ਪਠਾਨਕੋਟ, 1 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਲਗਾਤਾਰ ਵਧ ਰਹੀ ਮਹਿੰਗਾਈ ਦੇ ਅਨੁਸਾਰ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਨ, ਮਜ਼ਦੂਰਾਂ ਲਈ ਪੱਕੇ ਕਵਾਟਰਾਂ ਬਿਜਲੀ ਪਾਣੀ ਤੇ ਸ਼ੌਚਾਲਯ ਦਾ ਪ੍ਰਬੰਧ ਕੀਤਾ ਜਾਵੇ, ਮਿੱਟੀ ਪੁਟਾਈ ਦੇ ਪੈਸੇ ਵਸੂਲਣੇ ਬੰਦ ਕੀਤੇ ਜਾਣ, ਜਮਾਂਦਾਰਾਂ ਨੂੰ ਸਰਕਾਰੀ ਰੇਟ ਅਨੁਸਾਰ ਪੂਰੀ ਜਮਾਂਦਾਰੀ ਕਮਿਸ਼ਨ ਦਿੱਤੀ ਜਾਵੇ, ਮਜ਼ਦੂਰਾਂ ਦੇ ਛੋਟੇ ਬੱਚਿਆਂ ਲਈ ਭੱਠਿਆਂ ਨੇੜੇ ਆਂਗਣਵਾੜੀ ਸੈਂਟਰ ਅਤੇ ਘੱਟੋ ਘੱਟ ਪ੍ਰਾਇਮਰੀ ਸਕੂਲ ਖੋਲੇ ਜਾਣ ਅਤੇ ਹੋਰ ਮੰਗਾਂ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਇਕ ਮੰਗ ਪੱਤਰ 18 ਮਾਰਚ ਨੂੰ ਅਸਿਸਟੈਂਟ ਲੇਬਰ ਕਮਿਸ਼ਨਰ ਜਿਲ੍ਹਾ ਪਠਾਨਕੋਟ ਨੂੰ ਦਿੱਤਾ ਗਿਆ ਸੀ। ਮੰਗ ਪੱਤਰ ਦੇ ਨਿਪਟਾਰੇ ਲਈ ਲੇਬਰ ਅਫਸਰ ਜ਼ਿਲ੍ਹਾ ਪਠਾਨਕੋਟ ਨੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਭੱਠਾ ਮਾਲਕ ਐਸੋਸੀਏਸ਼ਨ ਜਿਲ੍ਹਾ ਪਠਾਨਕੋਟ ਵਿਚਕਾਰ ਸਮਝੌਤਾ ਵਾਸਤੇ ਗੱਲਬਾਤ ਲਈ ਆਪਣੇ ਦਫਤਰ ਬੁਲਾਇਆ ਸੀ ਪਰ ਲੇਬਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਭੱਠਾ ਮਾਲਕਾਂ ਨੂੰ ਵੇਲੇ ਸਿਰ ਮੀਟਿੰਗ ਦੀ ਇਤਲਾਹ ਨਾ ਦੇਣ ਕਰਕੇ ਅੱਜ ਗੱਲਬਾਤ ਵਿੱਚ ਭੱਠਾ ਮਾਲਕ ਨਹੀਂ ਆਏ। ਸਮਝੌਤੇ ਲਈ ਟੇਬਲ ਟਾਕ ਦਾ ਅਗਲਾ ਸਮਾਂ 8 ਅਪ੍ਰੈਲ ਨਿਸਚਿਤ ਕੀਤਾ ਹੈ।
ਪ੍ਰੈਸ ਨਾਲ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਦੱਸਿਆ ਕਿ ਮਜ਼ਦੂਰਾਂ ਅਤੇ ਜਮਾਂਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਮੈਂਬਰ ਸਾਰੇ ਜਮਾਂਦਾਰਾਂ ਨੇ ਮੀਟਿੰਗ ਕਰਕੇ ਇਕ ਕਮੇਟੀ ਦੀ ਚੋਣ ਕੀਤੀ, ਜਿਸ ਵਿੱਚ ਪਰਦੇਸੀ ਜਮਾਂਦਾਰ ਪ੍ਰਧਾਨ, ਉਤਰਾ ਕੁਮਾਰ ਤੇ ਕੌਸ਼ਲ ਪ੍ਰਸ਼ਾਦ ਮੀਤ ਪ੍ਰਧਾਨ, ਦਿਆ ਰਾਮ ਜਨਰਲ ਸਕੱਤਰ, ਰਾਮ ਦਿਆਲ ਤੇ ਗੌਰੀ ਰਾਮ ਸਹਾਇਕ ਸਕੱਤਰ, ਅਨੰਦ ਪਟੇਲ ਕੈਸ਼ੀਅਰ, ਕਾਮਰੇਡ ਮਨਹਰਨ ਸਲਾਹਕਾਰ, ਸੰਤੋਸ਼ ਕੁਮਾਰ, ਰਮੇਸ਼ ਕੁਮਾਰ ਰਾਮਾਨੰਦ ਰਾਮ ਲਾਲ ਰਵੀ ਕੁਮਾਰ ਜੰਮੂ ਲਾਲ ਸਾਖਨ ਕੁਮਾਰ ਤੇ ਹੋਰ ਜਮਾਂਦਾਰ ਕਮੇਟੀ ਮੈਂਬਰ ਹੋਣਗੇ। ਚੋਣ ਉਪਰੰਤ ਫੈਸਲਾ ਕੀਤਾ ਕਿ ਸਰਕਾਰੀ ਰੇਟ ਅਨੁਸਾਰ ਪੂਰੀ ਜਮਾਂਦਾਰੀ ਕਮਿਸ਼ਨ ਲਈ ਜਾਵੇਗੀ ਘੱਟ ਜਮਾਂਦਾਰੀ ਕਮਿਸ਼ਨ ਦੇਣ ਵਾਲਾ ਭੱਠਾ ਮਾਲਕ ਟੂਟ/ਬਕਾਇਆ ਤੇ ਹੋਰ ਘਾਟੇ ਵਾਧੇ ਦਾ ਖੁਦ ਜਿੰਮੇਵਾਰ ਹੋਵੇਗਾ, ਦੂਸਰਾ ਫੈਸਲਾ ਇਹ ਹੋਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਮਜ਼ਦੂਰ ਵਿਰੋਧੀ ਫੈਸਲਿਆਂ ਦੇ ਖਿਲਾਫ 4 ਅਪ੍ਰੈਲ 2021 ਨੂੰ ਲੁਧਿਆਣਾ ਵਿਖੇ ਮਜ਼ਦੂਰ ਕਨਵੈਨਸ਼ਨ ਵਿਚ ਭੱਠਾ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
