ਹੁਣੇ-ਹੁਣੇ ਮੁਕੰਮਲ ਹੋਈਆਂ ਪਾਰਲੀਮਾਨੀ ਚੋਣਾਂ ਵਿਚ, ”ਪੰਜਾਬ ਜਮਹੂਰੀ ਗਠਜੋੜ” (ਪੀ.ਡੀ.ਏ.) ਵਲੋਂ ਪੰਜਾਬ ਵਿਚ ਦਿਖਾਈ ਗਈ ਕਾਰਗੁਜਾਰੀ ਨੇ ਏਥੇ ਚੰਗੀਆਂ ਤੇ ਉਤਸ਼ਾਹਜਨਕ ਭਵਿੱਖੀ ਰਾਜਨੀਤਕ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਇਹਨਾਂ ਚੋਣਾਂ ਦਾ ਐਲਾਨ ਹੋਣ ਉਪਰੰਤ, ਅਗਲੇ ਹੀ ਦਿਨ, 11 ਮਾਰਚ ਨੂੰ ਕਾਹਲੀ ਕਾਹਲੀ ਵਿਚ ਬਣਿਆ 7 ਰਾਜਸੀ ਪਾਰਟੀਆਂ ‘ਤੇ ਆਧਾਰਤ ਇਹ ਗਠਜੋੜ, ਭਾਵੇਂ ਇਹਨਾਂ ਚੋਣਾਂ ਵਿਚ ਆਪਣੇ ਕਿਸੇ ਵੀ ਉਮੀਦਵਾਰ ਨੂੰ ਜਿਤਾ ਤਾਂ ਨਹੀਂ ਸਕਿਆ, ਪ੍ਰੰਤੂ ਸਮੁੱਚੀ ਚੋਣ ਮੁਹਿੰਮ ਦੌਰਾਨ ਰਾਜਨੀਤਕ ਹਲਕਿਆਂ ਅੰਦਰ ਪੀ.ਡੀ.ਏ. ਉਚੇਚੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਇਸ ਲੋਕ ਪੱਖੀ ਗਠਜੋੜ ਵਲੋਂ ਸਾਰੀਆਂ ਹੀ 13 ਸੀਟਾਂ ਉਪਰ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਅਤੇ ਇਸਨੇ ਕੁੱਲ ਪੋਲ ਹੋਈਆਂ ਵੋਟਾਂ ਦਾ 10.69% ਹਿੱਸਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਪ੍ਰਾਂਤ ਅੰਦਰ ਤੀਜੀ ਰਾਜਸੀ ਧਿਰ ਵਜੋਂ ਉਭਾਰਿਆ ਹੈ। ਇਸ ਤਰ੍ਹਾਂ, ਪੀ.ਡੀ.ਏ. ਨੇ ‘ਆਮ ਆਦਮੀ ਪਾਰਟੀ’ ਨੂੰ ਜਨ ਆਧਾਰ ਦੇ ਪੱਖੋਂ ਪਛਾੜ ਦਿੱਤਾ ਹੈ। ਪੀ.ਡੀ.ਏ. ਦੇ ਉਮੀਦਵਾਰਾਂ ਨੂੰ ਲਗਭਗ 15 ਲੱਖ ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ‘ਆਪ’ ਦੇ ਉਮੀਦਵਾਰ ਸਿਰਫ 10 ਲੱਖ ਦੇ ਕਰੀਬ ਵੋਟਾਂ ਹੀ ਪ੍ਰਾਪਤ ਕਰ ਸਕੇ। ਪੀ.ਡੀ.ਏ. ਦੇ ਉਮੀਦਵਾਰਾਂ ਨੇ ਲੁਧਿਆਣਾ, ਜਲੰਧਰ, ਆਨੰਦਪੁਰ ਸਾਹਿਬ, ਪਟਿਆਲਾ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਦੇ ਹਲਕਿਆਂ ਅੰਦਰ ਚੰਗੀਆਂ ਸਨਮਾਨਜਨਕ ਵੋਟਾਂ ਪ੍ਰਾਪਤ ਕੀਤੀਆਂ ਅਤੇ, ਏਥੇ, ਤਿਕੋਨੀ ਰਾਜਸੀ ਟੱਕਰ ਵਿਚ ਆਪਣੀ ਢੁਕਵੀਂ ਥਾਂ ਬਣਾਈ ਹੈ। ਇਸ ”ਗੱਠਜੋੜ” ਦੇ ਇਕ ਅੰਗ ਵਜੋਂ ਬਸਪਾ ਵਲੋਂ ਲੜੇ ਗਏ ਤਿੰਨ ਹਲਕਿਆਂ ‘ਚ ਤਾਂ ਇਸ ਪਾਰਟੀ ਨੇ ਆਪਣਾ ਪ੍ਰਭਾਵਸ਼ਾਲੀ ਜਨ ਆਧਾਰ ਮੁੜ ਬਹਾਲ ਕਰ ਲਿਆ ਹੈ। ਇਸ ਤਰ੍ਹਾਂ ਪੀ.ਡੀ.ਏ. ਨੇ ਪੰਜਾਬ ਅੰਦਰਲੀ, ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਵਿਚਲੀ ਦੋ ਧਿਰੀ ਰਾਜਨੀਤੀ, ਦੇ ਟਾਕਰੇ ਵਿਚ ਏਥੇ ਤੀਜੇ ਲੋਕ ਪੱਖੀ ਬਦਲ ਵਜੋਂ ਆਪਣੀ ਮੁਢਲੀ ਪਛਾਣ ਬਣਾ ਲਈ ਹੈ।
ਅਸਲ ਵਿਚ ਪੰਜਾਬ ਵਾਸੀ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਅਤੇ ਅਕਾਲੀ ਭਾਜਪਾ ਗਠਜੋੜ ਵਰਗੀਆਂ ਰਵਾਇਤੀ ਰਾਜਸੀ ਧਿਰਾਂ ਤੋਂ ਵੱਡੀ ਹੱਦ ਤੱਕ ਅੱਕ ਚੁੱਕੇ ਦਿਖਾਈ ਦੇ ਰਹੇ ਹਨ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੋਵੇਂ ਹੀ ਬੁਨਿਆਦੀ ਤੌਰ ‘ਤੇ, ਆਪਣੇ ਜਮਾਤੀ ਖਾਸੇ ਦੇ ਪੱਖੋਂ, ਸਰਮਾਏਦਾਰ-ਜਗੀਰਦਾਰ ਜਮਾਤਾਂ, ਉਹਨਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਅਤੇ ਹੋਰ ਪੇਂਡੂ ਤੇ ਸ਼ਹਿਰੀ ਧਨਾਢਾਂ ਦੇ ਹਿੱਤਾਂ ਦੀ ਰਖਵਾਲੀ ਕਰਦੀਆਂ ਆ ਰਹੀਆਂ ਹਨ। ਦੋਵੇਂ ਹੀ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਕ ਨੀਤੀਆਂ ਦੀਆਂ ਮੁਦਈ ਹਨ ਅਤੇ ਰਾਜ ਸੱਤਾ ‘ਤੇ ਕਾਬਜ਼ ਹੋਣ ਉਪਰੰਤ ਇਹਨਾਂ ਲੋਕ ਮਾਰੂ ਨੀਤੀਆਂ ਨੂੰ ਅਮਲੀ ਰੂਪ ਦੇਣ ਵਾਸਤੇ ਹਰ ਪ੍ਰਕਾਰ ਦਾ ਜਾਇਜ਼ ਨਾਜਾਇਜ਼ ਹਰਬਾ ਵਰਤਦੀਆਂ ਹਨ। ਅਕਾਲੀ ਦਲ ਵੀ ਲੰਮੇ ਸਮੇਂ ਤੋਂ ਹੀ ਉਪਰੋਕਤ ਲੁਟੇਰੀਆਂ ਜਮਾਤਾਂ ਦਾ ਸਮਰਥਕ ਰਿਹਾ ਹੈ। ਅਤੇ, ਇਸ ਦੇ ਆਗੂ ਆਪਣੇ ਰਾਜਸੀ ਅਤੇ ਸੌੜੇ ਨਿੱਜੀ ਹਿੱਤਾਂ ਵਾਸਤੇ ਸਿੱਖ ਪੰਥ ਦੇ ਪੱਤੇ ਨੂੰ ਫਿਰਕੂ ਰੰਗਤ ਚਾੜ੍ਹਕੇ ਰਾਜਸੱਤਾ ਹਥਿਆਉਣ ਲਈ ਇਸਤੇਮਾਲ ਕਰਦੇ ਆ ਰਹੇ ਹਨ। ਏਸੇ ਲਈ ਅਕਾਲੀ ਦਲ (ਬਾਦਲ) ਦਾ ਭਾਰਤੀ ਜਨਤਾ ਪਾਰਟੀ ਨਾਲ ਮੌਜੂਦਾ ਗਠਜੋੜ ਵੀ, ਇਹਨਾਂ ਦੋਵਾਂ ਪਾਰਟੀਆਂ ਵਿਚਕਾਰ ਜਮਾਤੀ ਦ੍ਰਿਸ਼ਟੀਕੋਨ ਪੱਖੋਂ ਇਕਸੁਰਤਾ ਅਤੇ ਦੋਵਾਂ ਪਾਰਟੀਆਂ ਦੀਆਂ ਫਿਰਕੂ ਵੰਡੀਆਂ ਆਧਾਰਤ ਗਿਣਤੀਆਂ ਮਿਣਤੀਆਂ ਉਪਰ ਹੀ ਖੜਾ ਹੈ। ਇਸ ਤਰ੍ਹਾਂ, ਪੰਜਾਬ ਅੰਦਰ, ਹਾਕਮ ਜਮਾਤਾਂ ਦੀਆਂ ਇਹਨਾਂ ਦੋਵਾਂ ਧਿਰਾਂ-ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ, ਵਿਚਕਾਰ ਆਰਥਕ ਨੀਤੀਆਂ ਪੱਖੋਂ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ। ਦੋਵੇਂ ਧਿਰਾਂ ਹੀ ਲੋਕ ਮਾਰੂ ਨਵਉਦਾਰਵਾਦੀ ਨੀਤੀਆਂ ਦੀਆਂ ਪੂਰੀ ਤਰ੍ਹਾਂ ਸਮਰਥਕ ਹਨ ਅਤੇ ਕਾਰਪੋਰੇਟ ਘਰਾਣਿਆਂ ਤੇ ਪੇਂਡੂ ਧਨਾਢਾਂ ਦੇ ਹੱਥਾਂ ਵਿਚ ਖੇਡ ਰਹੀਆਂ ਹਨ।
ਇਸ ਤੋਂ ਬਿਨਾਂ, ਸਰਮਾਏਦਾਰ-ਜਾਗੀਰਦਾਰ ਜਮਾਤਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਉਪਰੋਕਤ ਦੋਵਾਂ ਰਾਜਸੀ ਧਿਰਾਂ ਦੇ ਆਗੂਆਂ ਦੇ ਕਿਰਦਾਰ ਤੇ ਵਿਵਹਾਰ ਪੱਖੋਂ ਵੀ ਬਹੁਤਾ ਫਰਕ ਨਹੀਂ ਹੈ। ਦੋਵਾਂ ਦੇ ਆਗੂ ਆਪਣੇ ਸੌੜੇ ਸਿਆਸੀ ਤੇ ਸਵਾਰਥੀ ਹਿੱਤਾਂ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਮੌਕਾਪ੍ਰਸਤੀਆਂ, ਸਾਜਸ਼ੀ ਲੁਤਰ-ਬੁਤਰੀਆਂ ਅਤੇ ਭਰਿਸ਼ਟ ਤੇ ਅਨੈਤਿਕ ਕੁਕਰਮਾਂ ਵਿਚ ਹੀ ਗਲਤਾਨ ਰਹਿੰਦੇ ਹਨ। ਆਮ ਲੋਕਾਂ ਦੀਆਂ ਮੁਸੀਬਤਾਂ ਅਤੇ ਮੰਗਾਂ-ਉਮੰਗਾਂ ਪ੍ਰਤੀ ਇਹ ਆਗੂ ਤਾਂ ਹਮੇਸ਼ਾ ਹੀ ਉਦਾਸੀਨ ਤੇ ਘੋਗਲ ਕੰਨੇ ਬਣੇ ਰਹਿੰਦੇ ਹਨ। ਏਹੋ ਕਾਰਨ ਹੈ ਕਿ ਪੰਜਾਬ ਵਾਸੀਆਂ, ਖਾਸਕਰ ਮਿਹਨਤੀ ਲੋਕਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਨੌਜਵਾਨਾਂ ਅਤੇ ਹਰ ਪੱਖੋਂ ਲਿਤਾੜੇ ਹੋਏ ਗਰੀਬ ਦਲਿਤ ਪਰਿਵਾਰਾਂ ਦੀਆਂ ਆਰਥਕ ਤੇ ਸਮਾਜਿਕ ਮੁਸ਼ਕਲਾਂ ਵਿਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ। ਅਤੇ, ਏਸੇ ਦਾ ਸਿੱਟਾ ਹੈ ਕਿ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਅਤੇ ਬਹੁਤ ਸਾਰੀਆਂ ਸਨਅਤਾਂ ਲਈ ਕੱਚਾ ਮਾਲ ਪੈਦਾ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਕਰਜਾਈ ਤੇ ਕੰਗਾਲ ਹੋ ਗਏ ਹਨ ਅਤੇ ਨਿਰਾਸ਼ਾਵਸ ਹਜ਼ਾਰਾਂ ਦੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਚੁੱਕੇ ਹਨ। ਇਹ ਦੁਖਾਂਤ ਨਿਰੰਤਰ ਵੱਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਾਂਤ ਦੀ ਜਵਾਨੀ, ਵੱਡੀ ਹੱਦ ਤੱਕ, ਨਸ਼ਿਆਂ ਨੇ ਤਬਾਹ ਕਰ ਦਿੱਤੀ ਹੈ ਅਤੇ ਜਾਂ ਫਿਰ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਭੱਜੀ ਜਾ ਰਹੀ ਹੈ। ਇਹਨਾਂ ਹਾਲਤਾਂ ਕਰਕੇ ਹੀ ਪੰਜਾਬ ਵਾਸੀਆਂ ਦਾ ਰਾਜਸੀ ਤੌਰ ‘ਤੇ ਚੇਤੰਨ ਹਿੱਸਾ, ਅਕਸਰ ਹੀ, ਅਜਿਹੇ ਬਦਲ ਦੀ ਤਲਾਸ਼ ਕਰਦਾ ਹੈ ਜਿਹੜਾ ਕਿ ਉਹਨਾਂ ਨੂੰ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਪਾਰਟੀ, ਦੋਵਾਂ ਦੇ ਦੁਰਰਾਜ ਤੋਂ ਮੁਕਤੀ ਦਿਵਾ ਸਕੇ।
ਜਿਹੜੀ ਵੀ ਰਾਜਸੀ ਸ਼ਕਤੀ ਉਪਰੋਕਤ ਦੋਵਾਂ ਧਿਰਾਂ ਦੇ ਬਦਲ ਵਜੋਂ ਉਭਰਦੀ ਹੈ ਉਸ ਵੱਲ ਲੋਕੀਂ ਤੁਰੰਤ ਹੀ ਖਿੱਚੇ ਜਾਂਦੇ ਹਨ ਅਤੇ ਉਸ ਨੂੰ ਬੜੀਆਂ ਆਸਾਂ ਉਮੀਦਾਂ ਨਾਲ ਸਤਿਕਾਰ ਦਿੰਦੇ ਹਨ। ਏਸੇ ਸਮਝਦਾਰੀ ਨਾਲ ਪੰਜਾਬ ਦੇ ਲੋਕਾਂ ਨੇ ਪਹਿਲਾਂ ਪੀ.ਪੀ.ਪੀ. ਅਤੇ 2014 ਵਿਚ ‘ਆਮ ਆਦਮੀ ਪਾਰਟੀ’ ਪ੍ਰਤੀ ਬਹੁਤ ਹੀ ਠੋਸ ਤੇ ਪ੍ਰਭਾਵਸ਼ਾਲੀ ਹੁੰਗਾਰਾ ਭਰਿਆ ਸੀ। ਪ੍ਰੰਤੂ, ਸਥਾਪਤੀ ਪ੍ਰਤੀ ਮੱਧਵਰਗ ਦੀ ਨਿਰਾਸ਼ਾ ‘ਚੋਂ ਉਪਜੀਆਂ ਅਜੇਹੀਆਂ ਰਾਜਸੀ ਪਾਰਟੀਆਂ ਦੀਆਂ ਆਪਣੀਆਂ ਜਮਾਤੀ ਸੀਮਾਵਾਂ ਹੁੰਦੀਆਂ ਹਨ। ਮੱਧ ਵਰਗ ਆਧਾਰਤ ਇਹਨਾਂ ਪਾਰਟੀਆਂ ਦੇ ਆਗੂ ਅਕਸਰ ਲਫ਼ਾਜ਼ੀ ਵੀ ਬਹੁਤ ਤੇਜ਼ ਤਰਾਰ ਵਰਤਦੇ ਹਨ ਅਤੇ ਆਮ ਲੋਕਾਂ ਨੂੰ ਖਿੱਚ ਪਾਉਂਦੇ ਨਾਅਰੇ ਵੀ ਬਹੁਤ ਤਿੱਖੇ ਪਰੋਸਦੇ ਹਨ। ਪ੍ਰੰਤੂ ਉਹਨਾਂ ਨਾਅਰਿਆਂ ਦੀ ਪੂਰਤੀ ਲਈ ਉਹ, ਜਨਸਮੂਹਾਂ ‘ਤੇ ਟੇਕ ਰੱਖਕੇ ਉਹਨਾਂ ਨੂੰ ਜਥੇਬੰਦ ਕਰਨ ਦੀ ਬਜਾਏ, ਨਿੱਜੀ ਆਦਰਸ਼ਵਾਦ ਅਤੇ ਵਿਅਕਤੀਗਤ ਪਹਿਲਕਦਮੀ ਤੇ ਹੌਂਸਲੇ ‘ਤੇ ਹੀ ਨਿਰਭਰ ਰਹਿੰਦੇ ਹਨ। ਜਿਸ ਨਾਲ ਮਜ਼ਦੂਰ ਜਮਾਤ ਵਾਲੀ, ਲੋਕਾਂ ਪ੍ਰਤੀ ਸੁਹਿਰਦਤਾ ਅਤੇ ਦਰਿੜਤਾ ਭਰਪੂਰ ਬੱਝਵੇਂ ਘੋਲਾਂ ਦਾ ਰਾਹ ਅਪਨਾਉਣ ਵਾਲੀ ਸਮਰੱਥਾ, ਵਿਕਸਤ ਨਹੀਂ ਹੁੰਦੀ। ਜਦੋਂਕਿ ਦੂਜੇ ਪਾਸੇ, ਮੱਧਵਰਗੀ ਹਊਮੈਂ ਤੇ ਹੰਕਾਰ ਦੀਆਂ ਕਰੁਚੀਆਂ, ਆਗੂਆਂ ਦੀਆਂ ਪ੍ਰਸਪਰ ਵਿਚਾਰਧਾਰਕ ਤੇ ਸਵਾਰਥ ਸਿੱਧੀ ਵੱਲ ਸੇਧਤ ਤਰੇੜਾਂ ਨੂੰ ਵਧਾਉਣ ਤੇ ਜਥੇਬੰਦੀ ਨੂੰ ਖਿੰਡਾਉਣ ਦੀਆਂ ਪ੍ਰਕਿਰਿਆਵਾਂ ਨੂੰ ਜ਼ਰੂਰ ਤਿੱਖੀਆਂ ਕਰ ਦਿੰਦੀਆਂ ਹਨ। ਅਜੇਹੀ ਅਵਸਥਾ ਦਾ ਲਾਹਾ ਰਵਾਇਤੀ ਸਰਮਾਏਦਾਰ-ਜਾਗੀਰਦਾਰ ਪੱਖੀ ਪਾਰਟੀਆਂ ਵੀ ਲੈਂਦੀਆਂ ਹੀ ਹਨ ਅਤੇ ਮੱਧਵਰਗੀ ਡਾਵਾਂਡੋਲਤਾਵਾਂ ਦਾ ਪ੍ਰਗਟਾਵਾ ਕਰਦੇ ਵਿਰੋਧੀਆਂ ਨੂੰ ਲੋਕ ਪੱਖੀ ਪੈਂਤੜੇ ਤੋਂ ਭਟਕਾਉਣ ਜਾਂ ਆਪਣੇ ਨਾਲ ਰਲਾਉਣ ਵਿਚ ਸੌਖਿਆਂ ਹੀ ਸਫਲ ਹੋ ਜਾਂਦੀਆਂ ਹਨ। ਪਹਿਲਾਂ ਪੀ.ਪੀ.ਪੀ. ਅਤੇ ਹੁਣ ‘ਆਪ’ ਦੀ ਅਜੋਕੀ ਅਵਸਥਾ ਅਜੇਹੀ ਸਿਧਾਂਤਕ ਸੱਚਾਈ ਨੂੰ ਹੀ ਰੂਪਮਾਨ ਕਰਦੀ ਦਿਖਾਈ ਦਿੰਦੀ ਹੈ।
ਪ੍ਰੰਤੂ ‘ਪੰਜਾਬ ਜਮਹੂਰੀ ਗਠਜੋੜ’ ਵਿਚ ਅਜੇਹੀਆਂ ਘਾਟਾਂ ਕਮਜ਼ੋਰੀਆਂ ‘ਤੇ ਕਾਬੂ ਪਾਉਣ ਦੀ ਸਮਰੱਥਾ ਸੌਖਿਆਂ ਹੀ ਅਨੁਮਾਨੀ ਜਾ ਸਕਦੀ ਹੈ। ਇਸ ਵਿਚ ਮਜ਼ਦੂਰ ਵਰਗ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਕਮਿਊਨਿਸਟ ਪਾਰਟੀਆਂ ਵੀ ਹਨ ਅਤੇ ਲੰਬੇ ਸਮੇਂ ਤੋਂ ਅਨੁਸੂਚਿਤ ਜਾਤੀਆਂ ਭਾਵ ਦਲਿਤਾਂ ਦੀ ਦਰਦਨਾਕ ਦਸ਼ਾ ਨੂੰ ਉਭਾਰਦੀ ਆ ਰਹੀ ਬਹੁਜਨ ਸਮਾਜ ਪਾਰਟੀ ਵੀ ਹਿੱਸੇਦਾਰ ਹੈ। ਕਿਰਤੀ ਜਨਸਮੂਹਾਂ ਦੇ ਵੱਖ ਵੱਖ ਭਾਗਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ਼ਸ਼ੀਲ ਰਾਜਸੀ ਸੰਗਠਨਾਂ ‘ਤੇ ਆਧਾਰਤ ਪੀ.ਡੀ.ਏ. ਦੀ ਅਜੇਹੀ ਜਮਾਤੀ ਬਣਤਰ ਨਿਰੋਲ ਮਧਵਰਗ ਆਧਾਰਿਤ ਪਾਰਟੀਆਂ ਦੀਆਂ ਉਪਰੋਕਤ ਸੀਮਾਵਾਂ ਤੇ ਘਾਟਾਂ-ਕਮਜ਼ੋਰੀਆਂ ਪ੍ਰਤੀ ਸਾਵਧਾਨ ਰਹਿਣ ਅਤੇ ਉਹਨਾਂ ਉਪਰ ਕਾਬੂ ਪਾ ਕੇ ਇਸ ”ਗਠਜੋੜ” ਦਾ ਘੇਰਾ ਹੋਰ ਵਧੇਰੇ ਵਿਸ਼ਾਲ ਕਰਨ ਵਿਚ ਲਾਜ਼ਮੀ ਮਦਦਗਾਰ ਰਹੇਗੀ। ਇਸ ਤਰ੍ਹਾਂ, ਪੀ.ਡੀ.ਏ. ਦੇ, ਭਵਿੱਖ ਵਿਚ, ਮਜ਼ਬੂਤੀ ਨਾਲ ਅਗਾਂਹ ਵੱਧਣ ਅਤੇ ਪ੍ਰਾਂਤ ਵਾਸੀਆਂ ਦੇ ਸਨਮੁੱਖ ਇਕ ਲੋਕ ਪੱਖੀ ਰਾਜਸੀ ਤੇ ਆਰਥਕ ਬਦਲ ਪੇਸ਼ ਕਰਨ ਯੋਗ ਬਨਣ ਦੀਆਂ ਚੰਗੀਆਂ ਸੰਭਾਵਨਾਵਾਂ ਬਣਦੀਆਂ ਦਿਖਾਈ ਦਿੰਦੀਆਂ ਹਨ।
ਐਪਰ, ਇਸ ਗੱਲੋਂ ਸਾਵਧਾਨ ਰਹਿਣਾ ਵੀ ਅਤੀ ਜ਼ਰੂਰੀ ਹੈ ਕਿ ਇਹ ”ਗਠਜੋੜ” ਆਪਣੀਆਂ ਸਰਗਰਮੀਆਂ ਨੂੰ ਕੇਵਲ ਚੁਣਾਵੀ ਸਰਗਰਮੀਆਂ ਤੱਕ ਹੀ ਸੀਮਤ ਨਾ ਰੱਖੇ। ਸਗੋਂ, ਇਸ ਦੀ ਵਰਤੋਂ ਬੱਝਵੇਂ ਜਨਤਕ ਘੋਲਾਂ ਨੂੰ ਉਭਾਰਨ ਤੇ ਮਜ਼ਬੂਤ ਬਨਾਉਣ ਵਾਸਤੇ ਨਿਰੰਤਰ ਰੂਪ ਵਿਚ ਕੀਤੀ ਜਾਵੇ। ਬਾਹਰਮੁਖੀ ਅਵਸਥਾਵਾਂ, ਭਵਿੱਖ ਵਿਚ, ਅਜੇਹੇ ਘੋਲਾਂ ਦੀ ਤੇਜ਼ੀ ਨਾਲ ਮੰਗ ਕਰਨਗੀਆਂ। ਕਿਉਂਕਿ ਮੋਦੀ ਸਰਕਾਰ ਨੇ ਫਿਰਕੂ-ਫਾਸ਼ੀਵਾਦੀ ਪੈਂਤੜੇ ‘ਤੇ ਚਲਦਿਆਂ ਕੇਵਲ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਨਵੀਆਂ ਮੁਸੀਬਤਾਂ ਹੀ ਨਹੀਂ ਉਭਾਰਨੀਆਂ ਬਲਕਿ ਮਹਿੰਗਾਈ ਵਿਚ ਹੋਰ ਵਾਧਾ ਕਰਨ, ਰੋਜ਼ਗਾਰ ਨੂੰ ਹੋਰ ਵਧੇਰੇ ਢਾਅ ਲਾਉਣ ਤੇ ਕਿਰਤ ਕਾਨੂੰਨਾਂ ਨੂੰ ਅਪ੍ਰਸੰਗਿਕ ਬਨਾਉਣ ਦੇ ਪੱਖਾਂ ਤੋਂ ਵੀ ਲਾਜ਼ਮੀ ਨਵੇਂ ਹਮਲੇ ਕਰਨੇ ਹਨ ਅਤੇ ਲੋਕਾਂ ਦੇ ਜਮਹੂਰੀ ਤੇ ਨਾਗਰਿਕ ਅਧਿਕਾਰਾਂ ਨੂੰ ਵੀ ਆਪਣੀ ਤਾਨਾਸ਼ਾਹੀ ਹੈਂਕੜ ਦੀ ਭੇਂਟ ਚਾੜ੍ਹ ਦੇਣਾ ਹੈ। ਇਹਨਾਂ ਸਾਰੇ ਮੁੱਦਿਆਂ ‘ਤੇ ਵਿਸ਼ੇਸ਼ ਤੌਰ ‘ਤੇ ਲੋਕਾਂ ਦੀਆਂ ਜੀਵਨ ਹਾਲਤਾਂ ਵਿਚ ਹੋਣ ਵਾਲੇ ਸੰਭਵ ਨਿਘਾਰ ਨੂੰ ਰੋਕਣ ਵਾਸਤੇ ਵਿਸ਼ਾਲ ਜਨਤਕ ਲਾਮਬੰਦੀ ‘ਤੇ ਆਧਾਰਤ ਬੱਝਵੇਂ ਤੇ ਲੜਾਕੂ ਜਨਤਕ ਘੋਲ ਭਵਿੱਖ ਦੀ ਸਭ ਤੋਂ ਵੱਧ ਉਭਰਵੀਂ ਮੰਗ ਹੋਣਗੇ। ਏਸੇ ਤਰ੍ਹਾਂ, ਪੰਜਾਬ ਵਿਚਲੀ ਕਾਂਗਰਸੀ ਸਰਕਾਰ ਤੋਂ ਵੀ ਕਿਸੇ ਭਲੇ ਦੀ ਉਕਾ ਹੀ ਕੋਈ ਆਸ ਨਹੀਂ ਹੈ। ਇਹ ਸਰਕਾਰ ਵੀ ਅਸੈਂਬਲੀ ਚੋਣਾਂ ਦੇ ਨੇੜੇ ਜਾ ਕੇ ਭਾਵੇਂ ਕਿਸੇ ਵਰਗ ਨੂੰ ਕੋਈ ਛੋਟੀ ਮੋਟੀ ਰਿਆਇਤ ਪ੍ਰਦਾਨ ਕਰੇ, ਫੌਰੀ ਤੌਰ ‘ਤੇ ਤਾਂ ਹਰ ਵਰਗ ਦੀਆਂ ਜਾਇਜ਼ ਮੰਗਾਂ-ਉਮੰਗਾਂ ਨੂੰ ਵੀ ਅੱਖੋਂ ਪਰੋਖੇ ਕਰਨ ਦੀ ਪਹੁੰਚ ਹੀ ਜਾਰੀ ਰੱਖੇਗੀ। ਇਸ ਲਈ ਕਰਜ਼ੇ ਹੇਠ ਦੱਬੇ ਜਾ ਰਹੇ ਕਿਸਾਨਾਂ, ਕੱਚੇ ਮੁਲਾਜ਼ਮਾਂ, ਗਰੀਬੀ ਤੇ ਮਹਿੰਗਾਈ ਦੇ ਦੋ ਪੁੜ੍ਹਾਂ ਵਿਚ ਦਰੜੇ ਜਾ ਰਹੇ ਮਜ਼ਦੂਰਾਂ ਅਤੇ ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਜੁਆਨੀ ਨੇ ਆਪੋ ਆਪਣੀਆਂ ਤਰਾਸਦਿਕ ਅਵਸਥਾਵਾਂ ਤੋਂ ਨਿਜਾਤ ਹਾਸਲ ਕਰਨ ਲਈ ਘੋਲਾਂ ਦੇ ਰਾਹੇ ਪੈਣਾ ਹੀ ਪੈਣਾ ਹੈ। ਅਜੇਹੇ ਸਾਰੇ ਘੋਲਾਂ ਨੂੰ ਧਾਰਾਬੱਧ ਕਰਨ ਤੇ ਅਗਵਾਈ ਦੇਣ ਵਾਸਤੇ ਪੀ.ਡੀ.ਏ. ਨੂੰ ਆਉਣ ਵਾਲੇ ਚਿੰਤਾਜਨਕ ਸਮਿਆਂ ਦੇ ਲਾਜ਼ਮੀ ਹਾਣ ਦਾ ਹੋਣਾ ਪਵੇਗਾ। ਇਸ ਦਿਸ਼ਾ ਵਿਚ ਠੋਸ ਤੇ ਭਰਵੇਂ ਹੰਭਲੇ ਮਾਰਕੇ ਹੀ ਇਹ ਸੰਭਾਵਨਾਵਾਂ ਭਰਪੂਰ ‘ਗਠਜੋੜ’ ਪ੍ਰਾਂਤ ਅੰਦਰ ਆਪਣਾ ਇਤਿਹਾਸਕ ਫਰਜ਼ ਨਿਭਾਅ ਸਕਦਾ ਹੈ ਅਤੇ ਕੌਮੀ ਰਾਜਨੀਤੀ ਲਈ ਵੀ ਚੰਗੀਆਂ ਪੈੜਾਂ ਪਾ ਸਕਦਾ ਹੈ। ਇਸ ਦਿਸ਼ਾ ਵਿਚ ਅਸੀਂ, ਆਰ.ਐਮ.ਪੀ.ਆਈ. ਵਲੋਂ, ਆਪਣਾ ਭਰਵਾਂ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਾਂਗੇ।
– ਹਰਕੰਵਲ ਸਿੰਘ