ਮੰਗਤ ਰਾਮ ਪਾਸਲਾ
ਲੋਕ ਸਭਾ ਚੋਣਾਂ ਲਈ ਪ੍ਰਚਾਰ ਦੇ ਪਹਿਲੇ ਦੌਰ ‘ਚ ਹੀ ਭਾਜਪਾ ਆਪਣੇ ਅਸਲੀ ਰੰਗ ਵਿਚ ਆ ਗਈ ਹੈ। ਭਾਜਪਾ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਉਹ ਸਾਰੇ ਵਾਅਦੇ, ਜਿਹੜੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਕੀਤੇ ਗਏ ਸਨ, ਨੂੰ ਪੂਰੀ ਤਰ੍ਹਾਂ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਵਿਚ ਹੁਣ ਵਿਦੇਸ਼ਾਂ ‘ਚ ਜਮਾਂ ਹੋਏ ਕਾਲੇ ਧਨ ਨੂੰ ਵਾਪਸ ਮੰਗਵਾ ਕੇ ਹਰੇਕ ਨਾਗਰਿਕ ਦੇ ਬੈਂਕ ਖਾਤੇ ਵਿਚ ਪੰਦਰਾਂ ਲੱਖ ਰੁਪਏ ਜਮਾਂ ਕਰ ਦੇਣ ਦਾ ਵਾਅਦਾ, ਸਰਹੱਦਾਂ ਤੋਂ ਵਿਦੇਸ਼ੀ ਘੁਸਪੈਠ ਦੀ ਪੂਰੀ ਤਰ੍ਹਾਂ ਰੋਕਥਾਮ ਕਰਨ ਦੇ ਐਲਾਨ, ਬੇਕਾਰ ਨੌਜਵਾਨਾਂ ਨੂੰ ਦੋ ਕਰੋੜ ਪ੍ਰਤੀ ਸਾਲ ਨੌਕਰੀਆਂ ਦੇਣ ਦੇ ਦਮਗਜੇ ਤੇ ਸਭ ਤੋਂ ਜ਼ਿਆਦਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਆਦਿ ਦੇ ਧੋਖੇ ਭਰੇ ਨਾਅਰਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਔਰਤਾਂ ਦੀ ਸੁਰੱਖਿਆ, ਭਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਜੰਮੂ ਕਸ਼ਮੀਰ ਵਿਚ ਸ਼ਾਂਤੀ ਦੀ ਬਹਾਲੀ, ਅੱਤਵਾਦੀ ਕਾਰਵਾਈਆਂ ‘ਤੇ ਰੋਕ, ਨੋਟਬੰਦੀ ਦੀਆਂ ਪ੍ਰਾਪਤੀਆਂ, ਜੀ.ਐਸ.ਟੀ. ਦੀ ‘ਦੂਸਰੀ ਆਜ਼ਾਦੀ’ ਦੇ ਰੂਪ ਵਿਚ ਵਿਆਖਿਆ ਆਦਿ ਸਭ ਕੁੱਝ ਭੁਲਾਅ ਦਿੱਤਾ ਗਿਆ ਹੈ।
ਮੋਦੀ ਨੇ ਪ੍ਰਧਾਨ ਮੰਤਰੀ ਦਾ ਪੱਦ ਗ੍ਰਹਿਣ ਕਰਨ ਸਮੇਂ ਜਿਸ ਰੰਗ ਵਿਚ ਹਰਿਦੁਆਰ ਵਿਖੇ ‘ਆਰਤੀ ਪ੍ਰੋਗਰਾਮ’ ਆਯੋਜਿਤ ਕਰਕੇ ‘ਸ਼ੁੱਧ ਹਿੰਦੂ’ ਹੋਣ ਦਾ ਸੁਆਂਗ ਰਚਿਆ ਸੀ ਤੇ ‘ਰਾਮ ਮੰਦਰ’ ਦੀ ਉਸਾਰੀ ਲਈ ਚੋਣ ਰੈਲੀਆਂ ਵਿਚ ਜੁੜੀਆਂ ਭੀੜਾਂ ਤੋਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਬੁਲੰਦ ਕਰਵਾਏ ਸਨ, ਹੁਣ ਭਾਜਪਾ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਗਊ ਰੱਖਿਆ ਦੇ ਨਾਂਅ ‘ਤੇ ਬੇਕਸੂਰ ਮੁਸਲਮਾਨਾਂ, ਦਲਿਤਾਂ, ਆਦਿਵਾਸੀਆਂ ਸਮੇਤ ਪਸ਼ੂ ਵਿਉਪਾਰ ਰਾਹੀਂ ਰੋਟੀ ਰੋਜ਼ੀ ਦਾ ਜੁਗਾੜ ਬਣਾਉਣ ਵਾਲਿਆਂ ਦੀਆਂ ਹੱਤਿਆਵਾਂ ਕਰਨ ਦਾ ‘ਬਹਾਦਰੀ’ ਭਰਿਆ ਕਾਰਨਾਮਾ ਹੁਣ ਸਧਾਰਨ ਲੋਕਾਂ, ਖਾਸਕਰ ਹਿੰਦੂ ਧਰਮ ਦੇ ਅਨੁਆਈਆਂ ਦੀਆਂ ਵੋਟਾਂ ਬਟੋਰਨ ਲਈ ਅਸਮਰਥ ਤੇ ਖੋਖਲਾ ਹੋਇਆ ਜਾਪਦਾ ਹੈ। ‘ਲਵ ਜਿਹਾਦ’ ਤੇ ਧਰਮ ਪਰਿਵਰਤਨ ਵਰਗੇ ਚੁਟਕਲੇ ਵੀ ਸੰਘੀ ਭੀੜਾਂ ਵਿਚ ਹੁਣ ਕੋਈ ਨਵਾਂ ਜਨੂੰਨ ਪੈਦਾ ਨਹੀਂ ਕਰ ਪਾ ਰਹੇ। ਇਸ ਲਈ ਮੋਦੀ ਭਗਤਾਂ ਲਈ ਹੁਣ ਨਵੇਂ-ਜੁਮਲਿਆਂ ਦੀ ਲੋੜ ਬਣ ਗਈ ਹੈ, 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਸਤੇ।
ਜਦੋਂ 2014 ਦੇ ਚੋਣ ਵਾਅਦਿਆਂ ਦਾ ਝੂਠਾ ਗੁਬਾਰਾ ਪੂਰੀ ਤਰ੍ਹਾਂ ਠੁਸ ਹੋ ਚੁੱਕਾ ਹੈ, ਤਦ ਆਰ.ਐਸ.ਐਸ. ਦੇ ਨੀਤੀ ਘਾੜਿਆਂ (“h}nk “anks) ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਫਤਿਹ ਹਾਸਲ ਕਰਨ ਵਾਸਤੇ ਨਵੇਂ ਨਾਟਕ ਲਈ ‘ਨਵੇਂ ਡਾਇਲਾਗ’ ਤੇ ਨਵੇਂ ਗੀਤ ਖੋਜ ਲਏ ਹਨ। ਇਸ ਮੰਤਵ ਲਈ ਸੰਘ ਦੀਆਂ ਹਦਾਇਤਾਂ ਅਨੁਸਾਰ ਹੁਣ ਭਾਜਪਾ ਆਗੂਆਂ, ਖਾਸਕਰ ਪ੍ਰਧਾਨ ਮੰਤਰੀ ਮੋਦੀ ਵਲੋਂ ਸੁਰੱਖਿਆ ਬਲਾਂ ਦੀਆਂ ਦੇਸ਼ ਦੀ ਸੁਰੱਖਿਆ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਤੇ ਸੇਵਾਵਾਂ ਨੂੰ ਇਸਤੇਮਾਲ ਕਰਨ ਦਾ ਅਤਿਅੰਤ ਘਟੀਆ, ਖਤਰਨਾਕ ਤੇ ਮੌਕਾਪ੍ਰਸਤ ਪੈਂਤੜਾ ਅਪਣਾਇਆ ਜਾ ਰਿਹਾ ਹੈ। ਦੇਸ਼ ਦੀਆਂ ਸੈਨਾਵਾਂ ਮੋਦੀ ਤੇ ਭਾਜਪਾ ਦੇ ਜਨਮ ਤੋਂ ਪਹਿਲਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਪੂਰਨ ਤਨਦੇਹੀ ਨਾਲ ਨਿਭਾ ਰਹੀਆਂ ਸਨ ਤੇ ਅੱਗੋਂ ਵੀ ਨਿਭਾਉਂਦੀਆਂ ਰਹਿਣਗੀਆਂ। ਇਹ ਕਾਰਜ ਮੋਦੀ ਸਰਕਾਰ ਦੀ ਰਵਾਨਗੀ ਤੋਂ ਬਾਅਦ ਵੀ ਜਾਰੀ ਰਹੇਗਾ। ਦੇਸ਼ ਦੀ ਕੋਈ ਵੀ ਸਰਕਾਰ ਸਰਹੱਦਾਂ ਉਪਰ ਆਪਣਾ ਫਰਜ਼ ਅਦਾ ਕਰ ਰਹੀਆਂ ਸੈਨਿਕਾਂ ਦੀ ਦੇਸ਼ ਭਗਤੀ ਤੇ ਆਪਾ ਵਾਰੂ ਭਾਵਨਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਤੇ ਨਾ ਹੀ ਇਸ ਬਾਰੇ ਕੋਈ ਸ਼ੰਕਾ ਹੀ ਕਰ ਸਕਦੀ ਹੈ। ਪ੍ਰੰਤੂ ਜਿਸ ਢੰਗ ਨਾਲ ਮੋਦੀ ਸਰਕਾਰ ਤੇ ਇਸਦੇ ਚਾਪਲੂਸਾਂ ਨੇ ਭਾਰਤੀ ਸੈਨਾ ਤੇ ਹਵਾਈ ਫੌਜ ਦੇ ਸ਼ਾਨਦਾਰ ਸੁਰੱਖਿਆ ਕਾਰਨਾਮਿਆਂ ਨੂੰ ‘ਮੋਦੀ ਸੈਨਾ’ ਦੱਸ ਕੇ ਸਾਡੇ ਜੁਆਨਾਂ ਦਾ ਅਪਮਾਨ ਕੀਤਾ ਹੈ, ਉਸਦੀ ਰਾਜਸੀ ਗਿਰਾਵਟ ਦੀ ਮਿਣਤੀ ਕਰਨ ਵਾਲਾ ਅਜੇ ਤੱਕ ਕੋਈ ਪੈਮਾਨਾ ਨਹੀਂ ਬਣਿਆ ਜਾਪਦਾ।
ਸਰਹੱਦਾਂ ਉਪਰ ਭਾਰਤੀ ਫੌਜੀ ਜੁਆਨਾਂ ਦਾ ਖੂਨ ਅਸਲ ਵਿਚ ਦੇਸ਼ ਭਗਤ ਕਿਸਾਨਾਂ, ਮਜ਼ਦੂਰਾਂ ਤੇ ਦੂਸਰੇ ਮਿਹਨਕਸ਼ ਲੋਕਾਂ ਦਾ ਖੂਨ ਹੈ, ਜੋ ਸੰਘ ਪਰਿਵਾਰ ਦੇ ਕਰੂਰੇ (3hem}str਼) ਤੋਂ ਬਿਲਕੁਲ ਭਿੰਨ ਹੈ। ਸੰਘ ਦਾ ਆਜ਼ਾਦੀ ਸੰਗਰਾਮ ਦੇ ਸਮੇਂ ਦਾ ਪੂਰਾ ਇਤਿਹਾਸ ਅੰਗਰੇਜ਼ ਸਾਮਰਾਜ ਦੀ ਦਲਾਲੀ ਦਾ ਇਤਿਹਾਸ ਹੈ ਤੇ 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਫਿਰਕੂ ਭੜਕਾਹਟ ਪੈਦਾ ਕਰਨ ਤੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਨਿੰਦ ਕੇ ਸਾਮਰਾਜੀ ਗੁਣਗਾਨ ਕਰਨ ਦਾ ਦੰਭੀ ਸਫਰ ਹੈ। ਅੱਜ ਉਹੀ ਸੰਘ ਤੇ ਇਸਦੇ ਪਰਿਵਾਰਕ ਮੈਂਬਰ ਭਾਜਪਾ, ਬਜਰੰਗ ਦਲ, ਹਿੰਦੂ ਵਾਹਨੀ, ਗਊ ਰਕਸ਼ਕ, ਏ.ਬੀ.ਵੀ.ਪੀ., ਬੀ.ਐਮ.ਐਸ. ਆਦਿ ਲੋਕਾਂ ਨੂੰ ਦੇਸ਼ ਭਗਤੀ ਦੇ ਸਬਕ ਪੜ੍ਹਾ ਰਹੇ ਹਨ, ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਤੇ ਸੁਰੱਖਿਆ ਵਾਸਤੇ ਕਦੀ ਖੂਨ ਦਾ ਤੁਪਕਾ ਨਹੀਂ ਡੋਲਿਆ। ਧਰਮ, ਕੌਮ ਤੇ ਫਿਰਕੂ ਸੋਚ ਦੇ ਅਧੀਨ ਅੰਨ੍ਹੀ ਦੇਸ਼ ਭਗਤੀ ਤੇ ‘ਅੰਧ ਕੌਮਵਾਦ’ ਦੇ ਪਰਦੇ ਹੇਠ ਆਮ ਲੋਕਾਂ ਦੇ ਜਜ਼ਬਾਤ ਭੜਕਾ ਕੇ ਜੰਗੀ ਜਨੂੰਨ ਪੈਦਾ ਕਰਨਾ ਕਦਾਚਿੱਤ ਦੇਸ਼ ਭਗਤੀ ਨਹੀਂ ਅਖਵਾ ਸਕਦਾ। ਇਹ ਤਾਂ ਉਸ ਜੰਗ ਦੀ ਸਿਰਜਣਾ ਕਰਨ ਵਾਲੇ ਢਾਂਚੇ, ਪੂੰਜੀਵਾਦ ਦੀ ਨਿਰੀ ਦਲਾਲਗਿਰੀ ਹੈ, ਜਿਸ ਅੰਦਰ ਚੰਦ ਧਨ ਕੁਬੇਰਾਂ ਤੇ ਸਾਮਰਾਜੀ ਲੁਟੇਰਿਆਂ ਦੇ ਮੁਨਾਫਿਆਂ ਲਈ ਕਰੋੜਾਂ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਅਹੁਤੀ ਲਈ ਜਾਂਦੀ ਹੈ, ਦੇਸ਼ਾਂ ਦੀ ਸਮੁੱਚੀ ਤਬਾਹੀ ਹੁੰਦੀ ਹੈ ਤੇ ਲੱਖਾਂ ਘਰ ਬਰਬਾਦ ਹੋ ਜਾਂਦੇ ਹਨ। ਅਜਿਹੇ ਅੰਨ੍ਹੇ ਕੌਮਵਾਦ ਤੋਂ ਸਿਰਫ ਲੁਟੇਰੇ ਲੋਕ ਹੀ ਖੁਸ਼ ਹੋ ਸਕਦੇ ਹਨ, ਜੋ ਇਸ ਵਕਤ ਮੋਦੀ ਦੀ ਜੈ ਜੈ ਕਾਰ ਕਰਕੇ ਉਸਨੂੰ ਮੁੜ ਸੱਤਾ ਦੇਣ ਲਈ ਆਤੁਰ ਦਿਖਾਈ ਦੇ ਰਹੇ ਹਨ। ਅੰਨ੍ਹੇ ਕੌਮਵਾਦ ਦੀ ਭਾਵਨਾ ਭੜਕਾ ਕੇ ਦੂਸਰੀ ਸੰਸਾਰ ਜੰਗ ਸਮੇਂ ਜਰਮਨ ਦੇ ਹਿਟਲਰ ਨੇ ਸਮੁੱਚੇ ਸੰਸਾਰ ਨੂੰ ਤਬਾਹੀ ਦੇ ਸਾਗਰ ਵਿਚ ਡੋਬਣ ਦਾ ਯਤਨ ਕੀਤਾ। ਇਸੇ ਅੰਨ੍ਹੇ ਕੌਮਵਾਦ ਨੇ ਫਿਰਕਾਪ੍ਰਸਤੀ ਦੀ ਚਾਸ਼ਣੀ ਚਾੜ੍ਹਕੇ 1947 ਅੰਦਰ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡਿਆ ਤੇ ਅੱਜ ਸਿਰਫ ਰਾਜ ਸੱਤਾ ਦੀ ਹਵਸ ਲਈ ਮੁੜ ਮੋਦੀ ਤੇ ਉਸਦੇ ਹਮਜੋਲੀ, ਜਮਹੂਰੀ ਤੇ ਧਰਮ ਨਿਰਪੱਖਤਾ ਦੇ ਦਾਇਰਿਆਂ ਵਿਚਕਾਰ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਲੇ, ਦੇਸ਼ ਨੂੰ ਅੰਨ੍ਹੇ ਕੌਮਵਾਦ ਦੇ ਪ੍ਰਚਾਰ ਤੇ ਫਿਰਕੂ ਧਰੁਵੀਕਰਨ ਰਾਹੀਂ ਮੁੜ ਵਿਭਾਜਤ ਕਰਨ (ਜਾਂ ਕਮਜ਼ੋਰ ਕਰਨ) ਵਾਲਾ ਮਾਹੌਲ ਤਿਆਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕੌਮਵਾਦ ਦੇਸ਼ ਦੇ ਉਨ੍ਹਾਂ ਲੋਕਾਂ, ਜੋ ਹਾਕਮ ਧਿਰ ਨਾਲ ਵਿਚਾਰਾਂ ਦਾ ਮੱਤਭੇਦ ਰੱਖਦੇ ਹੋਣ, ਮਾਨਵੀ ਕਦਰਾਂ ਕੀਮਤਾਂ ਸੰਗ ਖੜਦੇ ਹੋਣ ਤੇ ਗੁਆਂਢੀ ਦੇਸ਼ਾਂ ਸਮੇਤ ਸਾਰੀ ਦੁਨੀਆਂ ਨਾਲ ਮਿੱਤਰਤਾ ਭਰਪੂਰ ਸੰਬੰਧ ਬਣਾਉਂਦੇ ਹੋਏ ਸੰਸਾਰ ਅਮਨ ਦੇ ਅਲੰਬਰਦਾਰ ਹੋਣ, ਨੂੰ ‘ਦੇਸ਼ ਧ੍ਰੋਹੀ’ ਦੱਸਣ ਦਾ ਨਾਂਅ ਨਹੀਂ ਹੈ। ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਸੰਗਰਾਮ ਦੌਰਾਨ ਵੱਖ ਵੱਖ ਰੰਗਾਂ, ਧਰਮਾਂ ਤੇ ਕੌਮੀਅਤਾਂ ਦੇ ਲੋਕਾਂ ਦਾ ਇਕਜੁਟ ਹੋ ਕੇ ਦੇਸ਼ ਦੀ ਆਜ਼ਾਦੀ ਲਈ ਜੂਝਣਾ ਹਕੀਕੀ ਕੌਮਵਾਦ ਹੈ, ਨਾ ਕਿ ਲੋਕਾਂ ਨੂੰ ਸੰਕੀਰਨ ਸੋਚਾਂ ਦੇ ਗੁਲਾਮ ਬਣਾ ਕੇ ਮਨਾਂ ਅੰਦਰ ਇਕ ਦੂਸਰੇ ਵਿਰੁੱਧ ਨਫਰਤ ਦੀ ਦੀਵਾਰ ਖੜ੍ਹੀ ਕਰਨ ਦਾ ਨਾਂਅ।
ਅਜੇ ਭਾਜਪਾ ਦੇ ਭੱਥੇ ਵਿਚ ਇਕ ਹੋਰ ਤੀਰ ਵੀ ਬਚਿਆ ਹੋਇਆ ਹੈ, ਜੋ ਚੋਣਾਂ ਜਿੱਤਣ ਵਾਸਤੇ ਅਗਨ ਬਾਣ ਦਾ ਕੰਮ ਕਰ ਸਕਦਾ ਹੈ, ਉਹ ਹੈ ਫਿਰਕੂ ਧਰੁਵੀਕਰਨ ‘ਤੇ ਅਧਾਰਤ ਨਫਰਤ ਨੂੰ ਭੜਕਾਉਣ ਦਾ। ਭਾਜਪਾ ਵਕਤਾ ਹਰ ਰੋਜ਼ ਹੀ ਆਪਣੇ ਭਾਸ਼ਨਾਂ ਅੰਦਰ ਧਰਮ ਦੇ ਨਾਂਅ ਹੇਠ ਵੋਟਰਾਂ ਨੂੰ ਫਿਰਕੂ ਆਧਾਰ ‘ਤੇ ਵੰਡਣ ਦਾ ਯਤਨ ਕਰ ਰਹੇ ਹਨ। ਮੋਦੀ ਤਾਂ ਹਰ ਭਾਸ਼ਨ ਵਿਚ ਵਿਰੋਧੀ ਧਿਰ ਦੇ ਹਰ ਵਾਕ ਤੇ ਬੋਲ ਨੂੰ ਪਾਕਿਸਤਾਨ ਪੱਖੀ ਹੋਣ ਦਾ ਸਬੂਤ ਦੱਸ ਰਹੇ ਹਨ। ਜਮਹੂਰੀਅਤ ਦੀ ਬਹਾਲੀ, ਕਾਨੂੰਨ ਦਾ ਰਾਜ ਤੇ ਹਰ ਸੰਸਥਾ ਦੀ ਸੰਵਿਧਾਨ ਪ੍ਰਤੀ ਜ਼ਿੰਮੇਵਾਰੀ ਦੀ ਗੱਲ ਕਰਨ ਨੂੰ ਉਹ ਭਾਰਤੀ ਫੌਜਾਂ ਦਾ ਅਪਮਾਨ ਦੱਸ ਦਿੰਦੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਅਫਸਪਾ (16SP1) ਦੀ ਉਸ ਧਾਰਾ ਨੂੰ ਬਦਲਣ ਦੀ ਮੰਗ ਕਰਨ ਵਾਲੇ ਨੂੰ ਉਹ ਦਹਿਸ਼ਤਗਰਦੀ ਤੇ ਦੇਸ਼ ਦੁਸ਼ਮਣਾਂ ਦੇ ਹਮਾਇਤੀ ਹੋਣ ਦੀ ਸੰਗਿਆ ਦੇ ਦਿੰਦੇ ਹਨ, ਜਿਸ ਧਾਰਾ ਅੰਦਰ ਕਿਸੇ ਅਫਸਰ ਨੂੰ ਔਰਤਾਂ ਦੇ ਬਲਾਤਕਾਰ ਕਰਨ ਜਾਂ ਅਸਲੋਂ ਹੀ ਨਿਰਦੋਸ਼ ਵਿਅਕਤੀਆਂ ਨੂੰ ਕਤਲ ਕਰਨ ਵਰਗੀਆਂ ਹਿਰਦੇ ਵਲੂੰਧਣ ਵਰਗੀਆਂ ਵਾਰਦਾਤਾਂ ਦੇ ਦੋਸ਼ੀ ਫੌਜੀ ਅਫਸਰ ਉਪਰ ਵੀ ਮੁਕੱਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਮੋਦੀ ਜੀ ਆਪਣੀ ਡਿਊਟੀ ਨਿਭਾਉਂਦੇ ਹੋਏ ਕਿਸੇ ਫੌਜੀ ਅਫਸਰ/ਜਵਾਨ ਵਲੋਂ ਬਲਾਤਕਾਰ ਕਰਨ ਦੇ ਕੁਕਰਮ ਵਜੋਂ ਸਜ਼ਾ ਦੀ ਮੰਗ ਕਰਨ ਨੂੰ ਸੁਰੱਖਿਆ ਸੈਨਾਵਾਂ ਦੇ ਮਨੋਬਲ ਨੂੰ ਡੇਗਣ ਦੀ ਕਾਰਵਾਈ ਦੱਸ ਰਹੇ ਹਨ ਭਾਵ ਜਿੰਨੇ ਜ਼ਿਆਦਾ ਬਲਾਤਕਾਰ ਕਰਨ ਦੀ ਕਿਸੇ ਵਿਅਕਤੀ ਨੂੰ ਖੁੱਲ੍ਹ ਖੇਡ ਹੋਵੇਗੀ ਤੇ ਉਸ ਵਿਰੁੱਧ ਕੋਈ ਮੁਕੱਦਮਾ ਨਹੀਂ ਕੀਤਾ ਜਾ ਸਕੇਗਾ, ਓਨਾ ਹੀ ਸਾਡੀਆਂ ਸੁਰੱਖਿਆ ਸੈਨਾਵਾਂ ਦੀ ਹੌਸਲਾ ਅਫਜ਼ਾਈ ਹੋਵੇਗੀ! ਅਜਿਹੀ ਸੋਚ ਅਤੇ ਘਟੀਆ ਮਾਨਸਿਕਤਾ ਔਰਤ ਵਿਰੋਧੀ ਤੇ ਸੰਵਿਧਾਨ ਵਿਰੋਧੀ ਹੀ ਨਹੀਂ ਬਲਕਿ ਬਹਾਦਰ ਤੇ ਮਨੁੱਖੀ ਕਦਰਾਂ ਕੀਮਤਾਂ ਲਈ ਸਮਰਪਤ ਭਾਰਤੀ ਸੈਨਾਵਾਂ ਦਾ ਵੀ ਘੋਰ ਨਿਰਾਦਰ ਹੈ। ਭਾਜਪਾ ਆਗੂਆਂ ਦੀ ਇਸ ਸੋਚ ਨਾਲ ਸੰਸਾਰ ਭਰ ਵਿਚ ਭਾਰਤੀ ਸੰਵਿਧਾਨ ਤੇ ਸਮਾਜਿਕ ਵਿਵਸਥਾ ਦਾ ਮਖੌਲ ਉਡੇਗਾ। ਪ੍ਰੰਤੂ ਸੱਤਾ ਦੀ ਭੁੱਖ ਸਾਹਮਣੇ ਸੰਘ ਤੇ ਭਾਜਪਾ ਆਗੂਆਂ ਸਾਹਮਣੇ ਇਹ ਸਭ ਕੁਝ ਜਾਇਜ਼ ਹੈ।
ਜਿਓਂ-ਜਿਓਂ ਮੱਤਦਾਨ ਦੇ ਦਿਨ ਨੇੜੇ ਆਏ ਹਨ, ਭਾਜਪਾ ਆਗੂਆਂ ਦਾ ਫਿਰਕੂ ਫਾਸ਼ੀਵਾਦੀ ਚਿਹਰਾ ਬੇਪਰਦ ਹੁੰਦਾ ਗਿਆ ਹੈ। ਭਾਜਪਾ ਦਾ ਜ਼ਰ ਖਰੀਦ ਮੀਡੀਆ, ਖਾਸਕਰ ਇਲੈਕਟਰਾਨਿਕ ਮੀਡੀਆ, ਇਸ ਕੁਕਰਮ ਵਿਚ ਭਾਜਪਾ ਤੋਂ ਵੀ ਅੱਗੇ ਅੱਗੇ ਹੈ। ਸੱਤਾ ਦੀ ਲਾਲਸਾ ਅਧੀਨ ਸੰਘੀ ਆਗੂ ਫਿਰਕੂ ਖੇਡ ਦੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਸਾਰੇ ਦੇਸ਼ ਭਗਤ, ਜਮਹੂਰੀ ਤੇ ਅਗਾਂਹਵਧੂ ਸੋਚਣੀ ਵਾਲੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਭਗਵੇਂ ਬ੍ਰਿਗੇਡ ਦੇ ਇਨ੍ਹਾਂ ਘਿਨਾਉਣੇ ਇਰਾਦਿਆਂ ਬਾਰੇ ਜਨ ਸਮੂਹਾਂ ਨੂੰ ਸੁਚੇਤ ਕਰਨ ਤੇ ਕਿਸੇ ਵੀ ਕਿਸਮ ਦੀ ਭੜਕਾਊ ਕਾਰਵਾਈ ਨੂੰ ਸਿਰੇ ਨਾ ਚੜ੍ਹਨ ਦੇਣ । ਲੋਕ ਸਭਾ ਚੋਣਾਂ ਦਾ ਕੇਂਦਰੀ ਬਿੰਦੂ ਲੋਕਾਂ ਨੂੰ ਦਰਪੇਸ਼ ਬੇਕਾਰੀ, ਭੁਖਮਰੀ, ਖੇਤੀ ਸੰਕਟ, ਸਮਾਜਿਕ ਜਬਰ ਆਦਿ ਮੁੱਦੇ ਹਨ ਨਾ ਕਿ ਅੰਨ੍ਹਾਂ ਕੌਮਵਾਦ ਤੇ ਸੁਰੱਖਿਆ ਸੈਨਾਵਾਂ ਦੀਆਂ ਕਾਰਵਾਈਆਂ ਦੀ ਰਾਜਸੀ ਮਨੋਰਥਾਂ ਲਈ ਦੁਰਵਰਤੋਂ; ਜੋ ਕਿ ਭਾਜਪਾ ਆਗੂ ਕਰਨ ਦੀ ਹੋੜ ਵਿਚ ਹਨ। ਅਫਸੋਸ ਇਹ ਵੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੰਭੀ ਖੇਡ ਦਾ ਕਪਤਾਨ ਬਣਕੇ ਭਾਜਪਾ ਦੀ ਟੀਮ ਦੀ ਅਗਵਾਈ ਕਰ ਰਿਹਾ ਹੈ।