Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2020)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2020)

ਰਵੀ ਕੰਵਰ

ਅਮਰੀਕੀ ਸਾਮਰਾਜ ਦੀ ਧੱਕੜਸ਼ਾਹੀ,ਇਰਾਨੀ ਜਨਰਲ ਕਾਸਿਮ ਸੋਲੇਮਾਨੀ ਦਾ ਕਤਲ ਦੁਨੀਆਂ ਨੂੰ ਝੋਕ ਸਕਦਾ ਸੰਸਾਰ ਜੰਗ ਦੀ ਭੱਠੀ ਵਿਚ
ਨਵੇਂ ਸਾਲ ਦੇ ਚੜ੍ਹਦਿਆਂ ਹੀ 3 ਜਨਵਰੀ ਦੀ ਅੱਧੀ ਰਾਤ ਨੂੰ ਅਮਰੀਕੀ ਫੌਜ ਦੇ ਇਕ ਡਰੋਨ ਹਮਲੇ ਵਿਚ ਇਰਾਨ ਦੇ ਫੌਜੀ ਜਰਨੈਲ ਕਾਸਿਮ ਸੋਲੇਮਾਨੀ ਅਤੇ ਉਨ੍ਹਾਂ ਨਾਲ 6 ਹੋਰ ਫੌਜੀ ਅਧਿਕਾਰੀਆਂ ਦੇ ਕਤਲ ਨੇ ਸਮੁੱਚੀ ਦੁਨੀਆਂ ਨੂੰ ਹਿਲਾਅ ਕੇ ਰੱਖ ਦਿੱਤਾ ਅਤੇ ਮੱਧ ਪੂਰਬੀ ਏਸ਼ੀਆ ਵਿਚ ਗੁੱਸੇ ਦੀ ਲਹਿਰ ਦੌੜ ਗਈ। ਮੇਜਰ ਜਨਰਲ ਕਾਸਿਮ ਦੇ ਕਾਫ਼ਲੇ ਨੂੰ ਉਸ ਵੇਲੇ ਇਸ ਡਰੋਨ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਇਕ ਅਮਨ ਮਿਸ਼ਨ ਵਜੋਂ ਪੁੱਜੇ ਸਨ ਅਤੇ ਬਗਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਮੇਜਰ ਜਨਰਲ ਕਾਸਿਮ ਸੋਲੇਮਾਨੀ ਇਰਾਕ ਦੀ ਵਿਸ਼ੇਸ਼ ਫੌਜ ਰੈਵੋਲਿਊਸ਼ਨਰੀ ਗਾਰਡਜ ਨਾਲ ਸਬੰਧਤ ਕੁਐਡਸ ਫੌਜੀ ਬਲਾਂ ਦੇ ਮੁੱਖ ਕਮਾਂਡਰ ਸਨ। ਉਹ ਦੇਸ਼ ਵਿਚ ਬਹੁਤ ਹੀ ਸਨਮਾਨੇ ਜਾਣ ਵਾਲੇ ਫੌਜੀ ਜਰਨੈਲ ਸਨ, ਜਿਨ੍ਹਾਂ ਦਾ ਰੁਤਬਾ ਸਮੁੱਚੇ ਮੱਧ ਏਸ਼ੀਆ ਵਿਚ ਇਸਲਾਮ ਦੀ ਸ਼ੀਆ ਧਾਰਾ ਨਾਲ ਸਬੰਧ ਰੱਖਣ ਵਾਲੇ ਮੁਸਲਮਾਨਾਂ ਵਿਚ ਇਕ ਨਾਇਕ ਦਾ ਸੀ।
ਇੱਥੇ ਇਹ ਵਰਣਨਯੋਗ ਹੈ ਕਿ ਸਮੁੱਚੇ ਮੱਧ ਪੂਰਬ ਵਿਚ ਸ਼ੀਆ ਧਾਰਾ ਨਾਲ ਸਬੰਧਤ ਗੁਰੀਲਾ ਫੌਜੀ ਗਰੁੱਪਾਂ ਦਾ ਇਕ ਜਾਲ ਵਿਛਿਆ ਹੋਇਆ ਹੈ। ਇਹ ਹਿਜਬੁਲਾਹ ਗੁਰੀਲਾ ਗਰੁੱਪ ਵਜੋਂ ਜਾਣੇ ਜਾਂਦੇ ਹਨ ਅਤੇ ਚਾਹੇ ਫਲਤਸਤੀਨੀ ਲੋਕਾਂ ਦਾ ਇਜਰਾਇਲ ਵਿਰੁੱਧ ਸੰਘਰਸ਼ ਹੋਵੇ ਜਾਂ ਫਿਰ ਆਈ.ਐਸ.ਆਈ.ਐਸ. ਵਰਗੇ ਬਰਬਰ ਕੱਟੜਵਾਦੀ ਇਸਲਾਮਿਕ ਗੁਰੀਲਾ ਗਰੁੱਪ ਵਿਰੁੱਧ ਸੰਘਰਸ਼ ਹੋਵੇ, ਉਸ ਵਿਚ ਇਹ ਗਰੁੱਪ ਆਪਣੀ ਫੌਜੀ ਭੂਮਿਕਾ ਨਿਭਾਉਂਦੇ ਹਨ ਜਿਹੜੀ ਕਿ ਮੌਜੂਦਾ ਸਥਿਤੀਆਂ ਵਿਚ ਲੋਕ ਪੱਖੀ ਸਾਬਤ ਹੋ ਰਹੀ ਹੈ। ਮੇਜਰ ਜਨਰਲ ਕਾਸਿਮ ਦੇ ਸਨਮਾਨਤ ਥਾਂ ਹਾਸਲ ਕਰਨ ਦਾ ਮੁੱਖ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੇ ਪਿਛਲੇ ਸਮੇਂ ਵਿਚ ਆਈ.ਐਸ.ਆਈ.ਐਸ. ਦੇ ਖਾਤਮੇਂ ਵਿਚ ਇਰਾਕੀ ਫੌਜ, ਕੁਰਦਾਂ ਅਤੇ ਸੀਰੀਆਈ ਫੌਜਾਂ ਦਰਮਿਆਨ ਤਾਲਮੇਲ ਸਥਾਪਤ ਕਰਨ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ। ਇਸੇ ਕਰਕੇ ਵਿਸ਼ਲੇਸ਼ਕਾਂ ਅਨੁਸਾਰ ਕਾਸਿਮ ਦੇ ਕਤਲ ਨਾਲ ਆਈ.ਐਸ.ਆਈ.ਐਸ. ਨੂੰ ਮੁੜ ਪਨਪਣ ਵਿਚ ਮਦਦ ਮਿਲੇਗੀ। ਉਨ੍ਹਾਂ ਨਾਲ ਹੀ ਕਤਲ ਕੀਤੇ ਜਾਣ ਵਾਲੇ ਦੂਜੀ ਅਹਿਮ ਫੌਜੀ ਸ਼ਖਸ਼ੀਅਤ ਸਨ, ਇਰਾਕ ਦੀਆਂ ਪਾਪੂਲਰ ਮੋਬੀਲਾਈਜੇਸ਼ਨ ਫੋਰਸਿਜ (ਪੀ.ਐਮ.ਐਫ.) ਦੇ ਡਿਪਟੀ ਕਮਾਂਡਰ ਅਬੁ-ਮਾਹਦੀ ਅਲ-ਮੁਹਾਂਡਿਸ, ਜਿਹੜੇ ਕਿ ਹੁਣ ਇਰਾਕੀ ਫੌਜ ਦਾ ਹਿੱਸਾ ਬਣ ਚੁੱਕੇ ਹਨ।  
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਲਈ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ। ਸਿਰਫ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਇਕ-ਦੋ ਲੋਕਾਂ ਨੂੰ ਹੀ ਇਸ ਬਾਰੇ ਪਤਾ ਸੀ। ਅਮਰੀਕੀ ਕਾਂਗਰਸ ਨੂੰ ਤਾਂ ਬਾਅਦ ਵਿਚ 1973 ਵਿਚ ਬਣੇ ‘ਵਾਰ ਪਾਵਰ ਐਕਟ’ ਦੀ ਖਾਨਾਪੂਰਤੀ ਹਿੱਤ ਜਦੋਂ ਸਮੁੱਚੀ ਦੁਨੀਆਂ ਵਿਚ ਸ਼ੋਰ ਮੱਚ ਗਿਆ ਤਾਂ ਦੱਸਿਆ ਗਿਆ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਵਿਚ ਜੰਗ ਦਾ ਹੁਕਮ ਦੇਣ ਦਾ ਅਧਿਕਾਰ ਸਿਰਫ ਅਮਰੀਕੀ ਕਾਂਗਰਸ ਕੋਲ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ 1950-53 ਦੀ ਕੋਰੀਆਈ ਜੰਗ, ਜਿਸ ਵਿਚ 40000 ਅਮਰੀਕੀ ਫੌਜੀ ਮਰੇ ਸੀ ਤੇ 10 ਲੱਖ ਤੋਂ ਵਧੇਰੇ ਕੋਰੀਆਈ ਸ਼ਹੀਦ ਹੋਏ ਸੀ, ਪੈਂਟਾਗਨ ਅਨੁਸਾਰ ਇਕ ‘ਪੁਲਸ ਕਾਰਵਾਈ’ ਸੀ ਅਤੇ ਵਿਅਤਨਾਮ ਜੰਗ ਜਿਸ ਵਿਚ ਕੁੱਲ 34 ਲੱਖ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ 60000 ਅਮਰੀਕੀ ਫੌਜੀ ਸ਼ਾਮਲ ਸਨ ਵੀ ਅਮਰੀਕੀ ਕਾਂਗਰਸ ਵਲੋਂ ਜੰਗ ਨਹੀਂ ਐਲਾਨੀ ਗਈ ਸੀ। ਇਸਦੇ ਮੱਦੇਨਜ਼ਰ ਹੀ 1973 ਵਿਚ ‘ਵਾਰ ਪਾਵਰ ਐਕਟ’ ਹੋਂਦ ਵਿਚ ਆਇਆ ਸੀ।
ਰਾਸ਼ਟਰਪਤੀ ਟਰੰਪ ਨੇ ਹਮਲਾ ਕਰਨ ਤੋਂ ਫੌਰੀ ਬਾਅਦ ਕਿਹਾ ਸੀ ਕਿ ਜਨਰਲ ਕਾਸਮੀ ਦੇ ਹੱਥ ਹਜ਼ਾਰਾਂ ਅਮਰੀਕੀਆਂ ਦੇ ਖੂਨ ਨਾਲ ਰੰਗੇ ਹੋਏ ਸਨ ਅਤੇ ਉਹ ਨਵੀਂ ਦਿੱਲੀ ਤੋਂ ਲੈ ਕੇ ਲੰਦਨ ਤੱਕ ਹਮਲਿਆਂ ਦੀ ਵਿਉਂਤ ਬਣਾ ਰਿਹਾ ਸੀ, ਇਸ ਕਰਕੇ ਉਸਨੂੰ ਮਾਰਿਆ ਗਿਆ। ਜਦੋਂ ਕਿ 20 ਜਨਵਰੀ ਦੀਆਂ ਅਖਬਾਰਾਂ ਮੁਤਾਬਕ ਟਰੰਪ ਨੇ ਆਪਣੀ ਪਾਰਟੀ ਨੂੰ ਫੰਡ ਦੇਣ ਵਾਲਿਆਂ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਸਿਮ ਸੋਲੇਮਾਨੀ ਨੂੰ ਇਸ ਲਈ ਮਾਰਿਆ ਗਿਆ ਕਿਉਂ ਕਿ ਉਹ ਅਮਰੀਕਾ ਲਈ ਬੁਰਾ ਬੋਲਦਾ ਸੀ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਟਰੰਪ ਦਾ ਇਹ ਘਿਨਾਉਣਾ ਤੇ ਦੁਨੀਆਂ ਨੂੰ ਜੰਗ ਦੀ ਭੱਠੀ ਵਿਚ ਝੋਕਣ ਵਾਲਾ ਕਦਮ ਸਿਰਫ ਉਸਦੀ ਹੈਂਕੜ ਦਾ ਨਤੀਜਾ ਸੀ, ਇਸਦੇ ਪਿੱਛੇ ਕੋਈ ਠੋਸ ਆਧਾਰ ਨਹੀਂ ਸੀ। ਰਾਜਨੀਤਕ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਸਨੇ ਇਹ ਕਦਮ ਇਸ ਸਾਲ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਦੇਸ਼ ਦੇ ਰਾਖੇ ਵਜੋਂ ਪੇਸ਼ ਕਰਨ ਹਿੱਤ ਚੁਕਿਆ ਹੈ। ਇਸੇ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਵਿਰੁੱਧ ਸੀਨੇਟ ਵਿਚ ਚੱਲਣ ਵਾਲੀ ਮਹਾਂਦੋਸ਼ ਦੀ ਕਾਰਵਾਈ ਦੌਰਾਨ ਲਾਹਾ ਲੈਣ ਅਤੇ ਅਮਰੀਕੀ ਅਵਾਮ ਦਾ ਇਸ ਤੋਂ ਧਿਆਨ ਲਾਂਭੇ ਕਰਨ ਹਿੱਤ ਇਹ ਕਦਮ ਚੁੱਕਿਆ ਗਿਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ   ਨੇ ਵੀ ਦਸੰਬਰ 1998 ਵਿਚ ਉਨ੍ਹਾਂ ਵਿਰੁੱਧ ਮੋਨੀਕਾ ਲੇਵੈਂਸਕੀ ਨਾਲ ਨਜਾਇਜ਼ ਸਬੰਧ ਬਨਾਉਣ ਦੇ ਆਧਾਰ ’ਤੇ ਮਹਾਂਦੋਸ਼ ਕਾਰਵਾਈ ਚੱਲਣੀ ਸੀ ਤਾਂ ਈਰਾਕ ਉਤੇ ਬੰਬਾਰੀ ਕਰਵਾ ਦਿੱਤੀ ਸੀ।
ਸਮੁੱਚੀ ਦੁਨੀਆਂ ਨੂੰ ਡੋਨਾਲਡ ਟਰੰਪ ਦੀ ਇਸ ਕਾਰਵਾਈ ਨੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਸੀ। ਇਜਰਾਇਲ ਸਿਰਫ ਇਕ ਅਜਿਹਾ ਦੇਸ਼ ਸੀ ਜਿਸਨੇ ਇਸ ਕਾਰਵਾਈ ਦਾ ਖੁਲ੍ਹਕੇ ਸਮਰਥਨ ਕੀਤਾ ਸੀ। ਅਮਰੀਕਾ ਦੇ ਸਹਿਯੋਗੀ ਪੱਛਮੀ ਦੇਸ਼ਾਂ, ਬਿ੍ਰਟੇਨ, ਜਰਮਨੀ, ਫਰਾਂਸ ਆਦਿ ਨੇ ਵੀ ਉਸਨੂੰ ਜੰਗੀ ਤਨਾਅ ਘਟਾਉਣ ਲਈ ਕਿਹਾ ਸੀ। ਲਗਭਗ ਸਮੁੱਚੀ ਦੁਨੀਆਂ ਇਸ ਗੱਲ ਤੋਂ ਚਿੰਤਤ ਹੈ ਕਿ ਕਿਤੇ ਇਹ ਘਟਨਾ ਦੁਨੀਆਂ ਨੂੰ ਇਕ ਹੋਰ ਸੰਸਾਰ ਜੰਗ ਵੱਲ ਨਾ ਲੈ ਜਾਵੇ। ਰੂਸ ਨੇ ਜਨਰਲ ਕਾਸਿਮ ਦੀ ਹੱਤਿਆ ਨੂੰ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਦੱਸਦਿਆਂ ਇਸਦੀ ਸਖਤ ਨਿਖੇਧੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਂ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਇਸ ਧੱਕੜਸ਼ਾਹ ਇਕਪਾਸੜ ਕਾਰਵਾਈ ਵਿਚ ਚੀਨ ਇਰਾਨ ਦੇ ਨਾਲ ਖਲੋਵੇਗਾ।
ਅਮਰੀਕਾ ਵਿਚ ਵੀ ਟਰੰਪ ਦੀ ਇਸ ਕਾਰਵਾਈ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਸਾਬਕਾ ਫੌਜੀ ਜਰਨੈਲ, ਮਜ਼ਦੂਰ ਜਥੇਬੰਦੀਆਂ ਤੇ ਦੇਸ਼ ਦੀਆਂ ਖੱਬੀਆਂ ਧਿਰਾਂ ਇਸ ਵਿਰੁੱਧ ਸਮੁੱਚੇ ਦੇਸ਼ ਵਿਚ ਜੰਗ-ਵਿਰੋਧੀ ਰੈਲੀਆਂ ਕਰ ਰਹੀਆਂ ਹਨ ਅਤੇ 25 ਜਨਵਰੀ ਨੂੰ ਦੁਨੀਆਂ ਭਰ ਵਿਚ ‘ਜੰਗ ਵਿਰੋਧੀ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਆਉਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਦੀ ਦੌੜ ਵਿਚ ਸ਼ਾਮਲ ਬਰਨੀ ਸੈਂਡਰਜ਼ ਨੇ ਲਿਖਿਆ ‘‘ਜਦੋਂ ਮੈਂ 2002 ਵਿਚ ਇਰਾਕ ਜੰਗ ਵਿਰੁੱਧ ਵੋਟ ਪਾਇਆ ਸੀ, ਉਸ ਵੇਲੇ ਮੈਨੂੰ ਡਰ ਸੀ ਕਿ ਇਸ ਨਾਲ ਸਾਡਾ ਦੇਸ਼ ਤੇ ਖੇਤਰ ਵਧੇਰੇ ਅਸਥਿਰ ਹੋਣ ਵੱਲ ਵਧੇਗਾ, ਇਹ ਦੁੱਖ ਭਰਿਆ ਡਰ ਹੁਣ ਮੁੜ 17 ਸਾਲ ਬਾਅਦ ਸੱਚ ਸਾਬਤ ਹੋ ਰਿਹਾ ਹੈ। ਟਰੰਪ ਦੀ ਇਹ ਜੰਗੀ ਤਨਾਅ ਵਧਾਉਣ ਵਾਲੀ ਕਾਰਵਾਈ ਮੱਧ ਪੂਰਬ ਵਿਚ ਇਕ ਹੋਰ ਤਬਾਹਕੁੰਨ ਜੰਗ ਦਾ ਕਾਰਨ ਬਣ ਸਕਦੀ ਹੈ ਜਿਸਦੀ ਕੀਮਤ ਅਣਗਿਣਤ ਜਾਨਾਂ ਅਤੇ ਖਰਬਾਂ ਡਾਲਰਾਂ ਦੇ ਰੂਪ ਵਿਚ ਤਾਰਨੀ ਪੈ ਸਕਦੀ ਹੈ।’’ ਅਮਰੀਕੀ ਕਾਂਗਰਸ ਦੀਆਂ ਔਰਤ ਮੈਂਬਰਾਂ ਅਲੈਗਜੈਂਡਰੀਆ ਉਸੀਉ ਕੋਰਟਜ ਤੇ ਇਲਹਾਨ ਉਮਾਰ ਨੇ ਵੀ ਇਸਦੀ ਘੋਰ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਡੌਮੇਕ੍ਰੇਟਿਕ ਪਾਰਟੀ ਦੇ ਆਗੂਆਂ ’ਤੇ ਵੀ ਇਸ ਸੰਦਰਭ ਵਿਚ 1973 ਦੇ ‘ਵਾਰ ਪਾਵਰ ਐਕਟ’ ਦੀ ਹੁੰਦੀ ਉਲੰਘਣਾ ਵਿਰੁੱਧ ਆਵਾਜ਼ ਬੁਲੰਦ ਨਾ ਕਰਨ ਲਈ ਨੁਕਤਾਚੀਨੀ ਕੀਤੀ ਹੈ।
ਇਰਾਕ ਨੇ ਵੀ ਇਸ ਹਮਲੇ ਨੂੰ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਦੱਸਦੇ ਹੋਏ ਇਸਦੀ ਸਖਤ ਨਿਖੇਧੀ ਕੀਤੀ ਹੈ ਅਤੇ ਅਮਰੀਕਾ ਨੂੰ ਦੇਸ਼ ਵਿਚੋਂ ਅਮਰੀਕੀ ਫੌਜਾਂ ਤੇ ਅੱਡੇ ਵਾਪਸ ਬੁਲਾ ਲੈਣ ਲਈ ਕਿਹਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪੀ.ਐਮ.ਐਫ. ਦੇ ਡਿਪਟੀ ਕਮਾਂਡਰ ਮੁਹਾਨਡੀਸ ਤੇ ਮਰਨ ਵਾਲੇ 4 ਹੋਰ ਇਰਾਕੀ ਫੌਜੀ ਸਨ। ਇਰਾਕ ਦੇ ਸ਼ੀਆ ਆਗੂ ਅਲ-ਸਦਰ ਨੇ ਤਾਂ ਇਸ ਹਮਲੇ ਦਾ ਬਦਲਾ ਲੈਣ ਦਾ ਵੀ ਸੱਦਾ ਦਿੱਤਾ ਹੈ ਅਤੇ ਰਾਜਧਾਨੀ ਬਗਦਾਦ ਦੇ ਗ੍ਰੀਨ ਜੋਨ, ਜਿੱਥੇ ਕਿ ਅਮਰੀਕਾ ਸਮੇਤ ਕਈ ਵਿਦੇਸ਼ੀ ਦੂਤਾਵਾਸ ਹਨ, ਉਤੇ ਮਿਜ਼ਾਇਲ ਹਮਲੇ ਵੀ ਹੋਏ ਹਨ, ਪ੍ਰੰਤੂ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ।
ਮੇਜਰ ਜਨਰਲ ਕਾਸਿਮ ਸੋਲੇਮਾਨੀ, ਜਿਹੜਾ ਇਕ ਮਜ਼ਦੂਰ ਦੇ ਰੂਪ ਵਿਚ ਜ਼ਿੰਦਗੀ ਸ਼ੁਰੂ ਕਰਕੇ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਫੌਜੀ ਬਲ, ਕੁਐਡ ਦੀ ਅਗਵਾਈ ਕਰਨ ਤੱਕ ਪੁੱਜਿਆ ਸੀ, ਆਪਣੇ ਦੇਸ਼ ਵਿਚ ਐਨਾ ਹਰਮਨ ਪਿਆਰਾ ਸੀ ਕਿ ਉਸਦੇ ਕਤਲ ਦੀ ਖ਼ਬਰ ਨਾਲ ਸਮੁੱਚਾ ਦੇਸ਼ ਗੁੱਸੇ ਵਿਚ ਹੈ ਅਤੇ ਲਗਭਗ ਸਮੁੱਚੇ ਦੇਸ਼ ਵਿਚ ਹੀ ਅਮਰੀਕਾ ਵਿਰੁੱਧ ਪ੍ਰਚੰਡ ਰੋਹ ਭਰਪੂਰ ਰੋਸ ਐਕਸ਼ਨ ਹੋਏ ਸਨ। ਦੇਸ਼ ਦੇ ਸਰਵ ਉਚ ਤੇ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਰਾਜਨੀਤਕ ਤੇ ਧਾਰਮਕ ਆਗੂ ਆਇਤੁਲਾਹ ਖੁਮੈਨੀ ਨੇ ਇਨ੍ਹਾਂ ਕਤਲਾਂ ਦਾ ਬਦਲਾ ਲੈਣ ਦਾ ਸੱਦਾ ਦਿੱਤਾ ਸੀ। ਇਰਾਨ ਨੇ ਕਿਹਾ ਸੀ ਕਿ ਉਹ ਈਰਾਕ ਵਿਚ ਜਿੱਥੇ ਉਸਦੇ ਆਗੂ ਦਾ ਕਤਲ ਕੀਤਾ ਗਿਆ ਹੈ ਵਿਚ ਸਥਿਤ ਅਮਰੀਕਾ ਦੇ ਫੌਜੀ ਅੱਡਿਆਂ ’ਤੇ ਹੀ ਇਸ ਹਮਲੇ ਦੇ ਅਨੁਪਾਤ ਦਾ ਹਮਲਾ ਕਰਕੇ ਬਦਲਾ ਲਵੇਗਾ। ਇਸ ਤਰ੍ਹਾਂ ਨਾਲ ਉਸਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਵੀ ਜਾਬਤੇ ਵਿਚ ਰਹਿਣ ਦਾ ਸਬੂਤ ਦਿੱਤਾ ਸੀ। 7 ਜਨਵਰੀ ਨੂੰ ਈਰਾਨ ਨੇ ਇਰਾਕ ਵਿਚ ਸਥਿਤ ਇਰਬਿਲ ਤੇ ਐਨ ਅਲ ਅਸਦ ਅਮਰੀਕੀ ਫੌਜੀ ਅੱਡਿਆਂ ’ਤੇ 22 ਮਿਜਾਇਲਾਂ ਦਾਗੀਆਂ ਸਨ ਅਤੇ ਇਸਨੂੰੂ ਦੇਸ਼ ਦੇ ਸਰਵਉਚ ਆਗੂ ਆਇਤੁਲਾਹ ਖੁਮੈਨੀ ਨੇ ਅਮਰੀਕੀ ਸਾਮਰਾਜ ਦੇ ਮੁੰਹ ’ਤੇ ਚਪੇੜ ਦੱਸਿਆ ਸੀ ਜਦੋਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾਕ੍ਰਮ ਦੇ ਹੀ ਦੌਰਾਨ 8 ਜਨਵਰੀ ਨੂੰ ਈਰਾਨ ਵਿਚ ਯੁਕਰੇਨ ਦਾ ਇਕ ਸਿਵਲ ਹਵਾਈ ਜਹਾਜ ਤੇਹਰਾਨ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਫੌਰੀ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ ਦੇ ਸਾਰੇ 176 ਯਾਤਰੀ ਮਾਰੇ ਗਏ ਸਨ, ਜਿਨ੍ਹਾਂ ਵਿਚ ਵਧੇਰੇ ਕਰਕੇ ਇਰਾਨੀ ਤੇ ਯੁਕਰੇਨੀ ਨਾਗਰਿਕ ਸਨ। ਪਹਿਲਾਂ ਤਾਂ ਇਰਾਨ ਨੇ ਇਸਨੂੰ ਹਾਦਸਾ ਹੀ ਦੱਸਿਆ ਸੀ ਪ੍ਰੰਤੂ ਦੋ ਦਿਨ ਬਾਅਦ 10 ਜਨਵਰੀ ਨੂੰ ਇਰਾਨ ਦੀ ਸਰਕਾਰ ਨੇ ਐਲਾਨ ਕਰਦੇ ਹੋਏ ਕਿ ਗਲਤੀ ਨਾਲ ਅਮਰੀਕੀ ਮਿਜਾਇਲ ਸਮਝਦੇ ਹੋਏ ਇਸ ਹਵਾਈ ਜਹਾਜ ਨੂੰ ਮਿਜਾਇਲ ਦਾਗਕੇ ਡੇਗ ਦਿੱਤਾ ਗਿਆ ਜਿਸ ਲਈ ਬਾਕਾਇਦਾ ਇਰਾਨੀ ਸਰਕਾਰ ਨੇ ਮਾਫੀ ਮੰਗੀ ਹੈ ਅਤੇ ਇਸ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਵੀ ਕੀਤੀ ਹੈ।
ਜਨਰਲ ਸੋਲੇਮਾਨੀ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਕਾਮਰਾਨ ਵਿਚ ਦਫਨ ਕੀਤਾ ਗਿਆ, ਉਨ੍ਹਾਂ ਦੇ ਜਨਾਜੇ ਵਿਚ 10 ਲੱਖ ਤੋਂ ਵਧੇਰੇ ਲੋਕ ਸ਼ਾਮਲ ਸਨ। ਭਾਰੀ ਭੀੜ ਸਦਕਾ ਹੋਏ ਹਾਦਸੇ, ਜਿਸ ਵਿਚ 50 ਲੋਕ ਮਾਰੇ ਗਏ ਅਤੇ 200 ਜਖ਼ਮੀ ਹੋਏ, ਕਰਕੇ ਉਨ੍ਹਾਂ ਨੂੰ ਦੂਜੇ ਦਿਨ ਦਫਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਫਨ ਕਰਨ ਸਮੇਂ ਧਾਰਮਿਕ ਰਸਮਾਂ ਦੇਸ਼ ਦੇ ਸਰਵਉਚ ਧਾਰਮਿਕ ਆਗੂ ਆਇਤੁਲਾਹ ਖੁਮੈਨੀ ਨੇ ਖ਼ੁਦ ਨਿਭਾਈਆਂ।
ਇਰਾਨ ਅਤੇ ਇਰਾਕ ਵਿਚ ਦੇਸ਼ ਦੀਆਂ ਸਰਕਾਰਾਂ ਵਿਰੁੱਧ ਵੀ ਅੰਦੋਲਨ ਵਿਆਪਕ ਪੱਧਰ ’ਤੇ ਸ਼ੁਰੂ ਹੋ ਗਏ ਹਨ। ਇਰਾਨ ਵਿਚ ਇਨ੍ਹਾਂ ਦਾ ਕਾਰਨ ਵਰ੍ਹਿਆਂਬੱਧੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਕਰਕੇ ਪੈਦਾ ਹੋਈਆਂ ਮੁਸ਼ਕਲਾਂ ਦੇ ਨਾਲ ਨਾਲ ਯੁਕਰੇਨੀ ਜਹਾਜ ਹਾਦਸੇ ਬਾਰੇ ਸਰਕਾਰ ਵਲੋਂ ਪਹਿਲਾਂ ਬੋਲੇ ਝੂਠ ਅਤੇ ਇਰਾਨੀਆਂ ਦੇ ਮਾਰੇ ਜਾਣ ਤੋਂ ਪੈਦਾ ਹੋਇਆ ਗੁੱਸਾ ਵੀ ਹੈ। ਇਰਾਕ ਵਿਚ ਵੀ ਦੇਸ਼ ਦੇ ਹਾਕਮਾਂ ਦੀਆਂ ਜਨਵਿਰੋਧੀ ਨੀਤੀਆਂ ਵਿਰੁੱਧ ਚਲ ਰਿਹਾ ਅੰਦੋਲਨ ਮੁੜ ਜੋਰ ਫੜ ਰਿਹਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਜੇਕਰ ਇਨ੍ਹਾਂ ਨੂੰ ਲੋਕ ਪੱਖੀ ਕਦਮਾਂ ਰਾਹੀਂ ਨਹੀਂ ਨਬੇੜਦੀਆਂ ਤਾਂ ਲਾਜ਼ਮੀ ਹੀ ਇਨ੍ਹਾਂ ਦਾ ਲਾਹਾ ਅਮਰੀਕੀ ਸਾਮਰਾਜ ਲੈਣ ਵਿਚ ਕਾਮਯਾਬ ਹੋਵੇਗਾ।
ਅਮਰੀਕੀ ਸਾਮਰਾਜ, ਖਾਸ ਕਰਕੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਕਪਾਸੜ ਤੇ ਧੱਕੜਸ਼ਾਹ ਕਾਰਵਾਈਆਂ ਦੁਨੀਆਂ ਨੂੰ ਇਕ ਹੋਰ ਸੰਸਾਰ ਜੰਗ ਵੱਲ ਧੱਕ ਸਕਦੀਆਂ ਹਨ। 2015 ਵਿਚ ਇਰਾਨ ਅਤੇ ਅਮਰੀਕਾ ਤੇ ਦੁਨੀਆਂ ਦੀਆਂ ਪੰਜ ਸ਼ਕਤੀਆਂ ਦਰਮਿਆਨ ਹੋਏ ਪਰਮਾਣੂ ਸਮਝੌਤੇ ਤੋਂ ਪਿੱਛੇ ਹਟਣਾ ਅਤੇ ਹੁਣ ਸੰਯੁਕਤ ਰਾਸ਼ਟਰ ਚਾਰਟਰ ਤੇ ਨਿਉਰਮਬਰਗ ਸਿਧਾਂਤਾਂ ਦੀ ਉਲੰਘਣਾ ਕਰਕੇ ਈਰਾਨ ਤੇ ਈਰਾਕ ਦੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਦੇ ਹੋਏ ਕੀਤਾ ਗਿਆ ਕਾਸਿਮ ਸੋਲੇਮਾਨੀ ਤੇ 6 ਹੋਰਾਂ ਦਾ ਕਤਲ ਇਸਦੇ ਪ੍ਰਤੱਖ ਸਬੂਤ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਦੁਨੀਆਂ ਦੀ ਪਹਿਲੀ ਸੰਸਾਰ ਜੰਗ ਜਿਸਦੀ ਹੁਣੇ ਹੀ 100ਵੀਂ ਵਰੇ੍ਹਗੰਢ ਮਨਾਕੇ ਹਟੇ ਹਾਂ, ਪਿੱਛੇ ਕਾਰਨ ਤਾਂ ਮੰਡੀ ’ਤੇ ਕਬਜ਼ਾ ਕਰਨਾ ਸੀ ਪ੍ਰੰਤੂ ਇਸ ਲਈ ਚਿੰਗਾਰੀ ਦਾ ਕੰਮ ਇਕ ਕਤਲ ਨੇ ਹੀ ਕੀਤਾ ਸੀ, ਆਸਟ੍ਰੀਆ ਦੇ ਆਰਕਡਿਊਕ ਫਰਾਂਜ ਫੇਰਡੀਨਾਂਡ ਦਾ ਬੋਸੀਨੀਆ ਦੇ ਸਰਵ ਆਗੂ ਗਾਵਰੀਲੋ ਪਿ੍ਰੰਸਿਪ ਵਲੋਂ ਕੀਤਾ ਗਿਆ ਕਤਲ।
ਤੀਜੀ ਸੰਸਾਰ ਜੰਗ ਦੁਨੀਆਂ ਲਈ ਕਿੰਨੀ ਘਾਤਕ ਹੋ ਸਕਦੀ ਹੈ। ਇਸ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ-ਦੂਜੀ ਸੰਸਾਰ ਜੰਗ ਦੌਰਾਨ 1945 ਵਿਚ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਨਸ਼ਟ ਕਰਨ ਲਈ ਪ੍ਰਮਾਣੂ ਬੰਬਾਂ ਨਾਲੋਂ ਅੱਜ ਸਾਡੇ ਕੋਲ 5 ਲੱਖ ਗੁਣਾ ਵਧੇਰੇ ਸ਼ਕਤੀ ਦੇ ਪ੍ਰਮਾਣੂ ਹਥਿਆਰ ਹਨ ਅਤੇ ਸਥਿਤੀ ਇਹ ਹੈ ਕਿ ਜੰਗ ਦੀ ਸੂਰਤ ਵਿਚ ਜ਼ਰੂਰੀ ਨਹੀਂ ਹੈ ਕਿ ਜਾਣ ਬੁੱਝਕੇ ਹੀ ਪ੍ਰਮਾਣੂ ਹਥਿਆਰ ਵਰਤੇ ਜਾਣ ਬਲਕਿ ਹਾਦਸੇ ਵਜੋਂ ਜਾਂ ਗਲਤੀ ਨਾਲ ਵੀ ਇਹ ਚਲ ਸਕਦੇ ਹਨ ਅਤੇ ਉਸਦਾ ਸਿੱਟਾ ਹੋਵੇਗਾ ਇਸ ਧਰਤੀ ’ਤੇ ਸਥਿਤ ਸਭਿਅਤਾ ਦੇ ਸੰਪੂਰਨ ਨਾਸ਼ ਤੋਂ ਵੀ ਅਗਾਂਹ ਸਮੁੱਚੇ ਜੈਵਿਕ ਖੇਤਰ ਦਾ ਸੰਪੂਰਨ ਨਾਸ਼। ਇਸ ਲਈ ਸਪੱਸ਼ਟ ਹੈ ਕਿ ਜੇਕਰ ਦੁਨੀਆਂ ਦੀਆਂ ਅਮਨ ਪਸੰਦ ਸ਼ਕਤੀਆਂ ਅਮਰੀਕੀ ਸਾਮਰਾਜ ਤੇ ਵਿਸ਼ੇਸ਼ ਰੂਪ ਵਿਚ ਡੋਨਾਲਡ ਟਰੰਪ ਦੇ ਇਸ ਇਕਪਾਸੜ, ਧੱਕੜਸ਼ਾਹ ਵਤੀਰੇ ਨੂੰ ਨਾ ਰੋਕ ਸਕੀਆਂ ਤਾਂ ਦੁਨੀਆਂ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ।
                (20.1.2020)





ਪਾਕਿ ਦੇ ਵਿਦਿਆਰਥੀਆਂ ਵਲੋਂ ਭਾਰਤ ਦੇ ਵਿਦਿਆਰਥੀਆਂ ਪ੍ਰਤੀ ਇਕਜੁਟਤਾ

ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੇ ਵਿਦਿਆਰਥੀਆਂ ਨੇ ਸਾਡੇ ਦੇਸ਼ ਵਿਚ ਚਲ ਰਹੇ ਵਿਦਿਆਰਥੀ ਅੰਦੋਲਨ ਦੇ ਨਾਲ ਇਕਜੁਟਤਾ ਜਾਹਿਰ ਕਰਦੇ ਹੋਏ ਆਵਾਜ਼ ਬੁਲੰਦ ਕੀਤੀ ਹੈ। ਪਾਕਿਸਤਾਨ ਦੀ ਮੁੱਖ ਵਿਦਿਆਰਥੀ ਜਥੇਬੰਦੀ ਰੈਵੋਲਿਊਸ਼ਨਰੀ ਸਟੂਡੈਂਟਸ ਫਰੰਟ (ਆਰ.ਐਸ.ਐਫ.) ਦੇ ਸੱਦੇ ’ਤੇ 9 ਜਨਵਰੀ ਨੂੰ ਕਰਾਚੀ ਦੇ ਪਨੋਰਮਾ ਸੈਂਟਰ ਤੋਂ ਕਰਾਚੀ ਪ੍ਰੈਸ ਕਲੱਬ ਤੱਕ ਵਿਦਿਆਰਥੀਆਂ ਵਲੋਂ ਭਾਰਤ ਦੇ ਵਿਦਿਆਰਥੀਆਂ ਦੇ ਚਲ ਰਹੇ ਦੇਸ਼ ਵਿਆਪੀ ਸੰਘਰਸ਼ ਦੇ ਹੱਕ ਵਿਚ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਸੰਘਰਸ਼ ਨਾਲ ਇਕਜੁਟਤਾ ਪ੍ਰਗਟ ਕਰਦੇ ਬੈਨਰ ਅਤੇ ਪਲੇਕਾਰਡ ਚੁੱਕੇ ਹੋਏ ਸਨ। ਵਿਦਿਆਰਥੀ ਬੁਲੰਦ ਆਵਾਜ਼ ਵਿਚ ‘‘ਏਸ਼ੀਆ ਸੁਰਖ਼ ਹੋਗਾ’’, ‘‘ਇਨਕਲਾਬ ਜ਼ਿੰਦਾਬਾਦ’’, ‘‘ਭਾਰਤ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਲਾਲ ਸਲਾਮ’’ ਨਾਅਰੇ ਲਗਾ ਰਹੇ ਸਨ।
ਕਰਾਚੀ ਪ੍ਰੈਸ ਕਲੱਬ ਦੇ ਬਾਹਰ ਵਿਸ਼ਾਲ ਜਨਤਕ ਰੈਲੀ ਕੀਤੀ ਗਈ ਜਿਸ ਵਿਚ ਸ਼ਹਿਰ ਭਰ ਦੇ ਸਿੱਖਿਆ ਅਦਾਰਿਆਂ ਦੇ ਵਿਦਿਆਰਥੀਆਂ ਤੋਂ ਬਿਨਾਂ ਵੱਡੀ ਗਿਣਤੀ ਵਿਚ ਟਰੇਡ ਯੂਨੀਅਨ ਕਾਰਕੁੰਨਾਂ ਤੇ ਬੁੱਧੀਜੀਵੀਆਂ ਨੇ ਵੀ ਭਾਗ ਲਿਆ। ਇਸ ਰੈਲੀ ਨੂੰ ਆਰ.ਐਸ.ਐਫ. ਦੇ ਕਰਾਚੀ ਦੇ ਆਗੂ ਹਾਤਿਮ ਲੁੰਡ ਨੇ ਸੰਬੋਧਨ ਕੀਤਾ। ਉਨ੍ਹਾਂ ਭਾਰਤ ਵਿਚ ਚਲ ਰਹੇ ਵਿਦਿਆਰਥੀ ਅੰਦੋਲਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਰਹੱਦ ਦੇ ਦੋਵੇਂ ਪਾਸੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਰਾਸ਼ਟਰ ਵਿਰੋਧੀ ਕਰਾਰ ਦੇਣ ਅਤੇ ਉਨ੍ਹਾਂ ਉਤੇ ਤਸ਼ੱਦਦ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ।
ਇਸ ਤੋਂ ਪਹਿਲਾਂ 17 ਦਿਸੰਬਰ ਨੂੰ ਵੀ ਆਰ.ਐਸ.ਐਫ. ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਭਾਰਤ ਦੇ ਸੰਘਰਸ਼ਰਤ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਇਜਹਾਰ ਕੀਤਾ ਸੀ। ਇਸ ਬਿਆਨ ਵਿਚ ਕਿਹਾ ਗਿਆ ਸੀ ‘‘ਅਸੀਂ, ਰੈਵੋਲਿਊਸ਼ਨਰੀ ਸਟੂਡੈਂਟਸ ਫਰੰਟ (ਆਰ.ਐਸ.ਐਫ.) ਅਮਨਪਸੰਦ ਬੇਹਥਿਆਰੇ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਇਸ ਸਰਕਾਰੀ ਤਸ਼ੱਦਦ ਤੇ ਪੁਲਸ ਵਲੋਂ ਹਿੰਸਾ ਦੀ ਵਰਤੋਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਅਸੀਂ ਮੋਦੀ ਤੇ ਬੀ.ਜੇ.ਪੀ. ਦੇ ਫਾਸ਼ੀਵਾਦੀ ਅਜੰਡੇ ਵਿਰੁੱਧ ਸੰਘਰਸ਼ ਕਰ ਰਹੇ ਆਪਣੇ ਕਾਮਰੇਡਾਂ ਨਾਲ ਪੂਰਨ ਇਕਜੁਟ ਹੋ ਕੇ ਖੜ੍ਹੇ ਹਾਂ।’’
ਇੱਥੇ ਇਹ ਵਰਣਨਯੋਗ ਹੈ ਕਿ ਪਾਕਿਸਤਾਨ ਵਿਚ ਵਿਦਿਆਰਥੀ ਇਕ ਸਾਂਝਾ ਮੋਰਚਾ ਬਣਾਕੇ ਆਪਣੀਆਂ ਭੱਖਦੀਆਂ ਮੰਗਾਂ ਤੇ ਸਿੱਖਿਆ ਅਦਾਰਿਆਂ ’ਚ ਸਟੂਡੈਂਟ ਯੁਨੀਅਨ ਦੀਆਂ ਚੋਣਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਸੰਘਰਸ਼ ਕਰ ਰਹੇ ਹਨ। 27 ਨਵੰਬਰ ਨੂੰ ਦੇਸ਼ ਪੱਧਰ ’ਤੇ ਬਹੁਤ ਹੀ ਸ਼ਾਨਦਾਰ ‘ਵਿਦਿਆਰਥੀ ਇਕਜੁਟਤਾ ਦਿਵਸ’ ਮਨਾਇਆ ਗਿਆ ਸੀ। ਜਿਸਦੀ ਸਫਲਤਾ ਤੋਂ ਬੌਖਲਾ ਕੇ ਉਥੋਂ ਦੇ  ਬੁਨਿਆਦ ਪ੍ਰਸਤ ਤੇ ਸਰਕਾਰ ਉਨ੍ਹਾਂ ’ਤੇ ਰਾਸ਼ਟਰ ਵਿਰੋਧੀ ਹੋਣ ਦੀਆਂ ਤੋਹਮਤਾਂ ਲਗਾ ਰਹੀ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਦੇਸ਼ ਦੇ ਹਾਕਮ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ‘ਟੁਕੜੇ ਟੁਕੜੇ ਗੈਂਗ’ ਦੱਸ ਰਹੇ ਹਨ।




ਲੇਬਨਾਨ ਵਿਚ ਜਨਸੰਘਰਸ਼
ਮੱਧ ਪੂਰਬ ਏਸ਼ੀਆ ਦੇ ਦੇਸ਼ ਲੇਬਨਾਨ ਵਿਚ ਪਿਛਲੇ 4 ਮਹੀਨੇ ਤੋਂ ਲੋਕ ਸੰਘਰਸ਼ ਦੇ ਮੈਦਾਨ ਵਿਚ ਹਨ। ਇਹ 60 ਲੱਖ ਦੀ ਅਬਾਦੀ ਵਾਲਾ ਦੇਸ਼, ਲੇਬਨਾਨ ਗਣਰਾਜ, ਇਸ ਖਿੱਤੇ ਦਾ ਉਚ ਸਾਖਰਤਾ ਦਰ ਵਾਲਾ ਦੇਸ਼ ਹੈ, ਜਿਹੜਾ ਰਵਾਇਤੀ ਤੌਰ ’ਤੇ ਵਪਾਰਕ ਸਭਿਆਚਾਰ ਕਰਕੇ ਮੱਧ ਪੂਰਬ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ। ਇਸ ਦੇਸ਼ ਦਾ ਰਾਜਨੀਤਕ ਢਾਂਚਾ ਵੀ ਵੱਖਰੀ ਕਿਸਮ ਦਾ ਹੈ, ਅਜਿਹੇ ਰਾਜਨੀਤਕ ਢਾਂਚੇ ਵਾਲੇ ਦੁਨੀਆਂ ਵਿਚ ਕੁੱਝ ਕੁ ਦੇਸ਼ ਹੀ ਹਨ। ਇਹ ਅਰਧ ਰਾਸ਼ਟਰਪਤੀ ਸੰਸਦੀ ਜਮਹੂਰੀ ਪ੍ਰਣਾਲੀ ਵਾਲਾ ਗਣਰਾਜ ਹੈ, ਜਿਸ ਵਿਚ ਕਾਰਜਕਾਰਨੀ ਤੇ ਸੰਸਦ ਦੀ ਪ੍ਰਤੀਨਿਧਤਾ ਵਿਚ ਧਾਰਮਕ ਤੇ ਨਸਲੀ ਆਧਾਰ ’ਤੇ ਵੰਡ ਸ਼ਾਮਲ ਹੈ। ਦੇਸ਼ ਦਾ ਰਾਸ਼ਟਰਪਤੀ ਮਾਰਨਾਇਟ ਇਸਾਈ ਹੁੰਦਾ ਹੈ, ਪ੍ਰਧਾਨ ਮੰਤਰੀ ਸੁੰਨੀ ਮੁਸਲਮਾਨ, ਸੰਸਦ ਦਾ ਸਪੀਕਰ ਸ਼ੀਆ ਮੁਸਲਮਾਨ, ਉਪ ਪ੍ਰਧਾਨ ਮੰਤਰੀ ਤੇ ਸੰਸਦ ਦਾ ਉਪ ਸਪੀਕਰ ਪੂਰਬੀ ਆਰਬੋਡੋਕਸ ਨਸਲ ਨਾਲ ਸਬੰਧਤ ਹੁੰਦਾ ਹੈ। ਰਾਸ਼ਟਰਪਤੀ ਨੂੰ ਸੰਸਦ ਚੁਣਦੀ ਹੈ, ਉਸਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਜਦੋਂਕਿ ਸੰਸਦ ਲਈ ਹਰ 4 ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਸੰਸਦ ਦੀਆਂ 128 ਸੀਟਾਂ ਦੀ ਇਸਾਈਆਂ, ਮੁਸਲਮਾਨਾਂ ਤੇ 18 ਵੱਖ-ਵੱਖ ਨਸਲਾਂ ਦੇ 26 ਧਾਰਮਕ ਗਰੁੱਪਾਂ ਦਰਮਿਆਨ ਬਰਾਬਰ ਦੀ ਵੰਡ ਹੁੰਦੀ ਹੈ। ਇਕ ਤਰ੍ਹਾਂ ਇਸ ਢੰਗ ਨਾਲ ਰਾਖਵੀਆਂ ਸੀਟਾਂ ’ਤੇ ਸੰਸਦ ਮੈਂਬਰ ਸਿੱਧੀ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਹਨ। ਦੇਸ਼ ਨੇ ਅਜਿਹੀ ਰਾਜਨੀਤਕ ਪ੍ਰਣਾਲੀ ਨੂੰ 1975-1990 ਦੌਰਾਨ ਚੱਲੀ ਖਾਨਾਜੰਗੀ ਤੋਂ ਬਾਅਦ ਅਪਨਾਇਆ ਸੀ।
ਦੇਸ਼ ਵਿਚ ਅਕਤੂਬਰ ਮਹੀਨੇ ਤੋਂ ਹੀ ਜਨਤਕ ਸੰਘਰਸ਼ ਚਲ ਰਿਹਾ ਹੈ। 18 ਜਨਵਰੀ ਨੂੰ ਦੇਸ਼ ਭਰ ਵਿਚੋਂ ਆਏ ਹਜ਼ਾਰਾਂ ਲੋਕਾਂ ਨੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਹਸਨ ਦਿਆਬ ਵਲੋਂ ਆਪਣਾ ਮੰਤਰੀ ਮੰਡਲ ਬਨਾਉਣ ਵਿਚ ਨਾਕਾਮ ਰਹਿਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਦੇਸ਼ ਦੀ ਰਾਜਧਾਨੀ ਬੇਰੂਤ ਸਥਿਤ ਸੰਸਦ ਵੱਲ ਮਾਰਚ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਖਿੰਡਾਉਣ ਲਈ ਅੰਦਰੂਨੀ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ 400 ਲੋਕ ਜਖ਼ਮੀ ਹੋਏ। ਅਜਿਹਾ ਮੁਜ਼ਾਹਰਾ 19 ਜਨਵਰੀ ਨੂੰ ਵੀ ਕੀਤਾ ਗਿਆ, ਜਿਸ ਦੌਰਾਨ ਹੋਈਆਂ ਝੜਪਾਂ ਵਿਚ 100 ਲੋਕ ਜਖ਼ਮੀ ਹੋਏ।
ਇੱਥੇ ਵਰਣਨਯੋਗ ਹੈ ਕਿ ਭਿ੍ਰਸ਼ਟ ਰਾਜਨੀਤਕ ਵਿਵਸਥਾ, ਵੱਧ ਰਹੀ ਅਸਮਾਨਤਾ ਤੇ ਬੇਰੁਜ਼ਗਾਰੀ ਵਿਰੁੱਧ ਅਕਤੂਬਰ ਮਹੀਨੇ ਤੋਂ ਦੇਸ਼ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਵਿਆਪਕ ਪੱਧਰ ’ਤੇ ਫੈਲਿਆ ਭਿ੍ਰਸ਼ਟਾਚਾਰ ਤੇ ਰਾਜਨੀਤਕ ਆਗੂਆਂ ਦੀ ਨਾਕਾਮੀ ਕਰਕੇ ਜਨਤਕ ਸੇਵਾਵਾਂ ਦੇਸ਼ ਵਿਚ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਦੇਸ਼ ਦੀ ਆਰਥਿਕਤਾ ਮਾੜੀ ਸਥਿਤੀ ਵਿਚ ਪੁੱਜ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਸਮੁੱਚੇ ਢਾਂਚੇ ਵਿਚ ਵਿਉਂਤਬੱਧ ਸੁਧਾਰ ਕੀਤੇ ਜਾਣ ਅਤੇ ਖਾਨਾਜੰਗੀ (1975-1990) ਤੋਂ ਬਾਅਦ ਦੇਸ਼ ਦੀ ਰਾਜਨੀਤਕ ਵਿਵਸਥਾ ਭਾਵ ਸੰਸਦ ਤੇ ਕਾਰਜਕਾਰਨੀ ਵਿਚ ਲਾਗੂ ਕੀਤਾ ਗਿਆ ਨਸਲੀ ਤੇ ਧਾਰਮਕ ਆਧਾਰ ’ਤੇ ਰਾਖਵਾਂਕਰਨ ਖਤਮ ਕੀਤਾ ਜਾਵੇ। ਇਸ ਅੰਦੋਲਨ ਦੇ ਦਬਾਅ ਕਾਰਨ ਅਤੇ ਦੇਸ਼ ਵਿਚ ਪਸਰੇ ਆਰਥਕ ਸੰਕਟ ਨੂੰ ਹੱਲ ਕਰਨ ਵਿਚ ਨਾਕਾਮ ਰਹਿਣ ਤੇ ਕੁਝ ਨਵੇਂ ਟੈਕਸ ਲਾਉਣ ਕਰਕੇ ਪੈਦਾ ਹੋਏ ਜਨਤਕ ਗੁੱਸੇ ਦੇ ਮੱਦੇਨਜ਼ਰ ਹੀ 29 ਅਕਤੂਬਰ ਨੂੰ ਉਸ ਵੇਲੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਅਦ ਹਰੀਰੀ ਨੂੰ ਆਪਣੇ ਅਹੁਦੇ ਨੂੰ ਤਿਆਗਣਾ ਪਿਆ ਸੀ ਅਤੇ ਹਸਨ ਦਿਆਬ ਲਗਭਗ ਇਕ ਮਹੀਨੇ ਚੱਲੀ ਸਹਿਮਤੀ ਪ੍ਰਕਿਰਿਆ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਨਿਯੁਕਤ ਹੋਏ ਸਨ।
ਜਨਵਰੀ ਦੇ ਸ਼ੁਰੂ ਵਿਚ ਅਮਰੀਕੀ ਡਾਲਰਾਂ ਨੂੰ ਕਢਵਾਉਣ ਉਤੇ ਬੈਂਕਾਂ ਵਲੋਂ ਲਾਈਆਂ ਗਈਆਂ ਬੰਦਸ਼ਾਂ ਵਿਰੁੱਧ ਬੈਂਕਾਂ ਤੇ ਦੇਸ਼ ਦੇ ਕੇਂਦਰੀ ਬੈਂਕ ਸਾਹਮਣੇ ਰੋਸ ਮੁਜ਼ਾਹਰਿਆਂ ਦੇ ਰੂਪ ਵਿਚ ਜਨ ਸੰਘਰਸ਼ ਮੁੜ ਸ਼ੁਰੂ ਹੋ ਗਿਆ ਸੀ ਕਿਉਂਕਿ ਇੱਥੇ ਲੋਕ ਅਮਰੀਕੀ ਡਾਲਰ ਦੀ ਨਿੱਤ ਦਿਨ ਇਕ ਬਦਲਵੀਂ ਕਰੰਸੀ ਦੇ ਰੂਪ ਵਿਚ ਵਰਤੋਂ ਕਰਦੇ ਹਨ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਦਿਆਬ ਉਨ੍ਹਾਂ ਨੂੰ ਸਮਰਥਨ ਦੇਣ ਵਾਲੀਆਂ ਕੁਝ ਰਾਜਨੀਤਕ ਧਿਰਾਂ, ਵਿਸ਼ੇਸ਼ ਰੂਪ ਵਿਚ ਹਿਜਬੁਲਾਹ ਵਲੋਂ ਇਕ ਟੈਕਨੋਕ੍ਰੇਟਸ ਅਧਾਰਤ ਮੰਤਰੀ ਮੰਡਲ ਬਨਾਉਣ ਦੀ ਯੋਜਨਾ ਪ੍ਰਤੀ ਅਸਹਿਮਤੀ ਕਰਕੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨ ਵਿਚ ਅਸਫਲ ਰਿਹਾ ਸੀ। ਹੁਣ ਰਾਸ਼ਟਰਪਤੀ ਮਾਈਕਲ ਔਊਨ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਫੌਰੀ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ ਹੈ।

Scroll To Top