Now Reading
2 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ‘ਤੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਾਲਕ ਦੇਣਗੇ ਧਰਨਾ

2 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ‘ਤੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਾਲਕ ਦੇਣਗੇ ਧਰਨਾ

ਗੁਰਦਾਸਪੁਰ, 30 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਿਵਲ ਅਤੇ ਪੁਲਿਸ ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਵਲੋਂ ਆਟੋ ਰਿਕਸ਼ਾ ਚਾਲਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਈ ਰਿਕਸ਼ਾ ਚਾਲਕਾਂ ਦੀ ਜਥੇਬੰਦੀ ਦੇ ਚੇਅਰਮੈਨ ਦਿਨੇਸ਼ ਕੁਮਾਰ ਮੁਨਾ, ਰਜੇਸ਼ ਕੁਮਾਰ ਅਤੇ ਲਾਲ ਝੰਡਾ ਆਟੋ ਰਿਕਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਪਰਮ ਕੁਲਜੀਤ ਸਿੰਘ ਰੰਧਾਵਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਉਹ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰਾਂ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਲੋਕਾਂ ਵਲੋਂ ਆਪਣੇ ਰਾਜਨੀਤਕ ਅਸਰ ਰਸੂਖ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੂੰ ਜਬਰੀ ਆਟੋ ਚਲਾਉਣ ਤੋਂ ਰੋਕਿਆ ਜਾ ਰਿਹਾ ਅਤੇ ਟੈਂਪੂ ਵਿੱਚ ਬੈਠੀਆਂ ਸਵਾਰੀਆਂ ਨੂੰ ਉਤਾਰ ਲਿਆ ਜਾਂਦਾ ਹੈ ਤੇ ਗਾਲੀ ਗਲੋਚ ਵੀ ਕੀਤਾ ਜਾਂਦਾ ਹੈ। ਹਰ ਵੇਲੇ ਝਗੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।

ਇਸ ਸਬੰਧੀ ਲਾਲ ਝੰਡਾ ਆਟੋ ਰਿਕਸ਼ਾ ਵਰਕਰਜ਼ ਯੂਨੀਅਨ ਸਬੰਧਤ ਸੀਟੀਯੂ ਪੰਜਾਬ ਵਲੋਂ ਇੱਕ ਮੰਗ ਪੱਤਰ ਜੁਲਾਈ 2021 ਨੂੰ ਐਸਐਸਪੀ ਗੁਰਦਾਸਪੁਰ ਅਤੇ ਇਕ ਮੰਗ ਪੱਤਰ 18 ਅਗਸਤ ਨੂੰ ਸਕੱਤਰ ਆਰਟੀਏ ਗੁਰਦਾਸਪੁਰ ਨੂੰ ਦਿੱਤਾ ਗਿਆ ਸੀ ਪਰ ਹੁਣ ਤੱਕ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਸੀ ਟੀ ਯੂ ਪੰਜਾਬ ਦੇ ਵਿਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵੀ ਮੰਗ ਪੱਤਰ ਦਿੱਤਾ ਸੀ ਪਰ ਆਟੋ ਰਿਕਸ਼ਾ ਚਾਲਕਾਂ ਦੀ ਸੁਣਵਾਈ ਤਾਂ ਕੀ ਹੋਣੀ ਸੀ, ਉਲਟਾ ਈ ਰਿਕਸ਼ਾ ਚਾਲਕਾਂ ਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਧੱਕੇਸ਼ਾਹੀ ਰੁਕਣ ਦੀ ਬਜਾਏ ਵੱਧਦੀ ਜਾ ਰਹੀ ਹੈ। ਇਸ ਦੇ ਰੋਸ ਵਜੋਂ ਅੱਜ ਪੁਡਾ ਪਾਰਕ ਜੇਲ੍ਹ ਰੋਡ ਤੇ ਸੈਕੜੇ ਆਟੋ ਚਾਲਕਾਂ ਇਕੱਠੇ ਹੋ ਕੇ ਮੀਟਿੰਗ ਕਰਨ ਉਪਰੰਤ 2 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵਿਖੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਾਲਕ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਵਿਸ਼ਾਲ ਧਰਨਾ ਦੇਣਗੇ ਅਤੇ ਅਗਲੇ ਐਕਸ਼ਨ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਜਦੋਂ ਤੱਕ ਮੰਗਾਂ/ ਮੁਸ਼ਕਲਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਈ ਰਿਕਸ਼ਾ ਚਾਲਕ ਯੂਨੀਅਨ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ, ਕੇਸ਼ੀਅਰ ਅਮਰਪਰਦੀਪ, ਮੀਤ ਪ੍ਰਧਾਨ ਮਹਿੰਦਰ ਪਾਲ, ਰਿੰਕੂ ਸਿੰਘ, ਆਟੋ ਰਿਕਸ਼ਾ ਵਰਕਰਜ਼ ਯੂਨੀਅਨ ਦੇ ਆਗੂ ਮੀਤ ਪ੍ਰਧਾਨ ਸਵਿੰਦਰ ਸਿੰਘ, ਰਾਜ ਕੁਮਾਰ, ਸੁਖਦੇਵ ਰਾਜ, ਸਰਬਜੀਤ ਸਿੰਘ, ਅਸ਼ਵਨੀ ਕੁਮਾਰ ਜੱਸੀ, ਮਦਨ ਲਾਲ, ਕੁਲਦੀਪ ਸਿੰਘ, ਨਸੀਬ ਚੰਦ, ਵਿਨੋਦ ਕੁਮਾਰ, ਅਸ਼ੋਕ ਕੁਮਾਰ, ਕਸ਼ਮੀਰ ਚੰਦ ਅਤੇ ਹੋਰ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

Scroll To Top