਦੀ ਮੰਡੀ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਅੰਦਰ ਹੀ ਦੇਸੀ ਤੇ ਵਿਦੇਸ਼ੀ ਧਨ ਕੁਬੇਰਾਂ ਦੇ ਹਵਾਲੇ ਕਰ ਦਿੱਤੀ ਸੀ ਅਤੇ ਮੌਜੂਦਾ ਕਾਰਜਕਾਲ ਦੌਰਾਨ ਇਸੇ ਨੀਤੀ ‘ਤੇ ਅਮਲ ਸਦਕਾ ਪਹਿਲਾਂ ਹੀ ਸਾਹ ਵਰੋਲ ਰਹੇ ਛੋਟੇ ਤੇ ਦਰਮਿਆਨੇ ਦਰਜੇ ਦੇ ਕਾਰੋਬਾਰ ਤੇ ਸਨਅਤਾਂ ਪੂਰੀ ਤਰ੍ਹਾਂ ਤਬਾਹ ਹੋਣੇ ਲੱਗਭਗ ਤੈਅ ਹਨ। ਸਮੁੱਚੇ ਅਰਥਚਾਰੇ ਅਤੇ ਸੰਵਿਧਾਨਕ ਸੰਸਥਾਵਾਂ ਅੰਦਰ, ਸਿੱਧੇ ਜਾਂ ਅਸਿੱਧੇ ਰੂਪ ‘ਚ, ਸਾਮਰਾਜੀ ਜਕੜ ਏਨੀ ਮਜ਼ਬੂਤ ਤੇ ਕਠੋਰ ਹੈ, ਜਿਸਨੂੰ ਤੋੜਨਾ ਲੁਟੇਰੀਆਂ ਜਮਾਤਾਂ ਦੀ ਰਾਖੀ ਕਰਦੀ  ਕਿਸੇ ਵੀ ਸਰਕਾਰ ਜਾਂ ਰਾਜਨੀਤਕ ਪਾਰਟੀ ਦੇ ਨਾ ਵੱਸ ਦਾ ਰੋਗ ਹੈ ਅਤੇ ਨਾ ਹੀ ਉਹਨਾਂ ਕੋਲੋਂ ਲੋੜੀਂਦੀ ਇੱਛਾ ਸ਼ਕਤੀ ਜੁਟਾਉਣ ਦੀ ਆਸ ਕੀਤੀ ਜਾ ਸਕਦੀ ਹੈ। ਸਾਮਰਾਜ ਨਾਲ ਭਾਰਤ ਦੀਆਂ ਯੁਧਨੀਤਕ ਸਾਂਝਾਂ ਸਦਕਾ ਸਾਡੀ ਸਵੈ-ਨਿਰਭਰ ਤੇ ਪ੍ਰਭੂਸੱਤਾ ਸੰਪੰਨ ਆਜ਼ਾਦ ਦੇਸ਼ ਵਜੋਂ ਵਿਲੱਖਣ ਪਛਾਣ ਪਹਿਲਾਂ ਹੀ ਧੁੰਦਲੀ ਹੋ ਚੁੱਕੀ ਹੈ।
ਆਰ.ਐਸ.ਐਸ. ਸਮਰਥਤ ਕੇਂਦਰੀ ਸਰਕਾਰ ਫਿਰਕੂ ਫਾਸ਼ੀਵਾਦੀ ਏਜੰਡੇ ‘ਤੇ ਤੇਜ਼ੀ ਨਾਲ ਅਮਲ ਕਰਨ ਵੱਲ ਅੱਗੇ ਵੱਧ ਰਹੀ ਹੈ। ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਵੱਡੇ ਖਤਰੇ ਦਰਪੇਸ਼ ਹਨ। ਅਸੀਂ ਮੱਧ ਕਾਲੀਨ ਯੁਗ ਵੱਲ ਨੂੰ ਮੁੜ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ, ਜਿੱਥੇ ਸਨਾਤਨੀ ਮਨੂੰਵਾਦੀ ਵਿਵਸਥਾ ਅਧੀਨ ਜਾਤਪਾਤ, ਇਸਤਰੀ ਉਤਪੀੜਨ ਤੇ ਅੰਧ-ਵਿਸ਼ਵਾਸ਼ਾਂ ‘ਤੇ ਆਧਾਰਤ ਪਿਛਾਖੜੀ ਵਿਚਾਰਧਾਰਾ ਦਾ ਬੋਲਬਾਲਾ ਹੋਵੇਗਾ। ਇਤਿਹਾਸ ਦੇ ਵਿਗਿਆਨਕ ਨਜ਼ਰੀਏ ਨੂੰ ਮਿਥਿਹਾਸ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਭਾਰਤੀ ਸੰਵਿਧਾਨ ਨੂੰ ਅੱਖਰੀ ਤਬਦੀਲੀ ਤੋਂ ਬਿਨਾਂ ਹੀ ਮੋਦੀ ਸਰਕਾਰ ਆਪਣੀ ਫਿਰਕੂ ਸੋਚ ਦੇ ਅਨੁਰੂਪ ਬਣਾਉਂਦੀ ਜਾ ਰਹੀ ਹੈ।
ਕੋਈ ਵੀ ਸਰਕਾਰ ਜਾਂ ਰਾਜਸੀ ਪਾਰਟੀ, ਜਿਹੜੀ ਮੋਦੀ ਸਰਕਾਰ ਵਾਂਗ ਹੀ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦਾ ਅਨੁਸਰਨ ਕਰਦੀ ਹੈ, ਉਪਰੋਕਤ ਚਿੰਤਾਜਨਕ ਪ੍ਰਸਥਿਤੀਆਂ ਨੂੰ ਕਦਾਚਿੱਤ ਨਹੀਂ ਬਦਲ ਸਕਦੀ। ਮਹਿਜ ਵਿਅਕਤੀਆਂ ਜਾਂ ਰਾਜਨੀਤਕ ਪਾਰਟੀਆਂ ਦੀ ਤਬਦੀਲੀ ਦੇਸ਼ ਦੇ ਲੋਕਾਂ ਦੀ ਹੋਣੀ ਨੂੰ ਰੱਤਾ ਭਰ ਵੀ ਉਰਾਂਹ ਪਰਾਂਹ ਨਹੀਂ ਕਰ ਸਕਦੀ। ਇਸ ਵਾਸਤੇ ਸਾਰੇ ਪੱਖਾਂ ਤੋਂ ਇਕ ਬਦਲਵੀਂ ਆਰਥਿਕ ਨੀਤੀ ਤੇ ਉਸ ਨੂੰ ਲਾਗੂ ਕਰਨ ਲਈ ਲੋਕ ਪੱਖੀ ਰਾਜਨੀਤੀ ਨਾਲ ਪ੍ਰਤੀਬੱਧਤਾ ਰੱਖਣ ਵਾਲੀ ਇਕ ਸ਼ਕਤੀਸ਼ਾਲੀ ਰਾਜਸੀ ਧਿਰ ਲੋੜੀਂਦੀ ਹੈ। ਇਹ ਕੰਮ ਕਮਿਊਨਿਸਟ ਤੇ ਹੋਰ ਖੱਬੀਆਂ ਪਾਰਟੀਆਂ ਦੀ ਮਜ਼ਬੂਤੀ ਤੇ ਸੰਘਰਸ਼ਸ਼ੀਲ ਲੋਕਾਂ ਦੇ ਜਨ ਸੰਗਠਨਾਂ ਦੇ ਆਪਸੀ ਸਹਿਯੋਗ, ਅਗਵਾਈ ਤੇ ਸੰਘਰਸ਼ਾਂ ਰਾਹੀਂ ਹੀ ਸੰਭਵ ਹੋ ਸਕਦਾ ਹੈ।
ਅੱਜ, ਜਦੋਂ ਕਿ ਲੋਕ ਸਭਾ ਚੋਣਾਂ ਅੰਦਰ ਕਮਿਊਨਿਸਟ ਤੇ ਦੂਸਰੀਆਂ ਖੱਬੀਆਂ ਧਿਰਾਂ ਲੱਗਭਗ ਹਾਸ਼ੀਏ ਤੇ ਪੁੱਜ ਗਈਆਂ ਹਨ ਤੇ ਦੂਜੇ ਪਾਸੇ ਦੇਸ਼ ਦੇ ਸਮੂਹ ਕਿਰਤੀ ਵਰਗਾਂ (ਜਿਨ੍ਹਾਂ ਦਾ ਦਮ ਸਿਰਫ ਇਹੀ ਖੱਬੀਆਂ ਧਿਰਾਂ ਭਰਦੀਆਂ ਹਨ) ਅੰਦਰ ਆਪਣੀਆਂ ਤੰਗੀਆਂ ਤੁਰਸ਼ੀਆਂ ਬਾਰੇ ਗੰਭੀਰ ਚਿੰਤਾਵਾਂ ਤੇ ਮਾਯੂਸੀ ਹੈ, ਉਸ ਸਮੇਂ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ/ਗਰੁੱਪਾਂ ਨੂੰ ਆਪੋ ਆਪਣੇ ਤੌਰ ‘ਤੇ ਅਤੇ ਸਾਂਝੇ ਤੌਰ ‘ਤੇ ਮਿਲ ਬੈਠ ਕੇ ਕਿਰਤੀ ਜਨ ਸਮੂਹਾਂ ਵਿਚ ਖੱਬੀ ਧਿਰ ਦੇ ਇਸ ਹੱਦ ਤੱਕ ਸੁੰਗੜ ਜਾਣ ਦੇ ਕਾਰਨਾਂ ਬਾਰੇ ਸਵੈ ਪੜਚੋਲ ਕਰਨ ਦੀ ਜ਼ਰੂਰਤ ਹੈ। ਕਿਸੇ ਘਟੀਆਪਨ ਜਾਂ ਝੂਠੀ ਹਊਮੈ ਦੇ ਅਹਿਸਾਸ ਦੀ ਪ੍ਰਵਿਰਤੀ ਅਧੀਨ ਜਾਂ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਸਤਹੀ ਕਮਜ਼ੋਰੀਆਂ ਉਪਰ ਉਂਗਲ ਧਰਦਿਆਂ ਸਮਾਂ ਲੰਘਾਉਣਾ ਆਤਮ ਘਾਤੀ ਸਿੱਧ ਹੋ ਸਕਦਾ ਹੈ। ਕਮਿਊਨਿਸਟ ਆਗੂਆਂ ਦੇ ਨੇਕ ਇਰਾਦਿਆਂ ਉਪਰ ਕੋਈ ਸ਼ੰਕਾ ਕੀਤੇ ਬਿਨਾਂ, ਪਿਛਲੇ ਦਿਨੀਂ, ਦੋਨਾਂ ਵੱਡੀਆਂ ਕਮਿਊਨਿਸਟ ਪਾਰਟੀਆਂ ਵਲੋਂ ਆਪਸੀ ਰਲੇਵਾਂ ਕਰਕੇ ਇਕ ਪਾਰਟੀ ਦੇ ਗਠਨ ਦਾ ਨਾਅਰਾ ਵੀ ਸਿਰਫ ਪਿਛਲੀਆਂ ਰਾਜਸੀ ਥਿੜਕਣਾਂ ਨੂੰ ਕੱਜਣ ਲਈ ਹੀ ਘੜਿਆ ਗਿਆ ਸਮਝਣਾ ਚਾਹੀਦਾ ਹੈ। ਖੱਬੀ ਲਹਿਰ ਕਮਜ਼ੋਰ ਹੋਣ ਦੇ ਖਤਰਿਆਂ ਦੀ ਵਾਜਬ ਚਿੰਤਾ ਕਰਦਿਆਂ ਹੋਇਆਂ, ਇਸਦੇ ਅਸਲ ਕਾਰਨਾਂ ਨੂੰ ਅੱਖੋਂ ਓਹਲੇ ਕਰਨਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸਿਧਾਂਤਕ ਤੇ ਰਾਜਨੀਤਕ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਹੀ ਉਨ੍ਹਾਂ ਉਪਰ ਕਾਬੂ ਪਾਇਆ ਜਾ ਸਕਦਾ ਹੈ। ਪ੍ਰੰਤੂ ਜੇਕਰ ਉਨ੍ਹਾਂ ਨੂੰ ਛੁਪਾਉਣ ਦਾ ਯਤਨ ਕੀਤਾ ਜਾਵੇ, ਤਦ ਇਹ ਕਮਿਊਨਿਸਟ ਸਿਧਾਂਤ ਤੇ ਲੋਕਾਂ ਦੇ ਹਿਤਾਂ ਨਾਲ ਗੱਦਾਰੀ ਦੇ ਤੁਲ ਹੋਏਗਾ।
ਕਮਿਊਨਿਸਟ ਲਹਿਰ ਦੀ ਇਕ ਧਾਰਾ ਮਾਓਵਾਦੀਆਂ ਦੀ ਹੈ, ਜੋ ਮੌਜੂਦਾ ਸਥਿਤੀ ਅੰਦਰ ਸਿਰਫ ਹਥਿਆਰਬੰਦ ਘੋਲ ਰਾਹੀਂ ਹੀ ਦੇਸ਼ ਦੀ ਸੱਤਾ ਉਪਰ ਕਾਬਜ਼ ਸਰਮਾਏਦਾਰਾਂ-ਜਗੀਰਦਾਰਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਦਾ ਤਖਤਾ ਉਲਟਾ ਕੇ ਲੋਕ ਜਮਹੂਰੀਅਤ ਤੇ ਸਮਾਜਵਾਦੀ ਨਿਸ਼ਾਨੇ ਦੀ ਪ੍ਰਾਪਤੀ ਦੀ ਸਮਝਦਾਰੀ ਉਪਰ ਅਮਲ ਕਰ ਰਹੀ ਹੈ। ਕੁਝ ਅਜਿਹੇ ਨਕਸਲਬਾੜੀ ਗਰੁੱਪ ਵੀ ਹਨ, ਜੋ ਸਿਧਾਂਤਕ ਰੂਪ ਵਿਚ ਤਾਂ ਮਾਓਵਾਦੀਆਂ ਦੀ ਯੁਧਨੀਤੀ ਨੂੰ ਸਹੀ ਕਰਾਰ ਦਿੰਦੇ ਹਨ, ਪ੍ਰੰਤੂ ਆਪ ਇਸ ਰਸਤੇ ਤੁਰਨ ਦਾ ਅਜੇ ਹੀਆ ਨਹੀਂ ਕਰ ਰਹੇ। ਬਿਨਾਂ ਸ਼ੱਕ ਉਪਰੋਕਤ ਵੰਨਗੀ ਦੇ ਕਮਿਊਨਿਸਟਾਂ (ਮਾਓਵਾਦੀਆਂ) ਦੇ ਅੰਤਮ ਨਿਸ਼ਾਨਿਆਂ ਬਾਰੇ ਕਿਸੇ ਨੂੰ ਕੋਈ ਮੱਤਭੇਦ ਨਹੀਂ ਹੋ ਸਕਦਾ ਤੇ ਉਨ੍ਹਾਂ ਵਲੋਂ ਇਸ ਆਸ਼ੇ ਦੀ ਪ੍ਰਾਪਤੀ ਲਈ ਹਰ ਕਿਸਮ ਦੇ ਸਰਕਾਰੀ ਜਬਰ ਦਾ ਮੁਕਾਬਲਾ ਕਰਨ ਦੇ ਸਾਹਸ ਨੂੰ ਵੀ ਕੋਈ ਸੱਚਾ ਕਮਿਊਨਿਸਟ ਘਟਾ ਕੇ ਨਹੀਂ ਦੇਖ ਸਕਦਾ। ਮਾਓਵਾਦੀਆਂ ਦੀ ਲਹਿਰ ਨਾਲ ਬੇਬਹਾ ਜਬਰ ਰਾਹੀਂ ਭਾਰਤੀ ਹੁਕਮਰਾਨਾਂ ਦੇ ਨਜਿੱਠਣ ਦੇ ਢੰਗ ਨਾਲ ਵੀ ਅਸੀਂ ਕਦੀ ਸਹਿਮਤ ਨਹੀਂ ਹੋ ਸਕਦੇ। ਮਾਓਵਾਦੀਆਂ ਨਾਲ ਸਾਡਾ ਮੱਤਭੇਦ ਦੇਸ਼ ਦੀਆਂ ਅਜੋਕੀਆਂ ਪ੍ਰਸਥਿਤੀਆਂ ਦੇ ਮੁਲਾਂਕਣ, ਹਾਕਮ ਜਮਾਤਾਂ ਦੀ ਜਨ ਸਮੂਹਾਂ ਅੰਦਰ ਰਾਜਸੀ ਪਕੜ ਦੀ ਮਿਕਦਾਰ ਅਤੇ ਰਾਜ ਸੱਤਾ ਵਲੋਂ ਇਨਕਲਾਬੀ ਲਹਿਰ ‘ਤੇ ਜਬਰ ਢਾਹੁਣ ਦੀ ਸ਼ਕਤੀ ਤੇ ਉਸਦਾ ਮੁਕਾਬਲਾ ਕਰਦਿਆਂ ਹੋਇਆਂ ਅੰਤਮ ਨਿਸ਼ਾਨੇ (ਸਮਾਜਵਾਦੀ ਇਨਕਲਾਬ) ਦੀ ਜਿੱਤ ਪ੍ਰਾਪਤ ਕਰਨ ਵਾਸਤੇ ਜਨ ਸਮੂਹਾਂ ਦੀ ਰਾਜਸੀ ਚੇਤਨਾ ਦੇ ਪੱਧਰ ਬਾਰੇ ਹੈ। ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਅੱਜ ਕੁਝ ਕੁ ਖੇਤਰਾਂ ਅੰਦਰ ਫੌਜ ਨੁਮਾ ਹਥਿਆਰਬੰਦ ਘੋਲ ਰਾਹੀਂ ਇਨਕਲਾਬ ਨੂੰ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਕਿਉਂਕਿ ਇਸ ਧਾਰਾ ਦੇ ਲੋਕ, ਜਮਹੂਰੀ ਪ੍ਰਕਿਰਿਆ ‘ਚ ਭਾਗ ਲੈਣ ਵਾਲੀਆਂ ਕਮਿਊਨਿਸਟ ਧਿਰਾਂ ਨੂੰ ਪੂਰਨ ਰੂਪ ਵਿਚ ਨਿੰਦਦੇ ਹੋਏ ਉਨ੍ਹਾਂ ਨੂੰ ਹਾਕਮ ਧਿਰ ਦੇ ਅੰਗ ਵਜੋਂ ਹੀ ਆਂਕਦੇ ਹਨ, ਇਸ ਲਈ ਮਾਓਵਾਦੀਆਂ ਨੇ ਫੌਜਨੁਮਾ ਹਿੰਸਕ ਅੰਦੋਲਨ ਨੂੰ ਮੌਜੂਦਾ ਰੂਪ ‘ਚ ਜਾਰੀ ਰੱਖਣਾ ਹੈ ਜਾਂ ਇਸ ਅੱਤ ਖੱਬੇ ਕੁਰਾਹੇ ਤੋਂ ਛੁਟਕਾਰਾ ਪਾ ਕੇ ਦੇਸ਼ ਅੰਦਰ ਇਕ ਮਜ਼ਬੂਤ ਜਨਤਕ ਇਨਕਲਾਬੀ ਲਹਿਰ ਖੜੀ ਕਰਨ ਵਾਲਾ ਰਾਹ ਪਕੜਨਾ ਹੈ, ਇਹ ਨਿਰਣਾ ਸੰਬੰਧਤ ਧਿਰਾਂ ਨੇ ਆਪ ਹੀ ਕਰਨਾ ਹੈ। ਅਸੀਂ ਇਸ ਪ੍ਰਪੱਕ ਰਾਇ ਦੇ ਹਾਂ ਕਿ ਬਾਵਜੂਦ ਠੀਕ ਨਿਸ਼ਾਨਿਆਂ ਤੇ ਵੱਡੀਆਂ ਕੁਰਬਾਨੀਆਂ ਦੇ, ਤਤਕਾਲੀ ਰਾਜਸੀ ਤਾਕਤਾਂ ਦੇ ਤੋਲ ਦੇ ਮੱਦੇਨਜ਼ਰ, ਇਸ ਢੰਗ ਨਾਲ ਸਫਲਤਾ ਕਦਾਚਿੱਤ ਹਾਸਲ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਮਿਊਨਿਸਟ ਪਾਰਟੀਆਂ ਜਾਂ ਧੜਿਆਂ ਲਈ ਜੋ ਦੇਸ਼ ਦੀ ਜਮਹੂਰੀ ਪ੍ਰਕਿਰਿਆ ਵਿਚ ਭਾਗ ਲੈਂਦੇ ਹਨ, ਪਿਛਲੇ ਸਮੇਂ ਦੌਰਾਨ ਵਿੱਢੇ ਗਏ ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਸੰਘਰਸ਼ਾਂ ਦੇ ਬਾਵਜੂਦ ਕਿਰਤੀ ਜਨ ਸਮੂਹਾਂ, ਨੌਜਵਾਨਾਂ ਤੇ ਦੂਸਰੀਆਂ ਦਰਮਿਆਨੀਆਂ ਜਮਾਤਾਂ ਦੇ ਲੋਕਾਂ ਵਿਚ ਖੱਬੀ ਲਹਿਰ ਦੇ ਵੱਡੀ ਪੱਧਰ ਉਪਰ ਸੁੰਗੜਨ ਜਾਂ ਕਮਜ਼ੋਰ ਪੈਣ ਦੇ ਕਾਰਨਾਂ ਨੂੰ ਡੂੰਘਾਈ ਵਿਚ ਘੋਖਣ ਦੀ ਜ਼ਰੂਰਤ ਹੈ। ਮਿਹਨਤਕਸ਼ ਲੋਕਾਂ ਦੇ ਸੰਘਰਸ਼ਾਂ ਦੀ ਮਾਤਰਾ, ਵਿਧੀ ਤੇ ਸੰਚਾਲਨ ਕਰਨ ਦੇ ਤੌਰ ਤਰੀਕਿਆਂ ਬਾਰੇ ਜਥੇਬੰਦਕ ਕਮੀਆਂ ਨੂੰ ਸਮਝਣ ਤੋਂ ਪਹਿਲਾਂ ਰਾਜਨੀਤਕ ਨਿਸ਼ਾਨਿਆਂ, ਜਮਾਤੀ ਦੋਸਤਾਂ ਤੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਅਤੇ ਲੋਕਾਂ ਅੰਦਰ ਖੱਬੀ ਲਹਿਰ ਬਾਰੇ ਆਈ ਭਰੋਸੇਯੋਗਤਾ ਦੀ ਕਮੀ ਦੇ ਕਾਰਨਾਂ ਨੂੰ ਘੋਖਣਾ ਜ਼ਰੂਰੀ ਹੋਵੇਗਾ।
ਪਿਛਲੇ 72 ਸਾਲਾਂ ਦੇ ਤਜ਼ਰਬਿਆਂ ਦੇ ਆਧਾਰ ਉਪਰ ਕੀ ਵੱਖ ਵੱਖ ਕਮਿਊਨਿਸਟ ਪਾਰਟੀਆਂ ਭਾਰਤ ਦੀਆਂ ਹਾਕਮ ਜਮਾਤਾਂ ਦੇ ਦਰੁਸਤ ਜਮਾਤੀ ਕਿਰਦਾਰ ਤੇ ਉਨ੍ਹਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਦੀ ਸੇਧ ਤੇ ਨਿਕਲੇ ਨਤੀਜਿਆਂ ਦਾ ਠੀਕ ਮੁਲਾਂਕਣ ਨਹੀਂ ਕਰ ਸਕਦੀਆਂ? ਕੀ ਅਸੀਂ ਜਮਾਤੀ ਘੋਲਾਂ ਦੀ ਇਤਿਹਾਸਕ ਮਹੱਤਤਾ ਨੂੰ ਸਾਹਮਣੇ ਰੱਖ ਕੇ ਇਸਨੂੰ ਅੱਗੋਂ ਪੂਰੀ ਤਾਕਤ ਨਾਲ ਤੇਜ਼ ਕਰਨ ਲਈ ਪਹਿਲ ਕਦਮੀਆਂ ਨਹੀਂ ਲੈ ਸਕਦੇ? ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਦੇ ਜਾਣਕਾਰ ਜਾਣਦੇ ਹਨ ਕਿ ਸੰਘਰਸ਼ਾਂ ਦੇ ਦੋਨਾਂ ਰੂਪਾਂ, ਪਾਰਲੀਮਾਨੀ ਤੇ ਗੈਰ ਪਾਰਲੀਮਾਨੀ, ਵਿਚੋਂ ਜ਼ਿਆਦਾ ਜ਼ੋਰ ਗੈਰ ਪਾਰਲੀਮਾਨੀ ਸੰਘਰਸ਼ਾਂ ‘ਤੇ ਦਿੱਤਾ ਜਾਣਾ ਚਾਹੀਦਾ ਹੈ, ਜੋ ਅੰਤਮ ਰੂਪ ਵਿਚ ਸਮਾਜਿਕ ਬਦਲਾਅ ਦਾ ਮੂਲ ਕਾਰਕ ਬਣਦਾ ਹੈ। ਕੀ ਅਸੀਂ ਪਿਛਲੇ ਸਮੇਂ ਅੰਦਰ ਹਾਕਮ ਜਮਾਤਾਂ ਨਾਲ ਪਾਈਆਂ ਰਾਜਸੀ ਸਾਂਝਾਂ ਦੇ ਨਫੇ ਨੁਕਸਾਨ ਨੂੰ ਨਹੀਂ ਮਾਪ ਸਕਦੇ ਤਾਂ ਕਿ ਉਸ ਆਧਾਰ ‘ਤੇ ਭਵਿੱਖ ਅੰਦਰ ਠੀਕ ਰਾਹ ‘ਤੇ ਤੁਰਿਆ ਜਾ ਸਕੇ? ਕੀ ਅਸੀਂ ਵਿਗਿਆਨਕ ਨਜ਼ਰੀਆ ਰੱਖਣ ਵਾਲੇ ਕਮਿਊਨਿਸਟ ਦੇਸ਼ ਦੀ ਰਾਜ ਸੱਤਾ ਉਪਰ ਬਿਰਾਜਮਾਨ ਹੋਈ ਫਿਰਕੂ ਫਾਸ਼ੀਵਾਦੀ ਸਰਕਾਰ ਦੀਆਂ ਨੀਤੀਆਂ ਤੋਂ ਉਪਜਣ ਵਾਲੇ ਖਤਰਿਆਂ ਨੂੰ ਠੀਕ ਸੰਦਰਭ ਵਿਚ ਨਹੀਂ ਪਹਿਚਾਣ ਸਕਦੇ ਤੇ ਉਨ੍ਹਾਂ ਦਾ ਹਰ ਖੇਤਰ ‘ਚ ਮੁਕਾਬਲਾ ਕਰਨ ਹਿਤ ਖੱਬੀਆਂ, ਜਮਹੂਰੀ ਤੇ ਅਗਾਂਹਵਧੂ ਸ਼ਕਤੀਆਂ ਦਾ ਵਿਸ਼ਾਲ ਏਕਾ ਕਰਨ ਵਾਸਤੇ ਸੰਕੀਰਨ ਸੋਚ ਤੋਂ ਉਤਾਂਹ ਨਹੀਂ ਉਠ ਸਕਦੇ? ਮੱਤਭੇਦ ਹੁੰਦਿਆਂ ਹੋਇਆਂ ਵੀ ਵੱਖ-ਵੱਖ ਕਮਿਊਨਿਸਟ ਧਿਰਾਂ ਪ੍ਰਵਾਨਤ ਸਾਂਝੇ ਮੁੱਦਿਆਂ ਬਾਰੇ ਇਕਜੁੱਟ ਹੋ ਕੇ ਸਾਂਝੇ ਘੋਲ ਲਾਮਬੰਦ ਕਰਨ ਤੋਂ ਕਿਉਂ ਇਨਕਾਰੀ ਹਨ? ਜਾਂ ਇਸਦੀ ਮਹਾਨਤਾ ਤੇ ਜਰੂਰਤ ਨੂੰ ਕਿਉਂ ਨਹੀਂ ਸਮਝ ਰਹੀਆਂ?
ਅੰਤਮ ਰੂਪ ਵਿਚ ਇਨਕਲਾਬ ਸਿਰੇ ਚਾੜ੍ਹਨ ਦੀ ਵਿਧੀ ਬਾਰੇ ਆਪਸੀ ਮੱਤਭੇਦ ਰੱਖਦੇ ਹੋਏ ਵੀ ਇਸ ਗੱਲੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਭ ਤਰ੍ਹਾਂ ਦੇ ਸੰਘਰਸ਼ਾਂ ਅੰਦਰ ਜਨ ਸਧਾਰਨ ਦੀ ਸ਼ਮੂਲੀਅਤ ਵੱਡੇ ਪੱਧਰ ‘ਤੇ ਜ਼ਰੂਰੀ ਹੈ। ਇਸ ਲਈ ਜਨਤਕ ਲਹਿਰ ਨੂੰ ਵਧੇਰੇ ਤੋਂ ਵਧੇਰੇ ਵਿਸ਼ਾਲ ਕੀਤੇ ਜਾਣ ਦੀ ਲੋੜ ਕੀ ਸਭ ਧਿਰਾਂ ਦੀ ਸਾਂਝੀ ਸੋਚ ਨਹੀਂ ਬਣ ਸਕਦੀ?
ਉਪਰੋਕਤ ਦੱਸੇ ਮੁੱਦਿਆਂ ਬਾਰੇ ਸਾਰੀਆਂ ਖੱਬੀਆਂ ਪਾਰਟੀਆਂ ਦੇ ਨੁਮਾਇੰਦੇ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰ ਸਕਦੇ ਹਨ। ਪ੍ਰਮੁੱਖ ਕਮਿਊਨਿਸਟ ਪਾਰਟੀਆਂ-ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ), ਨੂੰ ਇਸ ਦਿਸ਼ਾ ਵੱਲ ਜਲਦੀ ਹੀ ਪਹਿਲਕਦਮੀ ਕਰਨ ਦੀ ਜ਼ਰੂਰਤ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਦ ਦੂਸਰੇ ਛੋਟੇ ਖੱਬੇ ਪੱਖੀ ਤੇ ਕਮਿਊਨਿਸਟ ਗਰੁੱਪਾਂ ਨੂੰ ਆਪਸੀ ਵਿਚਾਰ ਵਟਾਂਦਰਿਆਂ ਦਾ ਸਿਲਸਿਲਾ ਆਰੰਭ ਕਰਨਾ ਚਾਹੀਦਾ ਹੈ। ਕਿਸੇ ਵੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੂੰ ਅੰਤਰਮੁਖਤਾ ਦੇ ਆਧਾਰ ਉਪਰ ਕਿਸੇ ਦੂਸਰੀ ਧਿਰ ਪ੍ਰਤੀ ਸੰਕੀਰਨਤਾਵਾਦੀ ਜਾਂ ਨਾਂਹ ਪੱਖੀ ਪਹੁੰਚ ਨਹੀਂ ਲੈਣੀ ਚਾਹੀਦੀ। ਸਿਧਾਂਤਕ ਪਕਿਆਈ ਤੇ ਬਾਹਰਮੁੱਖੀ ਅਵਸਥਾਵਾਂ ਦਾ ਠੀਕ ਮੁਲਾਂਕਣ ਕਰਨ ਦੀ ਅਜਾਰੇਦਾਰੀ ਕਿਸੇ ਵੀ ਵਿਸ਼ੇਸ਼ ਪਾਰਟੀ ਜਾਂ ਆਗੂ ਕੋਲ ਨਹੀਂ ਹੈ, ਇਹ ਸਮੇਂ ਨੇ ਸਿੱਧ ਕਰ ਦਿੱਤਾ ਹੈ। ਹਰ ਕਮਿਊਨਿਸਟ ਧਿਰ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਤੇ ਕਮਜ਼ੋਰੀਆਂ ਹੋਣਗੀਆਂ। ਤੇ ਹਰ ਕਮਿਊਨਿਸਟ ਪਾਰਟੀ ਨੇ ਆਪਣੀ ਸਮਝਦਾਰੀ ਤੇ ਸਮਰੱਥਾ ਮੁਤਾਬਕ ਜਨਤਕ ਇਨਕਲਾਬੀ ਲਹਿਰ ਉਸਾਰਨ ਵਿਚ ਯੋਗਦਾਨ ਪਾਇਆ ਹੈ। ਸੌ ਸਾਲਾਂ ਦੇ ਕਮਿਊਨਿਸਟ ਇਤਿਹਾਸ ‘ਚ ਅਨੇਕਾਂ ਸ਼ਾਨਾਮੱਤੇ ਸੰਘਰਸ਼ ਕੀਤੇ ਗਏ ਹਨ ਤੇ ਗਿਣਨਯੋਗ ਪ੍ਰਾਪਤੀਆਂ ਵੀ ਕੀਤੀਆਂ ਗਈਆਂ ਹਨ। ਇਨ੍ਹਾਂ ਘੋਲਾਂ ਅੰਦਰ ਕਮਿਊਨਿਸਟਾਂ ਦੀਆਂ ਕੁਰਬਾਨੀਆਂ ਵੀ ਸ਼ਾਨਾਮੱਤੀਆਂ ਹਨ। ਪ੍ਰੰਤੂ ਕੁਰਬਾਨੀਆਂ ਤੇ ਪ੍ਰਾਪਤੀਆਂ ਦੇ ਬਾਵਜੂਦ ਕਮਿਊਨਿਸਟ ਲਹਿਰ ਵਿਚ ਆਈ ਖੜੋਤ/ਗਿਰਾਵਟ ਦੇ ਕਾਰਨਾਂ ਨੂੰ ਅਣਡਿੱਠ ਕਰਨਾ ਮੁਜ਼ਰਮਾਨਾ ਭਟਕਾਅ ਹੋਵੇਗਾ। ਇਨਕਲਾਬੀ ਲਹਿਰ ਦੇ ਉਜਲੇ ਭਵਿੱਖ ਵਾਸਤੇ ਕਮਿਊਨਿਸਟ ਪਾਰਟੀਆਂ ਵਲੋਂ ਪਿਛਲੇ ਸਮੇਂ ਅੰਦਰ ਕੀਤੀਆਂ ਗਈਆਂ ਭੁੱਲਾਂ ਨੂੰ ਹਰ ਕੀਮਤ ‘ਤੇ ਸੁਧਾਰਿਆ ਜਾਣਾ ਚਾਹੀਦਾ ਹੈ ਤੇ ਮੌਜੂਦਾ ਸਥਿਤੀ ਦਾ ਬਾਹਰਮੁਖੀ ਮੁਲਾਂਕਣ ਕਰਕੇ ਢੁਕਵੇਂ ਦਾਅਪੇਚ ਤੇ ਨਾਅਰੇ ਘੜੇ ਜਾਣੇ ਚਾਹੀਦੇ ਹਨ।
ਅਜਿਹਾ ਕਰਦਿਆਂ ਹੋਇਆਂ, ਇਕ ਪੜਾਅ ‘ਤੇ, ਸਿਧਾਂਤਕ ਤੇ ਜਥੇਬੰਦਕ ਰੂਪ ‘ਚ ਸਮੁੱਚੀ ਕਮਿਊਨਿਸਟ ਲਹਿਰ ਦੀ ਇਕ ਪਾਰਟੀ ਦੇ ਰੂਪ ‘ਚ ਏਕਤਾ ਦਾ ਨਿਸ਼ਾਨਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਫੌਰੀ ਤੌਰ ‘ਤੇ ਜਜ਼ਬਾਤੀ ਵਹਿਣ ਵਿਚ ਵਹਿ ਕੇ ਕਮਿਊਨਿਸਟ ਏਕਤਾ ਦਾ ਨਾਅਰਾ ਗੈਰ ਯਥਾਰਥਵਾਦੀ ਹੈ। ਇਹ ਨਾਅਰਾ ਵੱਖ-ਵੱਖ ਕਮਿਊਨਿਸਟ ਧਿਰਾਂ ਵਲੋਂ ਏਕਤਾ ਤੇ ਸਾਂਝੇ ਜਨਤਕ ਸੰਘਰਸ਼ਾਂ ਰਾਹੀਂ ਹੀ ਹਕੀਕਤ ਵਿਚ ਬਦਲਿਆ ਜਾ ਸਕਦਾ ਹੈ।

Scroll To Top