Now Reading
ਗੈਰ ਬਰਾਬਰੀ ਦਾ ਦਸਤਾਵੇਜ਼ ਮੰਨੂੰ ਸਿਮ੍ਰਤੀ ਭਾਗ-5

ਗੈਰ ਬਰਾਬਰੀ ਦਾ ਦਸਤਾਵੇਜ਼ ਮੰਨੂੰ ਸਿਮ੍ਰਤੀ ਭਾਗ-5

ਡਾ. ਕਰਮਜੀਤ ਸਿੰਘ
(ੳ) ਸਵੈ ਸਥਾਪਿਤ ‘ਸੁਪਰਮੈਨ’-ਬ੍ਰਾਹਮਣ
ਮਨੂੰ ਸਮ੍ਰਿਤੀ ਦਾ ਜਿਵੇਂ ਕਿ ਅਸੀਂ ਪਹਿਲੇ ਲੇਖਾਂ ਵਿਚ ਦੇਖਿਆ ਹੈ ਕਿ ਰਿਗ ਵੇਦ ਦੇ ਦਸਵੇਂ ਮੰਡਲ ਦਾ ਪੁਰਸ਼ ਸੂਕਤ ਹੀ ਅਧਾਰ ਬਣਦਾ ਹੈ, ਜਿਸ ਅਨੁਸਾਰ ਬ੍ਰਾਹਮਣ ਬ੍ਰਹਮਾ ਦੇ ਮੁੱਖ ਤੋਂ, ਖੱਤਰੀ ਭੁਜਾਵਾਂ ਤੋਂ ਵੈਸ਼ ਪੱਟਾਂ ਵਿਚੋਂ ਅਤੇ ਸ਼ੂਦਰ ਪੈਰਾਂ ਤੋਂ ਪੈਦਾ ਹੋਏ। ਇਸ ਦਾ ਹੀ ਵਿਸਤਾਰ ਹੈ ਕਿ ਬ੍ਰਾਹਮਣ ਹੀ ਬ੍ਰਹਮਾ ਦਾ ਰੂਪ ਹੈ। ਵੇਦ ਦੇ ਗਿਆਨੀ, ਇਕ ਬ੍ਰਾਹਮਣ ਦਾ ਫੈਸਲਾ ਦਸ ਹਜ਼ਾਰ ਮੂਰਖਾਂ ਦੇ ਫੈਸਲੇ ਤੋਂ ਉੱਪਰ ਹੈ ਅਤੇ ‘ਪਰਮ ਧਰਮ’ ਮੰਨਣਯੋਗ ਹੈ। (12/113) ਮਨੂੰ ਸਿਮ੍ਰਤੀ, ਬ੍ਰਾਹਮਣ ਦੀ ਅਤਿਕਥਨੀ ਦੀ ਪੱਧਰ ਤੱਕ ਉਪਮਾ ਕਰਦੀ ਹੈ, ਜਿਵੇਂ ਇਹ ਓਸੇ ਦੁਆਰਾ ਓਸੇ ਲਈ ਹੀ ਲਿਖੀ ਗਈ ਹੋਵੇ। ‘ਜੋ ਬ੍ਰਾਹਮਣ ਦੂਸਰੇ ਲੋਕਾਂ ਅਤੇ ਲੋਕਪਾਲਾਂ ਨੂੰ ਰਚ ਸਕਦੇ ਹਨ ਅਤੇ ਦੇਵਤਿਆਂ ਨੂੰ ਅਦੇਵਤੇ ਬਣਾ ਸਕਦੇ ਹਨ, ਅਜਿਹੇ ਬ੍ਰਾਹਮਣ ਨੂੰ ਗੁੱਸੇ ਕਰਕੇ ਕੌਣ ਬੁੱਧੀ ਪ੍ਰਾਪਤ ਕਰ ਸਕਦਾ ਹੈ?’ (9/315) ਬ੍ਰਾਹਮਣ ਪੰਡਿਤ ਹੋਵੇ ਜਾਂ ਮੂਰਖ, ਉਹ ‘ਮਹਾਨ ਦੇਵਤਾ’ ਹੈ। ਪੰਡਿਤ ਦਾ ਮਹਾਨ ਦੇਵਤਾ ਹੋਣਾ ਤਾਂ ਫਿਰ ਵੀ ਪਚਾਇਆ ਜਾ ਸਕਦਾ ਹੈ, ਪਰ ਮੂਰਖ ਨੂੰ ਮਹਾਨ ਦੇਵਤਾ ਮੰਨਣਾ ਆਪਣੇ-ਆਪ ਨੂੰ ਮੂਰਖ ਸਿੱਧ ਕਰਨਾ ਹੈ। ‘ਜਿਵੇਂ ਵੈਦਿਕ ਅਤੇ ਅਵੈਦਿਕ ਰੀਤੀ ਨਾਲ਼ ਸਥਾਪਿਤ ਕੀਤੀ ਗਈ ਅਗਨੀ ਮਹਾਨ ਦੇਵਤਾ ਹੈ, ਉਸੇ ਤਰ੍ਹਾਂ ਹੀ ਬ੍ਰਾਹਮਣ ਪੰਡਿਤ ਹੋਵੇ ਜਾਂ ਮੂਰਖ, ਉਹ ਮਹਾਨ ਦੇਵਤਾ ਹੈ।’ (9/317) ‘ਜਿਸ ਤਰ੍ਹਾਂ ਤੇਜਸਵੀ ਅਗਨੀ ਸ਼ਮਸ਼ਾਨ ਵਿਚ ਹੋਣ ‘ਤੇ ਵੀ ਅਪਵਿੱਤਰ ਨਹੀਂ ਹੁੰਦੀ, ਯੱਗਾਂ ਵਿਚ ਜਦੋਂ ਹੋਮ ਕੀਤਾ ਜਾਂਦਾ ਹੈ ਤਾਂ ਬਹੁਤਾਤ ਪ੍ਰਾਪਤੀ ਹੁੰਦੀ ਹੈ ਓਸੇ ਤਰ੍ਹਾਂ ਜੇਕਰ ਬ੍ਰਾਹਮਣ ਭਾਵੇਂ ਸਾਰੇ ਨਿੰਦਿਤ ਕੰਮ ਕਰੇ ਫਿਰ ਵੀ ਉਹ ਹਮੇਸ਼ਾ ਪੂਜਨੀਕ ਰਹਿੰਦਾ ਹੈ ਕਿਉਂਕਿ ਬ੍ਰਾਹਮਣ ਪਰਮ-ਦੇਵਤਾ ਹੈ।’ (9/318-319) ਬ੍ਰਾਹਮਣ ਕਿਸੇ ਦੀ ਵੀ ਧਨ-ਦੌਲਤ ਹਥਿਆ ਸਕਦਾ ਹੈ। ‘ਪੰਡਿਤ ਬ੍ਰਾਹਮਣ ਤਾਂ ਪਹਿਲਾਂ ਤੋਂ ਹੀ ਕਿਸੇ ਦੀ ਧਨ-ਦੌਲਤ ਨੂੰ ਦੇਖ ਕੇ ਸਾਰੀ ਦੀ ਸਾਰੀ ਲੈ ਸਕਦਾ ਹੈ ਕਿਉਂਕਿ ਉਹ ਨਿਸਚੈ ਕਰਕੇ ਸਭ ਦਾ ਸੁਆਮੀ ਹੈ।’ (8/38)     ‘ਵਿਪੱਤੀ ਵਿਚ ਬ੍ਰਾਹਮਣ ਸਭ ਤੋਂ ਗ੍ਰਹਿਣ ਕਰ ਲਵੇ। ਜੋ ਆਪ ਪਵਿੱਤਰ ਹੈ, ਉਸਦਾ ਅਪਵਿੱਤਰ ਵਸਤੂ ਨਾਲ ਦੂਸ਼ਿਤ ਹੋਣਾ ਧਰਮ ਪੂਰਵਕ ਸਿੱਧ ਨਹੀਂ ਹੋ ਸਕਦਾ।’ (10/102) ‘ਬ੍ਰਾਹਮਣ ਜਲ ਅਤੇ ਅਗਨੀ ਦੇ ਵਾਂਗ ਪਵਿੱਤਰ ਹੈ ਇਸ ਲਈ ਆਪਾਤ-ਕਾਲ ਵਿਚ ਨਿੰਦਤਾਂ ਨੂੰ ਯੱਗ ਕਰਵਾਉਣ, ਪੜ੍ਹਾਉਣ ਅਤੇ ਦਾਨ ਲੈਣ ਤੋਂ ਉਸਨੂੰ ਦੋਸ਼ ਨਹੀਂ ਲੱਗਦਾ।’ (10/103) ਵੈਸੇ ਪਾਣੀ ਦੂਸ਼ਿਤ ਹੁੰਦਾ ਹੈ, ਅਗਨੀ ਵੀ ਦੂਸ਼ਿਤ ਹੋ ਸਕਦੀ ਹੈ, ਪਰ ਬ੍ਰਾਹਮਣ ‘ਧਰਮ-ਪੂਰਵਕ’ ਆਪਣੇ ਆਪ ਨੂੰ ਜਿੰਨ੍ਹਾਂ ਕਰਮਾਂ ਤੋਂ ਆਮ ਹਾਲਾਤਾਂ ਵਿਚ ਦੂਸ਼ਿਤ ਹੋਇਆ ਮੰਨਦਾ ਹੈ, ਉਹ ਆਪਾਤ ਕਾਲ ਵਿਚ ਦੂਸ਼ਿਤ ਨਹੀਂ ਹੁੰਦਾ। ਅਜਿਹਾ ‘ਖਰੜ੍ਹ ਗਿਆਨ’ ਬ੍ਰਾਹਮਣ ਹੀ ਸਵੈ-ਰੱਖਿਆ ਲਈ ਸਹੀ ਸਿੱਧ ਕਰ ਸਕਦਾ ਹੈ।
ਸਪੱਸ਼ਟ ਹੈ ਕਿ ਅਜਿਹਾ ਸਵੈ-ਸੇਵਕ ਹਰ ਚੀਜ਼ ਨੂੰ ਆਪਣੇ ਮੁਤਾਬਿਕ, ਆਪਣੇ ਹਿੱਤ ਵਿਚ ਤੋੜ-ਮਰੋੜ ਕੇ ਪੇਸ਼ ਕਰ ਸਕਦਾ ਹੈ, ਕਿਉਂਕਿ ਪੜ੍ਹਨ-ਲਿਖਣ ਦਾ ਅਧਿਕਾਰ ਵੀ ਉਸਨੇ ਆਪਣੇ ਕੋਲ਼ ਸੁਰੱਖਿਅਤ ਰੱਖਿਆ ਹੋਇਆ ਹੈ। ਸਾਡੇ ਇਕ ਬਜ਼ੁਰਗ ਅਖਾਣ ਪਾਉਂਦੇ ਸਨ ਕਿ ‘ਗਿਆਨ ਦੇ ਗਲ਼ ਵਿਚ ਰੱਸਾ, ਜਿੱਧਰ ਮਰਜ਼ੀ ਖਿੱਚ ਲਉ’ ਪਰ ਰੱਸਾ ਕਿਸਦੇ ਹੱਥ ਵਿਚ ਹੈ ਇਹ ਉਸਨੇ ਤੈਅ ਕਰਨਾ ਹੈ ਕਿ ਗਿਆਨ ਕਿਸ ਦੇ ਹੱਕ ਵਿਚ ਖਿੱਚਿਆ ਜਾਣਾ ਹੈ। ਜੇ ਮਨੂੰ ਸਿਮ੍ਰਤੀ ਦੇ ਚੌਥੇ ਅਧਿਆਇ ਤੋਂ ਸ਼ੁਰੂ ਕਰੀਏ ਤਾਂ ਸਵੈ ਸਥਾਪਿਤੀ ਬ੍ਰਾਹਮਣ ਕਿਵੇਂ ਕਰਦਾ ਹੈ, ਉਸਦਾ ਵੇਰਵਾ ਪਰਤ ਦਰ ਪਰਤ ਖੁੱਲ੍ਹਦਾ ਜਾਂਦਾ ਹੈ।
ਸ਼ੂਦਰ ਲਈ ਇਹ ਧਰਮ ਹੈ ਕਿ ਉਹ ਬ੍ਰਾਹਮਣ, ਕਸ਼ਤਰੀ ਤੇ ਵੈਸ਼ ਦੀ ਸੇਵਾ ਕਰੇ, ਪਰ ਬ੍ਰਾਹਮਣ ਕਿਸੇ ਦੀ ਸੇਵਾ ਤੋਂ ਆਪਣੇ-ਆਪ ਨੂੰ ਬਰੀ ਕਰ ਲੈਂਦਾ ਹੈ। ਬ੍ਰਾਹਮਣ ਰਿਤ (ਉੱਚ ਸਿਲ), ਅੰਮ੍ਰਿਤ (ਅਯਾਜਿਤ), ਮ੍ਰਿਤ (ਮਰੇ ਦੀ), ਮੁਰਦਾ (ਭਿਖਿਆ), ਪ੍ਰ੍ਰਮਿਤ (ਖੇਤੀ) ਜਾਂ ਸਤਿਆਨਿਤ (ਵਪਾਰ) ਨਾਲ ਆਪਣੀ ਜ਼ਿੰਦਗੀ ਬਤੀਤ ਕਰੇ ਪਰ ਕਦੇ ਵੀ ਸੁਆਨ ਬਿਰਤੀ (ਕੁੱਤਾ-ਬਿਰਤੀ) ਅਰਥਾਤ ਪਰਾਈ ਸੇਵਾ ਕਰਕੇ ਜ਼ਿੰਦਗੀ ਨਾ ਬਿਤਾਏ। (4/4) ਵਿਅੰਗ ਇਹ ਹੈ ਕਿ ਸ਼ੂਦਰ ਨੇ ਸਾਰੀ ਉਮਰ ਕੁੱਤਾ-ਬਿਰਤੀ ਨਾਲ ਹੀ ਸਭ ਦੀ ਸੇਵਾ ਕਰਨੀ ਹੈ ਪਰ ਬ੍ਰਾਹਮਣ ਨੇ ਇਸ ਸਭ ਤੋਂ ਪਰ੍ਹੇ ਰਹਿਣਾ ਹੈ। ਬ੍ਰਾਹਮਣ ਨੇ ਸ਼ਾਸਤਰ ਵਿਰੁੱਧ ਗਾਉਣ-ਵਜਾਉਣ ਆਦਿ ਦਾ ਕੰਮ ਕਰਕੇ ਵੀ ਧੰਨ ਨਹੀਂ ਕਮਾਉਣਾ। ਧੰਨ ਨਾ ਹੋਣ ‘ਤੇ ਜਾਂ ਬਿਪਤਾ ਸਮੇਂ ਵੀ ਇੱਧਰੋਂ-ਉੱਧਰੋਂ (ਬੁਰੀ ਜੀਵਕਾ ਕਰਕੇ) ਧਨ ਕਮਾਉਣ ਦਾ ਯਤਨ ਨਾ ਕਰੇ। (4/15) ਸਾਡੇ ਸ਼ਾਸਤਰ ਕਿਸੇ ਕੰਮ ਨੂੰ ਕਿਸੇ ਇਕ ਲਈ ਸ਼ਾਸਤਰ ਅਨੁਸਾਰੀ ਸਥਾਪਿਤ ਕਰਦੇ ਹਨ ਤੇ ਕਿਸੇ ਲਈ ਸ਼ਾਸਤਰ ਵਿਰੁੱਧ। ਇਥੋਂ ਹੀ ਇਕ ਕੰਮ ਨੂੰ ਇਕ ਖਾਸ ਸਮੂਹ ਲਈ ਨਿਸ਼ਚਿਤ ਕੀਤਾ ਜਾਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਇਕ ਹੀ ਕੰਮ ਕਰੇਗਾ। ਉਪਰ ਬੈਠਾ ਸਵੈ-ਸਥਾਪਿਤ ਉੱਚੀ ਜਾਤ ਵਾਲਾ ਆਪਣੇ ਲਈ ਹੱਥੀਂ ਕੰਮ ਨੂੰ ਵਿਵਰਜਤ ਬਣਾ ਲੈਂਦਾ ਹੈ ਤੇ ਉਹ ਬੌਧਿਕ ਕੰਮ ਨੂੰ ਤੇ ਵਿਹਲੇ ਰਹਿ ਕੇ ਮੰਗ ਕੇ ਖਾਣ ਨੂੰ ਉਚਿਤ ਠਹਿਰਾ ਦਿੰਦਾ ਹੈ। ਇਥੋਂ ਹੀ ਭਾਰਤ ਦੀ ਬਦਕਿਸਮਤੀ ਦੀ ਸ਼ੁਰੂਆਤ ਹੁੰਦੀ ਹੈ। ਗਾਉਣ ਨੂੰ ਗਧੇ ਵਾਂਗ ਹੀਂਗਣਾ ਕਿਹਾ ਗਿਆ ਹੈ। ‘ਬ੍ਰਾਹਮਣ ਸਨਾਤਕ, ਨਾ ਨੱਚੇ, ਨਾ ਗਾਵੇ, ਨਾ ਬਾਜੇ ਵਜਾਵੇ, ਨਾ ਤਾਲੀ ਵਜਾਏ, ਨਾ ਦੰਦ ਕਿਰਚੇ ਤੇ ਨਾ ਹੀ ਪ੍ਰੇਮ ਵਿਚ ਖੀਵਾ ਹੋ ਕੇ ਗਧੇ ਵਾਂਗ ਹੀਂਗੇ।’ (4/64) ਇਥੋਂ ਇਹ ਵੀ ਸੋਅ ਮਿਲ਼ ਜਾਂਦੀ ਹੈ ਕਿ ਇਹ ਗਾਉਣਾ ਵਜਾਉਣਾ ਸ਼ੂਦਰ ਜਾਤਾਂ ਦੇ ਹਿੱਸੇ ਆਇਆ ਹੈ, ਜੋ ਇਸ ਕਲਾ ਨੂੰ ਅੱਜ ਤੱਕ ਸਾਂਭ ਕੇ ਬੈਠੀਆਂ ਹਨ। ਬ੍ਰਾਹਮਣਾਂ ਦਾ ਕਲਾਸੀਕਲ ਗਾਇਨ ਮਨੂੰ ਸਿਮ੍ਰਿਤੀ ਤੋਂ ਕਿਤੇ ਬਾਅਦ ਦੀ ਡਿਵੈਲਪਮੈਂਟ ਹੈ।
ਬ੍ਰਾਹਮਣ ਵਿਦਿਆਰਥੀ ਨੂੰ ਸਵੇਰ ਦੀ ਧੁੱਪ, ਮੁਰਦੇ ਦੇ ਧੂੰਏਂ ਨੂੰ ਦੇਖਣ ਅਤੇ ਫਟੇ ਆਸਣ ਨੂੰ ਰੱਖਣ ਦੀ ਤੇ ਨਹੁੰ ਕੱਟਣ ਦੀ ਵੀ ਮਨਾਹੀ ਹੈ। ਇਸੇ ਤਰ੍ਹਾਂ ਬਲਦ ਗਾਂ ਦੀ ਪਿੱਠ ‘ਤੇ ਚੜ੍ਹਨ ਦੀ, ਨਦੀ ਪਾਰ ਕਰਨ (ਤੈਰ ਕੇ) ਦੀ, ਨਹਾਉਣ ਤੋਂ ਬਾਅਦ ਤੇਲ ਲਾਉਣ ਦੀ ਮਨਾਹੀ ਹੈ। ਉਸਨੂੰ ਉਸ ਰਾਜੇ ਦਾ ਦਾਨ ਲੈਣ ਦੀ ਵੀ ਮਨਾਹੀ ਹੈ ਜੋ ਕਸ਼ਤਰੀ ਤੋਂ ਪੈਦਾ ਨਹੀਂ ਹੋਇਆ ਅਤੇ ਕਸਾਈ, ਤੇਲੀ, ਕਲਵਾਰ ਅਤੇ ਬਹੁਰੂਪੀਏ ਦੇ ਦਾਨ ਲੈਣ ਦੀ ਵੀ ਮਨਾਹੀ ਹੈ। (4/84) ਬ੍ਰਾਹਮਣ ਨੇ ਤਾਂ ਹੇਠਲੇ ਪੌੜੀ ‘ਤੇ ਰੱਖੇ ਗਏ ਲੋਕਾਂ ਦਾ ਖਾਣਾ ਵੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਤੋਂ ਮੰਗਣਾ ਹੈ। ਵਿਦਿਆਰਥੀ ਜੇ ਭੁੱਖ ਨਾਲ ਆਤੁੁਰ ਵੀ ਹੋਵੇ ਤਾਂ ਉਹ ਰਾਜੇ ਤੋਂ, ਜਜਮਾਨ ਤੋਂ ਜਾਂ ਆਪਣੇ ਸ਼ਿਸ਼ ਤੋਂ ਧਨ ਦੀ ਇੱਛਾ ਤਾਂ ਕਰ ਸਕਦਾ ਹੈ ਪਰ ਕਿਸੇ ਦੂਸਰੇ ਤੋਂ ਨਹੀਂ। ਇਹ ਉਸਦੇ ਆਪਣੇ ਸ਼ਾਸਤਰ ਦੀ ਹੀ ਮਰਿਆਦਾ ਹੈ। ਬਾਅਦ ਵਿਚ ਸ਼ਾਇਦ ਇਹ ਵਿਚਾਰ ਤਿਆਗ ਦਿੱਤਾ ਗਿਆ। ਇਉਂ ਲੱਗਦਾ ਹੈ ਕਿ ਜਾਂ ਤਾਂ ਸਾਧੂ ਬ੍ਰਾਹਮਣ ਨਹੀਂ ਰਹੇ ਜਾਂ ਫਿਰ ਬ੍ਰਾਹਮਣ ਭੁੱਖੇ ਮਰਦੇ ਸਭ ਤੋਂ ਦਾਨ ਦਕਸ਼ਣਾ ਲੈਣ ਲੱਗੇ। ਕੁੱਝ ਨੇ ਸ਼ਾਸਤਰ ਨਾਲ ਬੰਨ੍ਹ ਕੇ ਰੱਖਿਆ।
ਬ੍ਰਾਹਮਣ ਆਪ ਭਾਵੇਂ ਸਾਰੇ ਸਮਾਜ ਨੂੰ ਗ਼ੁਲਾਮੀ ਵੱਲ ਧੱਕ ਦੇਵੇ, ਕਿਸੇ ਨੂੰ ਮਾਰ ਵੀ ਦੇਵੇ ਤਾਂ ਉਸਨੂੰ ਕੋਈ ਵੀ ਦੰਡ ਨਹੀਂ ਮਿਲਣਾ ਚਾਹੀਦਾ। ਪਰ ਆਪਣੇ-ਆਪ ਨੂੰ, ਆਪਣੇ ਸਰੀਰ ਨੂੰ ਉਹ ਜਾਅ ਲੱਗੀ ਦੇਖਣੀ ਨਹੀਂ ਚਾਹੁੰਦਾ। ਆਪਣੇ ਲਈ ਆਪ ਨਿਯਮ ਕਿੰਨੇ ਅਸਾਨੀ ਨਾਲ ਬਣਾਏ ਜਾ ਸਕਦੇ ਹਨ ਇਹ ਬ੍ਰਾਹਮਣ ਹੀ ਜਾਣਦਾ ਹੈ ਤੇ ਨਾਲ਼ ਹੀ ਉਹ ਇਹ ਵੀ ਜਾਣਦਾ ਹੈ ਕਿ ਇਨ੍ਹਾਂ ਨਿਯਮਾਂ ਨੇ ਸਾਰੇ ਸਮਾਜ ਨੂੰ ਇਕ ਡੂੰਘੇ ਮਾਨਸਿਕ ਟੋਇਆਂ ਵਿਚ ਵੀ ਸੁੱਟਣਾ ਹੈ ਜਿਸ ਵਿਚੋਂ ਸਦੀਆਂ ਤੱਕ ਇਹ ਬਾਹਰ ਨਹੀਂ ਸੀ ਨਿਕਲ਼ ਸਕਦਾ ਕਿਉਂਕਿ ਨਿਯਮਾਂ ਦੀ ਮਾਰ ਪਰਲੋਕ ਤੱਕ ਹੁੰਦੀ ਹੈ। ‘ਯੁੱਧ ਨਾ ਕਰਨ ਵਾਲੇ ਬ੍ਰਾਹਮਣ ਦੇ ਸਰੀਰ ਤੋਂ ਜੋ ਪੁਰਖ ਬਿਨਾਂ ਕਿਸੇ ਕਾਰਨ ਲਹੂ ਵਹਾਉਂਦਾ ਹੈ, ਉਹ ਮਰ ਕੇ ਇਸ ਮੂਰਖਤਾ ਕਾਰਨ ਪਰਲੋਕ ਵਿਚ ਬੜਾ ਦੁੱਖ ਪਾਉਂਦਾ ਹੈ।’ (4/167) ‘ਧਰਤੀ ‘ਤੇ ਡਿੱਗੇ ਬ੍ਰਾਹਮਣ ਦੇ ਖੂਨ ਨਾਲ ਜਿੰਨੇ ਮਿੱਟੀ ਦੇ ਕਣ ਭਿੱਜਦੇ ਹਨ, ਓਨੇ ਹੀ ਸਾਲ ਲਹੂ ਵਹਾਉਣ ਵਾਲੇ ਨੂੰ (ਕੁੱਤੇ, ਗਿੱਦੜ) ਆਦਿ ਨੋਚਦੇ ਹਨ।’ (4/168) ਪਰ ਜੇ ਬ੍ਰਾਹਮਣ ਲੋਕਾਂ ਦਾ ਉਤਪੀੜਨ ਕਰੇ ਤਾਂ ਹੋਰਾਂ ਨੂੰ ਪੀੜਤ ਹੋ ਕੇ ਵੀ ‘ਸੀਅ’ ਤੱਕ ਨਹੀਂ ਕਰਨੀ ਚਾਹੀਦੀ। ਮਤਲਬ ਬ੍ਰਾਹਮਣ ਨੂੰ ਲੋਕਾਂ ਦਾ ਉਤਪੀੜਨ ਕਰਨ ਦਾ ਅਧਿਕਾਰ ਹੈ। ‘ਤਪ ਕਰਕੇ ਹੈਰਾਨ ਨਾ ਹੋਵੇ (ਕੀ ਮੈਂ ਕਿੰਨਾ ਔਖਾ ਚੰਦ੍ਰਾਇਣ ਆਦਿ ਵਰਤ ਕੀਤਾ ਹੈ) ਅਤੇ ਯੱਗ ਕਰਕੇ ਝੂਠ ਨਾ ਬੋਲੇ। ਬ੍ਰਾਹਮਣਾਂ ਹੱਥੋਂ ਪੀੜਤ ਹੋ ਕੇ ਵੀ ਉਨ੍ਹਾਂ ਦੀ ਨਿੰਦਿਆ ਨਾ ਕਰੇ ਅਤੇ ਦਾਨ ਦੇ ਕੇ ਵੀ ਆਪਣੀ ਸਿਫ਼ਤ ਸਲਾਹ ਨਾ ਕਰੇ।’ (4/236)
ਪੰਡਿਤ ਬ੍ਰਾਹਮਣ ਨੂੰ ਸਾਰੀ ਧਰਤੀ ਦੀ ਧਨ-ਦੌਲਤ ਦਾ ਸਵਾਮੀ ਬਣਾ ਕੇ ਬ੍ਰਾਹਮਣ ਆਪਣੇ-ਆਪ ਨੂੰ ਹਰ ਚੀਜ਼/ਧੰਨ ਦਾ ਅਧਿਕਾਰੀ ਐਲਾਨ ਦਿੰਦਾ ਹੈ। ਉਹ ਤਾਂ ਧਰਤੀ ਵਿਚ ਗੱਡੇ ਧਨ ਵਿਚੋਂ ਵੀ ਰਾਜੇ ਤੋਂ ‘ਪ੍ਰਾਪਤ’ ਕਰਕੇ ਅੱਧੇ ਧਨ ਦਾ ਮਾਲਕ ਬਣ ਬਹਿੰਦਾ ਹੈ। ਮਨੂੰ ਸਮ੍ਰਿਤੀ ਇਨ੍ਹਾਂ ਅਧਿਕਾਰਾਂ ਉੱਪਰ ਮੋਹਰ ਲਾਉਂਦੀ ਹੈ, ‘ਪੰਡਿਤ ਬ੍ਰਾਹਮਣ ਤਾਂ ਪਹਿਲਾਂ ਤੋਂ ਹੀ ਪਏ ਹੋਏ ਕਿਸੇ ਵੀ ਧਨ ਨੂੰ ਦੇਖਕੇ ਸਭ ਕੁੱਝ ਹੀ ਲੈ/ਖੋਹ ਸਕਦਾ ਹੈ, ਕਿਉਂਕਿ ਉਹ ਨਿਸ਼ਚੈ ਹੀ ਸਭ ਦਾ ਸਵਾਮੀ/ਮਾਲਿਕ ਹੈ।’ (8/37) ‘ਰਾਜਾ ਧਰਤੀ ਵਿਚ ਗੱਡੇ ਹੋਏ ਪੁਰਾਣੇ ਧਨ ਨੂੰ ਲੱਭਣ ਉਪਰੰਤ ਅੱਧਾ ਬ੍ਰਾਹਮਣਾਂ ਨੂੰ ਦੇ ਕੇ ਅੱਧਾ ਖਜ਼ਾਨੇ ਵਿਚ ਰਖਵਾ ਦੇਵੇ।’ (8/38) ਅਖੇ ਤੂੰ ਕੌਣ ਅਖੇ ਮੈਂ ਖਾਹ ਮਖਾਹ/ਬ੍ਰਾਹਮਣ ਆਪਣੇ ਲਈ ਵਿਹਲੇ ਬੈਠੇ ਬਠਾਏ ਹੀ ਸਭ ਕੁੱਝ ‘ਤੇ ਕਬਜ਼ਾ ਚਾਹੁੰਦਾ ਹੈ। ਰਾਜਾ ਨੂੰ ਉਹ ਆਪਣੇ ਲਈ ਸਹਾਇਕ ਦੇ ਤੌਰ ‘ਤੇ ਮਾਨਤਾ ਦੁਆਉਂਦਾ ਹੈ। ਬ੍ਰਾਹਮਣ ਤਾਂ ਮਹਾਂ ਪਾਪੀ ਦੇ ਦੰਡ ਨੂੰ ਵੀ ਛੱਡਣ ਨੂੰ ਤਿਆਰ ਨਹੀਂ, ਸਿਰਫ਼ ਇਸ ਦੰਡ ਨੂੰ ਪਹਿਲਾਂ ਪਾਣੀ/ਵਰੁਣ ਵਿਚ ਸੁੱਟ ਕੇ ਸ਼ੁੱਧ ਕਰਦਾ ਹੈ। ‘ਮਹਾਂਪਾਪੀ ਨੂੰ ਦੰਡ ਦੇਣ ਤੋਂ ਜੋ ਪੈਸਾ ਮਿਲ਼ੇ, ਉਸਨੂੰ ਜਲ ਵਿਚ ਸੁੱਟ ਕੇ ਵਰੁਣ ਦੇਵਤਾ ਨੂੰ ਅਰਪਣ ਕਰ ਦੇਵੇ ਜਾਂ ਵੇਦਪਾਠੀ ਅਤੇ ਸਦਾਚਾਰੀ ਬ੍ਰਾਹਮਣਾਂ ਨੂੰ ਦੇ ਦੇਵੇ।’ (9/244) ‘ਵਰੁਣ ਰਾਜਿਆਂ ਉੱਪਰ ਰਾਜ ਕਰਦਾ ਹੈ ਅਤੇ ਦੰਡ ਦੇ ਧਨ ਦਾ ਸਵਾਮੀ ਹੈ’ ਤੇ ਵੇਦਪਾਠੀ ਬ੍ਰਾਹਮਣ ਸਾਰੇ ਜਗਤ ਦਾ ਪ੍ਰਭੂ (ਮਾਲਿਕ) ਹੈ। (9/245) ਰਾਜੇ ਉੱਪਰ ਵਰੁਣ ਦੇਵਤਾ ਤੇ ਸਭ ਦਾ ਸੁਆਮੀ ਬ੍ਰਾਹਮਣ। ਲੱਤ ਸਾਰਿਆਂ ਤੋਂ ਉੱਪਰ।
ਇਥੇ ਹੀ ਬਸ ਨਹੀਂ, ਬ੍ਰਾਹਮਣ ਮੂਰਖ ਵੀ ਹੋਵੇ ਤਾਂ ਵੀ ਉਹ ਮਹਾਨ ਹੈ, ਉਹ ਕਿੰਨੇ ਵੀ ਭੈੜੇ ਕੰਮ ਕਰ ਲਵੇ, ਪਰ ਰਹੇਗਾ ਪੂਜਨੀਕ ਹੀ। ਇਹ ਕਿਹੋ ਜਿਹਾ ਨਿਯਮ ਹੈ? ਜੋ ਮੂਰਖ ਤੇ ਗਿਰੇ ਹੋਏ ਨੂੰ ਪੂਜਨੀਕ ਬਣਾਉਂਦਾ ਹੈ? ‘ਜੋ ਬ੍ਰਾਹਮਣ ਹੋਰ ਲੋਕ ਅਤੇ ਲੋਕਪਾਲਾਂ ਨੂੰ ਸਿਰਜ ਸਕਦੇ ਹਨ ਅਤੇ ਦੇਵਤਿਆਂ ਨੂੰ ਵੀ ਅਦੇਵਤਾ ਬਣਾ ਸਕਦੇ ਹਨ, ਅਜਿਹੇ ਬ੍ਰਾਹਮਣਾਂ ਨੂੰ ਕ੍ਰੋਧਿਤ ਕਰਕੇ ਕੌਣ ਵਧ-ਫੁੱਲ ਸਕਦਾ ਹੈ?’ (9/315) ‘ਜਿਸ ਤਰ੍ਹਾਂ ਵੈਦਿਕ ਅਤੇ ਅਵੈਦਿਕ ਰੀਤ ਨਾਲ ਸਥਾਪਿਤ ਕੀਤੀ ਹੋਈ ਅਗਨੀ ਮਹਾਨ ਦੇਵਤਾ ਹੀ ਹੈ, ਉਵੇਂ ਹੀ ਬ੍ਰਾਹਮਣ ਪੰਡਿਤ ਹੋਵੇ ਜਾਂ ਮੂਰਖ ਹੋਵੇ, ਉਹ ਮਹਾਨ ਦੇਵਤਾ ਹੀ ਹੈ।’ (9/317) ‘ਜਿਸ ਤਰ੍ਹਾਂ ਤੇਜਵਾਨ ਅਗਨੀ ਸ਼ਮਸ਼ਾਨ ਵਿਚ ਹੋਣ ‘ਤੇ ਵੀ ਅਪਵਿੱਤਰ ਨਹੀਂ ਹੁੰਦੀ, ਸਗੋਂ ਯੱਗਾਂ ਵਿਚ ਜੇ ਉਸਨੂੰ ਬਾਲਿਆ ਜਾਵੇ ਤਾਂ ਵਾਧਾ ਕਰਦੀ ਹੈ।’ (9/318) ਉਸੇ ਤਰ੍ਹਾਂ ਬ੍ਰਾਹਮਣ ਭਾਵੇਂ ਕਿੰਨੇ ਵੀ ਨਿੰਦਿਤ (ਭੈੜੇ) ਕੰਮ ਕਰੇ, ਫਿਰ ਵੀ ਉਹ ਹਮੇਸ਼ਾਂ ਪੂਜਾ ਦੇ ਯੋਗ ਰਹਿੰਦੇ ਹਨ ਕਿਉਂਕਿ ਬ੍ਰਾਹਮਣ ਪਰਮ ਦੇਵਤਾ ਜੋ ਹਨ।’ (9/319)
ਬਿਪਤਾ ਵਿਚ ਬ੍ਰਾਹਮਣ ਆਪਣੇ ਲਈ ਕਿਹੜੇ ਨਿਯਮ ਬਣਾਉਂਦਾ ਹੈ? ਇਹ ਦੇਖਣਾ ਦਿਲਚਸਪ ਹੈ। ਬਿਪਤਾ ਵਿਚ ਬ੍ਰਾਹਮਣ ਹਰੇਕ ਤੋਂ (ਕਿਸੇ ਤੋਂ ਵੀ) ਕੋਈ ਚੀਜ਼ ਗ੍ਰਹਿਣ ਕਰ ਸਕਦਾ ਹੈ, ਕਿਉਂਕਿ ਜੋ ਆਪ ਪਵਿੱਤਰ ਹੈ, ਉਸਦਾ ਅਪਵਿੱਤਰ ਵਸਤੂ ਨਾਲ ਦੂਸ਼ਿਤ ਹੋਣਾ ਧਰਮ ਪੂਰਵਕ ਸਿੱਧ ਨਹੀਂ ਹੋ ਸਕਦਾ। (10/102) ਇਸੇ ਤਰਕ ਨੂੰ ਜੇ ਉਲਟਾ ਕੇ ਪੁੱਛਿਆ ਜਾਵੇ ਕਿ ਅਪਵਿੱਤਰ ਵਸਤੂ ਬ੍ਰਾਹਮਣ ਨੂੰ ਦੂਸ਼ਿਤ ਨਹੀਂ ਕਰਦੀ ਤਾਂ ਆਮ ਹਾਲਤ ਵਿਚ ਉਸਨੂੰ ਸ਼ੂਦਰ ਦਾ ਆਪਦਾ ਸਮੇਂ ਦਿੱਤਾ ਪੱਕਿਆ ਖਾਣਾ ਦੂਸ਼ਿਤ ਕਿਵੇਂ ਕਰਦਾ ਹੈ? ਜੇ ਇਹ ਮੰਨ ਲਈਏ ਤਾਂ ਸ਼ੂਦਰ ਨੂੰ ਦੰਡਿਤ ਕਰਨ ਦਾ ਉਸਨੂੰ ਕੀ ਅਧਿਕਾਰ ਹੈ। ਇਥੇ ਮੈਨੂੰ ਇਕ ਲਤੀਫ਼ੇ ਵਰਗੀ ਗੱਲ ਯਾਦ ਆਉਂਦੀ ਹੈ। ‘ਕੋਈ ਮੁਸਾਫ਼ਿਰ ਤੁਰਿਆ ਜਾ ਰਿਹਾ ਸੀ ਕਿ ਇਕ ਟੋਏ ਵਿਚ ਪਈਆਂ ਗਾਜਰਾਂ ਉੱਪਰ ਇਕ ਕੁੱਤਾ ਮੂਤ ਗਿਆ। ਮੁਸਾਫ਼ਿਰ ਨੂੰ ਗਾਜਰਾਂ ਪਸੰਦ ਸੀ, ਪਰ ਅੱਖੀਂ ਦੇਖ ਕੇ ਮੱਖੀ ਨਿਗਲ਼ੀ ਨਹੀਂ ਜਾਂਦੀ। ਉਹ ਅਗਾਂਹ ਤੁਰ ਪਿਆ। ਵਾਪਸ ਆਉਂਦਿਆਂ ਉਸਨੂੰ ਬੜੇ ਜ਼ੋਰ ਦੀ ਭੁੱਖ ਲੱਗੀ ਹੋਈ ਸੀ। ਗਾਜਰਾਂ ਓਥੇ ਹੀ ਪਈਆਂ ਹੋਈਆਂ ਸਨ। ਭੁੱਖ ਬਰਦਾਸ਼ਤ ਨਾ ਹੋਈ ਤਾਂ ਮੁਸਾਫ਼ਿਰ ਨੇ ਨਾਲ ਖੜ੍ਹੇ ਪਾਣੀ ਵਿਚ ਧੋ ਕੇ ਗਾਜਰਾਂ ਖਾਧੀਆਂ ਤੇ ਨਾਲ ਹੀ ਕਿਹਾ ਜਲ ਦੇਵਤਾ ਹਰ ਤਰ੍ਹਾਂ ਦੀ ਅਪਵਿੱਤਰਤਾ ਦੂਰ ਕਰ ਦਿੰਦਾ ਹੈ।’ ਮੁਸਾਫ਼ਿਰ ਤੇ ਉਪਰਲੇ ਸ਼ਲੋਕ ਵਾਲੇ ਬ੍ਰਾਹਮਣ ਵਿਚ ਕੀ ਅੰਤਰ ਹੈ? ਬ੍ਰਾਹਮਣ ਜਲ ਅਤੇ ਅਗਨੀ ਵਾਂਗ ਪਵਿੱਤਰ ਹੈ, ਇਸ ਲਈ ਆਪਦਾ ਕਾਲ ਵਿਚ ਨਿੰਦਤਾਂ ਲਈ ਯੱਗ ਕਰਵਾਉਣ, ਉਨ੍ਹਾਂ ਨੂੰ ਪੜ੍ਹਾਉਣ ਅਤੇ ਉਸਤੋਂ ਦਾਨ ਲੈਣ ਨਾਲ ਉਸਨੂੰ ਦੋਸ਼ ਨਹੀਂ ਲੱਗਦਾ। (10/103) ਫਿਰ ਸ਼ਾਂਤੀ ਕਾਲ ਵਿਚ ਹੀ ਉਸਨੂੰ ਦੋਸ਼ ਕਿਉਂ ਲੱਗਦਾ ਹੈ? ਉਦਾਹਰਣ ਦਿੱਤੀ ਗਈ ਹੈ ਕਿ ‘ਭੁੱਖਾ ਅਜੀਗ੍ਰਤ ਰਿਸ਼ੀ ਆਪਣੇ ਪੁੱਤਰ ਸ਼ੂਨ: ਸ਼ੇਫ ਨੂੰ ਮਾਰਨ ਲਈ ਤਿਆਰ ਹੋ ਗਿਆ ਫਿਰ ਵੀ ਭੁੱਖ ਦਾ ਇਲਾਜ ਕਰਨ ਕਰਕੇ ਉਸਨੂੰ ਕੋਈ ਪਾਪ ਨਹੀਂ ਲੱਗਿਆ।’ (10/105) ਇਥੇ ਭੁੱਖ ਸਮੇਂ ਪੁੱਤਰ ਨੂੰ ਮਾਰਨਾ ਵੀ ਜਾਇਜ਼ ਬਣਾ ਦਿੱਤਾ ਗਿਆ ਹੈ।
ਗਿਆਰਵੇਂ ਅਧਿਆਇ ਵਿਚ ਬ੍ਰਾਹਮਣ ਰਾਜੇ ਕੋਲੋਂ ਦੰਡ ਦੇਣ ਦਾ ਅਧਿਕਾਰ ਵੀ ਖੋਹ ਲੈਂਦਾ ਹੈ ਜਿਸ ਲਈ ਉਸਦਾ ਆਪਣਾ ਤਰਕ ਹੈ। ਉਹ ਕਹਿੰਦਾ ਹੈ, ‘ਧਰਮ ਦੇ ਗਿਆਤਾ ਬ੍ਰਾਹਮਣ ਨੂੰ ਰਾਜੇ ਕੋਲ਼ ਕਿਸੇ ਅਪਰਾਧੀ ਦੀ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ। ਸਗੋਂ ਉਹ ਆਪਣੇ ਤੇਜ਼-ਪ੍ਰਤਾਪ ਨਾਲ ਅਪਰਾਧੀ ਮਨੁੱਖ ਨੂੰ ਦੰਡ ਦੇਵੇ।’ (11/31) ਬ੍ਰਾਹਮਣ ਦੀ ਆਪਣੀ ਸਮਰੱਥਾ ਅਤੇ ਰਾਜਾ ਦੀ ਸਮਰੱਥਾ ਦੋਵਾਂ ਵਿਚੋਂ ਆਪਣੀ ਸਮਰੱਥਾ ਬਲਵਤੀ ਹੁੰਦੀ ਹੈ, ਇਸ ਲਈ ਬ੍ਰਾਹਮਣ ਆਪਣੀ ਸਮਰੱਥਾ ਨਾਲ ਹੀ ਦੁਸ਼ਮਣਾਂ ਨੂੰ ਦੰਡ ਦੇਵੇ। (11/32) ਇਨ੍ਹਾਂ ਸ਼ਲੋਕਾਂ ਅਨੁਸਾਰ ਅਸੀਂ ਪੌਰਾਣਿਕ ਕਥਾਵਾਂ ਵਿਚ ਬ੍ਰਾਹਮਣ ਨੂੰ, ਜੀਭ ਕੱਟਣ, ਕੋਈ ਵੀ ਅੰਗ ਕੱਟਣ ਦੇ ਦੰਡ ਦਿੰਦਿਆਂ ਵੇਖਦੇ ਹਾਂ। ਅੱਜ ਵੀ ਇਹ ਲੋਕ ਬਰਾਬਰੀ ਦੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਸ਼ੂਦਰਾਂ (ਦਲਿਤਾਂ) ਨੂੰ ਦੰਡਿਤ ਕਰਨਾ ਚਾਹੁੰਦੇ ਹਨ ਤੇ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਦੰਡ ਨਾ ਮਿਲ਼ੇ। ਉਹ ਗਾਂ ਦੇ ਨਾਂ ‘ਤੇ ਕਿਸੇ ਦੀ ਵੀ ਹੱਤਿਆ ਦਾ ਅਧਿਕਾਰ ਚਾਹੁੰਦੇ ਹਨ, ਉਹ ਸ਼ੂਦਰਾਂ ਦੀਆਂ ਲੜਕੀਆਂ/ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰਨ ਦਾ ਅਧਿਕਾਰ ਚਾਹੁੰਦੇ ਹਨ। ਉਹ ਕਿਸੇ ਸ਼ੂਦਰ ਨੂੰ ਘੋੜੀ ਤੋਂ ਉਤਾਰ ਕੇ ਉਸਦੀ ਕੁੱਟਮਾਰ ਕਰਨਾ ਚਾਹੁੰਦੇ ਹਨ। ਉਹ ਜਿਨ੍ਹਾਂ ਲੋਕਾਂ ਨੂੰ ਹਜ਼ਾਰਾਂ ਸਾਲਾਂ ਵਾਂਗ ਗ਼ੁਲਾਮ ਰੱਖ ਕੇ ਉਨ੍ਹਾਂ ਨੂੰ ਆਪਣੇ ਜੂਠੇ ਅੰਨ ਉੱਪਰ ਨਿਰਭਰ ਰੱਖਣਾ ਚਾਹੁੰਦੇ ਹਨ। ਪਰ ਕੀ ਸ਼ੂਦਰ (ਦਲਿਤ), ਕਿਸਾਨ, ਘੱਟ ਗਿਣਤੀ, ਵੱਖ ਵਿਚਾਰਧਾਰਾ ਰੱਖਣ ਵਾਲੇ ਲੋਕ ਇਨ੍ਹਾਂ ਨੂੰ ਅਜਿਹਾ ਕਰਨ ਦੇਣਗੇ। ਬਿਲਕੁਲ ਨਹੀਂ, ਇਸੇ ਲਈ ਉਹ ਹਰ ਰੋਜ਼ ਨਵੇਂ-ਨਵੇਂ ਏਜੰਡੇ ਲੈ ਕੇ ਆਉਂਦੇ ਹਨ।
ਬ੍ਰਾਹਮਣ ਆਪਣੇ ਹੱਤਿਆਰੇ ਲਈ ਕਠੋਰ ਪ੍ਰਾਸ਼ਚਿਤ ਦਾ ਪ੍ਰਾਵਧਾਨ ਕਰਦਾ ਹੈ। ਗਿਆਰਵੇਂ ਅਧਿਆਇ ਵਿਚ 72ਵੇਂ ਸ਼ਲੋਕ ਤੋਂ ਲੈ ਕੇ ਅਗਾਂਹ ਕਈ ਸ਼ਲੋਕਾਂ ਵਿਚ ਅਜਿਹੇ ਪ੍ਰਾਸ਼ਚਿਤ ਤੈਅ ਕੀਤੇ ਗਏ ਹਨ। ਇਥੇ ਇਕ ਸ਼ਲੋਕ ਦੇਣਾ ਹੀ ਕਾਫ਼ੀ ਹੈ। ਸ਼ੂਦਰ ਨੂੰ ਤਾਂ ਬ੍ਰਹਮਘਾਤ ਲਈ ਸਿੱਧੀ ਮੌਤ ਦੀ ਸਜ਼ਾ ਹੈ, ਕੋਈ ਪ੍ਰਾਸਚਿਤ ਨਹੀਂ। ਪ੍ਰਾਸਚਿਤ ਹੋਰਨਾਂ ਲਈ ਹੈ, ‘ਬ੍ਰਾਹਮਘਾਤੀ ਸ਼ੁੱਧੀ ਲਈ ਵਣ ਵਿਚ ਕੁਟੀਆ ਬਣਾ ਕੇ 12 ਸਾਲ ਤੱਕ ਉਸ ਵਿਚ ਰਿਹਾਇਸ਼ ਕਰੇ ਅਤੇ ਉਸੇ ਬ੍ਰਾਹਮਣ ਦੇ ਕਪਾਲ ਦਾ ਚਿੰਨ੍ਹ ਧਾਰਣ ਕਰਕੇ ਭਿੱਖਿਆ ਮੰਗ ਕੇ ਗੁਜ਼ਾਰਾ ਕਰੇ।’
ਬ੍ਰਾਹਮਣ ਨੇ ਲੱਗਦਾ ਹੈ ਬੁੱਧ ਧਰਮ ਨਾਲ ਲੋਹਾ ਲੈਣ ਲਈ ਸ਼ਰਾਬ ਪੀਣ ਲਈ ਦੂਸਰਿਆਂ ‘ਤੇ ਹੀ ਸਖ਼ਤ ਪਾਬੰਦੀਆਂ ਨਹੀਂ ਲਾਈਆਂ ਸਗੋਂ ਆਪਣੇ ਭਾਈਚਾਰੇ ਲਈ ਆਤਮ ਹੱਤਿਆ ਕਰਨ ਤੱਕ ਦਾ ਨਿਯਮ ਬਣਾ ਦਿੱਤਾ। ਹੋਰ ਕਈ ਪ੍ਰਾਸ਼ਚਿਤਾਂ ਦੇ ਨਾਲ ਇਕ ਪ੍ਰਾਸ਼ਚਿਤ ਇਹ ਹੈ ਕਿ ‘ਗੋਮੂਤਰ, ਜਲ, ਘਿਉ, ਦੁੱਧ ਅਤੇ ਗਾਂ ਦੇ ਗੋਹੇ ਦਾ ਰਸ ਮਿਲਾ ਕੇ ਅੱਗ ਵਾਂਗ ਗਰਮ ਕਰਕੇ ਬ੍ਰਾਹਮਣ ਉਦੋਂ ਤੱਕ ਪੀਵੇ ਜਦੋਂ ਤੱਕ ਉਸਦੀ ਮੌਤ ਨਾ ਹੋ ਜਾਵੇ।’ (11/91)
ਬ੍ਰਾਹਮਣਾਂ ਨੇ ਸ਼ੂਦਰਾਂ ਤੋਂ ਆਪਣੀ ਉੱਚਤਾ ਤੇ ਵੱਖਰਤਾ ਮਨਵਾਉਣ ਲਈ ਸ਼ਰਾਬ ਨਾ ਪੀਣ ਦੀ ਆਪਣੇ ਉੱਪਰ ਅਤੇ ਕਸ਼ਤਰੀ ਵੈਸ਼ ਉੱਪਰ ਵੀ ਪਾਬੰਦੀ ਲਾ ਦਿੱਤੀ। ਇਸ ਲਈ ਕਈ ਤਰਕ ਘੜ੍ਹੇ ਗਏ ਜਿਵੇਂ ‘ਅੰਨ ਦੇ ਮਲ ਨੂੰ ਸੁਰਾ ਕਹਿੰਦੇ ਹਨ ਅਤੇ ਮਲ ਪਾਪ ਨੂੰ ਕਹਿੰਦੇ ਹਨ। ਇਸ ਲਈ ਬ੍ਰਾਹਮਣ, ਖੱਤਰੀ ਅਤੇ ਵੈਸ਼ ਸੁਰਾ ਦਾ ਸੇਵਨ ਨਾ ਕਰਨ। (11/93) ਮਨੂੰ ਸਿਮ੍ਰਤੀ ਵਿਚ ਗੌੜੀ, ਪੈਸ਼ਟੀ ਅਤੇ ਮਾਧਵੀ ਤਿੰਨ ਤਰ੍ਹਾਂ ਦੀ ਸੁਰਾ ਦਾ ਜ਼ਿਕਰ ਹੈ ਜੋ ਸਾਰੀਆਂ ਹੀ ਦਵਿਜ ਜਾਤੀਆਂ ਲਈ ਵਰਜਿਤ ਕੀਤੀਆਂ ਗਈਆਂ ਹਨ। ‘ਸ਼ਰਾਬ, ਮਾਸ, ਸੁਰਾ ਅਤੇ ਆਸਵ ਇਹ ਯਕਸ਼, ਰਾਕਸ਼ਸ਼ ਅਤੇ ਪਿਸ਼ਾਚਾਂ ਦੇ ਪੀਣ ਦੀ ਚੀਜ਼ ਹੈ। ਇਸ ਲਈ ਦੇਵਤਿਆਂ ਦੇ ਪਦਾਰਥਾਂ ਨੂੰ ਖਾਂਦਾ ਹੋਇਆ ਬ੍ਰਾਹਮਣ ਸ਼ਰਾਬ ਮਾਸ ਆਦਿ ਦਾ ਸੇਵਨ ਨਾ ਕਰੇ। (11/95) ਸਿੱਧਾ ਫਾਰਮੂਲਾ ਹੈ ਕਿ ਜੋ ਸ਼ੂਦਰ ਖਾਂਦੇ-ਪੀਂਦੇ ਹਨ, ਉਹ ਦਵਿਜ ਜਾਤੀਆਂ ਲਈ ਵਿਵਰਜਤ ਕਰਕੇ ਆਪਣੇ-ਆਪ ਨੂੰ ਉਨ੍ਹਾਂ ਤੋਂ ਵੱਖਰੇ ਤੇ ਉਚੇਰੇ ਸਾਬਤ ਕਰਨ।
ਉੱਪਰ ਅਸੀਂ ਦੇਖ ਚੁੱਕੇ ਹਾਂ ਕਿ ਆਪਾਤ-ਕਾਲ ਵਿਚ ਬ੍ਰਾਹਮਣ ਲਈ ਸਭ ਕੁੱਝ ਜਾਇਜ਼ ਹੈ, ਪਰ ਆਮ ਹਾਲਤ ਵਿਚ ਬ੍ਰਾਹਮਣ ਜੇ ਦੁਸ਼ਟ ਨੂੰ ਵੇਦ ਪੜ੍ਹਾਉਂਦਾ ਹੈ ਤਾਂ ਬ੍ਰਾਹਮਣ ਇਕ ਸਾਲ ਤੱਕ ਜੌਂ ਦੀ ਰੋਟੀ ਖਾ ਕੇ ਇਸ ਪਾਪ ਕਰਮ ਤੋਂ ਛੁਟਕਾਰਾ ਪਾਉਂਦਾ ਹੈ। ਇਸੇ ਤਰ੍ਹਾਂ ਜੇ ਬ੍ਰਾਹਮਣ ਨੂੰ ਮਾਸਖੋਰੇ ਕੁੱਤਾ, ਗਿੱਦੜ, ਮਨੁੱਖ, ਘੋੜਾ, ਊਠ ਅਤੇ ਸੂਰ ਕੱਟ ਲੈਣ ਤਾਂ ਬ੍ਰਾਹਮਣ ਪ੍ਰਾਣਾਯਾਮ ਨਾਲ ਹੀ ਸ਼ੁੱਧ ਹੋ ਜਾਂਦਾ ਹੈ। (11/199) ਆਪਣੇ ਲਈ ਸ਼ੁੱਧੀ ਤਾਂ ਬ੍ਰਾਹਮਣ ਗੰਗਾ ਜਲ ਛਿੜਕ ਕੇ ਵੀ ਕਰ ਲੈਂਦਾ ਹੈ।
‘ਪਰ ਰਿਗਵੇਦ ਅਭਿਆਸੀ ਜੇ ਤਿੰਨਾਂ ਲੋਕਾਂ ਦਾ ਵਧ ਕਰਕੇ ਇੱਧਰ-ਉੱਧਰ ਭੋਜਨ ਕਰਦਾ ਅਭਿਆਸ ਵੀ ਜਾਰੀ ਰੱਖਦਾ ਹੈ ਤਾਂ ਉਸਨੂੰ ਕੋਈ ਪਾਪ ਨਹੀਂ ਲਗਦਾ।’ (11/261) ‘ਰਿਗਵੇਦ ਦੀ ਜਾਂ ਆਯੁਰਵੇਦ ਦੀ ਜਾਂ ਬ੍ਰਾਹਮਣ (ਗ੍ਰੰਥ) ਅਤੇ ਉਪਨਿਸ਼ਦਾਂ ਸਹਿਤ ਸਾਮਵੇਦ ਦੀ ਸੰਘਿਤਾ ਨੂੰ ਸਾਵਧਾਨੀ ਨਾਲ ਤਿੰਨ ਵਾਰ ਪੜ੍ਹ ਕੇ ਬ੍ਰਾਹਮਣ ਸਾਰੇ ਪਾਪਾਂ ਤੋਂ ਛੁੱਟ ਜਾਂਦਾ ਹੈ।’ (11/262) ਪਾਪਾਂ ਤੋਂ ਛੁਟਕਾਰੇ ਦਾ ਇਹ ਸੌਖਾ ਤਰੀਕਾ ਸਾਰੇ ਧਰਮਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਅਪਣਾ ਲਿਆ। ਸਾਹਿਤਕਾਰਾਂ ਨੇ ਇਸਦਾ ਗੁਣਗਾਣ ਵੀ ਖੂਬ ਕੀਤਾ। ‘ਦੁਰਗਾ ਪਾਠ ਬਣਾਇਆ, ਸਭੇ ਪਾਉੜੀਆਂ, ਬਹੁੜ ਨਾ ਜੂਨੀ ਆਇਆ ਜਿਨ ਇਹ ਗਾਇਆ।’ ਸ੍ਰਵਣ, ਕੀਰਤਨ ਆਦਿ 9 ਤਰ੍ਹਾਂ ਦੀ ਭਗਤੀ ਇਸੇ ਦਾ ਹੀ ਵਿਸਤਾਰ ਹੈ। ਇਸ ਤਰ੍ਹਾਂ ਘੋਰ ਅਪਰਾਧੀ ਨੂੰ ਵੀ ਛੁੱਟਣ ਦਾ ਰਾਹ ਮਿਲ ਜਾਂਦਾ ਹੈ।
ਇਕ ਬ੍ਰਾਹਮਣ ਦਾ ਫੈਸਲਾ ਦਸ ਹਜ਼ਾਰ ‘ਤੇ ਭਾਰੀ ਪਵੇਗਾ/ਪੈਂਦਾ ਹੈ। ਬ੍ਰਾਹਮਣ ਨੇ ਇਹ ਅਧਿਕਾਰ ਆਪਣੇ ਕੋਲ ਰੱਖਿਆ ਹੈ। ‘ਵੇਦ ਗਿਆਤਾ ਇਕ ਬ੍ਰਾਹਮਣ ਵੀ ਜਿਸਦਾ ਨਿਸ਼ਚੈ ਕਰ ਦੇਵੇ, ਉਸਨੂੰ ਹੀ ਪਰਮ ਧਰਮ ਮੰਨਣਾ ਚਾਹੀਦਾ ਹੈ ਅਤੇ ਦਸ ਹਜ਼ਾਰ ਮੂਰਖ ਜਿਸਦਾ ਨਿਸ਼ਚਾ ਕਰਨ, ਉਸਨੂੰ ਧਰਮ ਨਹੀਂ ਮੰਨਣਾ ਚਾਹੀਦਾ ਹੈ।’ (12/113) ਇਥੋਂ ਹੀ ਸ਼ੁਰੂ ਹੁੰਦੀ ਹੈ ਡਿਕਟੇਟਰਸ਼ਿਪ। ਹਜ਼ਾਰਾਂ ਨੂੰ ਮੂਰਖ ਕਹਿ ਕੇ ਜਨਤੰਤਰ ਦਾ ਭੋਗ ਪਾ ਦਿੱਤਾ ਗਿਆ ਹੈ। ਇਹੀ ਹੈ ਮਨੂੰ ਸਿਮ੍ਰਤੀ ਦਾ ਸਾਰ।
ਸਾਰ ਇਹ ਕਿ ਬ੍ਰਹਮਾ ਦੇ ਮੁਖ ਤੋਂ ਨਿਕਲਿਆ ਬ੍ਰਾਹਮਣ ਬ੍ਰਹਮਾ ਹੀ ਹੈ, ਉਹ ਮੂਰਖ ਵੀ ਹੋਵੇ ਤਾਂ ਵੀ ਉਹ ਮਹਾਨ ਦੇਵਤਾ ਹੈ, ਸਾਰੇ ਨਿੰਦਤ ਕੰਮ ਕਰਕੇ ਵੀ ਉਹ ਅਗਨੀ ਵਾਂਗ ਪੂਜਨੀਕ ਹੈ, ਉਹ ਕਿਸੇ ਦਾ ਧੰਨ ਵੀ ਲੈ/ਖੋਹ ਸਕਦਾ ਹੈ। ਆਪਦਾ ਸਮੇਂ ਉਹ ਅਪਵਿੱਤਰ ਨੂੰ ਗ੍ਰਹਿਣ ਕਰਕੇ ਵੀ ਪਵਿੱਤਰ ਦਾ ਪਵਿੱਤਰ ਰਹਿੰਦਾ ਹੈ। ਉਸਨੇ ਆਪਣੇ ਤੋਂ ਇਲਾਵਾ ਕਿਸੇ ਦੀ ਸੇਵਾ ਨਹੀਂ ਕਰਨੀ ਹੈ। ਰਾਜੇ ਵੀ ਓਸ ਦਾ ਦਾਨ ਲੈਣਾ ਹੈ ਜੋ ਕਸ਼ਤਰੀ ਦੀ ਸੰਤਾਨ ਹੋਵੇ। ਉਸਨੂੰ ਸ਼ੂਦਰ ਨੂੰ ਮਾਰਨ ਦਾ ਅਧਿਕਾਰ ਹੈ ਉਸਨੂੰ ਇਸਦਾ ਕੋਈ ਦੰਡ ਨਹੀਂ। ਕੁਕਰਮਾਂ ਦਾ ਦੰਡ ਹੈ ਵੀ ਤਾਂ ਜਾਂ ਤਾਂ ਵੇਦ ਆਦਿ ਦਾ ਪਾਠ ਕਰਨਾ ਜਾਂ ਵੱਧ ਤੋਂ ਵੱਧ ਦੇਸ਼ ਨਿਕਾਲਾ ਉਹ ਵੀ ਕਸ਼ਤਰੀ, ਵੈਸ਼ ਦੇ ਕਤਲ ਉੱਪਰ। ਉਹ ਕਿਸੇ ਨੂੰ ਵੀ ਪੀੜਤ ਕਰੇ ਪਰ ਪੀੜਤ ਹੋਣ ਵਾਲੇ ਨੂੰ ਸੀਅ ਤੱਕ ਕਰਨ ਦੀ ਇਜਾਜ਼ਤ ਨਹੀਂ। ਉਸਨੂੰ ਧਰਤੀ ਹੇਠ ਦੱਬੇ ਧਨ ਦਾ ਵੀ ਅੱਧਾ ਹਿੱਸਾ ਚਾਹੀਦਾ ਹੈ। ਇਥੋਂ ਤੱਕ ਕਿ ਮਹਾਂਪਾਪੀ ਨੂੰ ਕੀਤੇ ਗਏ ਦੰਡ ਵਿਚੋਂ ਵੀ ਅੱਧਾ ਪਾਣੀ ਵਿਚ ਸੁੱਟ ਕੇ ਬਾਕੀ ਦਾ ਬ੍ਰਾਹਮਣ ਨੂੰ ਦੇਣ ਦਾ ਵਿਧਾਨ ਕਰ ਲਿਆ ਗਿਆ ਹੈ। ਆਮ ਹਾਲਤ ਵਿਚ ਬ੍ਰਾਹਮਣ ਨੇ ਜੋ ਆਪਣੇ ਉਪਰ ਪਾਬੰਦੀਆਂ ਲਾਈਆਂ ਹਨ, ਉਨ੍ਹਾਂ ਤੋਂ ਆਪ ਹੀ ਢਿੱਲ ਲੈ ਲੈਂਦਾ ਹੈ ਪਰ ਦੂਸਰਿਆਂ ਨੂੰ ਅਜਿਹੀ ਕੋਈ ਢਿੱਲ ਨਹੀਂ ਦਿੱਤੀ ਜਾਂਦੀ। ਆਪਦਾ ਸਮੇਂ ਉਹ ਨਿੰਦਤਾਂ ਨੂੰ ਪੜ੍ਹਾ ਵੀ ਸਕਦਾ ਹੈ ਤੇ ਉਨ੍ਹਾਂ ਦਾ ਦਾਨ ਵੀ ਲੈ ਸਕਦਾ ਹੈ।
ਦੰਡ ਦੇਣ ਦਾ ਅਧਿਕਾਰ ਰਾਜੇ ਦਾ ਹੈ ਪਰ ਬ੍ਰਾਹਮਣ ਨੂੰ ਰਾਜੇ ਕੋਲ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਉਹ ਆਪ ਹੀ ਅਪਰਾਧੀ ਨੂੰ ਦੰਡ ਦੇ ਸਕਦਾ ਹੈ, ਕਿਉਂਕਿ ਉਹ ਧਰਮ ਦਾ ਗਿਆਤਾ ਹੈ। ਇਕ ਬ੍ਰਾਹਮਣ ਦਾ ਫੈਸਲਾ ਹਜ਼ਾਰਾਂ ‘ਮੂਰਖਾਂ’ ਉੱਪਰ ਹਾਵੀ ਹੋਵੇਗਾ। ਅਜਿਹੇ ਸਰਬ ਸਮਰੱਥ ਬ੍ਰਾਹਮਣ ਨੂੰ ਜਿਸ ਕੋਲ ਹਰ ਅਧਿਕਾਰ ਹੈ, ਪਰ ਜਿਸ ਉੱਪਰ ਕੋਈ ਜ਼ਿੰਮੇਂਵਾਰੀ ਨਹੀਂ ਤੇ ਜਿਸਨੂੰ ਕੋਈ ਸਵਾਲ ਤੱਕ ਨਹੀਂ ਕਰ ਸਕਦਾ-ਨੂੰ ਹੀ ਨਿਤਸ਼ੇ ਨੇ ਮਹਾਂਮਾਨਵ ਬਣਾਇਆ ਹੈ। ਨਿਤਸ਼ੇ ਨੇ ਮਨੂੰ ਸਿਮ੍ਰਤੀ ਤੋਂ ਹੀ ਅਜਿਹੇ ਮਾਨਵ ਦੀ ਕਲਪਨਾ ਕੀਤੀ ਸੀ।
(ਅ) ਰਾਜ ਵਿਵਸਥਾ ਬ੍ਰਾਹਮਣ ਦੀ ਸੇਵਾ ਵਿਚ
ਬ੍ਰਾਹਮਣ ਨੇ ਬ੍ਰਹਮਾ ਦੇ ਮੁੱਖ ਤੋਂ ਨਿਕਲ ਕੇ ਚਾਰ ਵਰਣਾਂ ਵਿਚੋਂ ਆਪਣੇ-ਆਪ ਨੂੰ ਸਿਖਰ ‘ਤੇ ਸਥਾਪਿਤ ਕੀਤਾ। ਦੂਜੇ ਥਾਂ ਉਸਨੇ ਕਸ਼ੱਤਰੀ (ਰਾਜਾ) ਨੂੰ ਸਥਾਪਿਤ ਕਰਕੇ ਓੁਸੇ ਤਰ੍ਹਾਂ ਉਸਦਾ ਦੈਵੀਕਰਣ ਕੀਤਾ ਜਿਵੇਂ ਸਾਰੀ ਦੁਨੀਆਂ ਵਿਚ ਰਾਜਿਆਂ ਨੇ ਆਪਣੇ-ਆਪ ਨੂੰ ਰੱਬ ਦਾ ਦੂਤ ਕਹਿ ਕੇ ਕੀਤਾ। ਭਾਰਤ ਵਿਚ ਅੰਤਰ ਇਹ ਹੈ ਕਿ ਬ੍ਰਾਹਮਣ ਨੇ ਉਸਨੂੰ ਆਪਣੇ ਹਿੱਤਾਂ ਅਨੁਸਾਰ ਸਥਾਪਿਤ ਕੀਤਾ ਅਤੇ ਉਸਦਾ ਦੈਵੀਕਰਣ ਵੀ ਕੀਤਾ। ਉਸਨੂੰ ਅੱਠ ਦਿਗਪਾਲਾਂ ਦੇ ਅੰਸ਼ ਤੋਂ ਬਣਿਆ ਸ਼ਕਤੀਸ਼ਾਲੀ ਪੁਰਸ਼ ਬਣਾਇਆ। ਉਸ ਅਨੁਸਾਰ ਲੋਕਾਂ ਨੂੰ ਡਰ ਮੁਕਤ ਕਰਨ ਲਈ ਈਸ਼ਵਰ ਨੇ ਉਸਦੀ ਰਚਨਾ ਕੀਤੀ। ਇਸ ਸੰਸਾਰ ਵਿਚ ਰਾਜਾ ਨਾ ਹੋਵੇ ਤਾਂ ਲੋਕ ਡਰ ਦੇ ਮਾਰੇ ਵਿਆਕੁਲ ਹੁੰਦੇ ਹਨ, ਇਸ ਲਈ ਇਨ੍ਹਾਂ ਲੋਕਾਂ ਦੀ ਰੱਖਿਆ ਲਈ ਈਸ਼ਵਰ ਨੇ ਰਾਜੇ ਨੂੰ ਪੈਦਾ ਕੀਤਾ। (7/3) ‘ਇੰਦਰ, ਵਾਯੂ, ਯਮ, ਸੂਰਜ, ਅਗਨੀ, ਵਰੁਣ, ਚੰਦਰਮਾ ਅਤੇ ਕੁਬੇਰ ਦੇ ਅੰਸ਼ ਲੈ ਕੇ ਈਸ਼ਵਰ ਨੇ ਰਾਜੇ ਦੀ ਸਿਰਜਣਾ ਕੀਤੀ।’ (7/4) ਕਰਮ ਨਾਲ ਆਪਣਾ-ਆਪਣਾ ਧਰਮ ਕਰਨ ਵਾਲੇ ਬ੍ਰਾਹਮਣ ਆਦਿ ਚਾਰੇ ਵਰਣਾਂ ਦੀ ਅਤੇ ਚਾਰੇ ਆਸ਼ਰਮਾਂ ਦੀ ਰੱਖਿਆ ਦੇ ਲਈ ਪ੍ਰਜਾਪਤੀ ਨੇ ਰਾਜਾ ਨੂੰ ਪੈਦਾ ਕੀਤਾ। (7/35) ਸੂਰਜ ਵਾਂਗ ਰਾਜੇ ਦੇ ਤੇਜ਼ ਵੱਲ ਕੋਈ ਦੇਖ ਨਹੀਂ ਸਕਦਾ, ਭਾਵ ਉਸਦਾ ਪੂਰਾ ਡਰ ਤੇ ਦਬਦਬਾ ਹੈ। ਸਾਰੇ ਦਿੱਗਪਾਲਾਂ ਦੀਆਂ ਵਿਸ਼ੇਸ਼ਤਾਵਾਂ ਉਸ ਵਿਚ ਸ਼ਾਮਲ ਹਨ। ਜਿਵੇਂ ਬ੍ਰਾਹਮਣ ਮਹਾਂ ਮੂਰਖ ਹੋਣ ‘ਤੇ ਵੀ ਪੂਜਨੀਕ ਹੈ, ਉਵੇਂ ਰਾਜਾ ਬਾਲਕ ਹੀ ਕਿਉਂ ਨਾ ਹੋਵੇ ਤਾਂ ਵੀ ਉਸਨੂੰ ਸਧਾਰਣ ਮਨੁੱਖ ਸਮਝ ਕੇ ਉਸਦਾ ਅਪਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਮਨੁੱਖ ਰੂਪ ਵਿਚ ਖਾਸ ਦੇਵਤਾ ਹੈ। (7/8)
ਮੰਨੂੰ ਸਿਮ੍ਰਤੀ ਦਾ ਸੱਤਵਾਂ ਅਧਿਆਇ ਰਾਜੇ ਦੀ ਉਤਪਤੀ, ਉਸਦੇ ਆਚਾਰ ਵਿਹਾਰ, ਉਸਦੀ ਲੋਕ-ਪ੍ਰਲੋਕ ਵਿਚ ਸਿੱਧੀ ਅਤੇ ਰਾਜ ਧਰਮ ਆਦਿ ਨਾਲ ਸਬੰਧਿਤ ਹੈ। ਰਾਜੇ ਦਾ ਡਰ ਸਥਾਪਿਤ ਕਰਨ ਲਈ ਉਸਨੂੰ ਅਗਨੀ ਤੋਂ ਵੀ ਭਿਆਨਕ ਸਾਬਤ ਕੀਤਾ ਗਿਆ ਹੈ। ‘ਜੋ ਵਿਅਕਤੀ ਅਸਾਵਧਾਨੀ ਨਾਲ ਅਗਨੀ ਦੇ ਕੋਲ਼ ਜਾਂਦਾ ਹੈ, ਉਹ ਉਸਨੂੰ ਇੱਕਲੇ ਨੂੰ ਹੀ ਭਸਮ ਕਰਦੀ ਹੈ, ਪ੍ਰੰਤੂ ਰਾਜੇ ਦੀ ਕ੍ਰੋਪ-ਅਗਨੀ ਕੁਟੁੰਬ, ਪਸ਼ੂ ਅਤੇ ਸੰਪਤੀਵਾਨ ਮਨੁੱਖ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ।’ (7/9) ਉਸਨੂੰ ‘ਸਰਵਤੇਜੋਮਯ’ ਕਿਹਾ ਗਿਆ ਹੈ। ਕਮਾਲ ਹੈ ਕਿ ਰਾਜਾ ਦੁਆਰਾ ਦਿੱਤੇ ਜਾਂਦੇ ‘ਦੰਡ’ ਨੂੰ ਵੀ ਈਸ਼ਵਰ ਦਾ ਪੁੱਤਰ ਕਿਹਾ ਗਿਆ ਹੈ ਜੋ ਰਾਜੇ ਤੋਂ ਵੀ ਪਹਿਲਾਂ ਪੈਦਾ ਕੀਤਾ ਗਿਆ। ਦੰਡ ਨੂੰ ਧਰਮ ਤਕ ਮੰਨ ਲਿਆ ਗਿਆ ਹੈ। ‘ਉਹ ਦੰਡ ਰਾਜਾ ਹੈ, ਉਹ ਪੁਰਸ਼ ਹੈ, ਉਹੀ ਨੇਤਾ ਤੇ ਸ਼ਾਸਕ ਹੈ ਅਤੇ ਓਸੇ ਨੂੰ ਚਾਰੇ ਆਸ਼ਰਮਾਂ ਅਤੇ ਧਰਮ ਦਾ ਜਾਮਨ ਕਿਹਾ ਗਿਆ ਹੈ।’ (7/11)
ਜੇ ਰਾਜਾ ਦੰਡ ਨਾ ਦੇਵੇ ਤਾਂ ਬ੍ਰਾਹਮਣ ਦੁਆਰਾ ਸਥਾਪਿਤ ਵਿਧੀ ਵਿਧਾਨ ਲਾਗੂ ਨਹੀਂ  ਹੋ ਸਕਦਾ। ਜੇ ਰਾਜਾ ਦੰਡ ਨਾ ਦੇਵੇ ਤਾਂ ਕਾਂ ਅਹੁਤੀ ਦਾ ਆਟਾ (ਚੌਲ਼ਾਂ ਦਾ) ਖਾ ਜਾਣ, ਕੁੱਤੇ ਯੱਗ ਦੀ ਸਮੱਗਰੀ ਖਾ ਜਾਣ। ਕਿਸੇ ਦਾ ਕਿਸੇ ਉੱਪਰ ਅਧਿਕਾਰ ਹੀ ਨਾ ਰਹੇ। ਵੱਡਾ ਛੋਟੇ ਤੋਂ ਸਭ ਕੁੱਝ ਖੋਹ ਲਵੇ ਅਤੇ ਨੀਚ ਸ਼ੂਦਰ ਉੱਚੇ ਵਰਣ (ਯਾਨੀ ਬ੍ਰਾਹਮਣ) ਵਰਗਾ ਵਰਤਾਉ ਕਰਨ ਲੱਗ ਜਾਵੇ।’ (7/21) ‘ਦੰਡ ਨਾ ਦੇਣ ‘ਤੇ ਚਾਰੋਂ ਵਰਣਸੰਕਰ ਹੋ ਜਾਣ, ਸ਼ਾਸਤਰ ਬਿਨਾਂ ਸਭ ਕੁੱਝ ਨਸ਼ਟ ਹੋ ਜਾਵੇ ਅਤੇ ਪ੍ਰਜਾ ਦੁਖੀ ਹੋ ਜਾਵੇ।’ (7/24) ਧੁਨੀ ਸਾਫ਼ ਹੈ ਕਿ ਰਾਜੇ ਨੇ ਬ੍ਰਾਹਮਣ ਦੇ ਯੱਗਾਂ ਦੀ ਰਾਖੀ ਕਰਨੀ ਹੈ ਤੇ ਸ਼ੂਦਰਾਂ ਤੇ ਦੂਸਰੇ ਵਰਣਾਂ ਨੂੰ ਉਨ੍ਹਾਂ ਦੇ ‘ਸਹੀ ਥਾਂ’ ਤੇ ਰੱਖਣਾ ਹੈ। ਇਹ ਮੰਨ ਕੇ ਚੱਲਿਆ ਗਿਆ ਹੈ ਕਿ ‘ਸ਼ੁੱਧ ਸਾਧੂ ਮਨੁੱਖ ਵਿਰਲਾ’ ਹੀ ਹੈ। ਭਾਵ ਮਨੁੱਖ ਪ੍ਰਵਿਰਤੀ ਤੋਂ ਹੀ ਬੇਈਮਾਨ ਹੈ। ਮਨੁੱਖ ਨੂੰ ਅਸਲ ਵਿਚ ਜਾਤ/ਵਰਣ/ਵਰਗ ਸਮਾਜ ਵਿਚ ਇਮਾਨਦਾਰ ਆਦਮੀ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਨਾ ਬਰਾਬਰੀ ਦੀਆਂ ਸਥਿਤੀਆਂ ਮਨੁੱਖ ਨੂੰ ਇਮਾਨਦਾਰੀ ਨਾਲ ਰਹਿਣ ਹੀ ਨਹੀਂ ਦਿੰਦੀਆਂ। ਇਨ੍ਹਾਂ ਸਥਿਤੀਆਂ ਨੂੰ ਸਮਝ ਕੇ ਸਾਰਿਆਂ ਲਈ ਬਰਾਬਰੀ ਦੇ ਮੌਕੇ ਪੈਦਾ ਕਰਨ ਦੀ ਬਜਾਇ ਦੰਡ ਸ਼ਾਸਤਰ ਦਾ ਵਿਧਾਨ ਤਿਆਰ ਕੀਤਾ ਜਾਂਦਾ ਹੈ, ਸਾਰਾ ਸੰਸਾਰ ਦੰਡ ਦੇ ਅਧੀਨ ਹੈ। ਸ਼ੁੱਧ ਸਾਧੂ ਆਦਮੀ ਵਿਰਲਾ ਹੀ ਹੁੰਦਾ ਹੈ। ਦੰਡ ਦੇ ਭੈਅ ਨਾਲ ਹੀ ਸੰਸਾਰ ਦੇ ਪ੍ਰਾਣੀ ਆਪਣਾ-ਆਪਣਾ ਭੋਗ ਭੋਗਣ ਦੇ ਸਮਰੱਥ ਹੁੰਦੇ ਹਨ। (7/22) ਦੇਵ, ਦਾਨਵ, ਗੰਧਰਵ, ਰਾਕਸ਼ਸ, ਪੰਛੀ ਤੇ ਨਾਗ ਵੀ ਦੰਡ ਦੇ ਡਰ ਕਰਕੇ ਆਪਣੇ-ਆਪਣੇ ਭੋਗ ਕਰਨ ਵਿਚ ਪ੍ਰਵਿਰਤ ਹੁੰਦੇ ਹਨ। (7/23)
ਇਸੇ ਲਈ ਰਾਜੇ ਲਈ ਸ਼ਾਸਤਰ ਦਾ ਗਿਆਨ ਹੋਣਾ ਚਾਹੀਦਾ ਹੈ, ਨਹੀਂ ਤਾਂ ਉਸਨੂੰ ‘ਰਾਜ ਧਰਮ ਰਹਿਤ’ ਮੰਨਿਆ ਜਾਵੇਗਾ ਜੋ ਰਾਜੇ ਨੂੰ ਵੀ ਤੇ ਉਸਦੇ ਸਕੇ ਸਬੰਧੀਆਂ ਦਾ ਵੀ ਨਾਸ਼ ਕਰ ਦੇਵੇਗਾ। (7/28)
ਰਾਜੇ ਨੂੰ ਇਕ ਤਰ੍ਹਾਂ ਨਾਲ ਬ੍ਰਾਹਮਣ ਦੇ ਅਧੀਨ ਵੀ ਰੱਖਿਆ ਗਿਆ ਹੈ। ਉਸਨੂੰ ਬ੍ਰਾਹਮਣਾਂ ਦਾ ਆਗਿਆਕਾਰੀ ਬਣਾ ਕੇ ਰੱਖਣ ਦੇ ਯਤਨ ਸਾਫ਼ ਹਨ, ਰਾਜੇ ਨੂੰ ਰੋਜ਼ ਸਵੇਰੇ ਉੱਠ ਕੇ ਵੇਦ ਗਿਆਤਾ, ਨੀਤੀ ਸ਼ਾਸਤਰ ਜਾਨਣ ਵਾਲੇ ਬ੍ਰਾਹਮਣਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਸਦੀ ਆਗਿਆ ਵਿਚ ਚੱਲਣਾ ਚਾਹੀਦਾ ਹੈ। (7/37) ਅਗਾਂਹ ਜਾ ਕੇ ਉਨ੍ਹਾਂ ਰਾਜਿਆਂ ਦੀਆਂ ਉਦਾਹਰਣਾਂ ਹਨ ਜਿਨ੍ਹਾਂ ਨੇ ਬ੍ਰਾਹਮਣਾਂ ਪ੍ਰਤੀ ਨਿਮਰ ਵਰਤਾਓ (ਵੇਨ, ਨਹੁਸ਼ ਆਦਿ)  ਨਹੀਂ ਕੀਤਾ ਤੇ ਉਹ ਤਬਾਹ ਹੋ ਗਏ। ਇਵੇਂ ਹੀ ਰਾਜਾ ਪ੍ਰਥੂ ਵਰਗਿਆਂ ਨੇ ਬ੍ਰਾਹਮਣਾਂ ਦਾ ਸਤਿਕਾਰ ਕਰਕੇ ਰਾਜਭਾਗ ਪ੍ਰਾਪਤ ਕੀਤਾ। ਇਸ ਲਈ ਰਾਜਿਆਂ ਨੂੰ ਬ੍ਰਾਹਮਣਾਂ ਤੋਂ ਹਰ ਸਿੱਖਿਆ ਲੈਣੀ ਚਾਹੀਦੀ ਹੈ। ‘ਰਾਜੇ ਨੂੰ ਚਾਹੀਦਾ ਹੈ ਕਿ ਵੇਦਾਂ ਦੇ ਗਿਆਤਾ ਬ੍ਰਾਹਮਣਾਂ ਤੋਂ ਤਿੰਨ ਵੇਦ, ਸਨਾਤਨ ਦੰਡ ਨੀਤੀ, ਤਰਕ ਸ਼ਾਸਤਰ ਅਤੇ ਬ੍ਰਹਮ ਵਿਦਿਆ ਸਿੱਖੇ।’ (7/43)
ਇਸਤੋਂ ਬਾਅਦ ਮੰਨੂੰ ਸਿਮ੍ਰਤੀ ਇਕ, ਦਸ, ਵੀਹ, ਸੌ ਤੇ ਹਜ਼ਾਰ ਪਿੰਡਾਂ ਤੱਕ ਦੇ ਸ਼ਾਸਕ ਨਿਯੁਕਤ ਕਰਨ ਅਤੇ ਉਨ੍ਹਾਂ ਦੇ ਕਰਤੱਵਾਂ ਉੱਪਰ ਵਿਸਤਾਰ ਵਿਚ ਚਰਚਾ ਕਰਦੀ ਹੈ। ਇਹ ਸ਼ਾਸਕ ਆਪਣੇ ਖੇਤਰ ਵਿਚ ਵਾਪਰਦੀਆਂ ਚੋਰੀਆਂ-ਚਕਾਰੀਆਂ ਤੇ ਹੋਰ ਘਟਨਾਵਾਂ ਲਈ ਜ਼ਿੰਮੇਂਵਾਰ ਠਹਿਰਾਏ ਗਏ ਹਨ। ਇਹੀ ਇਕ ਤਰ੍ਹਾਂ ਨਾਲ ਜਗੀਰਦਾਰੀ ਪ੍ਰਬੰਧ ਹੈ। ਸਜ਼ਾਵਾਂ ਦਾ ਵਰਨਣ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇਥੇ ਚੋਰੀ ਰਿਸ਼ਵਤਖੋਰੀ ਆਦਿ ਲਈ ਸਜ਼ਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਇਸਦੇ ਨਾਲ ਹੀ ਕੁੱਝ ਲੋਕਾਂ ਦੀ ਆਜੀਵਕਾ ਨਿਸ਼ਚਿਤ ਕੀਤੀ ਗਈ ਹੈ, ਵਿਸ਼ੇਸ਼ ਤੌਰ ‘ਤੇ ਦਾਸ-ਦਾਸੀਆਂ ਦੀ। ਦਾਸਾਂ ਦੀਆਂ ਕਿਸਮਾਂ ਬਾਰੇ ਪਹਿਲਾਂ ਚਰਚਾ ਹੋ ਚੁੱਕੀ ਹੈ। ਇਥੇ ਦਾਸਾਂ ਨੂੰ ਨੀਚ ਤੇ ਉੱਚ, ਦੋ ਭਾਗਾਂ ਵਿਚ ਵੰਡਿਆ ਗਿਆ ਹੈ।
‘ਰਾਜ ਕਾਜ ਵਿਚ ਲੱਗੇ ਦਾਸ-ਦਾਸੀਆਂ ਦੀ ਆਜੀਵਕਾ ਉਨ੍ਹਾਂ ਦੇ ਪਦ ਤੇ ਕੰਮ ਅਨੁਸਾਰ ਨਿਸਚਿਤ ਕਰ ਦੇਣੀ ਚਾਹੀਦੀ ਹੈ। (7/125) ‘ਨੀਚ ਦਾਸ ਜਾਂ ਦਾਸੀ ਨੂੰ ਹਰ ਰੋਜ਼ ਇਕ ਪਣ ਤਨਖ਼ਾਹ, ਛੇਵੇਂ ਮਹੀਨੇ ਕੱਪੜਿਆਂ ਦਾ ਇਕ ਜੋੜਾ, ਮਹੀਨੇ ਵਿਚ ਇਕ ਦ੍ਰੋਣ ਅੰਨ ਨਿਸ਼ਚਿਤ ਕਰਨਾ ਚਾਹੀਦਾ ਹੈ ਅਤੇ ਉੱਤਮ ਦਾਸ ਨੂੰ ਇਸਤੋਂ ਛੇ ਗੁਣਾ ਵੇਤਨ ਅਤੇ ਵਸਤਰ ਆਦਿ ਦੇਣੇ ਚਾਹੀਦੇ ਹਨ। (7/126)
ਟੈਕਸ ਦੀ ਵਿਵਸਥਾ ‘ਤੇ ਵਿਸਤ੍ਰਿਤ ਚਰਚਾ ਹੈ, ਰਾਜਨੀਤੀ ਦੇ ਵਿਦਿਆਰਥੀਆਂ ਲਈ ਇਸ ਸਭ ਕੁੱਝ ਦਾ ਅਧਿਐਨ ਕਰਨਾ ਜ਼ਰੂਰੀ ਹੈ। ਰਾਜੇ ਨੂੰ ਥੋੜ੍ਹਾ-ਥੋੜ੍ਹਾ ਟੈਕਸ ਲੈਣ ਦਾ ਵਿਧਾਨ ਹੈ, ਜਿਵੇਂ : ਰਾਜੇ ਨੂੰ ਸੋਨੇ ਤੇ ਪਸ਼ੂ ਦੇ ਲਾਭ ਵਿਚੋਂ ਪੰਜਾਹਵਾਂ ਹਿੱਸਾ ਅਤੇ ਧਾਨ ਆਦਿ ਦਾ ਛੇਵਾਂ, ਅੱਠਵਾਂ ਜਾਂ ਬਾਹਰਵਾਂ ਹਿੱਸਾ ਲੈਣਾ ਚਾਹੀਦਾ ਹੈ।’ (7/130) ਸੋਨਾ ਆਮ ਆਦਮੀ ਕੋਲ ਨਹੀਂ ਹੋਵੇਗਾ। ਉਸਦਾ ਪੰਜਾਹਵਾਂ ਹਿੱਸਾ ਪਰ ਕਿਸਾਨੀ ‘ਤੇ ਛੇਵਾਂ ਹਿੱਸਾ। ਅਸੰਗਤੀ ਤੇ ਗ਼ੈਰਬਰਾਬਰੀ ਦਾ ਵਤੀਰਾ ਸਾਫ਼ ਹੈ। ਇਸੇ ਤਰ੍ਹਾਂ ਦਰੱਖ਼ਤ, ਮਾਸ, ਸ਼ਹਿਦ, ਘਿਓ, ਗੰਧ, ਦਵਾਈਆਂ, ਰਸ, ਫੁੱਲ, ਮੂਲ, ਫ਼ਲ ਆਦਿ ਵਿਚੋਂ ਛੇਵਾਂ, ਅੱਠਵਾਂ ਜਾਂ ਬਾਹਰਵਾਂ ਹਿੱਸਾ ਰਾਜੇ ਨੂੰ ਜਾਵੇਗਾ।’ (7/131) ਸਾਰਾ ਪੱਤਰ ਤਿਣ (ਘਾਹ), ਚਮੜੇ, ਬਾਂਸ ਦੇ, ਮਿੱਟੀ ਦੇ ਅਤੇ ਪੱਥਰ ਦੇ ਭਾਂਡਿਆਂ ‘ਤੇ ਵੀ ਛੇਵਾਂ ਹਿੱਸਾ ਟੈਕਸ ਅਦਾ ਕਰਨਾ ਹੈ। (7/132)
ਕਮਾਲ ਹੈ ਕਿ ਬ੍ਰਾਹਮਣ ਪਾਸੋਂ ਰਾਜਾ ਕੋਈ ਕਰ ਵਸੂਲ ਨਹੀਂ ਕਰੇਗਾ। ਨਿਯਮ ਹੈ ਕਿ ਰਾਜਾ ਮਰਣਾਸਨ ਹੋਣ ‘ਤੇ ਵੀ ਵੇਦ ਪਾਠੀ ਬ੍ਰਾਹਮਣ ਤੋਂ ਕਰ ਨਾ ਲਵੇ ਅਤੇ ਰਾਜੇ ਦੇ ਦੇਸ਼ ਵਿਚ ਵਸਣ ਵਾਲਾ ਵੇਦਪਾਠੀ ਭੁੱਖ ਤੋਂ ਦੁਖੀ ਨਾ ਹੋਵੇ।’ (7/133) ਸ਼ੂਦਰਾਂ ਤੇ ਹੋਰਨਾਂ ਨੂੰ ਕੀ ਲੈਣਾ-ਦੇਣਾ ਹੈ ਉਸਦਾ ਜ਼ਿਕਰ ਪਹਿਲਾਂ ਵਿਸਤਾਰ ਸਹਿਤ ਹੋ ਚੁੱਕਾ ਹੈ। ਰਾਜੇ ਦੇ ਛੇ ਗੁਣਾਂ-ਸੰਧੀ ਵਿਗ੍ਰਹ ਆਦਿ ਦੀ ਵਿਸਤ੍ਰਿਤ ਚਰਚਾ ਹੈ। ਹੋਰ ਰਾਜਿਆਂ ਨਾਲ ਸਬੰਧਾਂ ਦਾ ਜ਼ਿਕਰ ਹੈ। ਸੈਨਾ ਦੀ ਰਚਨਾ ਆਦਿ ਜਿਸਦਾ ਸਬੰਧ ਦੁਸ਼ਮਣ ਤੋਂ ਬਚਣਾ ਹੈ, ਉਸ ਬਾਰੇ ਕਾਫੀ ਚਰਚਾ ਕੀਤੀ ਗਈ ਹੈ। ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਲਈ ਇਨ੍ਹਾਂ ਸਾਰੇ ਵੇਰਵਿਆਂ ਦੇ ਵਧੇਰੇ ਅਰਥ ਹਨ। ਸਾਡਾ ਸਬੰਧ ਗੈਰ-ਬਰਾਬਰੀ ਵਾਲੇ ਨਿਯਮਾਂ ਦੀ ਪੜਤਾਲ ਕਰਨਾ ਹੀ ਹੈ।
ਯੁੱਧ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਰਾਜੇ ਨੂੰ ਫਿਰ ਬ੍ਰਾਹਮਣਾਂ ਦੀ ਪੂਜਾ ਵਿਚ ਲਾ ਦਿੱਤਾ ਗਿਆ ਹੈ। ‘ਰਾਜਾ ਜਿੱਤ ਪ੍ਰਾਪਤ ਕਰਕੇ ਦੇਵਤੇ ਅਤੇ ਬ੍ਰਾਹਮਣਾਂ ਦੀ ਪੂਜਾ ਕਰੇ, ਉਨ੍ਹਾਂ ਨੂੰ ਭੇਟਾ ਅਤੇ ਅਭੈਦਾਨ ਦੇਵੇ।’ (7/201)
ਮੰਨੂੰ ਸਿਮ੍ਰਤੀ ਰਾਜ ਧਰਮ ਵਿਚ ਸਭ ਤੋਂ ਪਹਿਲਾਂ ਵਰਣ ਵਿਵਸਥਾ ਨੂੰ ਬਣਾਏ ਰੱਖਣ ਉੱਪਰ ਬਲ ਦਿੰਦੀ ਹੈ। ਬਾਕੀ ਮਸਲੇ ਬਾਅਦ ਵਿਚ ਵਿਚਾਰੇ ਗਏ ਹਨ। ਰਾਜ ਧਰਮ ਦਾ ਦੂਸਰਾ ਮਹੱਤਵਪੂਰਨ ਪੱਖ ਇਹ ਹੈ ਕਿ ਉਹ ਕਿਤੇ ਵੀ ਬ੍ਰਾਹਮਣਾਂ ਦਾ ਨਿਰਾਦਰ ਨਾ ਕਰੇ। ਸਵੇਰੇ ਉੱਠ ਕੇ ਉਨ੍ਹਾਂ ਦੀ ਪੂਜਾ ਕਰਨ ਤੋਂ ਲੈ ਕੇ ਜਿੱਤਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਅਭੈਦਾਨ ਦੇਣ ਤੱਕ ਸਾਰੇ ਮੌਕੇ, ਇਸ ਲਈ ਹਨ ਕਿ ਬ੍ਰਾਹਮਣਾਂ ਦੇ ਹਿੱਤ ਹਮੇਸ਼ਾਂ-ਹਮੇਸ਼ਾਂ ਲਈ ਸੁਰੱਖਿਅਤ ਰਹਿਣ।

Scroll To Top