Now Reading
8 ਜਨਵਰੀ ਨੂੰ ਪੰਜਾਬ ਬੰਦ ਸਫ਼ਲ ਬਣਾਉਣ ਦਾ ਸੱਦਾ

8 ਜਨਵਰੀ ਨੂੰ ਪੰਜਾਬ ਬੰਦ ਸਫ਼ਲ ਬਣਾਉਣ ਦਾ ਸੱਦਾ

ਜਲੰਧਰ, 23 ਦਸੰਬਰ-ਸੀਟੀਯੂ ਪੰਜਾਬ ਵਲੋਂ ਪੰਜਾਬ ਦੀਆਂ ਸਮੂਹ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਨਾਲ ਮਿਲ ਕੇ 8 ਜਨਵਰੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ‘8 ਜਨਵਰੀ ਪੰਜਾਬ ਬੰਦ’ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ, ਉਪਰੋਕਤ ਫੈਸਲਾ ਸੈਂਟਰ ਆਫ ਟਰੇਡ ਯੂਨੀਅਨਜ਼ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਦੀ ਪ੍ਰਧਾਨਗੀ ਹੇਠ 352/1 ਗੜਾ ਜਲੰਧਰ ਵਿਖੇ  ਯੂਨੀਅਨ ਦੇ ਸੂਬਾਈ ਦਫਤਰ ਹੋਇਆ।
ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਅੱਜ ਮੀਟਿੰਗ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਉੱਤੇ 8 ਜਨਵਰੀ 2020 ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਮੁੱਖ ਅਜੰਡਾ ਰਿਹਾ ਕਿਉਂਕਿ ਕੇਂਦਰ ਸਰਕਾਰ ਤੇ ਕਾਬਜ਼ ਆਰ ਐਸ ਐਸ ਦੀ ਅਗਵਾਈ ਹੇਠ ਬੀਜੇਪੀ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਮਜਦੂਰ ਜਮਾਤ ਦਾ ਖੂਨ ਚੂਸਣ ਅਤੇ ਉਨ੍ਹਾਂ ਦੀ ਖੁਲ੍ਹੀ ਆਰਥਿਕ ਲੁੱਟ ਕਰਨ ਲਈ 44 ਲੇਬਰ ਪੱਖੀ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਕੇ ਵੱਡੇ ਪੂੰਜੀਪਤੀ ਘਰਾਣਿਆਂ ਦੇ ਪੱਖ ਵਿੱਚ ਬਣਾਏ ਜਾਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ, ਲੋਕਾਂ ਦੇ ਗੂੜ੍ਹੇ ਖੂਨ ਪਸੀਨੇ ਦੀ ਬੈਂਕਾਂ ਵਿੱਚ ਜਮਾਂ ਕਮਾਈ ਲੁਟੇਰੇ ਪੂੰਜੀਪਤੀ ਘਰਾਣਿਆਂ ਨੂੰ ਕਰੋੜਾਂ ਰੁਪਏ ਟੈਕਸ ਛੋਟਾਂ ਅਤੇ ਉਨ੍ਹਾਂ ਦੇ ਅਰਬਾਂ ਖਰਬਾਂ ਰੁਪਿਆਂ ਦੇ ਕਰਜ਼ਿਆਂ ਨੂੰ ਮੁਆਫ ਕਰਕੇ ਲੁਟਾਇਆ ਜਾ ਰਿਹਾ ਹੈ, ਦੇਸ਼ ਅੰਦਰ ਲਾਗੂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਕਾਰਨ ਦੇਸ਼ ਡੂੰਘੇ ਆਰਥਿਕ ਸੰਕਟ ਵੱਲ ਵਧ ਰਿਹਾ ਹੈ ਜਿਸ ਕਾਰਨ ਬੇਰੁਜ਼ਗਾਰੀ ਦਾ ਅੰਕੜਾ ਪਿਛਲੇ 45 ਸਾਲਾਂ ਇਤਿਹਾਸ ਦੇ ਅਰਸੇ ਨੂੰ ਵੀ ਮਾਤ ਪਾ ਗਿਆ, ਲਗਾਤਾਰ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਮੋਦੀ ਸਰਕਾਰ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਆਰਐਸਐਸ ਦੀ ਫਿਰਕੂ ਵਿਚਾਰਧਾਰਾ ਦੇ ਤਹਿਤ ਲੋਕਾਂ ਦਾ ਧਿਆਨ ਜੀਵਨ ਨਾਲ ਜੁੜੇ ਮੁੱਦਿਆਂ ਰੋਟੀ- ਕੱਪੜਾ- ਮਕਾਨ, ਮਹਿੰਗਾਈ, ਬੇਰੁਜ਼ਗਾਰੀ, ਵਿੱਦਿਆ, ਸਿਹਤ ਸਹੂਲਤਾਂ, ਘੱਟੋ ਘੱਟ ਉਜਰਤ 21000 ਰੁਪਏ, ਦਿਹਾੜੀ 700 ਰੁਪਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਿਸਾਨੀ ਜਿਣਸਾਂ ਦੇ ਲਾਹੇਵੰਦ ਭਾਅ ਦੇਣ ਅਤੇ ਗੁਜ਼ਾਰੇਯੋਗ ਬੁਢਾਪਾ ਪੈਨਸ਼ਨ ਦੇਣ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਜਾਤਪਾਤ ਧਰਮ ਅਧਾਰਿਤ ਅਤੇ ਇਲਾਕਾਈ ਫਿਰਕੂ ਨਾਅਰਿਆਂ ਨੂੰ ਅਮਲ ਵਿਚ ਲਿਆਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ, ਦੇਸ਼ ਅੰਦਰ ਫਿਰਕੂ ਤਨਾਅ ਪੈਦਾ ਕੀਤਾ ਜਾ ਰਿਹਾ ਹੈ ਜਿਸ ਤੋਂ ਮਜਦੂਰ ਜਮਾਤ ਨੂੰ ਸੂਚੇਤ ਕਰਨ ਲਈ ਵੀ ਵਿਚਾਰ ਚਰਚਾ ਕੀਤੀ ਗਈ।
8 ਜਨਵਰੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਸਨਅਤੀ ਅਦਾਰਿਆਂ ਵਿਚ ਕੰਮ ਕਰਦੇ ਮਜ਼ਦੂਰ, ਨਿਰਮਾਣ ਕਾਮੇ, ਭੱਠਾ ਮਜ਼ਦੂਰ, ਘਰੇਲੂ ਮਜਦੂਰ, ਟਰਾਲਿਆਂ ਵਾਲੇ ਅਤੇ ਮਨਰੇਗਾ ਵਰਕਰਾਂ ਵੀ ਇਕ ਦਿਨ ਆਪਣੇ ਆਪਣੇ ਏਰੀਏ ਹੜਤਾਲ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਦੇਸ਼ ਭਰ ਦੇ ਲਗਭਗ 250 ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਦੇ ਸੱਦੇ ਦਾ ਧੰਨਵਾਦ ਕੀਤਾ ਗਿਆ ਹੈ। ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।

Scroll To Top