ਡਾ. ਕਰਮਜੀਤ ਸਿੰਘ
ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਨ ਨੂੰ ਵੱਡੀ ਪੱਧਰ ‘ਤੇ ਮਨਾਇਆ ਜਾਣਾ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਜ ਵੀ ਪ੍ਰਸੰਗਿਕ ਸਵੀਕਾਰ ਕਰਨਾ ਹੈ। ਗੁਰੂ ਸਾਹਿਬ ਦਾ 500 ਸਾਲਾ ਜਨਮ ਦਿਵਸ ਮਨਾਉਂਦਿਆਂ ਹੋਇਆਂ ਵੀ ਉਨ੍ਹਾਂ ਦੇ ਦਰਸ਼ਨ ਸਾਹਿਤ, ਸਮਾਜਕ-ਸਭਿਆਚਾਰ ਆਦਿ ਸਾਰੇ ਖੇਤਰਾਂ ਵਿਚ ਯੋਗਦਾਨ ਨੂੰ ਯਾਦ ਕੀਤਾ ਗਿਆ ਸੀ ਅਤੇ ਹਰ ਅਦਾਰੇ ਨੇ ਇਸ ਸਮੇਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਸੀ। ਸਾਹਿਤਕਾਰਾਂ ਨੇ ਉਨ੍ਹਾਂ ਦੇ ਜੀਵਨ ਅਤੇ ਦਰਸ਼ਨ ਉਪਰ ਮਹਾਂਕਾਵਿ (ਨਾਨਕਾਇਣ ਮੋਹਨ ਸਿੰਘ) ਨਾਟਕ (ਗਾਰਗੀ, ਗਗਨ ਮੈ ਥਾਲੁ) ਅਤੇ ਕਵੀਆਂ ਨੇ ਅਣਗਿਣਤ ਕਵਿਤਾਵਾਂ ਦੀ ਰਚਨਾ ਕੀਤੀ। ਪਰ ਸਾਡਾ ਸੰਕਟ ਇਹ ਰਿਹਾ ਹੈ ਕਿ ਅਸੀਂ ਸ਼ਤਾਬਦੀਆਂ ਮਨਾਉਣ ਨੂੰ ਖਾਨਾਪੂਰਤੀ ਸਮਝਦੇ ਹਾਂ, ਇਸ ਵਿਚ ਵਿਚਾਰਧਾਰਾ ਉਪਰ ਅਮਲ ਹਮੇਸ਼ਾ ਗਾਇਬ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਹ ਸਾਲ ਬਾਅਦ ਵੀ ਸਾਡੇ ਭਾਰਤੀ ਪੰਜਾਬੀ ਸਮਾਜ ਤੇ ਸਭਿਆਚਾਰ ਵਿਚ ਹਾਂ ਪੱਖੀ ਵਿਕਾਸ ਦੀ ਥਾਂ ਗਿਰਾਵਟ ਆਈ ਹੈ। ਇਸ ਦਾ ਮੂਲ ਕਾਰਨ ਤਾਂ ਪੂੰਜੀਵਾਦ ਦਾ ਬਹੁਕੌਮੀ ਕੰਪਨੀਆਂ ਦਾ ਉਤਰਆਧੁਨਿਕਤਾ ਤਕ ਦਾ ਵਿਕਾਸ ਹੈ ਜਿਸਨੇ ਮਾਨਵੀ ਕਦਰਾਂ ਕੀਮਤਾਂ ਨੂੰ ਖੋਰਾ ਲਾਇਆ ਹੈ। ਗੁਰੂ ਸਾਹਿਬ ਦੀਆਂ ਪ੍ਰਸੰਗਿਕ ਸਿਖਿਆਵਾਂ ਨੂੰ ਵੀ ਸਿਰਫ ਪਰੰਪਰਾ ਵਜੋਂ ਦੁਹਰਾਉਣ ਨਾਲ ਇਸ ਖੋਰੇ ਨੂੰ ਮੋੜਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਤਾਂ ਸਮਾਜ ਵਿਚ ਲੋਕ ਪੱਖੀ ਸੱਤਾ ਤੋਂ ਬਗੈਰ ਮਾਨਵੀ ਕਦਰਾਂ ਨੂੰ ਬਚਾਉਣ ਦੇ ਰਾਹੇ ਨਹੀਂ ਪਿਆ ਜਾ ਸਕਦਾ। ਪਰ ਜਿੰਨਾ ਚਿਰ ਅਜਿਹਾ ਨਹੀਂ ਹੋ ਜਾਂਦਾ ਲੋਕ ਪੱਖੀ ਰਾਜਨੀਤੀ ਦੇ ਜਿੰਮੇ ਗੁਰੂ ਸਾਹਿਬ ਦੀਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਬਚਾਅ ਕੇ ਅਗਾਂਹ ਤੋਰਨ ਦੀ ਵੱਡੀ ਜ਼ਿੰਮੇਵਾਰੀ ਹੈ।
ਇਸ ਸਮੇਂ ਸਿੱਖ ਧਾਰਮਿਕ ਸੰਸਥਾਵਾਂ ਨੇ ਜਸ਼ਨ ਮਨਾਉਣੇ ਹਨ, ਪ੍ਰੰਤੂ ਕੇਂਦਰ ਦੀ ਸੱਤਾ ਨਾਲ ਜੁੜੇ ਲੋਕਾਂ ਨੇ ਆਪਣੀ ਵੱਖਰੀ ਡਫਲੀ ਵਜਾ ਕੇ ਗੁਰੂ ਸਾਹਿਬ ਨੂੰ ‘ਸਨਾਤਨੀ’ ਸਾਧੂ ਸਿੱਧ ਕਰਨ ਦਾ ਯਤਨ ਵੀ ਕਰਨਾ ਹੈ, ਤੇ ਇਹ ਯਤਨ ਸ਼ੁਰੂ ਵੀ ਹੋ ਚੁੱਕੇ ਹਨ ਜੋ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਹਨ।
ਸਨਾਤਨਵਾਦੀ ਅਸਲ ਵਿਚ ਹਿੰਦੂਤਵਵਾਦੀ ਹੀ ਹਨ। ਵੀਹਵੀਂ ਸਦੀ ਦੇ ਆਰੰਭ ਵਿਚ ਜਦੋਂ ਧਾਰਮਿਕ ਪੁਨਰ ਸੁਰਜੀਤੀ ਦੀਆਂ ਲਹਿਰਾਂ ਚੱਲੀਆਂ ਤਾਂ ਇਨ੍ਹਾਂ ਵਿਚ ਵੀ ਦੋ ਧਾਰਾਵਾਂ ਕੰਮ ਕਰ ਰਹੀਆਂ ਸਨ। ਪਹਿਲੀਆਂ ਵਿਚ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਲਹਿਰਾਂ ਸਨ ਜੋ ਸਮਾਜਿਕ ਸੁਧਾਰਾਂ ਨੂੰ ਵੀ ਜ਼ਰੂਰੀ ਸਮਝਦੀਆਂ ਸਨ। ਇਨ੍ਹਾਂ ਨੇ ਜਾਤ ਪਾਤ ਦਾ ਵਿਰੋਧ ਕੀਤਾ, ਔਰਤ ਦੀ ਬਰਾਬਰੀ ਦਾ ਨਾਹਰਾ ਮਾਰਿਆ, ਵਿਧਵਾ ਵਿਆਹ ਦੇ ਹੱਕ ਵਿਚ ਆਵਾਜ਼ ਉਠਾਈ, ਸਤੀ ਹੋਣ ਦਾ ਵਿਰੋਧ ਕੀਤਾ ਅਤੇ ਬਾਲ ਵਿਆਹ ਉਪਰ ਪਾਬੰਦੀ ਦੀ ਮੰਗ ਉਠਾਈ। ਸਮਾਜ ਵਿਚ ਕੁਝ ਹਿਲਜੁਲ ਹੋਈ। ਇਸ ਪਿੱਛੇ ਉਦੋਂ ਇਸਾਈ ਮਿਸ਼ਨਰੀਆਂ ਦੇ ਹਮਲੇ ਦਾ ਵਿਰੋਧ ਕਰਨਾ ਪ੍ਰਮੁੱਖ ਮੰਤਵ ਵੀ ਸੀ। ਇਨ੍ਹਾਂ ਮਿਸ਼ਨਰੀਆਂ ਦੇ ਲਾਂਭੇ ਹੁੰਦਿਆਂ ਹੀ ਇਹ ਲਹਿਰਾਂ ਠੰਢੀਆਂ ਪੈ ਗਈਆਂ। ਨਤੀਜੇ ਵਜੋਂ ਅੱਜ ਵੀ ਇਹ ਮਸਲੇ ਘੱਟ ਵੱਧ ਰੂਪ ਵਿਚ ਪਹਿਲਾਂ ਵਾਂਗ ਹੀ ਮੌਜੂਦ ਹਨ।
ਇਨ੍ਹਾਂ ਲਹਿਰਾਂ ਤੋਂ ਹੱਟ ਕੇ ਸਨਾਤਨੀ ਲਹਿਰ ਦਾ ਰੂਪ ਕੱਟੜ ਸੀ। ਇਹ ਭਾਰਤੀ ਸਮਾਜ ਦੀ ਹਰ ਚੰਗੀ ਮਾੜੀ ਪ੍ਰੰਪਰਾ ਨੂੰੇ ‘ਊਚੀ ਸਭਿਅਤਾ’ ਦੀ ਨਿਸ਼ਾਨੀ ਸਮਝਦੀ ਸੀ ਅਤੇ ਅੱਜ ਵੀ ਸਮਝਦੀ ਹੈ। ਇਹ ਲਹਿਰ ਸਮਾਜ ਸੁਧਾਰ ਨੂੰ ਨਕਾਰਦੀ ਸੀ ਤੇ ਹੁਣ ਵੀ ਨਕਾਰਦੀ ਹੈ। ਇਸੇ ਲਈ ਇਸਦੇ ਨਿਸ਼ਾਨੇ ‘ਤੇ ਹਰ ਉਹ ਵਿਅਕਤੀ, ਸੰਸਥਾ ਅਤੇ ਵਿਚਾਰਧਾਰਾ ਹੈ ਜੋ ਪੁਰਾਣਪੰਥੀਆਂ ਦਾ ਵਿਰੋਧ ਕਰਦੀ ਹੈ ਅਤੇ ਆਪਣੇ ਸਮਾਜ ਸਭਿਆਚਾਰ ਦੀ ਪੁਣਛਾਣ ਕਰਕੇ ਇਸਦੀਆਂ ਦਕਿਆਨੂਸੀ ਪਰੰਪਰਾਵਾਂ ਅਤੇ ਤਰਕਹੀਣ ਕਾਰਜਾਂ ਨੂੰ ਨਕਾਰਦੀ ਹੈ ਤੇ ਨਾਲ ਨਾਲ ਹਾਂ ਪੱਖੀ ਪਰੰਪਰਾਵਾਂ ਤੇ ਮਾਨਵਵਾਦੀ, ਲੋਕਪੱਖੀ ਵਿਚਾਰਾਂ ਨੂੰ ਅਗਾਂਹ ਲਿਜਾਣ ਲਈ ਯਤਨਸ਼ੀਲ ਹੈ। ਸਨਾਤਨੀ/ਹਿੰਦੂਤਵਵਾਦੀ ਵਿਚਾਰਧਾਰਾ ਇਨ੍ਹਾਂ ਸਾਰੇ ਕਾਰਨਾਂ ਕਰਕੇ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਉਂਦੀ ਹੈ। ਇਸ ਅਨੁਸਾਰ ਬਸਤੀਵਾਦੀ ਸਾਜਿਸ਼ ਤੋਂ ਬਾਅਦ ਖੱਬੇ ਪੱਖੀ ਇਤਿਹਾਸਕਾਰਾਂ ਨੇ ਆਪਣੀ ਵਿਚਾਰਧਾਰਾ ਮੁਤਾਬਿਕ ਇਤਿਹਾਸ ਨੂੰ ਏਨਾ ਵਿਗਾੜ ਦਿੱਤਾ ਕਿ ਅੱਜ ਪੰਜਾਬ ਸਮੇਤ ਦੇਸ਼ ਦੀ ਨਵੀਂ ਪੀੜ੍ਹੀ ਦਾ ਇਕ ਵੱਡਾ ਹਿੱਸਾ ਆਪਣੇ ਮਾਣਮੱਤੇ ਅਤੀਤ, ਰਵਾਇਤ ਅਤੇ ਅਮਰ ਸਭਿਅਤਾ ਤੋਂ ਅਣਜਾਣ ਹੈ।” ਇਨ੍ਹਾਂ ਅਨੁਸਾਰ ਭੂਤਕਾਲ ਦੀ ਪੁਣਛਾਣ ਕਰਨਾ ‘ਇਤਿਹਾਸ ਨੂੰ ਵਿਗਾੜਨਾ’ ਅਤੇ ‘ਮਾਣਮੱਤੇ’ ਅਤੀਤ ਤੋਂ ਨਵੀਂ ਪੀੜ੍ਹੀ ਨੂੰ ਦੂਰ ਲਿਜਾਣਾ ਹੈ। ਵੈਸੇ ਇਹ ਜਿਸ ਮਾਣਮੱਤੀ ਸਭਿਅਤਾ ‘ਤੇ ਮਾਣ ਕਰਦੇ ਹਨ, ਉਸ ਵਿਚ ਬਹੁਗਿਣਤੀ ਸ਼ੂਦਰਾਂ ਨੂੰ ਪੜ੍ਹਨ ਦਾ, ਵੇਦ ਸੁਣਨ ਦਾ, ਚੰਗਾ ਖਾਣਪੀਣ ਤੇ ਪਹਿਨਣ ਦਾ ਅਧਿਕਾਰ ਹੀ ਨਹੀਂ ਹੈ। ਉਨ੍ਹਾਂ ਦੀ ਜ਼ਿੰਦਗੀ ਨਰਕ ਸਮਾਨ ਰਹੀ ਹੈ। ਔਰਤ ਜੋ ਆਬਾਦੀ ਦਾ ਅੱਧਾ ਹਿੱਸਾ ਹੈ ਉਸਨੂੰ ਆਪਣੀ ਮਰਜ਼ੀ ਨਾਲ ਜੀਉਣ ਦਾ ਅਧਿਕਾਰ ਨਹੀਂ, ਉਸਨੂੰ ਪਿੱਤਰ ਸੱਤਾ/ਮਨੂੰਵਾਦ ਕਿਸੇ ਵੀ ਮਰਦ ਨੂੰ ਧੱਕੇ ਨਾਲ ‘ਦਾਨ’ ਕਰ ਸਕਦੇ ਹਨ। ਅਗਲੇ ਪਿਛਲੇ ਜਨਮਾਂ ਦੇ ਗੇੜ ਵਰਗੇ ਦਰਸ਼ਨ ਲੋਕਾਂ ਨੂੰ ਗੁਲਾਮ ਰੱਖਣ ਦਾ ਸਾਧਨ ਬਣੇ ਰਹੇ ਹਨ। ਅਜਿਹੀਆਂ ਸਥਿਤੀਆਂ ਵਿਚੋਂ ਲੋਕਾਂ ਨੂੰ ਕੱਢਣ ਦਾ ਅਰਥ ਸਦੀਆਂ ਤੋਂ ਵਿਹਲੜ ਜਮਾਤਾਂ ਤੋਂ ਛੁਟਕਾਰਾ ਪਾਉਣਾ ਹੈ, ਜੋ ਇਹ ਜਮਾਤਾਂ ਕਦੇ ਵੀ ਹੋਣ ਨਹੀਂ ਦੇਣਾ ਚਾਹੁੰਦੀਆਂ, ਇਸੇ ਲਈ ਸਨਾਤਨੀ ਜੁਮਲੇ-ਭਾਰਤ ਦੀ ਸਭਿਅਤਾ ਦੀ ਉਚਤਾ ਦਾ ਗੁਣਗਾਨ ਕੀਤਾ ਜਾਂਦਾ ਹੈ। ਪ੍ਰਗਤੀਵਾਦੀ ਇਨ੍ਹਾਂ ਨੂੰ ਜ਼ਹਿਰ ਦਿਖਾਈ ਦੇਣਗੇ ਹੀ।
ਇਹ ਸਨਾਤਨੀ, ਸਿੱਖ ਗੁਰੂਆਂ ਦੀ ਦੇਣ ਨੂੰ ਕਿਵੇਂ ਪਰਿਭਾਸ਼ਤ ਕਰਦੇ ਹਨ? ਆਓ ਦੇਖੋ, ਇਨ੍ਹਾਂ ਅਨੁਸਾਰ ‘ਗੁਰੂ ਨਾਨਕ ਦੇਵ ਜੀ ਸਨਾਤਨ ਸਭਿਅਤਾ ਦੀ ਰੱਖਿਆ ਲਈ’ ਆਵਾਜ਼ ਬੁਲੰਦ ਕਰਦੇ ਹਨ। ਕੀ ਗੁਰੂ ਸਾਹਿਬ ਉਪਰੋਕਤ ਕਿਸਮ ਦੀ ਸਭਿਅਤਾ ਦੀ ਰੱਖਿਆ ਕਰ ਰਹੇ ਹਨ? ਗੁਰੂ ਸਾਹਿਬ ਦੀ ਬਾਣੀ ਪੜ੍ਹੋ ਤਾਂ ਪਤਾ ਲੱਗ ਜਾਵੇਗਾ ਕਿ ਉਹ ਇਸ ਸਭਿਅਤਾ ਦੀਆਂ ਕਰਤੂਤਾਂ ਦੇ ਵਿਰੁੱਧ ਆਵਾਜ਼ ਕਿਵੇਂ ਉਠਾਉਂਦੇ ਹਨ। ਉਹ ਵਿਹਲੜਾਂ ਦੇ ਜੀਵਨ ਦੀ ਥਾਂ ਕਰਮ ਕਰਨ, ਵੰਡ ਛੱਕਣ ਅਤੇ ਨਾਮ ਜੱਪਣ ਦਾ ਸੰਦੇਸ਼ ਦਿੰਦੇ ਹਨ। ਸਨਾਤਨੀ ਸੋਚ ਹੱਥੀਂ ਕੰਮ ਕਰਨ ਅਤੇ ਹੱਥੀਂ ਕੰਮ ਕਰਨ ਵਾਲਿਆਂ ਨੂੰ ਸ਼ੂਦਰ ਗਰਦਾਨਦੀ ਹੈ, ਡੰਗਰ ਚੁੱਕਣ ਤੇ ਮੈਲਾ ਢੋਣ ਵਾਲਿਆਂ ਨੂੰ ਅਤਿ ਸ਼ੂਦਰ ਗਰਦਾਨਦੀ ਹੈ। ਪਰ ਬਾਬਾ ਨਾਨਕ ਇਸ ਨੂੰ ਇਕੋ ਪੰਗਤਿ ਵਿਚ ਬੈਠਾ ਕੇ ਖਾਣਾ ਪਰੋਸਣ ਦੀ ਗੱਲ ਕਰਦਾ ਹੈ। ਉਹ ਧਰਮਾਂ ਤੋਂ ਉਪਰ ਉਠ ਕੇ ‘ਨਾ ਕੋ ਹਿੰਦੂ-ਨਾ ਕੋ ਮੁਸਲਮਾਨ’ ਦਾ ਨਾਅਰਾ ਦੇ ਕੇ ਮਾਨਵਤਾ ਦੇ ਹੱਕ ਵਿਚ ਭੁਗਤਦੀ ਹੈ। ਸਨਾਤਨੀ ਅਵਤਾਰਵਾਦ ਦਾ, ਮੂਰਤੀ ਪੂਜਾ ਦਾ, ਜਨੇਊ ਪਹਿਣਨ, ਸੂਰਜ ਨਮਸਕਾਰ ਆਦਿ ਸਭ ਦਾ ਵਿਰੋਧ ਗੁਰੂ ਨਾਨਕ ਸਾਹਿਬ ਨੇ ਜੀਵਨ ਵਿਚ ਉਦਾਸੀਆਂ ਸਮੇਂ ਵੀ ਕੀਤਾ ਅਤੇ ਬਾਣੀ ਰਾਹੀਂ ਵੀ ਇਹ ਸੰਦੇਸ਼ ਦੇ ਕੇ ਅਮਲੀ ਜੀਵਨ ਵੀ ਜੀਵਿਆ, ਕਰਤਾਰਪੁਰ ਆ ਕੇ ਖੇਤੀ ਵੀ ਕੀਤੀ।
ਸਨਾਤਨੀਆਂ ਅਨੁਸਾਰ ਭਾਰਤੀ ਜਾਤ-ਪ੍ਰਥਾ ਲਈ ਬੇਹੱਦ ਮਹੱਤਵਪੂਰਨ ਹੈ ਕਿ ਇਸਨੇ ਮੁਸਲਮਾਨਾਂ ਖਿਲਾਫ਼ ਖੂਨ ਦੀ ਸ਼ੁੱਧਤਾ ਨੂੰ ਕਾਇਮ ਰੱਖਿਆ। ਇਹ ਦਾਅਵਾ ਲਿਫਾਫੇਬਾਜ਼ੀ ਤੋਂ ਵੱਧ ਕੁਝ ਨਹੀਂ ਜਿੰਨੇ ਵੀ ਰਾਜ ਬਣੇ ਬਾਹਰੋਂ ਆਏ ਹਮਲਾਵਰਾਂ ਦਾ ਸਥਾਨਕ ਵਸੋਂ ਨਾਲ ਮੇਲ ਮਿਲਾਪ ਹੋਇਆ, ਜਿਨ੍ਹਾਂ ਦੇ ਮੇਲ ਤੋਂ ਨਵੀਆਂ ਨਸਲਾਂ ਪੈਦਾ ਹੁੰਦੀਆਂ ਰਹੀਆਂ ਅਤੇ ਇੱਥੇ ਵਸਦੀਆਂ ਰਹੀਆਂ। ਗੁਰੂ ਨਾਨਕ ਸਾਹਿਬ ਊਚੀਆਂ ਜਾਤਾਂ ਦੇ ਨਾਲ ਖੜ੍ਹਦੇ ਵੀ ਨਹੀਂ ਉਹ ਤਾਂ ਜਾਤ ਦੀ ਥਾਂ ਸੱਚ ਦੀ ਪਰਖ ਕਰਦੇ ਹਨ। ਉਹ ਸ਼ੂਦਰ ਅਤੇ ਅਤਿ ਸ਼ੂਦਰ ਨਾਲ ਖੜ੍ਹਦੇ ਹਨ।
ਨੀਚਾਂ ਅੰਦਰ ਨੀਚ ਜਾਤਿ, ਨੀਚੀ ਹੂ ਅਤਿ ਨੀਚੁ।
ਨਾਨਕ ਤਿਨ ਕੇ ਸੰਗਿ ਸਾਥਿ ਵਡਿਆਂ ਸਿਉਂ ਕਿਆ ਰੀਸ।
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ।
ਸਨਾਤਨੀ ਸੋਚ ਔਰਤ ਨੂੰ ‘ਪੈਰ ਦੀ ਜੁੱਤੀ’ ‘ਤਾੜਨ ਦੀ ਅਧਿਕਾਰੀ’ ਮੰਨਦੀ ਹੈ। ਮਾਹਵਾਰੀ ਮੌਕੇ ਉਸਨੂੰ ਕੁਚੀਲ ਮੰਨਦੀ ਮੰਦਰਾਂ ਵਿਚ ਜਾਣ ਤੋਂ ਵੀ ਰੋਕਦੀ ਹੈ। ਸਬਰੀਮਾਲਾ ਦਾ ਉਦਾਹਰਣ ਸਾਹਮਣੇ ਹੈ। ਪਰ ਗੁਰੂ ਨਾਨਕ ਸਾਹਿਬ ਔਰਤ ਨੂੰ ਰੱਬ ਤੋਂ ਬਾਅਦ ਦੂਜਾ ਦਰਜਾ ਦਿੰਦੇ ਹਨ। (ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ) ਉਨ੍ਹਾਂ ਦੀਆਂ ਇਹਨਾਂ ਪੰਗਤੀਆਂ ਨੂੰ ਵਾਰ ਵਾਰ ਵਿਚਾਰਨ ਅਤੇ ਅਮਲ ਵਿਚ ਲਿਆਉਣ ਦੀ ਜ਼ਰੂਰਤ ਹੈ ਕਿ :
ਭੰਡਿ ਜੰਮੀਐ, ਭੰਡਿ ਨਿੰਗਿਐ, ਭੰਡ ਮੰਗਣ ਵੀਆਹੁ।
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ।
ਭੰਡੁ ਮੂਆ ਭੰਡੁੁ ਭਾਲੀਐ, ਭੰਡ ਹੋਵੇ ਬੰਧਾਨ।
ਸੋ ਕਿਉ ਮੰਦਾ ਆਖੀਐ, ਨਿਤ ਜੰਮਹਿ ਰਾਜਾਨ।
ਸਨਾਤਨੀ ਇਤਿਹਾਸ ਨੂੰ ਕਿਵੇਂ ਪਲੀਤ ਕਰਦਾ ਹੈ ਉਸਦਾ ਇਕ ਉਦਾਹਰਣ ਇਹ ਹੈ ਕਿ ਬ੍ਰਾਹਮਣਵਾਦੀ/ਮਨੂੰਵਾਦੀ ਵਿਚਾਰਧਾਰਾ ਖਿਲਾਫ਼ ਪੈਦਾ ਹੋਏ ਭਗਤੀ ਅੰਦੋਲਨ ਨੂੰ ਵੀ ਉਹ ਇਸਲਾਮ ਦੇ ਵਿਰੋਧ ਵਿਚ ਪੈਦਾ ਹੋਇਆ ਅੰਦੋਲਨ ਮਨਵਾਉਣ ਦਾ ਯਤਨ ਕਰਦਾ ਹੈ। ਜੇ ਇਓਂ ਹੈ ਤਾਂ ਇਨ੍ਹਾਂ ਪੰਕਤੀਆਂ ਦਾ ਕੀ ਅਰਥ ਬਣਦਾ ਹੈ?
ਜੋ ਤੁੰ ਬ੍ਰਾਹਮਣ ਬ੍ਰਾਹਮਣੀ ਜਾਇਆ।
ਤਉ ਆਨ ਬਾਟ ਕਾਹੇ ਨਹੀਂ ਆਇਆ।
ਤੁਮਕਤ ਬ੍ਰਾਹਮਣ ਹਮਕਤ ਸੂਦ।
ਹਮਕਤ ਲੋਹੂ ਤੁਮਕਤ ਦੁਧ।
ਅਸਲ ਵਿਚ ਭਗਤੀ ਅੰਦੋਲਨ ਇਕ ਪਾਸੇ ਮੁਸਲਮਾਨੀ ਸਮਾਜ ਦੀ ਬਰਾਬਰੀ ਦੀ ਵਿਚਾਰਧਾਰਾ ਅਧੀਨ ਮਾਨਵਵਾਦੀ ਸੁਰ ਅਪਣਾਉਂਦਾ ਹੈ ਤੇ ਨਾਲ ਹੀ ਮੁਸਲਮਾਨੀ ਧਰਮ ਦੇ ਬਾਹਰੀ ਕਰਮਕਾਂਡਾਂ ਅਤੇ ਵਿਚਾਰਧਾਰਾ ਦਾ ਵਿਰੋਧ ਵੀ ਕਰਦਾ ਹੈ। ਦੂਜੇ ਪਾਸੇ ਮਨੂੰਵਾਦੀ ਵਿਚਾਰਧਾਰਾ ਉਪਰ ਚੋਟ ਵੀ ਕਰਦਾ ਹੈ। ਇਨ੍ਹਾਂ ਦੋਨਾਂ ਦੇ ਵਿਰੋਧ ਵਿਚੋਂ ਭਗਤੀ ਅੰਦੋਲਨ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ। ਕਬੀਰ ਬਹੁਤ ਸਪੱਸ਼ਟ ਹਨ।
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ।
ਦਿਲ ਮਹਿ ਸੋਚਿ ਬਿਚਾਰਿ ਕਵਾਦੇ, ਭਿਸਤ ਦੋਜਕ ਕਿਨਿਪਾਈ।
ਸਨਾਤਨੀਆਂ ਅਨੁਸਾਰ ਭਾਰਤੀ ਸਮਾਜ ਦੀਆਂ ਕੁਰੀਤੀਆਂ ਉਪਰ ਉਂਗਲ ਰੱਖਣ ਵਾਲੇ ‘ਬਹੁਲਤਾਵਾਦੀ ਸਭਿਅਤਾ’ ਨੂੰ ਜ਼ਖ਼ਮੀ ਕਰ ਰਹੇ ਹਨ। ਕੀ ਇਹ ਦੂਹਰਾ ਚਰਿੱਤਰ ਨਹੀਂ, ਉਹ ਇਸ ਗੱਲ ਨੂੰ ਜਾਣਬੁੱਝ ਕੇ ਓਹਲੇ ਕਰਨਾ ਚਾਹੁੰਦੇ ਹਨ ਕਿ ਅਸਲ ਵਿਚ ਅਜੋਕੀ ਹਿੰਦੂਤਵਵਾਦੀ ਸੱਤਾ ਭਾਰਤ ਦੀ ਬਹੁਲਤਾਵਾਦੀ ਸਭਿਅਤਾ ਅਤੇ ਸਭਿਆਚਾਰ ਨੂੰ ਲਗਾਤਾਰ ਢਾਹ ਲਾ ਰਹੀ ਹੈ। ਦਲਿਤਾਂ ਉਪਰ ਲਗਾਤਾਰ ਹਮਲੇ, ਗਾਂ ਦੇ ਨਾਂਅ ਤੇ ਗੁੰਡਾਗਰਦੀ ਤੇ ਭੀੜ ਤੰਤਰ ਵਲੋਂ ਘੱਟ ਗਿਣਤੀਆਂ ਤੇ ਦਲਿਤਾਂ ਦੀ ਮਾਰ ਮਰਾਈ, ਖਾਣ, ਪੀਣ, ਪਹਿਨਣ, ਪਿਆਰ ਕਰਨ ਦੇ ਨਾਮ ਉਪਰ ਸੰਪਰਦਾਇਕ ਐਲਾਨ ਤੇ ਕੁੱਟਮਾਰ, ਹਿੰਦੂ, ਹਿੰਦੀ, ਹਿੰਦੂਸਤਾਨ ਵੱਲ ਨੂੰ ਵਧਣ ਲਈ ਸੰਸਕ੍ਰਿਤ ਨੂੰ ਪਹਿਲ ਆਦਿ ਸਭ ਕੁਝ ਸਨਾਤਨੀਆਂ ਦੀ ਵਿਚਾਰਧਾਰਾ ਅਨੁਸਾਰ ਕੀਤਾ ਜਾ ਰਿਹਾ ਹੈ। ਪਰ ਮੱਧਕਾਲ ਵਿਚ ਅਜਿਹੇ ਕੰਮਾਂ ਦਾ ਸਿਹਰਾ ਮੁਸਲਮਾਨਾਂ ਦੇ ਸਿਰ ਮੜ੍ਹਨ ਵਿਚ ਵੀ ਸਨਾਤਨੀਆਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ। ਭਾਰਤੀ ਮੌਕਾਪ੍ਰਸਤ ਲੋਕਾਂ ਵਲੋਂ ਵਿਦੇਸ਼ੀ ਧਰਮ ਅਪਨਾਉਣ ਜਾਂ ਗਰੀਬਾਂ/ਦਲਿਤਾਂ ਵਲੋਂ ਆਪਣੀ ਮਰਜ਼ੀ ਨਾਲ ਸੂਫੀਆਂ ਦੇ ਪ੍ਰਭਾਵ ਹੇਠ ਧਰਮ ਪਰਿਵਰਤਨ ਨੂੰ ਭਗਵੇਂ ਰੰਗ ਵਿਚ ਸਨਾਤਨੀ ਇਉਂ ਪੇਸ਼ ਕਰਦੇ ਹਨ : ‘ਅਤਿਆਚਾਰਾਂ ਤੋਂ ਡਰ ਕੇ ਬਹੁਤੇ ਲੋਕ ਆਪਣੀ ਪੂਜਾ ਪ੍ਰਣਾਲੀ ਨੂੰ ਭੁੱਲ ਚੁੱਕੇ ਸਨ, ਇੱਥੋਂ ਤੱਕ ਕਿ ਉਨ੍ਹਾਂ ਦੇ ਗੁੱਸੇ ਤੋਂ ਬਚਣ ਲਈ ਉਹ ਆਪਣੀ ਮੂਲ ਸ਼ੈਲੀ ਤੇ ਖਾਣਪੀਣ ਵਿਚ ਵੀ ਸਾਵਧਾਨੀ ਵਰਤ ਰਹੇ ਸਨ।”
ਕਮਾਲ ਇਹ ਹੈ ਕਿ ਮੌਕਾ ਪ੍ਰਸਤ ਲੋਕਾਂ ਵਲੋਂ ‘ਮਲੇਛ ਭਾਖਿਆ’ ਅਪਣਾਉਣ ਨੂੰ ਇਹ ਸਨਾਤਨੀ ਭੁੱਲ ਜਾਂਦੇ ਹਨ। ਸ਼ਾਇਦ ਇਸ ਕਰਕੇ ਕਿ ਦਇਆਨੰਦ ਸਰਸਵਤੀ ਸਤਿਆਰਥ ਪ੍ਰਕਾਸ਼ ਵਿਚ ‘ਨਿਰਭਊ’ ਸ਼ਬਦ ਵਰਤਣ ਕਰਕੇ ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਕਰਾਰ ਦੇ ਦਿੰਦਾ ਹੈ। ਸਨਾਤਨੀ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ‘ਸਨਾਤਨ ਅਧਿਆਤਮਕ ਖਜਾਨਾ ਹੈ?’ ਪਰ ਇਸ ਖਜ਼ਾਨੇ ਵਿਚ ਮਨੂੰਵਾਦੀ/ਬ੍ਰਾਹਮਣਵਾਦੀ ਸਭਿਆਚਾਰ ਦੀਆਂ ਜੋ ਪਰਤਾਂ ਗੁਰੂ ਕਵੀਆਂ ਨੇ ਉਧੇੜੀਆਂ ਹਨ ਉਸਨੂੰ ਅਮਲੀ ਰੂਪ ਵਿਚ ਸਵੀਕਾਰ ਨਹੀਂ ਕਰਦਾ। ਕਿਤੇ ਸਨਾਤਨੀ ਉਪਰ ਹਾਸਾ ਵੀ ਆਉਂਦਾ ਹੈ ਜਦੋਂ ਉਹ ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਦੇ ਸਮੇਂ ਮੁਸਲਮਾਨ ਹੋਏ ਹਿੰਦੂਆਂ ਨੂੰ ਮੁੜ ਆਪਣੇ ਧਰਮ ਵਿਚ ਆ ਜਾਣ ਦਾ ਵਿਚਾਰ ਪੇਸ਼ ਕਰਦਾ ਹੈ। ਅਸਲ ਵਿਚ ਗੁਰੂਆਂ ਦੇ ਮਤ ਵਿਚ ਸ਼ਾਮਲ ਹੋਣਾ ਹਿੰਦੂ ਤਹਿਆਂ ਵਿਚ ਵਾਪਸੀ ਨਹੀਂ ਸੀ। ਇਸਦਾ ਤਾਂ ਕੱਟੜ ਹਿੰਦੂਤਵ ਹਮੇਸ਼ਾ ਇਹ ਕਹਿ ਕੇ ਵਿਰੋਧ ਕਰਦਾ ਰਿਹਾ ਹੈ ਕਿ ਗੁਰੂਆਂ ਨੇ ਸ਼ੂਦਰਾਂ ਨੂੰ ਆਪਣੇ ਵਿਚ ਕਿਉਂ ਸ਼ਾਮਿਲ ਕੀਤਾ। ਹਿੰਦੂ ਪ੍ਰਭਾਵ ਵਾਲੇ ਡੇਰੇ ਤਾਂ ਅੱਜ ਵੀ ਦਲਿਤਾਂ ਲਈ ਲੰਗਰ ਵਿਚ ਵੱਖਰੀਆਂ ਪੰਗਤੀਆਂ ਲੱਗਵਾਉਂਦੇ ਹਨ।
ਸਨਾਤਨੀਆਂ ਲਈ ਰਣਜੀਤ ਸਿੰਘ ਇਸ ਲਈ ਵੱਡਾ ਰਾਜਾ ਹੈ ਕਿ ਉਸਨੇ, ‘ਕਸ਼ਮੀਰ ਅਤੇ ਉਤਰੀ ਪੱਛਮੀ ਪ੍ਰਾਂਤਾਂ ਵਿਚੋਂ ਇਸਲਾਮੀ ਰਾਜ ਨੂੰ ਖਤਮ ਕੀਤਾ’ ਜਾਂ ਉਸਨੇ ‘ਆਪਣੇ ਰਾਜ ਦੇ ਬ੍ਰਾਹਮਣਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਤੇ ਗਊ ਹੱਤਿਆ ਲਈ ਮੌਤ ਦੀ ਸਜ਼ਾ ਤੈਅ ਕੀਤੀ’, ਕੋਹਿਨੂਰ ਜਗਨਨਾਥ ਮੰਦਰ ਨੂੰ ਦਿੱਤਾ। ਪਰ ਸਨਾਤਨੀ ਇਸ ਰਾਜ ਦੀ ਦੂਸਰੀ ਤਸਵੀਰ ਲੁਕਾ ਜਾਂਦਾ ਹੈ। ਰਣਜੀਤ ਸਿੰਘ ਦੇ ਰਾਜ ਵਿਚ 70% ਮੁਸਲਮਾਨ ਸਨ। ਧਾਰਮਿਕ ਸਹਿਨਸ਼ੀਲਤਾ ਕਾਰਨ ਵੱਡੇ ਅਹੁਦਿਆਂ ‘ਤੇ ਮੁਸਲਮਾਨ ਸਨ। ਸ਼ਾਹ ਮੁਹੰਮਦ ਇਸ ਰਾਜ ਨੂੰ ਪੰਜਾਬੀਆਂ ਦਾ ਰਾਜ ਮੰਨਦਾ ਹੈ। ਸਨਾਤਨੀ ਦ੍ਰਿਸ਼ਟੀ ਬਿਮਾਰ-ਦ੍ਰਿਸ਼ਟੀ ਹੈ ਜੋ ਸਿਰਫ ਸੰਪ੍ਰਦਾਇਕ ਐਨਕ ਨਾਲ ਸਭ ਕੁਝ ਦੇਖਦੀ ਹੈ।
ਉਪਰੋਕਤ ਸੰਖੇਪ ਵਿਚਾਰ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਜਨਮ ਦਿਵਸ ਮਨਾਉਣ ਸਮੇਂ ਸਾਨੂੰ ਇਕ ਪਾਸੇ ਸਨਾਤਨੀ ਵਿਚਾਰਾਂ ਦੀ ਪੁਣ-ਛਾਣ ਕਰਨੀ ਪਏਗੀ ਤੇ ਦੂਜੇ ਪਾਸੇ ਨਿਰੋਲ ਸ਼ਰਧਾ ਵੱਸ ਪਰੰਪਰਾ ਨਿਭਾਉਣ ਤੱਕ ਗੁਰੂ ਸਾਹਿਬ ਨੂੰ ਸੀਮਤ ਕਰਨ ਤੋਂ ਬਚਣਾ ਪਵੇਗਾ ਤੇ ਆਪਣਾ ਸਾਰਾ ਧਿਆਨ ਉਨ੍ਹਾਂ ਦੀ 975 ਸ਼ਬਦਾਂ ਵਿਚ ਰਚੀ ਬਾਣੀ ਉਪਰ ਕੇਂਦਰਿਤ ਕਰਨਾ ਪਵੇਗਾ। ਉਨ੍ਹਾਂ ਦੇ ਮਾਇਆ ਦੇ ਸੰਕਲਪ, ਰਾਜਨੀਤਕ ਚੇਤਨਾ ਅਤੇ ਉਨ੍ਹਾਂ ਵਲੋਂ ਅੱਜ ਵੀ ਸਾਰਥਕ, ਕਦਰਾਂ ਕੀਮਤਾਂ ਨੂੰ ਵਾਰ ਵਾਰ ਯਾਦ ਕਰਨਾ ਪਵੇਗਾ।
– ਇਸ ਜਰ ਕਾਰਣਿ ਘਣੀ ਵਿਗੁਤੀ
ਇਨਿ ਜਰ ਘਣੀ ਖੁਆਈ।
ਪਾਪਾਂ ਬਾਝ ਹੁ ਹੋਵੇ ਨਾਹੀ
ਮੁਇਆ ਸਾਥਿ ਨਾ ਜਾਈ।
– ਰਾਜੇ ਸ਼ੀਹ ਮੁਕੱਦਮ ਕੁੱਤੇ।
ਜਾਇ ਜਗਾਇਨ ਬੈਠੇ ਸੁਤੇ।
ਚਾਕਰ ਨਹਦਾ ਪਾਇਨਿ ਘਾੳ
ਰਤ ਪਿਤ ਕੁਤਿਹੋ ਚਟਿਜਾਹੁ।
– ਗਲੀ ਜੋਗ ਨਾ ਹੋਈ।
ਏਕ ਦ੍ਰਿਸ਼ਟ ਕਰ ਸਮਸਰਿ ਜਾਣੈ
ਜੋਗੀ ਕਹੀਐ ਸੋਈ।
– ਵਿਚਿ ਦੁਨੀਆਂ ਸੇਵ ਕਮਾਈਐ
ਤਾ ਦਰਗਾਹ ਬੈਸਣ ਪਾਈਐ
– ਕਥਨੈ ਕਰਣਿ ਨ ਛੂਟੀਐ, ਨਾ ਪੜ੍ਹ ਪੁਸਤਕ ਭਾਰ।
– ਨਾਨਕ ਫਿਕੈ ਬੋਲਿਐ, ਤਨ ਮਨ ਫਿਕਾ ਹੋਇ।
ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ।
– ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ।
ਨਾਮ ਬੀਜ਼ ਸੰਤੋਖ਼ ਸੁਹਾਗਾ ਰਖੁ ਗਰੀਬੀ ਵੇਸੁ।
