ਸੰਪਾਦਕੀ: ਸੰਗਰਾਮੀ ਲਹਿਰ-ਅਗਸਤ 2020 by admin December 14, 2020 0 Shares 0 0 ਇਹੋ ਜਿਹਾ ਤਾਂ ਨਹੀਂ ਸੀ ਚਿਤਵਿਆ ਆਜ਼ਾਦੀ ਦਿਹਾੜਾ! 15 ਅਗਸਤ 2020 ਦੇ 73ਵਾਂ ਆਜ਼ਾਦੀ ਦਿਹਾੜੇ ਨਾਲ ਸਬੰਧਤ ਜਸ਼ਨਾਂ ਦਾ ਅਰਥ ਕਰੋੜਾਂ ਲੋਕਾਂ ਲਈ ਦਰਦ ਭਿੱਜੇ ਹੰਝੂਆਂ, ਅਣਆਈਆਂ ਮੌਤਾਂ, ਬਿਮਾਰੀਆਂ, ਭੁੱਖਾਂ ਤੇ ਅਨੰਤ ਤੰਗੀਆਂ ਤੁਰਸ਼ੀਆਂ ਵਿਚੋਂ ਦੀ ਗੁਜ਼ਰਨਾ ਹੈ। ਕਰੋਨਾ ਬਿਮਾਰੀ ਨਾਲ ਪੀੜਤ ਲੱਖਾਂ ਲੋਕਾਂ ਦੀਆਂ ਕਿਸੇ ਝੁੱਗੀ ਦੀ ਨੁੱਕਰ ਜਾਂ ਹਸਪਤਾਲ ਕਹਾਉਂਦੀ ਗੰਦੀ ਤੇ ਸਲ੍ਹਾਭੀ ਹੋਈ ਸਰਕਾਰੀ ਬਿੱਲਡਿੰਗ ਅੰਦਰ ਬਿਨਾਂ ਕਿਸੇ ਲੋੜੀਂਦੇ ਡਾਕਟਰੀ, ਸਿਹਤ ਸਟਾਫ ਦੇ ਧਿਆਨ ਤੇ ਦੁਆਈ-ਖੁਰਾਕ ਦੀ ਅਣਹੋਂਦ ਸਦਕਾ ਕੁਰਲਾਉਣ ਵਾਲੀਆਂ ਆਵਾਜ਼ਾਂ ਏਨੀ ਜ਼ੋਰ ਨਾਲ ਕੰਨਾਂ ‘ਚ ਪੈ ਰਹੀਆਂ ਹਨ ਕਿ ਹੁਣ ਆਮ ਆਦਮੀ ਨੂੰ ਇਨ੍ਹਾਂ ਦੇ ਸਹੀ ਦਰਦ ਦਾ ਅਹਿਸਾਸ ਹੋਣਾ ਵੀ ਮੁਕਦਾ ਜਾ ਰਿਹਾ ਹੈ। ਆਜ਼ਾਦੀ ਜਿਸਦਾ ਮੁੱਖ ਦੇਖਣ ਲਈ ਸ਼ਹੀਦ ਊਧਮ ਸਿੰਘ ਸੁਨਾਮ ਨੇ ਜੱਲ੍ਹਿਆਂ ਵਾਲੇ ਬਾਗ ਦੀ ਲਹੂ ਭਿੱਜੀ ਮਿੱਟੀ ਦੀ ਸਹੁੰ ਖਾ ਕੇ ਇਸ ਖੂਨੀ ਸਾਕੇ ਦਾ ਬਦਲਾ ਲੈਂਦਿਆਂ ਜਨਰਲ ਮਾਈਕਲ ਅਡਵਾਇਰ ਨੂੰ ਲੰਡਨ ਜਾ ਕੇ ਆਪਣੇ ਪਿਸਤੌਲ ਦੀ ਗੋਲੀ ਨਾਲ ਸਦਾ ਦੀ ਨੀਂਦ ਸੁਆ ਦਿੱਤਾ ਸੀ, ਉਸਦੇ 7 ਦਹਾਕਿਆਂ ਤੋਂ ਜ਼ਿਆਦਾ ਸਮਾਂ ਬੀਤ ਜਾਣ ਪਿਛੋਂ, ਸਾਡੀਆਂ ਰੰਗ-ਬਰੰਗੀਆਂ ਸਰਕਾਰਾਂ ਨੇ ਸਿਹਤ ਤੇ ਵਿਦਿਆ ਵਰਗੀਆਂ ਮੁਢਲੀਆਂ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਲਿਆ ਹੈ। ਹੁਣ ਇਹ ਕੰਮ ਨਿੱਜੀ ਕੰਪਨੀਆਂ ਤੇ ਧੰਨਵਾਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜੋ ਲੋਕਾਂ ਦੀ ਕੀਤੀ ਲੁੱਟ ਨਾਲ ਮਾਲੋ-ਮਾਲ ਹੋ ਗਏ ਹਨ। ਜਦੋਂ ਕਰੋਨਾ ਮਹਾਂਮਾਰੀ ਦੌਰਾਨ ਘਰਾਂ ‘ਚ ਬੇਕਾਰ ਬੈਠੇ ਹੋਏ ਕਿਰਤੀਆਂ ਨੂੰ ਸਿਹਤ ਸਹੂਲਤਾਂ ਦੀ ਸਖਤ ਜਰੂਰਤ ਸੀ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਨੇ ਲੋਕਾਂ ਦੀ ਰਹਿੰਦੀ-ਖੂੰਹਦੀ ਰੱਤ ਨਿਚੋੜਨ ਲਈ ਇਲਾਜ਼ ਦੇ ਰੇਟਾਂ ‘ਚ ਬੇਬਹਾ ਵਾਧਾ ਕਰ ਦਿੱਤਾ। ਬਹੁਤ ਸਾਰੇ ਨਿੱਜੀ ਹਸਪਤਾਲਾਂ ਨੂੰ ਤਾਂ ਜੰਦਰੇ ਮਾਰ ਕੇ ਬੰਦ ਕਰ ਦਿੱਤਾ ਗਿਆ ਤਾਂ ਕਿ ਕਿਤੇ ਕੋਈ ਸਹਿਕਦਾ ਮਰੀਜ਼ ਉਨ੍ਹਾਂ ਦੇ ਹਸਪਤਾਲ ਦੀ ਆਲੀਸ਼ਾਨ ਬਿਲਡਿੰਗ ਅੰਦਰ ਨਾ ਆ ਵੜੇ! ਲਾਕ ਡਾਊਨ ਦੌਰਾਨ ਦੇਸ਼ ਦੇ ਕਰੋੜਾਂ ਕਾਮਿਆਂ ਨੇ ਵਿਹਲੇ ਬੈਠ ਕੇ ਕੁਝ ਦਿਨ ਜੇਬ ‘ਚ ਜਮ੍ਹਾਂ ਪੂੰਜੀ ਤੇ ਪੀਪੇ ਦੇ ਬਚੇ ਆਟੇ ਦੇ ਸਹਾਰੇ ਕੱਟਣ ਤੋਂ ਬਾਅਦ ਜਦੋਂ ਭੁੱਖ ਸਦਕਾ ਹੋਣ ਵਾਲੀ ਮੌਤ ਨੂੰ ਆਪਣੇ ਵੱਲ ਆਉਂਦਾ ਤੱਕਿਆ ਤਾਂ ਉਹ ਡੌਰ ਭੌਰ ਹੋ ਕੇ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਨੂੰ ਇਸ ਤਰ੍ਹਾਂ ਨਿਕਲ ਤੁਰੇ, ਜਿਵੇਂ ਕਿਸੇ ਖਤਰਨਾਕ ਜਾਨਵਰ ਤੋਂ ਜਾਨ ਬਚਾਉਣ ਲਈ ਕੋਈ ਬੰਦਾ ਬਿਨਾ ਦਿਸ਼ਾ ਦੇਖਿਆਂ ਆਪ ਮੁਹਾਰਾ ਭੱਜ ਉਠਦਾ ਹੈ। ਹਜ਼ਾਰਾਂ ਮੀਲਾਂ ਦੇ ਸਫਰ ਨੇ ਗਰਭਵਤੀਆਂ ਔਰਤਾਂ ਨੂੰ ਰੇਲਵੇ ਲਾਈਨਾਂ ਤੇ ਹੀ ਬੱਚਿਆਂ ਨੂੰ ਜਨਮ ਦੇਣ ਲਈ ਮਜ਼ਬੂਰ ਕੀਤਾ ਤੇ ਅੱਗੋਂ ਫੇਰ ਉਹ ਮੀਲਾਂ ਬੱਧੀ ਖੂਨ ‘ਚ ਲਿਬੜੇ ਨਵਜਾਤ ਨੂੰ ਝੋਲੀ ‘ਚ ਪਾ ਕੇ ਆਪਣੇ ਘਰ ਜਾਣ ਦੇ ਰਾਹੇ ਪੈ ਗਈਆਂ। ਅਜੇ ਇਹ ਮੁਲੰਕਣ ਕਰਨਾ ਬਾਕੀ ਹੈ ਕਿ ਇਸ ‘ਯਾਤਰਾ’ ਦੌਰਾਨ ਭੁੱਖੇ ਤੇ ਪਿਆਸੇ ਕਿੰਨੇ ਲੋਕਾਂ ਦੀ ਮੌਤ ਹੋਈ, ਕਿੰਨੇ ਅਪੰਗ ਹੋ ਗਏ ਤੇ ਕਿੰਨੇ ਆਪਣੇ ਘਰੀਂ ਪੁੱਜ ਕੇ ਮੁੜ ਭੁਖਮਰੀ ਦੇ ਮੱਕੜ ਜਾਲ ‘ਚ ਫਸ ਕੇ ਕਾਲ ਦੀ ਭੇਂਟ ਚੜ੍ਹ ਗਏ? ਦੇਸ਼ ਦੇ ਹੁਕਮਰਾਨਾਂ ਤੇ ਉਨ੍ਹਾਂ ਦੇ ਚਾਕਰਾਂ ਵਲੋਂ ਸਾਡੇ ਦੇਸ਼ ਭਗਤਾਂ ਦੀ ਸਾਂਝੀ ਵਿਰਾਸਤ ਨੂੰ ਮਲੀਆ ਮੇਟ ਕਰਨ ਦਾ ਹਰ ਯਤਨ ਕੀਤਾ ਜਾ ਰਿਹਾ ਹੈ, ਜਿਹੜੇ ਸਾਰਮਾਜੀ ਤਾਕਤਾਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਬਰਾਬਰਤਾ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝਾਂ ਉਪਰ ਅਧਾਰਤ ਸਾਂਵੇ ਪੱਧਰੇ ਸਮਾਜ ਦੀ ਸਿਰਜਣਾ ਕਰਨ ਖਾਤਰ ਹੱਸ-ਹੱਸ ਕੇ ਫਾਂਸੀਆਂ ਦੇ ਤਖਤਿਆਂ ‘ਤੇ ਚੜ੍ਹੇ ਸਨ ਤੇ ਕਾਲੇ ਪਾਣੀ ਦੀਆਂ ਜੇਲ੍ਹਾਂ ‘ਚ ਅੱਤ ਕਠਿਨ ਹਾਲਤਾਂ ‘ਚ ਵੀ ਮੁਸਕਰਾਉਂਦੇ ਹੀ ਰਹੇ ਸਨ। ਜਿਨ੍ਹਾਂ ਫਿਰਕੂ ਮੁੱਦਿਆਂ ਨੂੰ ਕਦੀ ਨਾ ਵਿਚਾਰਨ ਦੀਆਂ ਕਸਮਾਂ ਖਾ ਕੇ ਵਤਨੋਂ ਦੂਰ ਅਮਰੀਕਾ ‘ਚ ਰੋਟੀ ਰੋਜ਼ੀ ਲਈ ਗਏ ਭਾਰਤੀਆਂ ਵਲੋਂ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਤੇ ਕਿਸੇ ਵੀ ਧਾਰਮਕ ਮੁੱਦੇ ਉਪਰ ਵਾਦ ਵਿਵਾਦ ਖੜਾ ਕਰਨ ਦੀ ਮਨਾਹੀ ਕਰਕੇ ਸਿਰਫ ਤੇ….. ਸਿਰਫ ਆਪਣੇ ਵਤਨ ਦੇ ਲੋਕਾਂ ਦੀਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਤੋੜਨ ਲਈ ਜਾਨਾਂ ਵਾਰਨ ਦਾ ਬੀੜਾ ਚੁੱਕਿਆ ਸੀ, ਅੱਜ ਉਹਨਾਂ ਹੀ ਵਰਜਿਤ ਮੁੱਦਿਆਂ ਨੂੰ ਦੇਸ਼ ਪੱਧਰ ‘ਤੇ ਲਾਗੂ ਕਰਨ ਲਈ ਮੋਦੀ ਸਰਕਾਰ ਤੇ ਸੰਘ ਪੱਬਾਂ ਭਾਰ ਹੋਏ ਬੈਠੇ ਹਨ। ਦੇਸ਼ ਦੀਆਂ ਸਮੁੱਚੀਆਂ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀ ਲੋਕਾਂ ਉਪਰ ਨਾ ਬਿਆਨੇ ਜਾ ਸਕਣ ਵਾਲੇ ਜ਼ੁਲਮ ਢਾਹੇ ਜਾਣ ਨੂੰ ਹਾਕਮ ਆਪਣੀ ‘ਮਾਣ ਕਰਨਯੋਗ ਤਾਕਤ’ ਦੱਸ ਰਹੇ ਹਨ। ਹਰ ਉਹ ਵਿਅਕਤੀ, ਸੰਸਥਾ ਜਾਂ ਰਾਜਸੀ ਦਲ ਦੇਸ਼ ਧ੍ਰੋਹੀਆਂ ਦੀ ਸੂਚੀ ‘ਚ ਸ਼ਾਮਲ ਕਰ ਲਿਆ ਗਿਆ ਹੈ, ਜੋ ਨਾਨਕ ਦੇਵ ਜੀ ਦੀ ਬਾਣੀ ਉਪਰ ਅਮਲ ਕਰਦਿਆਂ ਜ਼ਾਲਮ ਹੁਕਮਰਾਨਾਂ ਨੂੰ ”ਸ਼ੀਹਾਂ ਤੇ ਕੁੱਤਿਆਂ” ਦੀ ਤਸ਼ਰੀਹ ਦੇਣ ਦੀ ਹਿੰਮਤ ਜੁਟਾਉਂਦਾ ਹੈ। ‘ਦੇਸ਼ ਧ੍ਰੋਹੀ’ ਸ਼ਬਦ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ ਤੇ ਮੋਦੀ ਦੀ ਸਰਕਾਰ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਵਿਰੁੱਧ ਇਹ ਦੋਸ਼ ਲਗਾ ਕੇ ਲੋਕ ਰਾਜੀ ਵਿਵਸਥਾਵਾਂ ਦਾ ਭੋਗ ਪਾਉਣ ‘ਤੇ ਤੁਲੀ ਹੋਈ ਹੈ। ਇਹ ਬਹੁਤ ਹੀ ਫਿਕਰਮੰਦੀ ਤੇ ਸ਼ਰਮਸਾਰ ਹੋਣ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਕਰਨਾਟਕਾ ਪ੍ਰਾਂਤ ਅੰਦਰ ਇਕ ਨੀਵੀਂ ਜ਼ਾਤ ਦੇ ਨੌਜਵਾਨ ਨੂੰ ਸੜਕ ‘ਤੇ ਲੰਮਾ ਪਾ ਕੇ 15-20 ਗੁੰਡਿਆਂ ਨੇ ਪੂਰੀ ਬੇਰਹਿਮੀ ਨਾਲ ਇਸ ਲਈ ਕੁੱਟਿਆ ਤੇ ਉਸਨੂੰ ਅਲਫ ਨੰਗਨ ਕਰਕੇ ਘਸੀਟਿਆ, ਕਿਉਂਕਿ ਉਸਨੇ ਇਕ ਉਚ ਜਾਤੀ ਦੇ ਕਿਸੇ ਵਿਅਕਤੀ ਦੇ ਮੋਟਰਸਾਇਕਲ ਨੂੰ ‘ਗਲਤੀ’ ਨਾਲ ਛੂਹ ਲਿਆ ਸੀ। ਇਨੀ ਦਿਨੀਂ ਹੀ ਇਕ ਨੀਵੀਂ ਜਾਤ ਨਾਲ ਸੰਬੰਧਤ ਨੌਜਵਾਨ ਨੂੰ ਕਿਸੇ ਉਚ ਜਾਤੀ ਦੇ ਜਗੀਰਦਾਰ ਦੇ ਖੇਤਾਂ ‘ਚ ਹਾਜ਼ਤ ਕਰਨ ਦੀ ਸਜ਼ਾ ਵਜੋਂ ਉਸਨੂੰ ਆਪਣੇ ਗੰਦ (ਟੱਟੀ) ਨੂੰ ਮੂੰਹ ‘ਚ ਪਾ ਕੇ ਘਰ ਜਾਣ ਲਈ ਤੋਰਿਆ ਗਿਆ। ਕਿਸੇ ਬਾਲੜੀ ਨਾਲ ਕੀਤੀ ਬਲਾਤਕਾਰ ਦੀ ਹੌਲਨਾਕ ਘਟਨਾ ਸਾਹਮਣੇ ਇਸ ਆਜ਼ਾਦੀ ਦਿਹਾੜੇ ਦੀਆਂ ਰੰਗੀਨੀਆਂ ਦਾ ਕੀ ਅਰਥ ਹੋ ਸਕਦਾ ਹੈ? ਕਰੋੜਾਂ ਲੋਕ ਬੇਕਾਰ ਹਨ। ਇਸ ਲਈ ਉਹ ਭੁਖੇ ਹਨ, ਕਰਜ਼ਾਈ ਹਨ, ਤੇ ਇਕ ਗੰਦਗੀ ‘ਚ ਰੀਂਘਦੇ ਹੋਏ ਕੀੜੇ ਦੀ ਜੂਨ ਹੰਢਾ ਰਹੇ ਹਨ। ਦੇਸ਼ ਅੰਦਰ ਚਾਰ ਮਾਰਗੀ ਸੜਕਾਂ ਹਨ। ਅਸਮਾਨ ਛੂੰਹਦੀਆਂ ਇਮਾਰਤਾਂ ਹਨ । ਆਲੀਸ਼ਾਨ ਹਸਪਤਾਲ ਤੇ ਹੋਟਲ ਹਨ। ਕੀਮਤੀ ਸ਼ਰਾਬਾਂ ਹਨ। ਅੱਤ ਮਹਿੰਗੀਆਂ ਕਾਰਾਂ ਹਨ। ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇ ਬਣਾਏ ਮਾਰੂ ਜੰਗੀ ਹਥਿਆਰ ਹਨ। ਧਾਰਮਿਕ ਅਸਥਾਨਾਂ ਦੀ ਉਸਾਰੀ ਜੰਗੀ ਪੱਧਰ ‘ਤੇ ਜਾਰੀ ਹੈ। ਪ੍ਰਧਾਨ ਮੰਤਰੀ ਦੇ ਟਵਿਟਰ ਖਾਤੇ ਉਪਰ ਉਸਦੇ ਪੈਰੋਕਾਰਾਂ ਦੀ ਗਿਣਤੀ ਚਾਰ ਕਰੋੜ ਤੱਕ ਪੁੱਜ ਗਈ ਹੈ। ਪ੍ਰੰਤੂ ਆਜ਼ਾਦੀ ਦੇ ਇਸ ਦਿਹਾੜੇ ‘ਤੇ ਮਜ਼ਦੂਰ ਦਾ ਚੁੱਲ੍ਹਾ ਠੰਡਾ ਹੈ। ਸੰਸਾਰ ਦਾ ਢਿੱਡ ਭਰਨ ਵਾਲਾ ਕਿਰਸਾਨ ਕਰਜ਼ੇ ਦੀ ਮਾਰ ਹੇਠ ਹੈ। ਕਿਰਤੀ ਦਾ ਨੰਗ-ਧੜੰਗਾ ਬੱਚਾ ਸਕੂਲ ਜਾਣ ਦੀ ਥਾਂ ਗੰਦਗੀ ਦੇ ਢੇਰਾਂ ਉਪਰ ਕਿਸੇ ਚੀਜ਼ ਦੀ ਤਲਾਸ਼ ‘ਚ ਰੁੱਝਾ ਹੋਇਆ ਹੈ। ਘੱਟ ਗਿਣਤੀ ਤੇ ਨੀਵੀਆਂ ਜਾਤੀਆਂ ਨਾਲ ਸਬੰਧਤ ਲੋਕ ਡਰ ਤੇ ਭੈਅ ਦੇ ਮਹੌਲ ਅੰਦਰ ਦਿਨ ਕੱਟ ਰਹੇ ਹਨ ਕਿ ਕਿਤੇ ਕੋਈ ਕਾਨੂੰਨ ਦਾ ਰਖਵਾਲਾ ‘ਦੇਸ਼ ਧ੍ਰੋਹੀ’ ਹੋਣ ਦੇ ਵਰੰਟ ਲੈ ਕੇ ਕੁੰਡਾ ਨਾ ਖੜਕਾ ਦੇਵੇ! ਤੇ ਆਜ਼ਾਦੀ ਦਿਹਾੜੇ, ਦਿਵਾਲੀਆਂ, ਦੁਸ਼ਹਿਰੇ, ਜਨਮ ਅਸ਼ਟਮੀਆਂ, ਰਾਮਨੌਮੀਆਂ, ਗੁਰਪੁਰਬ ਮਨਾਏ ਜਾਂਦੇ ਰਹਿਣੇ ਹਨ, ਪ੍ਰੰਤੂ ਰੋਟੀ ਦੀ ਤਲਾਸ਼ ‘ਚ ਭਟਕਦੇ ਲੋਕਾਂ ਦੇ ਚਿਹਰਿਆਂ ‘ਤੇ ਕਿਸੇ ਹਕੀਕੀ ਚਮਕ ਜਾਂ ਖੁਸ਼ੀ ਦੇ ਨਕਸ਼ ਨਹੀਂ ਉਭਰਨੇ। ਐਪਰ ਇਹ ਸਭ ਕੁਝ ਬਦਲਣ ਵਾਲਾ ਹੈ। ਪਰ ਕਿਸੇ ਬਾਹਰੋਂ, ਉਪਰੋਂ ਜਾਂ ਅਣਦੱਸੇ ਥਾਵਾਂ ਤੋਂ ਆਈ ਤਾਕਤ ਨੇ ਇਹ ਕੰਮ ਨਹੀਂ ਕਰਨਾ। ਇਹ ਅਸੀਂ ਹੀ ਕਰਨਾ ਹੈ, ਜਿਨ੍ਹਾਂ ਦੇ ਢਿੱਡ ਤੇ ਪੀਪੇ ਖਾਲੀ ਹਨ ਤੇ ਹੁਣ ਹੱਥ ਤੇ ਜੇਬਾਂ ਵੀ। ਕਿਸੇ ਚੀ ਗੁਵੇਰਾ, ਕਰਤਾਰ ਸਿੰਘ ਸਰਾਭੇ, ਸ਼ਹੀਦ-ਇ-ਆਜ਼ਮ ਭਗਤ ਸਿੰਘ ਜਾਂ ਊਧਮ ਸਿੰਘ ਸੁਨਾਮ ਨੇ ਮੁੜ ਨਹੀਂ ਆਉਣਾ। ਉਨ੍ਹਾਂ ਦੇ ਬੋਲ ਸਾਡੇ ਸਿਰਾਂ ਅੰਦਰ ਵੜਨਗੇ। ਫਿਰ ਅਸੀਂ ਇਕੱਠੇ ਹੋਵਾਂਗੇ, ਤੇ ਸਾਂਝੀਵਾਲਤਾ ਵਾਲੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਅੰਤਮ ਸਾਹ ਤੱਕ ਲੜਾਂਗੇ ਤੇ ਜਿੱਤਾਂਗੇ। ਲੁੱਟੇ ਜਾਣ ਵਾਲਿਓ, ਉਚੀ ਆਵਾਜ਼ ‘ਚ ਆਖ ਦਿਓ! ਸਾਡੇ ਲੋਕ ਇਹੋ ਜਿਹਾ ਆਜ਼ਾਦੀ ਦਿਹਾੜਾ ਨਹੀਂ ਚਾਹੁੰਦੇ, ਅਸੀਂ ਨਾਨਕ, ਗੋਬਿੰਦ ਸਿੰਘ ਤੇ ਗਦਰੀਆਂ ਦਾ ਚਿਤਵਿਆਂ ਆਜ਼ਾਦੀ ਦਿਹਾੜਾ ਚਾਹੁੰਦੇ ਹਾਂ। – ਮੰਗਤ ਰਾਮ ਪਾਸਲਾ 0 0