ਡਾ. ਰਘਬੀਰ ਕੌਰ
ਅੰਮ੍ਰਿਤਸਰ ਸ਼ਹਿਰ ਦੇ ਜਲ੍ਹਿਆਂਵਾਲੇ ਬਾਗ ਵਿਚ 13 ਅਪ੍ਰੈਲ 1919 ਨੂੰ ਵਾਪਰਿਆ ਖੂਨੀ ਸਾਕਾ, ਬਰਤਾਨਵੀ ਸਾਮਰਾਜ ਦੇ ਵਹਿਸ਼ੀ ਕਾਰੇ ਦਾ ਸ਼ਹੀਦਾਂ ਦੇ ਲਹੂ ਨਾਲ ਲਿਖਿਆ ਗਿਆ, ਭਾਰਤ ਦੇ ਇਤਿਹਾਸ ਦਾ ਇਕ ਅਭੁੱਲ ਅਧਿਆਇ ਹੈ। ਇਤਿਹਾਸ ਗਵਾਹ ਹੈ ਕਿ ਕਿਸੇ ਸ਼ਾਂਤਮਈ ਇਕੱਠ, ਜਲਸੇ ਜਾਂ ਰੋਹ ਪ੍ਰਗਟਾ ਰਹੇ ਲੋਕਾਂ ਉਪਰ ਭਾਰਤ ਅੰਦਰ ਪਹਿਲਾਂ ਨਾ ਕਦੇ ਏਨੀਆਂ ਗੋਲੀਆਂ ਚੱਲੀਆਂ ਸਨ ਤੇ ਨਾ ਕਦੇ ਏਨੇ ਲੋਕ ਮਾਰੇ ਗਏ ਸਨ। ਸਾਮਰਾਜ ਦੇ ਇਸ ਜ਼ਾਲਮਾਨਾ ਖੂਨੀ ਸਾਕੇ ਨੇ ਭਾਰਤੀਆਂ ਵਿਸ਼ੇਸ਼ ਤੌਰ ‘ਤੇ ਪੰਜਾਬੀਆਂ ਦੀ ਆਤਮਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਬਰਤਾਨਵੀ ਹਕੂਮਤ ਦੇ ਖਿਲਾਫ਼ ਨਫਰਤ ਅਤੇ ਰੋਹ ਦੀ ਭਾਵਨਾ ਤੇ ਭਾਂਬੜ ਬਲ਼ ਉਠੇ। ਇਹ ਸਾਕਾ, ਜਾਬਰ ਸਾਮਰਾਜ ਵਿਰੁੱਧ ਭਾਰਤੀ ਕੌਮ ਵਲੋਂ ਟੱਕਰ ਲੈਣ ਦੀ ਲਾਸਾਨੀ ਮਿਸਾਲ ਸੀ ਜਿਹੜਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਅੱਜ ਜਦੋਂ ਸਮੁੱਚੇ ਦੇਸ਼ ਦੀਆਂ ਰਾਜਸੀ ਧਿਰਾਂ ਅਤੇ ਵੱਖ ਵੱਖ ਜਥੇਬੰਦੀਆਂ ਇਸ ਖੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਨੂੰ ਆਪੋ ਆਪਣੇ ਢੰਗ ਨਾਲ ਮਨਾਉਣ ਲਈ ਯਤਨਸ਼ੀਲ ਹਨ ਤਾਂ ਸਾਨੂੰ ਇਸ ਸਾਕੇ ਦੇ ਵਾਪਰਨ ਦੇ ਤਤਕਾਲੀ ਕਾਰਨਾਂ ਤੇ ਸੰਖੇਪ ਝਾਤ ਮਾਰਦਿਆਂ ਇਸ ਨੂੰ ਅਜੋਕੇ ਸੰਦਰਭ ਵਿਚ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਜਾਪਦੀ ਹੈ। ਇਹ ਵਿਚਾਰਨ ਦੀ ਲੋੜ ਵੀ ਹੈ ਕਿ ਇਸ ਸਾਕੇ ਨੇ ਜਿਹਨਾਂ ਦੇਸ਼ ਭਗਤਾਂ ਦੇ ਮਨਾਂ ਅੰਦਰ ਅਤੇ ਪੈਰਾਂ ਹੇਠ ਅੱਗ ਬਾਲ ਦਿੱਤੀ ਅਤੇ ਉਹਨਾਂ ਨੇ ਸਾਮਰਾਜ ਦੀ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਸੰਪੂਰਨ ਆਜ਼ਾਦੀ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਫਾਂਸੀਆਂ ਦੇ ਰੱਸੇ ਚੁੰਮੇ, ਕੀ ਅਜੋਕਾ ਸਮਾਜ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਹੈ?
ਇਸ ਖ਼ੂਨੀ ਸਾਕੇ ਦਾ ਪਿਛੋਕੜ
ਭਾਰਤ ਨੂੰ ਕਦੇ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ। ਅੰਗਰੇਜੀ ਸਾਮਰਾਜ ਨੇ ਇੱਥੋਂ ਦੀ ਮਨੁੱਖੀ ਸ਼ਕਤੀ ਅਤੇ ਧੰਨ ਦੌਲਤ ਲੁੱਟ ਕੇ 250 ਸਾਲ ਦੇ ਕਰੀਬ ਰਾਜ ਕੀਤਾ ਅਤੇ ਇਸ ਸੋਨ ਚਿੜੀ ਦੇ ਇਕ ਇਕ ਖੰਭ ਨੂੰ ਨੋਚਿਆ। ਸੰਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਕੋਝੀਆਂ ਰਾਜਸੀ ਚਾਲਾਂ ਵਰਤ ਕੇ ਪੰਜਾਬ ਨੂੰ ਵੀ ਉਹਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਅੰਗਰੇਜ਼ੀ ਹਕੂਮਤ ਵਲੋਂ ਆਪਣੀ ਪਰਜ਼ਾ ਨਾਲ ਕੀਤੇ ਜਾਂਦੇ ਜ਼ਾਲਮਾਨਾ ਵਰਤਾਰੇ ਕਾਰਨ ਚਾਰ ਚੁਫੇਰਿਓਂ ਬਗਾਵਤੀ ਸੁਰਾਂ ਉਠਣ ਲੱਗ ਪਈਆਂ ਸਨ। ਜਿਹਨਾਂ ਵਿਚੋਂ 1857 ਦੀ ਗ਼ਦਰ ਲਹਿਰ, 1869 ਵਿਚ ਬਾਬਾ ਰਾਮ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਅੰਗਰੇਜ਼ੀ ਰਾਜ ਦੇ ਬਾਈਕਾਟ ਲਈ ਚਲਾਇਆ ‘ਕੂਕਾ ਲਹਿਰ’ ਦਾ ਸ਼ਾਂਤਮਈ ਅੰਦੋਲਨ, 1907 ਵਿਚ ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ‘ਪੱਗੜੀ ਸੰਭਾਲ ਜੱਟਾ’ ਲਹਿਰ ਅਤੇ 1913-14 ਵਿਚ ਗ਼ਦਰ ਪਾਰਟੀ ਦੀ ਸੰਪੂਰਨ ਆਜ਼ਾਦੀ ਦੀ ਲਹਿਰ ਸ਼ਾਮਲ ਸਨ।
ਜੁਲਾਈ 1914 ਵਿਚ ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਮਹਾਤਮਾ ਗਾਂਧੀ ਨੇ ਕੁੱਝ ਹੋਰ ਸਿਆਸੀ ਰਿਆਇਤਾਂ ਦੀ ਝਾਕ ਵਿਚ ਬਰਤਾਨਵੀ ਸਾਮਰਾਜ ਨਾਲ, ਜੰਗ ਜਿੱਤਣ ਦੀ ਸੂਰਤ ਵਿਚ, ਭਾਰਤ ਨੂੰ ਸਵਰਾਜ ਦੇਣ ਦਾ ਇਕਰਾਰ ਕਰਕੇ ਉਹਨਾਂ ਨੂੰ ਭਾਰਤੀ ਫੌਜੀ ਅਤੇ ਆਰਥਿਕ ਸਹਾਇਤਾ ਦੇਣ ਦੇ ਸਮਝੌਤੇ ‘ਤੇ ਦਸਤਖਤ ਕਰ ਦਿੱਤੇ। ਯੱੁੱਧ ਵਿਚ ਬਹੁਤ ਸਾਰੇ ਸੈਨਿਕ ਮਾਰੇ ਗਏ, ਜਖਮੀ ਹੋਏ ਸੈਨਿਕ ਇਲਾਜ਼ ਦੀ ਘਾਟ ਕਾਰਨ ਮਰ ਗਏ ਅਤੇ ਬਹੁਤੇ ਗੁੰਮ ਹੋਏ ਐਲਾਨ ਕਰ ਦਿੱਤੇ ਗਏ। ਉਸ ਸਮੇਂ ਤੱਕ ਕਿਸਾਨੀ ਦੀ 250 ਕਰੋੜ ਏਕੜ ਜ਼ਮੀਨ ਗਹਿਣੇ ਪੈ ਚੁੱਕੀ ਸੀ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਸੀ ਉਪਰੋਂ ਹਕੂਮਤ ਨੇ ਨਕਦ ਮਾਮਲੇ ਦੀ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ। ਇਕ ਪਾਸੇ ਹਕੂਮਤ ਦਾ ਕਹਿਰ ਤੇ ਦੂਜੇ ਪਾਸੇ ਕੁਦਤਰੀ ਕਰੋਪੀ ਦੀ ਮਾਰ ਵੀ ਲੋਕਾਂ ਨੂੰ ਝੱਲਣੀ ਪਈ ਸੀ। ਮੀਂਹ ਨਾ ਪੈਣ ਕਾਰਨ ਦੇਸ਼ ਵਿਚ ਅਕਾਲ ਪੈ ਗਿਆ। ਲੋਕ ਭੁੱਖ ਨਾਲ ਮਰਨ ਲੱਗੇ। ਪਲੇਗ ਫੈਲ ਗਈ। ਮੌਤਾਂ ਨਾਲ ਘਰਾਂ ਦੇ ਘਰ ਖਾਲੀ ਹੋ ਗਏ। ਜ਼ਾਲਮ ਹਕੂਮਤ ਨੇ ਆਪਣੇ ਬਰਤਾਨਵੀ ਖ਼ਜਾਨੇ ਨੂੰ ਮਾਲਾਮਾਲ ਕਰਨ ਲਈ ਭਾਰਤੀ ਜਨਤਾ ਦੀ ਲਹੂ ਪਸੀਨੇ ਦੀ ਕਮਾਈ ਵਚੋਂ ਕਰੋੜਾਂ ਦੀ ਰਾਸ਼ੀ ਸੁਗਾਤ ਵਜੋਂ ਬਰਤਾਨੀਆਂ ਨੂੰ ਭੇਜ ਦਿੱਤੀ। ਹੁਣ ਭਾਰਤੀ ਲੋਕਾਂ ਦੇ ਮਨਾਂ ਅੰਦਰ ਆਪਣੀ ਕੌਮੀ ਆਜ਼ਾਦੀ ਦੀ ਚਿਣਗ ਸੁਲਗਣ ਲੱਗ ਪਈ ਸੀ। ਅੰਗਰੇਜ਼ ਸਰਕਾਰ ਨੇ ਭਾਰਤੀਆਂ ਵਿਚ ਪੈਦਾ ਹੋਈ ਆਜ਼ਾਦੀ ਦੀ ਭਾਵਨਾ ਨੂੰ ਕੁਚਲਣ ਲਈ ਆਪਣੇ ਕੀਤੇ ਸਮਝੌਤੇ ਦੇ ਉਲਟ ਸਵਰਾਜ ਦੇਣ ਦੀ ਥਾਂ 18 ਮਾਰਚ 1919 ਨੂੰ ਕਾਲਾ ਕਾਨੂੰਨ ਪਾਸ ਕਰਕੇ ਰੌਲਟ ਐਕਟ ਦੇ ਨਾਂਮ ਹੇਠ ਲੋਕਾਂ ਉਤੇ ਠੋਸ ਦਿੱਤਾ। ਰੌਲਟ ਐਕਟ ਕਮੇਟੀ ਦੀ ਰਿਪੋਰਟ ਵਿਚੋਂ ਕੁਝ ਸੰਖੇਪ ਜਾਣਕਾਰੀ ਇਸ ਪ੍ਰਕਾਰ ਮਿਲਦੀ ਹੈ।
ਰੌਲਟ ਐਕਟ ਦੇ ਕਾਲੇ ਕਾਨੂੰਨ ਵਿਰੁੱਧ
ਭੜਕਿਆ ਵਿਆਪਕ ਜਨਤਕ ਰੋਹ
ਕੋਈ ਵੀ ਭਾਰਤੀ ਹੁਣ ਨਾ ਦਲੀਲ, ਨਾ ਵਕੀਲ, ਨਾ ਅਪੀਲ ਕਰ ਸਕਦੇ ਸਨ। ਕਿਸੇ ਵੀ ਭਾਰਤੀ ਦੀ ਬਿਨਾਂ ਵਰੰਟ ਤਲਾਸ਼ੀ ਲਈ ਜਾ ਸਕਦੀ ਸੀ ਅਤੇ ਸ਼ੱਕ ਦੇ ਆਧਾਰ ਤੇ ਬਿਨਾਂ ਵਰੰਟ ਫੜ੍ਹਿਆ ਜਾ ਸਕਦਾ ਸੀ। ਹਰ ਤਰ੍ਹਾਂ ਦਾ ਜ਼ੁਲਮ ਤੇ ਅਤਿਆਚਾਰ ਕਰਕੇ ਉਸਨੂੰ ਜਬਰੀ ਮਨਾਇਆ ਜਾ ਸਕਦਾ ਸੀ। ਬਿਨਾਂ ਮੁਕੱਦਮਾ ਚਲਾਏ ਅਣਮਿੱਥੇ ਸਮੇਂ ਲਈ ਕੈਦ ਰੱਖਿਆ ਜਾ ਸਕਦਾ ਸੀ। ਦੇਸ਼ ਭਗਤ ਤੇ ਆਜ਼ਾਦੀ ਦੀ ਭਾਵਨਾ ਪੈਦਾ ਕਰਨ ਵਾਲਾ ਸਾਹਿਤ ਫੜੇ ਜਾਣ ਤੇ ਸਖਤ ਸਜ਼ਾ ਦਿੱਤੀ ਜਾ ਸਕਦੀ ਸੀ। ਇਨਕਲਾਬੀ ਕੈਦੀਆਂ (ਦੇਸ਼ ਭਗਤਾਂ) ਦੇ ਪਰਿਵਾਰਾਂ ਨੂੰ ਮਦਦ ਦੇਣ ਵਾਲੇ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾ ਸਕਦੀ ਸੀ। ਗੁਪਤ ਮੁਕੱਦਮੇਂ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਸਰੇ ਹੀ ਲੰਮੀਆਂ ਕੈਦਾਂ ਕੀਤੀਆਂ ਜਾ ਸਕਦੀਆਂ ਸਨ। ਉਸ ਵੇਲੇ ਦੇ ਪ੍ਰਿੰਟ ਮੀਡੀਆ ਅਖਬਾਰਾਂ ਤੇ ਪਾਬੰਦੀ ਸੀ ਕਿ ਉਹ ਜ਼ੁਲਮ ਦੇ ਖ਼ਿਲਾਫ ਤੇ ਆਜ਼ਾਦੀ ਦੇ ਹੱਕ ਵਿਚ ਕੁੱਝ ਵੀ ਨਹੀਂ ਲਿਖ ਸਕਦੀਆਂ ਸਨ।
ਰੌਲਟ ਐਕਟ ਦੇ ਪਾਸ ਹੋਣ ਨਾਲ ਲੋਕਾਂ ਦੀਆਂ ਸੁਤੰਤਰਤਾ ਪ੍ਰਤੀ ਆਸਾਂ ਢਹਿ ਢੇਰੀ ਹੋ ਗਈਆਂ ਅਤੇ ਲੋਕਾਂ ਦੇ ਮਨਾਂ ਅੰਦਰ ਕੌਮੀ ਅਪਮਾਨ ਅਤੇ ਧੱਕੇ ਵਿਰੁੱਧ ਰੋਸ ਤੇ ਗੁੱਸੇ ਦੀ ਅੱਗ ਭੜਕ ਉਠੀ। ਮਹਾਤਮਾ ਗਾਂਧੀ ਨੇ ਇਸ ਐਕਟ ਖਿਲਾਫ਼ 30 ਮਾਰਚ 1919 ਨੂੰ ਪੂਰੇ ਦੇਸ਼ ਵਿਚ ਸ਼ਾਂਤਮਈ ਹੜਤਾਲ ਦਾ ਸੱਦਾ ਦਿੱਤਾ ਪਰ ਬਾਅਦ ਵਿਚ ਇਹ ਤਰੀਕ ਬਦਲ ਕੇ 6 ਅਪ੍ਰੈਲ ਕਰ ਦਿੱਤੀ। ਲੋਕਾਂ ਵਿਚ ਗੁੱਸੇ ਦੀ ਭਾਵਨਾ ਏਨੀ ਤੀਬਰ ਸੀ ਕਿ ਬਹੁਤ ਸਾਰੀਆਂ ਥਾਵਾਂ ਉਤੇ ਲੋਕਾਂ ਨੇ 30 ਮਾਰਚ ਨੂੰ ਹੀ ਹੜਤਾਲ ਕਰ ਦਿੱਤੀ। ਅੰਮ੍ਰਿਤਸਰ ਵਿਚ 30,000 ਤੋਂ ਵੱਧ ਲੋਕਾਂ ਨੇ ਹੜਤਾਲ ਵਿਚ ਹਿੱਸਾ ਲਿਆ। ਇਸ ਇਕੱਠ ਨੂੰ ਡਾ. ਸੈਫੂਦੀਨ ਕਿਚਲੂ ਨੇ ਕਾਲੇ ਕਾਨੂੰਨ ਬਾਰੇ ਜਾਗ੍ਰਿਤ ਕੀਤਾ। ਦਿੱਲੀ ਦੀ ਜਾਮਾ ਮਸਜਿਦ ਵਿਚ ਬਹੁਤ ਵੱਡੀ ਗਿਣਤੀ ਵਿਚ ਸਾਂਝਾ ਇਕੱਠ ਹੋਇਆ। 30 ਮਾਰਚ ਦੀ ਇਸ ਜਬਰਦਸਤ ਹੜਤਾਲ ਅਤੇ ਲੋਕ ਰੋਹ ਨੂੰ ਭਾਂਪਦਿਆਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਡਾ. ਸੈਫੂਦੀਨ ਕਿਚਲੂ, ਡਾ. ਸਤਿਆਪਾਲ ਅਤੇ ਕਈ ਹੋਰ ਆਗੂਆਂ ਉਤੇ ਇਕੱਠਾਂ ਵਿਚ ਬੋਲਣ ਅਤੇ ਅਖਬਾਰਾਂ ਵਿਚ ਲਿਖਣ ‘ਤੇ ਪਾਬੰਦੀ ਲਗਾ ਦਿੱਤੀ।
ਰੌਲਟ ਐਕਟ ਦੇ ਮੁਤਾਬਕ ਭਾਵੇਂ ਇਕੱਠ, ਹੜਤਾਲ ਜਾਂ ਜਲੂਸ ਨਹੀਂ ਸੀ ਹੋ ਸਕਦੇ ਪਰ ਲੋਕਾਂ ਨੇ ਇਸਦੀ ਪਰਵਾਹ ਨਾ ਕੀਤੀ ਅਤੇ 6 ਅਪ੍ਰੈਲ ਨੂੰ ਸਾਰੇ ਭਾਰਤ ਵਿਚ ਮੁੜ ਹੜਤਾਲ ਹੋਈ। ਜਨਤਕ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਬੰਦ ਕਰ ਦਿੱਤਾ ਗਿਆ ਸੀ। ਫਿਰ ਵੀ ਅੰਮ੍ਰਿਤਸਰ ਸ਼ਹਿਰ ਵਿਚ 50,000 ਦੇ ਕਰੀਬ ਲੋਕਾਂ ਦਾ ਸ਼ਾਂਤਮਈ ਇਕੱਠ ਹੋਇਆ ਜਿਸਦੀ ਅਗਵਾਈ ਅਬਦੁਲ ਇਸਲਾਮ ਵਲੋਂ ਕੀਤੀ ਗਈ। 9 ਅਪ੍ਰੈਲ ਨੂੰ ਹਿੰਦੂਆਂ ਦੇ ਰਾਮਨੌਮੀ ਦਾ ਤਿਉਹਾਰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਸਾਂਝੇ ਤੌਰ ‘ਤੇ ਮਨਾ ਕੇ ਆਪਣੀ ਏਕਤਾ ਦੀ ਮਿਸਾਲ ਪੈਦਾ ਕੀਤੀ। ਅੰਗਰੇਜ਼ਾਂ ਵਲੋਂ ਲੋਕਾਂ ਨੂੰ ਪਾੜ ਕੇ ਰੱਖਣ ਲਈ ਚੌਕਾਂ ਵਿਚ ਪੀਣ ਵਾਲੇ ਪਾਣੀ ਦੇ ਰੱਖੇ ਹੋਏ ਘੜੇ, ਹਿੰਦੂ ਘੜਾ ਤੇ ਮੁਸਲਿਮ ਘੜਾ, ਤੋੜ ਕੇ ਇਕੋ ਗਿਲਾਸ ਵਿਚ ਪਾਣੀ ਪੀਤੇ ਅਤੇ ਇਕ ਦੂਜੇ ਦੇ ਗਲੇ ਲੱਗ ਕੇ ਮਿਲੇ। ਹਿੰਦੂ, ਮੁਸਲਿਮ ਅਤੇ ਸਿੱਖਾਂ ਦੀ ਇਸ ਬੇਨਜ਼ੀਰ ਏਕਤਾ ਨੇ ਅੰਗਰੇਜ਼ੀ ਸਰਕਾਰ ਦੀ ਨੀਂਦ ਉਡਾ ਦਿੱਤੀ। 10 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਡੀ.ਸੀ. ਨੇ ਡਾ. ਸੈਫੂਦੀਨ ਕਿਚਲੂ ਤੇ ਡਾ. ਸਤਿਆਪਾਲ ਨੂੰ ਗੱਲਬਾਤ ਦੇ ਬਹਾਨੇ ਘਰ ਬੁਲਾ ਕੇ ਗ੍ਰਿਫਤਾਰ ਕਰਕੇ ਦੂਰ ਧਰਮਸ਼ਾਲਾ ਭੇਜ ਕੇ ਨਜ਼ਰਬੰਦ ਕਰਵਾ ਦਿੱਤਾ। ਲਾਹੌਰ ਵਿਚ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਕੋਈ ਹਿੰਦੂ ਕਿਸੇ ਮਸੀਤ ਵਿਚ ਨਹੀਂ ਵੜ ਸਕਦਾ। ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਤੋਂ ਰੋਕ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਦੇ ਮਨਾਂ ਵਿਚ ਗੁੱਸਾ ਹੋਰ ਵੱਧ ਗਿਆ। ਲੋਕਾਂ ਨੇ ਆਪਣੇ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਂ ਥਾਂ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਅਹਿਮਦਾਬਾਦ, ਦਿੱਲੀ, ਲਾਹੌਰ ਅਤੇ ਅੰਮ੍ਰਿਤਸਰ ਵਿਚ ਤਾਂ ਲੋਕ ਰੋਹ ਨੇ ਤੂਫ਼ਾਨ ਹੀ ਖੜਾ ਕਰ ਦਿੱਤਾ। ਅੰਮ੍ਰਿਤਸਰ ਵਿਚ ਲੋਕ ਕਾਲੀਆਂ ਝੰਡੀਆਂ ਲੈ ਕੇ ਆਪਣੇ ਆਗੂਆਂ ਦੀ ਰਿਹਾਈ ਦੀ ਮੰਗ ਕਰਦੇ ਜਦੋਂ ਉਚੇ ਪੁੱਲ ‘ਤੇ ਪਹੁੰਚੇ ਤਾਂ ਫੌਜ ਅਤੇ ਪੁਲਸ ਨੇ ਅੱਗੇ ਨਾ ਜਾਣ ਦਿੱਤਾ। ਉਹ ਧਰਨਾ ਮਾਰ ਕੇ ਬੈਠ ਗਏ। ਸ਼ਾਤਮਈ ਅੰਦੋਲਨਕਾਰੀਆਂ ਤੇ ਗੋਲੀ ਚਲਵਾ ਦਿੱਤੀ ਗਈ। ਕੋਈ 25-26 ਅੰਦੋਲਨਕਾਰੀ ਸ਼ਹੀਦ ਹੋ ਗਏ। ਗੁੱਸੇ ਵਿਚ ਆਏ ਲੋਕਾਂ ਨੇ ਭੰਨ ਤੋੜ ਅਤੇ ਇਕੱੜ ਦੁੱਕੜ ਹੱਥ ਆਏ ਅੰਗਰੇਜ਼ਾਂ ਦੀ ਮਾਰਕੁਟਾਈ ਸ਼ੁਰੂ ਕਰ ਦਿੱਤੀ। ਕਈ ਅੰਗਰੇਜ਼ ਵੀ ਮਾਰੇ ਗਏ। ਇਕ ਅੰਗਰੇਜ ਔਰਤ ਅਰਸ਼ੀਆ ਸ਼ੇਰ ਵੁੱਡ ਨੂੰ ਵੀ ਗਲੀਕੂਚਾ ਕੌੜੀਆਂ ਵਿਚੋਂ ਦੀ ਲੰਘਦਿਆਂ ਸੋਟੀਆਂ ਨਾਲ ਕੁੱਟਿਆ ਗਿਆ। ਅਜਿਹੀਆਂ ਘਟਨਾਵਾਂ ਦੀ ਸੂਚਨਾ ਮਿਲਦਿਆਂ ਲਾਹੌਰ ਬੈਠੇ ਮਾਈਕਲ ਉਡਵਾਇਰ ਨੇ ਜਲੰਧਰ ਵਿਚ ਤਾਇਨਾਤ ਬਰਗੇਡ ਕਮਾਂਡਰ ਡਾਇਰ ਨੂੰ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਦੀ ਕਮਾਂਡ ਸੰਭਾਲ ਕੇ ਅੰਦੋਲਨਕਾਰੀਆਂ ਨੂੰ ਮਿਸਾਲੀ ਸਜ਼ਾ ਦੇਣ ਦੇ ਫੌਰੀ ਹੁਕਮ ਜਾਰੀ ਕਰ ਦਿੱਤੇ। 11 ਅਪ੍ਰੈਲ ਨੂੰ ਜਰਨਲ ਡਾਇਰ ਬਹੁਤ ਸਾਰੇ ਫੌਜੀ ਸਿਪਾਹੀ ਅਤੇ ਅਸਲੇ ਸਮੇਤ ਅੰਮ੍ਰਿਤਸਰ ਪਹੁੰਚ ਗਿਆ। 12 ਅਪ੍ਰੈਲ ਨੂੰ ਜਰਨਲ ਡਾਇਰ ਨੇ ਭਾਰੀ ਫੋਰਸ ਅਤੇ ਬਖਤਰ ਬੰਦ ਗੱਡੀਆਂ ਨਾਲ ਆਪਣੀ ਦਹਿਸ਼ਤ ਦਿਖਾਉਣ ਲਈ ਸ਼ਹਿਰ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ।
13 ਅਪ੍ਰੈਲ ਦਾ ਕਤਲੇਆਮ
13 ਅਪ੍ਰੈਲ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜਰਨਲ ਡਾਇਰ ਨੇ ਐਸ.ਐਸ.ਪੀ. ਰੀਹਲ ਅਤੇ ਡੀ.ਐਸ.ਪੀ. ਪਲੋਮਰ ਆਦਿ ਨੂੰ ਨਾਲ ਲੈ ਕੇ ਸ਼ਹਿਰ ਵਿਚ ਫੌਜੀ ਮਾਰਚ ਕੀਤਾ। ਸ਼ਹਿਰ ਵਿਚ ਕਈ ਥਾਵਾਂ ‘ਤੇ ਰੁਕ ਕੇ ਸਰਕਾਰ ਦੇ ਸ਼ਾਹੀ ਫੁਰਮਾਨ (ਕਰਫਿਊ) ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਅਣਖੀ ਤੇ ਬਹਾਦਰ ਭਾਰਤੀ ਸਰਕਾਰੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਆਪਣੇ ਆਗੂਆਂ ਦੀ ਰਿਹਾਈ ਦੀ ਮੰਗ ਅਤੇ ਰੋਲਟ ਐਕਟ ਖਿਲਾਫ਼ ਜਲ੍ਹਿਆਂ ਵਾਲੇ ਬਾਗ ਵਿਚ ਇਕੱਤਰ ਹੋਣ ਦੀ ਮੁਨਾਦੀ ਕਰ ਰਹੇ ਸਨ। ਸ਼ਾਮ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਲ੍ਹਿਆਂਵਾਲਾ ਬਾਗ ਵਿਚ ਇਕੱਤਰ ਹੋ ਗਏ ਸਨ। ਇਹ ਸੂਚਨਾਂ ਮਿਲਦਿਆਂ ਹੀ ਜਰਨਲ ਡਾਇਰ ਦੋ ਬਖਤਰਬੰਦ ਗੱਡੀਆਂ, 100 ਦੇ ਕਰੀਬ ਹਥਿਆਰਬੰਦ ਫੌਜੀ ਸਿਪਾਹੀ, ਕੁਝ ਘੋੜ ਸਵਾਰਾਂ ਸਮੇਤ ਜਲ੍ਹਿਆਂ ਵਾਲੇ ਬਾਗ ਵਿਚ ਪਹੁੰਚ ਗਿਆ। ਬਾਗ ਦੇ ਅੰਦਰ ਜਾਣ ਦਾ ਰਸਤਾ ਤੰਗ ਹੋਣ ਕਰਕੇ ਗੱਡੀਆਂ ਅੰਦਰ ਨਹੀਂ ਸਨ ਜਾ ਸਕਦੀਆਂ। ਦੋ ਰਸਤਿਆਂ ਵਿਚੋਂ ਇਕ ਦਰਵਾਜ਼ਾ ਬੰਦ ਕਰਕੇ ਫੌਜੀ ਗਾਰਦ ਲਾ ਦਿੱਤੀ ਗਈ ਤੇ ਦੂਜੇ ਰਸਤੇ ਤੇ ਬਾਹਰ ਮਸ਼ੀਨਗੰਨਾਂ ਫਿੱਟ ਕਰ ਦਿੱਤੀਆਂ ਗਈਆਂ। ਜਰਨਲ ਡਾਇਰ ਆਪ ਆਪਣੇ ਹਥਿਆਰਬੰਦ ਸਿਪਾਹੀਆਂ ਸਮੇਤ ਬਾਗ ਦੇ ਅੰਦਰ ਚਲੇ ਗਿਆ। ਅੰਦਰ ਜਲਸਾ ਹੋ ਰਿਹਾ ਸੀ। ਤਕਰੀਬਨ 20 ਹਜ਼ਾਰ ਲੋਕਾਂ ਦਾ ਇਕੱਠ ਸ਼ਾਂਤੀਪੂਰਵਕ ਆਪਣੇ ਲੀਡਰਾਂ ਦੀਆਂ ਤਕਰੀਰਾਂ ਸੁਣ ਰਿਹਾ ਸੀ। ਡਾਇਰ ਤੋਂ ‘ਗੁਲਾਮਾਂ’ ਦਾ ਇਹ ਏਕਾ ਅਤੇ ਹੁਕਮ ਅਦੂਲੀ ਬਰਦਾਸ਼ਤ ਨਾ ਹੋਏ। ਉਸਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਆਪਣੇ ਫੌਜੀਆਂ ਨੂੰ ਜਲਸੇ ਵਿਚ ਸ਼ਾਮਲ ਲੋਕਾਂ ‘ਤੇ ਸਿੱਧੀ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਲਗਾਤਾਰ 10-15 ਮਿੰਟ ਗੋਲੀਆਂ ਦਾ ਮੀਂਹ ਵਰਾਇਆ ਗਿਆ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉਧਰ ਦੌੜੇ। ਬਹੁਤ ਸਾਰੇ ਲੋਕ ਦੁਸ਼ਮਣ ਦੀ ਗੋਲੀ ਨਾਲ ਮਰਨ ਦੀ ਥਾਂ ਖੂਹ ਵਿਚ ਛਾਲਾਂ ਮਾਰ ਕੇ ਸ਼ਹੀਦ ਹੋ ਗਏ। ਕਈਆਂ ਨੇ ਦਰਵਾਜ਼ੇ ਉਤੋਂ ਦੀ ਟੱਪ ਕੇ ਬਾਹਰ ਨਿਕਲਣ ਦਾ ਯਤਨ ਕੀਤਾ, ਉਨ੍ਹਾਂ ਨੂੰ ਸੰਗੀਨਾਂ ਨਾਲ ਕੋਹ ਕੋਹ ਕੇ ਮਾਰਿਆ ਗਿਆ। ਬਾਗ ਵਿਚ ਥਾਂ ਥਾਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਖੂਹ ਲਾਸ਼ਾਂ ਨਾਲ ਭਰ ਗਿਆ ਸੀ। ਖੂਹ ਅੰਦਰਲਾ ਬਾਹਰ ਆਇਆ ਪਾਣੀ ਲਹੂ ਦਿਖਾਈ ਦਿੰਦਾ ਸੀ। ਇਹ ਲਹੂ ਹਿੰਦੂ, ਮੁਸਲਿਮ ਜਾਂ ਸਿੱਖਾਂ ਦਾ ਨਹੀਂ ਸੀ ਸਗੋਂ ਇਹ ਲਹੂ ਤਾਂ ਆਜ਼ਾਦੀ ਦੇ ਪ੍ਰਵਾਨਿਆਂ ਹਿੰਦੋਸਤਾਨੀਆਂ ਦਾ ਲਹੂ ਸੀ। ਜਲ੍ਹਿਆਂ ਵਾਲੇ ਬਾਗ ਦੀ ਧਰਤੀ ਆਜਾਦੀ ਦੇ ਅਸਲ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਗਈ ਸੀ। ਸ਼ਹਿਰ ਵਿਚ ਕਰਫਿਊ ਲੱਗਾ ਸੀ ਕੋਈ ਆ ਜਾ ਨਹੀਂ ਸੀ ਸਕਦਾ। ਬਾਗ ਦੇ ਅੰਦਰ ਜਖ਼ਮੀ ਸਾਰੀ ਰਾਤ ਪਾਣੀ ਅਤੇ ਡਾਕਟਰੀ ਸਹੂਲਤ ਲਈ ਕਰਾਹ ਰਹੇ ਸਨ। ਚਾਰੇ ਪਾਸੇ ਜ਼ਾਲਮ ਹਕੂਮਤ ਦੇ ਵਹਿਸ਼ੀ ਕਾਰੇ ਦੀ ਹਾਹਾਕਾਰ ਮਚੀ ਹੋਈ ਸੀ। ਸਵੇਰੇ ਲਾਸ਼ਾਂ ਪਛਾਣ ਕੇ ਚੁੱਕਣ ਦੀ ਆਗਿਆ ਤਾਂ ਦੇ ਦਿੱਤੀ ਪਰ ਚਾਰ ਬੰਦਿਆਂ ਤੋਂ ਵੱਧ ਇਕੱਠੇ ਅੰਦਰ ਨਹੀਂ ਸੀ ਜਾ ਸਕਦੇ।
ਸੈਂਕੜੇ ਮਾਵਾਂ ਦੇ ਪੁੱਤਰ, ਭੈਣਾਂ ਦੇ ਭਰਾ ਅਤੇ ਔਰਤਾਂ ਦੇ ਪਤੀ ਉਥੇ ਸ਼ਹੀਦ ਹੋ ਗਏ ਸਨ। ਜਿਸ ਨਾਲ ਸਮੁੱਚੇ ਭਾਰਤ ‘ਚ ਕੁਹਰਾਮ ਮੱਚ ਗਿਆ। ਅੰਗਰੇਜ਼ੀ ਹਾਕਮਾਂ ਵਿਰੁੱਧ ਗੁੱਸੇ ਦੀ ਲਹਿਰ ਪ੍ਰਚੰਡ ਹੋ ਗਈ। ਏਥੋਂ ਤੱਕ ਕਿ ਮਹਾਨ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਨੇ 1915 ਵਿਚ ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਜਵੇਂ ਵਲੋਂ ਦਿੱਤਾ ਗਿਆ ‘ਸਰ’ ਦਾ ਖਿਤਾਬ, ਜਲ੍ਹਿਆਵਾਲਾ ਬਾਗ ਦੇ ਇਸ ਖੂਨੀ ਸਾਕੇ ਤੋਂ ਦੁੱਖੀ ਹੋ ਕੇ ਵਾਪਸ ਕਰ ਦਿੱਤਾ ਸੀ।
ਇੰਝ, ਜਲ੍ਹਿਆਂ ਵਾਲਾ ਬਾਗ ਸਿਰਫ ਭਾਰਤੀਆਂ ਦੇ ਖੂਨ ਨਾਲ ਸਿੰਜਿਆ ਪਵਿੱਤਰ ਸਥਾਨ ਹੀ ਨਹੀਂ ਸਗੋਂ ਇਹ ਭਾਰਤੀਆਂ ਦੀ ਜਿੰਦਾਦਿਲੀ ਦਾ ਅਤੇ ਹਿੰਦੂ, ਮੁਸਲਿਮ ਅਤੇ ਸਿੱਖ ਏਕਤਾ ਦਾ ਵੀ ਪ੍ਰਤੀਕ ਹੈ। ਇਸ ਖੂਨੀ ਸਾਕੇ ਨੇ ਦੋ ਬਾਲਾਂ ਦੀ ਆਤਮਾ ਨੂੰ ਟੁੰਬਿਆ ਜਿਨ੍ਹਾਂ ਨੇ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਦੀ ਕਸਮ ਖਾ ਕੇ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਦਾ ਪ੍ਰਣ ਕੀਤਾ। ਉਹ ਸੀ 12 ਸਾਲਾਂ ਬਾਲਕ ਸ਼ਹੀਦ ਭਗਤ ਸਿੰਘ ਜੋ ਲਾਹੌਰੋਂ ਪੈਦਲ ਚਲ ਕੇ ਇਥੇ ਪਹੁੰਚਿਆ ਸੀ ਤੇ ਬਾਅਦ ਵਿਚ ਲਾਹੌਰ ਅਸੈਂਬਲੀ ਵਿਚ ਬੰਬ ਸੁੱਟਿਆ ਸੀ। ਦੂਜਾ ਸੀ 16 ਸਾਲਾ ਬਾਲਕ ਸ਼ਹੀਦ ਊਧਮ ਸਿੰਘ।
ਇਹ ਖੂਨੀ ਸਾਕਾ ਵਰਤਾਉਣ ਤੋਂ ਬਾਅਦ ਵੀ ਜਰਨਲ ਡਾਇਰ ਨੇ ਅੰਮ੍ਰਿਤਸਰ ਦੇ ਲੋਕਾਂ ਦਾ ਜਿਊਣਾ ਦੁੱਭਰ ਬਣਾਈ ਰੱਖਿਆ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੂੰ ਯੂਨੀਅਨ ਜੈਕ ਨੂੰ ਸਲੂਟ ਮਾਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਅੰਮ੍ਰਿਤਸਰ ਦੀ ਗਲੀ ਕੂਚਾ ਕੌੜੀਆਂ ਵਿਚੋਂ ਰੀਂਗ ਕੇ ਚੱਲਣ ਦੇ ਹੁਕਮ ਸਨ। ਗਲੀ ਦੇ ਦੋਹੀਂ ਪਾਸੇ ਫੌਜੀ ਗਾਰਦਾਂ ਲਗਾ ਦਿੱਤੀਆਂ ਗਈਆਂ ਅਤੇ ਟਿੱਕ ਟਿੱਕੀ ਸੈਟ ਕਰ ਦਿੱਤੀ ਗਈ। ਲੇਡੀ ਸ਼ੇਰ ਵੁੱਡ ਨੂੰ ਕੁੱਟਣ ਦੇ ਦੋਸ਼ ਵਿਚ ਫੜ੍ਹੇ ਗਏ 6 ਨੌਜਵਾਨਾਂ ਨੂੰ ਵਾਰੋ ਵਾਰੀ ਟਿੱਕਟਿਕੀ ਨਾਲ ਬੰਨ ਕੇ ਕੋੜੇ ਮਾਰੇ ਜਾਂਦੇ। ਜਦੋਂ ਉਹ ਬੇਹੋਸ਼ ਹੋ ਜਾਂਦੇ ਤਾਂ ਪਾਣੀ ਪਿਲਾ ਕੇ ਫਿਰ ਕੋੜੇ ਮਾਰੇ ਜਾਂਦੇ। ਉਨ੍ਹਾਂ ਦੀ ਚਮੜੀ ਵਿਚੋਂ ਵਗਦੇ ਲਹੂ ਨਾਲ ਧਰਤੀ ਰੰਗੀ ਜਾਂਦੀ ਤੇ ਆਖਰ ਉਨ੍ਹਾਂ ਨੂੰ ਮਰੇ ਕੁੱਤਿਆਂ ਵਾਂਗ ਘਸੀਟ ਕੇ ਬਾਹਰ ਸੁੱਟ ਦਿੱਤਾ ਜਾਂਦਾ।
ਅਫਸੋਸ! ਅਜਿਹਾ ਜਬਰ ਜ਼ੁਲਮ ਕਰਨ ਵਾਲੇ ਜਰਨਲ ਡਾਇਰ ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਉਸ ਵੇਲੇ ਦੇ ਸਰਬਰਾਹ ਭਾਈ ਅਰੂੜ ਸਿੰਘ ਨੇ ਪ੍ਰਸੰਸ਼ਾ ਪੱਤਰ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਇਸੇ ਡਾਇਰ ਨੂੰ ਲੰਡਨ ਪਹੁੰਚਣ ਤੇ ਉਸਦੇ ਪ੍ਰਸ਼ੰਸਕਾਂ ਵਲੋਂ 20,000 ਪੌਡ ਦੀ ਥੈਲੀ ਦੇ ਕੇ ਸਨਮਾਨਿਤ ਕੀਤਾ ਗਿਆ। ਸੰਨ 1922 ਵਿਚ ਜਰਨਲ ਡਾਇਰ ਦੀ ਤਾਂ ਮੌਤ ਹੋ ਗਈ ਪ੍ਰੰਤੂ ਉਸ ਸਮੇਂ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਜਿਉਂਦਾ ਸੀ ਜਿਸਨੇ ਇਸ ਕਾਲੇ ਕਾਰਨਾਮੇ ਦੇ ਹੁਕਮ ਜਾਰੀ ਕੀਤੇ ਸਨ। ਇਸ ਲਈ ਪੂਰੇ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਨੇ ਸਹੀ ਅਰਥਾਂ ਵਿਚ ਪਛਾਣ ਕੀਤੀ ਕਿ ਕੌਣ ਕਿਸ ਸਨਮਾਨ ਦਾ ਹੱਕਦਾਰ ਹੈ। ਉਸ ਨੂੰ ਅਸਲੀ ਇਨਾਮ ਤੇ ਸਨਮਾਨ ਅਣਖੀ ਨੌਜਵਾਨ ਊਧਮ ਸਿੰਘ ਨੇ 13 ਮਾਰਚ 1940 ਨੂੰ ਕੈਕਟਸਨ ਹਾਲ, ਲੰਡਨ ਵਿਖੇ ਗੋਲੀ ਮਾਰ ਕੇ ਦਿੱਤਾ। ਅੰਗਰੇਜ਼ੀ ਹਕੂਮਤ ਨੇ 31 ਜੁਲਾਈ 1940 ਨੂੰ ਰਾਮ ਮੁਹੰਮਦ ਸਿੰਘ ਆਜ਼ਾਦ (ਊਧਮ ਸਿੰਘ) ਨੂੰ ਲੰਡਨ ਦੀ ਪੈਂਨਟਨਵਿਲ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।
ਅਜੋਕੇ ਸਮੇਂ ਦੀ ਸਥਿਤੀ ਨੂੰ ਜੇ ਅੱਜ ਅਸੀਂ ਸੌ ਸਾਲ ਪਹਿਲਾਂ, ਜਦੋਂ ਇਹ ਖੂਨੀ ਸਾਕਾ ਵਾਪਰਿਆ ਸੀ, ਨਾਲ ਮੇਲਕੇ ਦੇਖੀਏ ਤਾਂ ਪ੍ਰਸ਼ਾਸ਼ਨਿਕ ਜਬਰ ਦੇ ਪੱਖੋਂ ਕੋਈ ਬਹੁਤਾ ਸਿਫਤੀ ਅੰਤਰ ਨਜ਼ਰ ਨਹੀਂ ਆਉਂਦਾ। ਹੁਣ ਗੋਰਿਆਂ ਦੀ ਥਾਂ ਕਾਲੇ (ਸਾਡੇ ਆਪਣੇ) ਹਾਕਮ ਹਨ ਪਰ ਲੁੱਟ ਤੇ ਜਬਰ ਜ਼ੁਲਮ ਉਸੇ ਤਰ੍ਹਾਂ ਜਾਰੀ ਹੈ। ਉਦੋਂ ਵੀ ਕਿਸਾਨੀ ਕਰਜ਼ੇ ਦੇ ਬੋਝ ਹੇਠ ਸੀ ਅਤੇ ਹੁਣ ਕਰਜ਼ੇ ਦੇ ਬੋਝ ਹੇਠ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪ੍ਰਵਾਸ ਧਾਰਨ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ। ਉਦੋਂ ਤਾਂ ਲੋਕਾਂ ਉਪਰ ਇਕ ਜ਼ਮੀਨ ਦੇ ਮਾਮਲੇ ਦਾ ਭਾਰ ਸੀ ਹੁਣ ਵੱਖ ਵੱਖ ਨਾਵਾਂ ਹੇਠ ਅਨੇਕਾਂ ਬੇਲੋੜੇ ਟੈਕਸਾਂ ਦੀ ਮਾਰ ਜਨਤਾ ਨੂੰ ਝੱਲਣੀ ਪੈ ਰਹੀ ਹੈ। ਪਹਿਲਾਂ ਪਲੇਗ ਕਾਰਨ ਮੌਤਾਂ ਹੁੰਦੀਆਂ ਸਨ ਹੁਣ ਪੀਣ ਵਾਲਾ ਪਾਣੀ ਏਨਾ ਪ੍ਰਦੂਸ਼ਤ ਹੋ ਗਿਆ ਹੈ ਕਿ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰ ਰਹੇ ਹਨ। ਇਨਕਲਾਬੀ ਸਾਹਿਤ ਰੱਖਣ ਤੇ ਬਾਗੀ ਤਕਰੀਰਾਂ ਕਰਨ ਦੇ ਦੋਸ਼ ਹੇਠ ਉਦੋਂ ਕਈ ਦੇਸ਼ ਭਗਤਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ। ਹੁਣ ਸਾਲ 2019 ਵਿਚ ਨਵਾਂ ਸ਼ਹਿਰ ਦੀ ਅਦਾਲਤ ਵਲੋਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਪੁਸਤਕਾਂ ਨੂੰ ਆਧਾਰ ਬਣਾ ਕੇ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਭਾਰਤੀ ਰਾਜ ਵਿਰੁੱਧ ਜੰਗ ਵਿੱਢਣ ਦੇ ਇਰਾਦੇ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੌ ਸਾਲ ਪਹਿਲਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸਤਿਆਪਾਲ ਸਮੇਤ ਪੰਜਾਬ ਦੇ ਗਈ ਹੋਰ ਨੇਤਾਵਾਂ ਉਤੇ ਸਭਾਵਾਂ ਵਿਚ ਬੋਲਣ ਅਤੇ ਅਖਬਾਰਾਂ ਵਿਚ ਲਿਖਣ ‘ਤੇ ਪਾਬੰਦੀ ਲਗਾਈ ਗਈ ਸੀ ਤੇ ਗੱਲਬਾਤ ਦੇ ਬਹਾਨੇ ਡੀ.ਸੀ. ਨੇ ਘਰ ਬੁਲਾ ਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਸਾਲ 2018 ਵਿਚ ਮਹਾਂਰਾਸ਼ਟਰ ਸਰਕਾਰ ਦੇ ਹੁਕਮਾਂ ਤੇ ਪੂੰਨਾ ਪੁਲਿਸ ਨੇ ਕੁੱਝ ਬੁੱਧੀਜੀਵੀਆਂ ਨੂੰ ਬਿਨਾਂ ਵਰੰਟ ਅਤੇ ਅਦਾਲਤ ਦੇ ਹੁਕਮ ਦਿਖਾਏ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਵਿਚੋਂ ਪ੍ਰੋ. ਅਨੰਦ ਤੈਲਤੁੰਬੜੇ, ਐਡਵੋਕੇਟ ਅਰੁਣ ਫਰੇਰਾ, ਪ੍ਰੋ. ਵਰਵਰਾ ਰਾਓ, ਡਾ. ਗੌਤਮ ਨਵਲੱਖਾ, ਪ੍ਰੋ. ਵਰਨੋਨ ਗੋਂਲਾਜ਼ਵੇਜ਼ ਅਤੇ ਐਡਵੋਕੇਟ ਸੁਧਾ ਭਾਰਦਵਾਜ ਆਦਿ ਹਨ।
ਅੱਜ ਜਲ੍ਹਿਆਂ ਵਾਲੇ ਬਾਗ ਦੇ ਸੈਂਕੜੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਇਨਕਲਾਬੀ ਇਤਿਹਾਸ ਸਾਥੋਂ ਮੰਗ ਕਰਦਾ ਹੈ ਕਿ ਜੇ ਅਸੀਂ ਹਿੰਦੋਸਤਾਨ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਹੈ ਤੇ ਸ਼ਹੀਦਾਂ ਦੇ ਚਿਤਵੇ ਸੁਪਨਿਆਂ ਦਾ ਸਮਾਜ ਸਿਰਜਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਆਪਾਂ ਸਾਰੇ ਆਪਣੇ ਇਸ ਇਨਕਲਾਬੀ ਵਿਰਸੇ ਨਾਲ ਜੁੜੀਏ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਪ੍ਰਤੀ ਸੁਚੇਤ ਕਰੀਏ। ਅਤੇ, ਅਜੋਕੇ ਹਾਕਮਾਂ ਦੀਆਂ ਸਾਮਰਾਜ ਤੇ ਸਰਮਾਏਦਾਰ ਪੱਖੀ ਚਾਲਾਂ ਦਾ ਟਾਕਰਾ ਕਰਨ ਲਈ ਦੇਸ਼ ਵਾਸੀਆਂ ਦੀਆਂ ਭਾਈਚਾਰਕ ਸਾਂਝਾਂ ਵਿਸ਼ੇਸ਼ ਤੌਰ ‘ਤੇ ਕਿਰਤੀ ਲੋਕਾਂ ਦੀ ਇਕਜੁੱਟਤਾ ਨੂੰ ਮਜਬੂਤ ਬਣਾਈਏ। ਇਹਨਾਂ ਅਜੋਕੇ ਹਾਕਮਾਂ ਦੀਆਂ ਆਰਥਕ ਪਾੜੇ ਵਧਾਉਣ ਵਾਲੀਆਂ, ਫਿਰਕੂ ਫਾਸ਼ੀਵਾਦੀ ਚਾਲਾਂ ਨੂੰ ਭਾਂਜ ਦੇ ਕੇ ਹੀ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਸਾਂਝੀਵਾਲਤਾ ‘ਤੇ ਆਧਾਰਤ ਸੈਕੂਲਰ ਤੇ ਜਮਹੂਰੀ ਭਾਰਤ ਸਿਰਜਿਆ ਜਾ ਸਕਦਾ ਹੈ।