ਲੱਗਦਾ ਹੈ ਜਿਵੇਂ ਜ਼ਮੀਨਾਂ ਦੀ ਲੁੱਟ-ਖੋਹ ਦਾ ਦੌਰ ਚੱਲ ਰਿਹਾ ਹੈ। ਲੁੱਟ ਲਈ ਸੀ, ਲੁੱਟੀ ਜਾ ਰਹੇ ਹਨ, ਲੁੱਟਣ ਨੂੰ ਫਿਰਦੇ ਹਨ, ਚਾਰ-ਚੁਫੇਰੇ ਇਹੋ ਆਵਾਜ਼ਾਂ ਸੁਣਾਈ ਦਿੰਦੀਆਂ ਹਨ । ਇਹ ਸਾਡੇ ਕੰਨ ਨਹੀਂ ਵੱਜ ਰਹੇ, ਆਵਾਜ਼ਾਂ ਅਸਲੀ ਹਨ। ਸਾਡੇ ਏਥੇ ਹੀ ਨਹੀਂ ਸਾਰੀ ਦੁਨੀਆਂ ਵਿੱਚ ਹੀ ਕਾਫੀ ਸਮੇਂ ਤੋਂ ਜ਼ਮੀਨਾਂ ਤੋਂ ਕਿਸਾਨਾਂ ਦੇ ਉਜਾੜੇ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਵੱਡੇ ਪੈਮਾਨੇ ਤੇ ਵੀ ਚੱਲ ਰਹੀ ਹੈ ਅਤੇ ਛੋਟੇ ਪੈਮਾਨੇ ’ਤੇ ਵੀ। ਸ਼ਹਿਰਾਂ ’ਚ ਲੋਕਾਂ ਦਾ ਜਮਘਟਾ ਹੋਈ ਜਾਂਦਾ ਹੈ, ਜਿਨ੍ਹਾਂ ਦਾ ਢਿੱਡ ਭਰਨ ਲਈ ਖੁਰਾਕ ਖੇਤਾਂ ’ਚੋਂ ਜਾਂਦੀ ਹੈ। ਲਾਲਸਾ ਵੱਸ ਮੁਨਾਫਾਖੋਰ ਹਰ ਹੜੱਪੂ ਹਰਬਾ ਵਰਤਕੇ ਵਿਸ਼ਵ ਦੀ ਮੰਡੀ ਅਤੇ ਉਤਪਾਦਨ ਹੜੱਪ ਲੈਣ ਉਪਰੰਤ, ਆਖ਼ਰਕਾਰ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਬੇਬਹਾ ਮੁਨਾਫ਼ਾ ਕਮਾਉਣ ਲਈ ਅਸਲ ਮਹੱਤਵ ਜ਼ਮੀਨ ਅਤੇ ਖੁਰਾਕ ਦਾ ਹੈ। ਇਸੇ ਕਰਕੇ ਹੁਣ ਉਹ ਜ਼ਮੀਨ ਅਤੇ ਖ਼ੁਰਾਕ ਉੱਤੇ ਕਬਜ਼ੇ ਲਈ ਟੁੱਟ ਪਏ ਹਨ। ਉਹ ਕਦਮ-ਦਰ-ਕਦਮ ਪੈਰ ਜਮ੍ਹਾ ਕੇ ਚੱਲਦੇ ਰਹੇ ਹਨ। ਉਨ੍ਹਾਂ ਦਾ ਪਹਿਲਾ ਕਦਮ ਵਿਸ਼ਵ ਦੀਆਂ ਸਰਕਾਰਾਂ ਨੂੰ ਕਾਬੂ ’ਚ ਕਰਨਾ ਸੀ। ਜਿਸ ਬਾਰੇ ਉਨ੍ਹਾਂ ਦੀ ਸਮਝ ਸੀ ਕਿ ਜੇਕਰ ਸਰਕਾਰਾਂ ਨੂੰ ਕਾਬੂ ਕਰਨਾ ਹੈ ਤਾਂ ਵਿੱਤੀ ਸੰਸਥਾਵਾਂ ਤੇ ਕਬਜ਼ਾ ਕਰ ਲਿਆ ਜਾਵੇ। ਇਹ ਕੰਮ ਉਨ੍ਹਾਂ ਨੇ ਸਫਲਤਾ ਨਾਲ ਕੀਤਾ। ਹੁਣ ਵਿਸ਼ਵ ਦੀ ਸ਼ਾਇਦ ਹੀ ਕੋਈ ਸਰਕਾਰ ਹੋਵੇ, ਜਿਹੜੀ ਇਨ੍ਹਾਂ ਦੀ ਕਰਜ਼ਾਈ ਨਹੀਂ ਹੈ। ਉਨ੍ਹਾਂ ਦਾ ਅਗਲਾ ਕਦਮ ਸੀ ਕਿ ਜੇਕਰ ਦੇਸ਼ਾਂ ਨੂੰ ਕਾਬੂ ਕਰਨਾ ਹੈ ਤਾਂ ਪੈਟਰੋਲੀਅਮ ਨੂੰ ਕਾਬੂ ਕਰ ਲਿਆ ਜਾਵੇ। ਇਹ ਕੰਮ ਵੀ ਉਨ੍ਹਾਂ ਨੇ ਸਫਲਤਾ ਨਾਲ ਕੀਤਾ। ਉਨ੍ਹਾਂ ਨੇ ਪੈਟਰੋਲੀਅਮ ਦੇ ਉਤਪਾਦਨ ਅਤੇ ਮੰਡੀ ਉੱਪਰ ਇਸ ਕਦਰ ਕਬਜ਼ਾ ਜਮਾ ਲਿਆ ਹੈ ਕਿ ਜੇਕਰ ਇੱਕ ਵਾਰ ਤੇਲ ਦੀ ਟੂਟੀ ਬੰਦ ਕਰ ਦੇਣ ਤਾਂ ਲੜਾਕੂ ਜਹਾਜ਼ਾਂ ਤੋਂ ਲੈ ਕੇ ਸਕੂਟਰੀਆਂ ਤੱਕ ਠੱਪ ਹੋ ਕੇ ਰਹਿ ਜਾਣਗੇ। ਦੇਸ਼ ਜਾਮ ਹੋ ਜਾਣਗੇ। ਹੁਣ ਉਨ੍ਹਾਂ ਨੇ ਵਿਸ਼ਵ ਦੀ ਜਨ ਸੰਖਿਆ ਨੂੰ ਕਾਬੂ ਕਰਨ ਦਾ ਕਦਮ ਉਠਾਇਆ ਹੈ, ਜਿਸ ਬਾਰੇ ਉਹ ਇਹ ਸਮਝਦੇ ਹਨ ਕਿ ਇਹ ਕੰਮ ਲੋਕਾਂ ਦਾ ਪੇਟ ਕਾਬੂ ਕਰਕੇ ਕੀਤਾ ਜਾ ਸਕਦਾ ਹੈ। ਆਪਣੀ ਇਸ ਯੋਜਨਾ ਨੂੰ ਤੋੜ ਚਾੜ੍ਹਨ ਲਈ ਪਹਿਲਾਂ ਉਨ੍ਹਾਂ ਨੇ ਪਿ੍ਰਥਵੀ ਦੇ ਤਮਾਮ ਬੀਜ ਕਾਬੂ ਕਰਕੇ ਪੇਟੈਂਟ ਕੀਤੇ ਅਤੇ ਹੁਣ ਜ਼ਮੀਨਾਂ ਕਾਬੂ ਕਰਨ ਵੱਲ ਵਧਦੇ ਜਾ ਰਹੇ ਹਨ। ਅਨਾਜ ਸਮੇਤ ਖੁਰਾਕੀ ਵਸਤਾਂ ਵੱਸ ’ਚ ਕਰ ਲਈਆਂ ਹਨ ਅਤੇ ਦੁਨੀਆਂ ਵਿੱਚ ਫੂਡ ਚੇਨਜ਼ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪੀਜ਼ੇ-ਬਰਗਰ, ਗਲ੍ਹੀਆਂ-ਮੁਹੱਲਿਆਂ ’ਚ ਪਹੁੰਚ ਗਏ ਹਨ। ਲੋਕਾਂ ਦੀ ਬੌਧਿਕ ਸ਼ਕਤੀ ਨਿੱਸਲ ਕਰਕੇ ਆਪਣੇ ’ਤੇ ਨਿਰਭਰ ਕੀਤੀ ਜਾ ਰਹੀ ਹੈ ਤਾਂ ਕਿ ਚੇਤਨਾ ਊਲ ਜਲੂਲ ’ਚ ਬਦਲ ਦਿੱਤੀ ਜਾਵੇ ਤੇ ਸਮਾਜ ਧਰਤੀ ਤੇ ਨਹੀਂ ਵੈਬ ’ਚ ਹੀ ਵਿਚਰੇ। ਮੁਨਾਫਾਖ਼ੋਰ ਸਮਝ ਗਏ ਹਨ ਕਿ ਖੁਰਾਕ ਅਤੇ ਜ਼ਮੀਨ ਕਾਰਨ ਹੀ ਜੀਵਨ ਹੈ। ਮਨੁੱਖ ਦਾ ਵਿਚਰਨਾ ਹੀ ਨਹੀਂ, ਉਹਦਾ ਸਰੀਰ ਅਤੇ ਰੂਹ ਵੀ ਜ਼ਮੀਨ ਹੀ ਹਨ। ਉਹ ਹੁਣ ਜ਼ਮੀਨ ਅਤੇ ਖੁਰਾਕ ਉੱਤੇ ਅਧਿਕਾਰ ਜਮਾਉਣ ਦੇ ਅਮਲ ਵਿੱਚ ਤੇਜ਼ੀ ਨਾਲ ਪਏ ਹੋਏ ਹਨ।
ਜ਼ਮੀਨ ਅਤੇ ਖੁਰਾਕ ਦਾ ਮਹੱਤਵ ਸਮਝਣ ਵਾਲੇ, ਮੁਨਾਫਾਖੋਰ ਲੋਕ ਪਹਿਲੇ ਨਹੀਂ ਹਨ। ਉਹ ਕੇਵਲ ਲੁੱਟ ਦੇ ਚਸ਼ਮੇਂ ਵਿੱਚੋਂ ਦੇਖਣ ਵਾਲੇ ਪਹਿਲੇ ਬੰਦੇ ਹਨ। ਮਨੁੱਖਤਾ ਦੇ ਦਰਦੀ ਤੇ ਰਹਿਬਰ ਯੁਗਾਂ ਤੋਂ ਇਸਨੂੰ ਮਾਨਵਤਾ ਦੇ ਚਸ਼ਮੇ ਚੋਂ ਦੇਖਦੇ ਆਏ ਹਨ। ਉਨ੍ਹਾਂ ਨੇ ਬਹੁਤ ਪਹਿਲਾਂ ਜ਼ਮੀਨ ਤੇ ਮਾਨਵ ਦੀ ਅਜ਼ਾਦੀ ਦੇ ਮਹੱਤਵ ਨੂੰ ਜਾਣਿਆ ਸੀ ਅਤੇ ਦੋਹਾਂ ਦੀ ਉੱਤਮਤਾ ਬਣਾਏ ਰੱਖਣ ਲਈ ਸੰਘਰਸ਼ ਕੀਤੇ ਸਨ, ਜਾਨਾਂ ਵਾਰੀਆਂ ਸਨ। ਉਨ੍ਹਾਂ ਨੇ ਪ੍ਰਕਿਰਤੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਸੀ। ਅੱਜ ਦੇ ਮੁਨਾਫਾਖੋਰ ਜ਼ਮੀਨ ਅਤੇ ਖੁਰਾਕ ਨੂੰ ਹੜੱਪਣ ਦੀ ਲਾਲਸਾ ਰੱਖਣ ਵਾਲੇ ਵੀ ਪਹਿਲੇ ਨਹੀਂ ਹਨ। ਇਨ੍ਹਾਂ ਦੀ ਲਾਲਸਾ ਤਾਂ ਕੇਵਲ ਅਸੀਮ ਹੋਈ ਹੈ। ਵਰਨਾ ਹੜੱਪੂ ਵੀ ਨਾਲ-ਨਾਲ ਹੀ ਚੱਲਦੇ ਆਏ ਹਨ ਤੇ ਸੰਘਰਸ਼ ਵੀ ਲਗਾਤਾਰਤਾ ਵਿੱਚ ਹੈ।
ਬਹੁਤਾ ਪਿੱਛੇ ਨਹੀਂ ਜਾਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲ ’ਤੇ ਧਿਆਨ ਕੇਂਦਰਤ ਕਰਦੇ ਹਾਂ। ਨਾਲ ਦੀ ਨਾਲ ਇਹ ਵੀ ਚੇਤੇ ਰੱਖਾਂਗੇ ਕਿ ਉਨ੍ਹਾਂ ਨੇ ਸਦੀਆਂ ਤੋਂ ਚਲੇ ਆ ਰਹੇ ਸੰਘਰਸ਼ ਨੂੰ ਹੀ ਅੱਗੇ ਤੋਰਿਆ ਸੀ ਤੇ ਬੁਲੰਦੀਆਂ ’ਤੇ ਪਹੁੰਚਾਇਆ ਸੀ। ਮੁੱਢਲੀਆਂ ਇਤਿਹਾਸਕ ਲਿਖਤਾਂ ’ਚ ਬੰਦਾ ਸਿੰਘ ਬਹਾਦਰ ਦੇ ਕਾਰਨਾਮੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਹੁਕਮਰਾਨਾਂ ਵੱਲੋਂ ਢਾਹੇ ਗਏ ਜ਼ੁਲਮਾਂ ਦਾ ਬਦਲਾ ਲੈਣ ਦੀ ਕਾਰਵਾਈ ਵਜੋਂ ਹੀ ਪੇਸ਼ ਹੁੰਦੇ ਰਹੇ ਹਨ, ਜਿਸ ਨੇ ਲੋਕ ਮਾਨਸਿਕਤਾ ਨੂੰ ਵੀ ਤੇ ਬੁੱਧੀਜੀਵੀਆਂ ਦੇ ਦਿ੍ਰਸ਼ਟੀਕੋਣ ਨੂੰ ਵੀ ਡੂੰਘੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਬੰਦਾ ਸਿੰਘ ਬਹਾਦਰ ਦੀ ਰਾਜਨੀਤੀ, ਅਰਥ ਸ਼ਾਸਤਰ, ਅਤੇ ਫਲਸਫਾ ਸੰਵਾਦਾਂ ਦੇ ਕੇਂਦਰ ਵਿੱਚ ਨਹੀਂ ਰਿਹਾ, ਜਿਨ੍ਹਾਂ ਨੇ ਭਵਿੱਖ ਵਿਚ ਵਿਕਸਤ ਹੋਣ ਵਾਲੀ ਵਿਵਸਥਾ ’ਤੇ ਸਦੀਵੀ ਪ੍ਰਭਾਵ ਪਾਇਆ ਸੀ। ਅੱਜ ਦੇ ਸੰਦਰਭ ਵਿੱਚ ਉਨ੍ਹਾਂ ਦੀ ਜ਼ਮੀਨੀ ਅਤੇ ਖੁਰਾਕ ਨੀਤੀ ਵਿਚਾਰਨੀ ਵੱਡੇ ਮਹੱਤਵ ਵਾਲੀ ਪ੍ਰਤੀਤ ਹੁੰਦੀ ਹੈ। ਇਹ ਜਾਨਣਾ ਵੀ ਵੱਡੇ ਮਹੱਤਵ ਵਾਲਾ ਹੈ ਕਿ ਸੁਚੇਤ ਲੋਕ ਜ਼ਮੀਨ ਅਤੇ ਮਨੁੱਖ ਦਾ ਕੁਦਰਤੀ ਰਿਸ਼ਤਾ ਪਾਕ-ਪਵਿੱਤਰ ਰੱਖਣ ਲਈ ਕਦੋਂ ਤੋਂ ਚਿੰਤਾ ਕਰਦੇ ਅਤੇ ਲੜਦੇ ਆ ਰਹੇ ਹਨ। ਜਿਹੜੇ ਇਹ ਸਥਾਪਤ ਕਰਨ ਦਾ ਯਤਨ ਕਰਦੇ ਰਹੇ ਹਨ ਕਿ ਜ਼ਮੀਨ ਅਤੇ ਮਨੁੱਖ ਕਿਸੇ ਦੀ ਨਿੱਜੀ ਮਾਲਕੀ ਨਹੀਂ ਹਨ, ਉਨ੍ਹਾਂ ਨੂੰ ਯਾਦ ਰੱਖਣਾ ਵੀ ਅਜੋਕੀ ਅਤਿ ਸੰਜ਼ੀਦਾ ਲੋੜ ਹੈ।
ਸਰਹਿੰਦ ਫਤਹਿ ਤੋਂ ਬਾਅਦ ਆਪਣੇ ਰਾਜ ਦੀ ਸਥਾਪਨਾ ਲਈ ਬੰਦਾ ਸਿੰਘ ਬਹਾਦਰ ਨੂੰ ਨਾ ਸਮਾਂ ਮਿਲਿਆ ਨਾ ਸਥਿਰਤਾ। ਉਨ੍ਹਾਂ ਨੂੰ ਆਪਣੇ ਰਾਜ ਦੇ ਉਦੇਸ਼ ਲਾਗੂ ਕਰਨ ਦਾ ਪੂਰਾ ਮੌਕਾ ਨਸੀਬ ਨਾ ਹੋਇਆ। ਉਨ੍ਹਾਂ ਦੇ ਰਾਜ ਦਾ ਕੋਈ ਲਿਖਤੀ ਵਿਧਾਨ ਨਾ ਬਣਿਆ। ਉਹ ਗੁਰਬਾਣੀ ਅਤੇ ਗੁਰੂਆਂ ਤੋਂ ਸੇਧ ਲੈਕੇ ਚੱਲਣ ਵਾਲੇ ਦਿ੍ਰੜ ਇਰਾਦੇ ਦੇ ਹਾਕਮ ਸਨ, ਜਿਸ ਕਰਕੇ ਉਨ੍ਹਾਂ ਦੇ ਰਾਜ ਦਾ ਸਿੱਕਾ ਅਤੇ ਮੋਹਰ ਵੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੀ ਜਾਰੀ ਕੀਤੀਆਂ ਗਈਆਂ ਸਨ। ਸ਼ਾਇਦ ਇਸੇ ਕਰਕੇ ਹੀ ਕਨਿੰਘਮ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਹੁੰਦਾ ਦੇਖਣ ਲਈ ਜਿਊਂਦੇ ਨਾ ਰਹਿ ਸਕੇ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੱਸਦੇ ਹਨ ਕਿ ਬੰਦਾ ਸਿੰਘ ਕੋਲ ਭਾਵੇਂ ਬਾਕਾਇਦਾ ਪ੍ਰਸ਼ਾਸਨ ਤਾਂ ਨਹੀਂ ਸੀ ਪਰ ਉਸਨੇ ਭਵਿੱਖੀ ਪੰਜਾਬ ਦੇ ਮਾਲੀਆ ਇਤਿਹਾਸ ਉੱਪਰ ਚਿਰਸਥਾਈ ਪ੍ਰਭਾਵ ਛੱਡਿਆ ਸੀ। ਜਗੀਰਦਾਰੀ ਪ੍ਰਬੰਧ ਦਾ ਖਾਤਮਾ ਕਰ ਦਿੱਤਾ ਗਿਆ, ਜਿਸ ਨੂੰ ਪਹਿਲੀ ਸ਼ਕਲ ਵਿੱਚ ਮੁੜਕੇ ਬਹਾਲ ਕਰਨਾ ਸੰਭਵ ਨਾ ਰਿਹਾ। ਜਗੀਰਦਾਰ ਆਮ ਕਰਕੇ ਸਰਕਾਰੀ ਅਧਿਕਾਰੀ ਸਨ, ਜਿਨ੍ਹਾਂ ਨੂੰ ਅਸਲ ਵਿੱਚ ਮਾਲੀਆ ਇਕੱਤਰ ਕਰਨ ’ਤੇ ਲਾਇਆ ਗਿਆ ਸੀ। ਪਰ ਉਹ ਖੁੱਲ੍ਹ ਲੈ ਕੇ ਜ਼ਮੀਨਾਂ ਦੇ ਮਾਲਕ ਬਣ ਗਏ ਅਤੇ ਖੇਤੀ ਕਰਨ ਵਾਲੇ ਮੁਜ਼ਾਰਿਆਂ ਦੀ ਹਾਲਤ ਗੁਲਾਮਾਂ ਵਰਗੀ ਕਰ ਦਿੱਤੀ। ਬਾਦਸ਼ਾਹ ਨੇ ਉਨ੍ਹਾਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ ਕਿਉਂ ਕਿ ਉਹ ਸ਼ਾਹੀ ਖਜ਼ਾਨੇ ਦੀਆਂ ਲੋੜਾਂ ਪੂਰੀਆਂ ਕਰੀ ਜਾ ਰਹੇ ਸਨ। ਜਿਨ੍ਹਾਂ ਇਤਿਹਾਸਕਾਰਾਂ ਨੇ ਬੰਦਾ ਸਿੰਘ ਬਹਾਦਰ ਦੀ ਜ਼ਮੀਨੀ ਨੀਤੀ ਨੂੰ ਉਭਾਰਿਆ ਵੀ ਉਨ੍ਹਾਂ ਨੇ ਇਸ ਦੀ ਵਿਆਖਿਆ ਇੰਝ ਕੀਤੀ ਕਿ ਉਨ੍ਹਾਂ ਨੇ ‘ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ’।
ਇਹ ਨਿਚੋੜ ਉਸ ਸਿਧਾਂਤ ਦੇ ਅਨੁਕੂਲ ਨਹੀਂ ਜਾਪਦਾ ਜਿਸ ਉੱਪਰ ਬਾਬਾ ਬੰਦਾ ਸਿੰਘ ਅਮਲ ਕਰ ਰਹੇ ਸਨ ਅਤੇ ਜਿਸ ਪ੍ਰਕਾਰ ਦੇ ਹੁਕਮ ਉਨ੍ਹਾਂ ਨੇ ਸਰਹਿੰਦ ’ਤੇ ਕਬਜ਼ਾ ਕਰਨ ਤੋਂ ਤੁਰੰਤ ਬਾਅਦ ਜਾਰੀ ਕੀਤੇ ਸਨ। ਇਕ ਬਹੁਤ ਹੀ ਚਰਚਿਤ ਘਟਨਾ ਦੇ ਹਵਾਲੇ ਨਾਲ ਪ੍ਰਸਿੱਧ ਖੋਜਕਾਰ ਮੱਲ ਸਿੰਘ ਨੇ ਲਿਖਿਆ ਹੈ ਕਿ ਸਢੌਰਾ ਦੇ ਗੁਆਂਢ ਤੋਂ ਹਲਵਾਹਕ (ਮੁਜ਼ਾਰੇ) ਬਾਬਾ ਬੰਦਾ ਸਿੰਘ ਪਾਸ ਵੱਡੇ ਜ਼ਿਮੀਦਾਰਾਂ ਦੇ ਖਿਲਾਫ ਸ਼ਿਕਾਇਤ ਲੈ ਕੇ ਆਏ। ਬਾਬਾ ਜੀ ਨੇ ਬਾਜ ਸਿੰਘ ਨੂੰ ਆਖਿਆ ਕਿ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ ਜਾਵੇ। ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਸਿਆ ਕਿ ਇਹ ਫਰਿਆਦ ਲੈ ਕੇ ਆਏ ਹਨ, ਜ਼ਿਮੀਦਾਰਾਂ ਤੋਂ ਦੁਖੀ ਹਨ, ਇਨ੍ਹਾਂ ਨਾਲ ਚੰਗਾ ਵਰਤਾਓ ਕਰਨਾ ਬਣਦਾ ਹੈ। ਬਾਬਾ ਜੀ ਨੇ ਪੁੱਛਿਆ ਕਿ ਇਹ ਮੁਜ਼ਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਅਤੇ ਫਿਰ ਵੀ ਮੁੱਠੀ ਭਰ ਜ਼ਿਮੀਦਾਰਾਂ ਨੂੰ ਜ਼ੁਲਮ ਢਾਹੁਣ ਦੀ ਆਗਿਆ ਕਿਉਂ ਦਿੰਦੇ ਹਨ? ਫਿਰ ਬਾਬਾ ਜੀ ਨੇ ਆਖਿਆ ਕਿ ਜਾਓ ਤੇ ਵੱਡੇ ਜ਼ਿਮੀਦਾਰਾਂ ਨੂੰ ਸੋਧ ਦਿਓ। ਸਿੰਘ ਤੁਹਾਡੇ ਨਾਲ ਜਾਣਗੇ। ਜ਼ਮੀਨਾਂ ਸਾਂਭ ਲਈਆਂ ਜਾਣ ਅਤੇ ਹੇਠ ਲਿਖੇ ਹੁਕਮ ਲਾਗੂ ਕੀਤੇ ਜਾਣ।
ਹਰ ਇੱਕ ਪਿੰਡ ’ਚ ਜ਼ਮੀਨ ਦੀ ਮਾਲਕੀ ਨਿੱਜੀ ਨਾ ਹੋ ਕੇ ਸਾਰੀ ਜ਼ਮੀਨ ਸਾਰੇ ਪਿੰਡ ਦੀ ਸਾਂਝੀ ਮਲਕੀਅਤ ਹੋਵੇਗੀ ।
ਹਰ ਪਿੰਡ ਦੀ ਸੰਗਤ (ਲੋਕ) ਗੁਰੂ ਜੀ ਦੀ ਸਿੱਖਿਆ ਅਨੁਸਾਰ ‘ਕਿਰਤ ਕਰੋ ਵੰਡ ਛਕੋ’ ਦੇ ਰਾਹ ’ਤੇ ਤੁਰਨ ।
ਪਿੰਡ ਪੱਧਰ ’ਤੇ ਹਰ ਰੋਜ਼ ਸਾਂਝੇ ਲੰਗਰ ਚਲਾਏ ਜਾਣ ਤੇ ਕੋਈ ਵੀ ਪ੍ਰਾਣੀ ਭੁੱਖਾ ਨਾ ਸੌਂਵੇ ।
ਹਰ ਪਿੰਡ ਦੀ ਸੰਗਤ ਦੇ ਹਰ ਮੈਂਬਰ ਦੇ ਨਿੱਜੀ-ਸਮਾਜਿਕ ਕਾਰਜ ਗੁਰੂ ਘਰਾਂ (ਧਰਮਸ਼ਾਲਾ) ਦੇ ਪ੍ਰਬੰਧ ਵਿੱਚੋਂ ਹੀ ਪੂਰੇ ਕਰਨੇ ਹੋਣਗੇ।
ਲੇਖਕ ਅੱਗੇ ਦੱਸਦਾ ਹੈ ਕਿ ਇਹ ਹੁਕਮ ਦੇਸ਼ ਪੰਜਾਬ ਵਿੱਚ ਲਾਗੂ ਹੋ ਗਿਆ। ਇਸ ਐਲਾਨ ਨਾਲ ਬੰਦਾ ਸਿੰਘ ਬਹਾਦਰ ਦੀ ਜ਼ਮੀਨੀ ਅਤੇ ਖੁਰਾਕ ਨੀਤੀ ਸਪੱਸ਼ਟ ਹੋ ਜਾਂਦੀ ਹੈ। ਲੇਖਕ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਨੇ ਐਲਾਨ ਕਰਵਾ ਦਿੱਤਾ ਕਿ “ਕੁਦਰਤ ਦੀ ਬਖਸ਼ੀ ਹੋਈ ਜ਼ਮੀਨ ਅਕਾਲ ਪੁਰਖ ਦੀ ਸਾਜ਼ੀ ਹੋਈ ਲੋਕਾਈ ਲਈ ਹੈ। ਸੰਗਤ ਲਈ ਹੈ। ਗੁਰੂ ਕੇ ਖਾਲਸੇ ਲਈ ਹੈ। ਅੱਤ ਦੀ ਕਾਣੀ ਵੰਡ ਤੇ ਤੁਫਰਕੇ ਦਾ ਭੋਗ ਪਾ ਦਿੱਤਾ ਗਿਆ ਹੈ। ਸਭ ਆਪਸ ’ਚ ਮਿਲ ਕੇ ਪਿਆਰ ਨਾਲ ਰਹਿਣ …. ਧਰਤੀ ਕੁਝ ਵਿਸ਼ੇਸ਼ ਮਨੁੱਖਾਂ ਲਈ ਨਹੀਂ” ਆਦਿ। ਸੰਤ ਕਬੀਰ ਜੀ ਨੇ ਇਨ੍ਹਾਂ ਕਥਿਤ ਵਿਸ਼ੇਸ਼ ਮਨੁੱਖਾਂ ਨੂੰ ਤਸਕਰ ਕਿਹਾ ਹੈ ਜਿਹੜੇ ਧਰਤੀ ਤੇ ਭਾਰ ਹਨ। ਕਬੀਰ ਜੀ ਨੇ ਇਹ ਹੁਕਮ ਵੀ ਕੀਤਾ ਹੈ ਕਿ ਧਰਤੀ ਤੋਂ ਇਨ੍ਹਾਂ ਤਸਕਰਾਂ ਦਾ ਭਾਰ ਲਾਹ ਦੇਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੰਤ ਕਬੀਰ ਸਾਹਿਬ ਦੇ ਹੁਕਮਾਂ ਨੂੰ ਲਾਗੂ ਕੀਤਾ। ਲਾਗੂ ਕਰਨ ਵਾਲੇ ਉਨ੍ਹਾਂ ਦੇ ਸੈਨਿਕ ਕਥਿਤ ਨੀਚ ਸਮਝੀਆਂ ਜਾਂਦੀਆਂ ਜਾਤੀਆਂ ਵਿੱਚੋਂ ਸਨ ਜਿਨ੍ਹਾਂ ਨੇ ਭਿਅੰਕਰ ਜੰਗਾਂ ਲੜੀਆਂ ਸਨ ਅਤੇ ਸ਼ਹੀਦ ਹੋਏ ਸਨ।
ਤਾਂ ਫਿਰ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਸੰਕਲਪ ਕਿਵੇਂ ਅਤੇ ਕਦੋਂ ਵਿਕਸਤ ਹੋਇਆ ਸੀ? “ਇਸ ਵਿੱਚ ਜਾਣ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਜਗੀਰਦਾਰੀ ਦੇ ਖਾਤਮੇ ਲਈ ਬੰਦਾ ਸਿੰਘ ਬਹਾਦਰ ਵੱਲੋਂ ਲੜੀ ਜਾ ਰਹੀ ਜੰਗ ਵਿਰੁੱਧ ਜਿਹੜੇ ਲੋਕ ਮੁਗਲਾਂ ਨਾਲ ਰਲਕੇ, ਮਰਨ-ਮਾਰਨ ਦੀ ਜੰਗ, ਇੱਕ ਜੁਟ ਹੋ ਕੇ ਲੜੇ ਸਨ ਉਹ ਸਾਰੇ ਧਰਮਾਂ ਅਤੇ ਜਾਤਾਂ ਦੇ ਜਗੀਰਦਾਰ ਸਨ, ਅਹਿਲਕਾਰ ਸਨ, ਰਜਵਾੜੇ ਸਨ।’’ ਜਿਹੜੇ ਰਾਜਸਥਾਨ ਤੋਂ ਲੈ ਕੇ ਜੰਮੂ-ਕਸ਼ਮੀਰ ਅਤੇ ਪਹਾੜੀ ਰਾਜਿਆਂ ਤੱਕ ਫੈਲੇ ਹੋਏ ਸਨ ਤੇ ਇਨ੍ਹਾਂ ਦੀ ਗਿਣਤੀ 45 ਤੋਂ ਉੱਪਰ ਬਣਦੀ ਹੈ। ਇਹ ਜਗੀਰਦਾਰੀ ਨੂੰ ਕਾਇਮ ਰੱਖਣ ਵਲੀਆਂ ਸ਼ਕਤੀਆਂ ਅਤੇ ਜਗੀਰਦਾਰੀ ਨੂੰ ਖਤਮ ਕਰਨ ਵਾਲੀਆਂ ਸ਼ਕਤੀਆਂ ਦਰਮਿਆਨ ਸਿੱਧੀ ਕਤਾਰਬੰਦੀ ਸੀ। ਇੱਕ ਪਾਸੇ ਹਾਕਮ, ਜਗੀਰਦਾਰ ਅਤੇ ਅਹਿਲਕਾਰ ਸਨ ਅਤੇ ਦੂਜੇ ਪਾਸੇ ਹਲਵਾਹਕ, ਕਿਰਤੀ ਅਤੇ ਦਸਤਕਾਰ ਸਨ, ਜਿਨ੍ਹਾਂ ਨੂੰ ਭਾਰਤੀ ਸਮਾਜਿਕ ਮਿਆਰਾਂ ਅਨੁਸਾਰ ਨੀਚ ਜਾਤੀਆਂ ਜਾਂ ਸ਼ੂਦਰ ਕਿਹਾ ਗਿਆ ਸੀ। ਹਿਤਾਂ ਦੀ ਸਿੱਧੀ ਟੱਕਰ ਸੀ। ਇੱਥੇ ਹੀ ਬੱਸ ਨਹੀਂ ਮੁਗ਼ਲ ਹਕੂਮਤ ਜਗੀਰਦਾਰਾਂ ਦੀਆਂ ਜਗੀਰਦਾਰੀਆਂ ਸੁਰੱਖਿਅਤ ਰੱਖਣ ਦੇ ਵਾਅਦਿਆਂ ਨਾਲ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਧੇਰੇ ਤੋਂ ਵਧੇਰੇ ਲਾਲਚ ਦੇ ਕੇ ਬੰਦਾ ਸਿੰਘ ਬਹਾਦਰ ਵਿਰੁੱਧ ਜੰਗ ਵਿਚ ਝੋਕਦੀ ਸੀ। ਇਸ ਦਾ ਅਰਥ ਹੈ ਮੁਜ਼ਾਰੇ, ਕਿਰਤੀ, ਦਸਤਕਾਰ ਆਦਿ ਪੰਜਾਹ ਤੋਂ ਵਧੇਰੇ ਹਾਕਮਾਂ ਦੇ ਮੋਰਚੇ ਵਿਰੁੱਧ ਇੱਕ ਜੁੱਟ ਹੋ ਕੇ ਲੜੇ ਸਨ ਅਤੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਸੀ। ਹੁਣ ਮੁਗ਼ਲ ਸਲਤਨਤ ਦੀ ਸਭ ਤੋਂ ਵੱਡੀ ਚਿੰਤਾ ਇਸੇ ਹੀ ਇੱਕਜੁੱਟਤਾ ਨੂੰ ਭੰਗ ਕਰਨ ਦੀ ਸੀ, ਜਿਸ ਵਿੱਚ ਉਹ ਸਫਲ ਰਹੀ।
ਆਖ਼ਰਕਾਰ ਬਾਬਾ ਬੰਦਾ ਸਿੰਘ ਦੇ ਪੰਥ ਵਿੱਚ ਦੁਫੇੜ ਪੈ ਗਈ। ਮੱਲ ਸਿੰਘ ਦੱਸਦੇ ਹਨ ਕਿ ਤੱਤ ਖਾਲਸੇ ਦੇ ਮੁਖੀ ਬਾਬਾ ਬਿਨੋਦ ਸਿੰਘ ਤੇ ਕਾਹਨ ਸਿੰਘ (ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਥ ਦੇ ਸਭ ਤੋਂ ਵੱਡੇ ਜਰਨੈਲ ਮੰਨੇ ਗਏ ਸਨ) ਦੇ ਮੁਗ਼ਲ ਸਰਕਾਰ ਨਾਲ ਹੋਏ ਸਮਝੌਤੇ ਦੇ ਸਿੱਟੇ ਵਜੋਂ “ਜ਼ਮੀਨ ਹਲਵਾਹਕ (ਮੁਜ਼ਾਰਿਆਂ) ਦੀ” ਦੀ ਥਾਂ ਸਰਕਾਰ ਨੇ ਇਹ ਐਲਾਨ ਕੀਤੇ,
(1) ਵਪਾਰ ਕਰਨ ਵਾਲੇ ਵਪਾਰ ਕਰਨ
(2) ਖੇਤੀ (ਵਾਹੀ-ਜੋਤੀ) ਕਰਨ ਵਾਲੇ ਖੇਤੀ ਕਰਨ
(3) ਨੌਕਰੀ ਕਰਨ ਵਾਲੇ ਨੌਕਰੀ ਕਰਨ
(4) ਦਰਬਾਰ ਸਾਹਿਬ ਅੰਮਿ੍ਰਤਸਰ ਦਾ ਪ੍ਰਬੰਧ ਬਾਬਾ ਬਿਨੋਦ ਸਿੰਘ ਦੇ ਧੜੇ ਤੱਤ ਖਾਲਸੇ ਪਾਸ ਹੋਵੇਗਾ।
ਲੇਖਕ ਦੱਸਦਾ ਹੈ ਕਿ ਸਮਝੌਤਾ ਕਰਨ ਸਮੇਂ ਤੱਤ ਖਾਲਸਾ ਦੇ ਮੁਖੀ ਬਾਬਾ ਬਿਨੋਦ ਸਿੰਘ ਨਾਲ ਮੁਜ਼ਾਰੇ ਕਿਸਾਨਾਂ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ। ਬਾਬਾ ਬਿਨੋਦ ਸਿੰਘ ਨੂੰ ਪਤਾ ਸੀ ਕਿ ਹਲਵਾਹਕਾਂ ਵਿੱਚ ਫੁੱਟ ਪਾਕੇ ਇਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਕਿਵੇਂ ਤੋੜਿਆ ਜਾਵੇ। ਐਸਾ ਹੀ ਵਾਪਰਿਆ। ….. ਬਾਬਾ ਬੰਦਾ ਸਿੰਘ ਦੇ ਫੈਸਲੇ ਦੇ ਐਲਾਨ ਅਤੇ ਅਮਲ ਕਿ ‘ਜ਼ਮੀਨ ਸਾਰੇ ਭਾਈਚਾਰੇ ਦੀ ਸਾਂਝੀ ਮਲਕੀਅਤ ਹੈ’ ਦੇ ਉਲਟ ਮੁਜ਼ਾਰੇ ਕਿਸਾਨਾਂ ਨੂੰ ਜ਼ਮੀਨ ਦੇਣ ਦਾ ਫੈਸਲਾ ਮੁਗ਼ਲ ਸਰਕਾਰ ਨੂੰ ਕਰਨਾ ਪਿਆ। ਜਿਸ ਨਾਲ ਪਿੰਡ ਭਾਈਚਾਰੇ ਦਾ ਜ਼ਮੀਨ ’ਤੇ ਸਾਂਝੇ ਹੱਕ ਦਾ ਭੋਗ ਪੈ ਗਿਆ। ਜ਼ਮੀਨ ਪੰਜਾਬ ਅੰਦਰ ਹਲਵਾਹਕਾਂ ਦੀ ਮਲਕੀਅਤ ਬਣ ਗਈ, ਜੋ ਖੁਦ ਪਹਿਲਾਂ ਮੁਜ਼ਾਰੇ ਸਨ। ਗਿਆਨੀ ਗਿਆਨ ਸਿੰਘ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਕਿਹਾ ਕਿ ‘ਬੁੱਢੇ-ਬੁੱਢੇ ਸਿੰਘ ਤਾਂ ਜਗੀਰਾਂ ਛਕੋ ਤੇ ਜਵਾਨ-ਜਵਾਨ ਨੌਕਰੀ ਕਰ ਲਓ’ ਆਦਿ। ਦੂਜੇ ਪਾਸੇ ਡਾ. ਗੰਡਾ ਸਿੰਘ ਜ਼ਮੀਨ ਹਲਵਾਹਕ ਦੀ ਨੂੰ ਬਾਬਾ ਬੰਦਾ ਸਿੰਘ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚੋਂ ਇਕ ਮੰਨਦਾ ਹੈ। ਉਹ ਕਹਿੰਦਾ ਹੈ ਕਿ “ਇਨ੍ਹਾਂ ਲੀਹਾਂ ’ਤੇ ਚੱਲਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਧਾੜਵੀਆਂ (ਗੁੰਡਿਆਂ) ਨੂੰ ਨੱਥ ਪਾਈ ਜੋ ਪਿੰਡਾਂ ਦੇ ਲੋਕਾਂ ਨੂੰ ਲੁੱਟਦੇ ਸਨ। ਇਸ ਤੋਂ ਪਿੱਛੋਂ ਹਲਵਾਹਕਾਂ ਨੂੰ ਜ਼ਿਮੀਦਾਰਾਂ ਤੋਂ ਨਿਜ਼ਾਤ ਦੁਆਈ ਜੋ ਫਸਲ ਦਾ ਲੇਖਾ-ਜੋਖਾ ਲਵਾ ਕੇ ਮੁਜ਼ਾਰਿਆਂ ਪਾਸੋਂ ਜਿਣਸਾਂ ਦਾ ਅੱਧਾ ਹਿੱਸਾ ਵੰਡਾ ਕੇ ਲੁੱਟ ਦੇ ਰੂਪ ’ਚ ਲੈ ਜਾਇਆ ਕਰਦੇ ਸਨ। ਬੰਦਾ ਸਿੰਘ ਨੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਮੱਲ ਸਿੰਘ ਸਪੱਸ਼ਟ ਕਰਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਜ਼ਮੀਨੀ ਨੀਤੀ ਸਰਬ ਸਾਂਝੀ ਮਾਲਕੀ ਵਾਲੀ ਸੀ।
ਜ਼ਮੀਨ ਅਤੇ ਖੁਰਾਕ ਪ੍ਰਤੀ ਬੰਦਾ ਸਿੰਘ ਬਹਾਦਰ ਦੀ ਵਿਚਾਰਧਾਰਾ ਉੱਪਰਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੋ ਜਾਂਦੀ ਹੈ। ਉਹ ਕਹਿੰਦੇ ਵੀ ਹਨ ਕਿ ‘ਕੁਦਰਤ ਨੇ ਹਰ ਪ੍ਰਾਣੀ ਲਈ ਪਹਿਲਾਂ ਧਰਤੀ ਸਾਜੀ ਫਿਰ ਇਨਸਾਨ ਪੈਦਾ ਹੋਇਆ। ਧਰਤੀ ਤੇ ਪ੍ਰਾਣੀ ਮਾਤਰ ਦੋਵੇਂ ਉਸਦੀ ਹੀ ਦੇਣ ਹਨ। ਇਸ ਲਈ ਜ਼ਮੀਨ ਦਾ ਸਾਂਝਾ ਹੱਕ ਹਰ ਇੱਕ ਇਨਸਾਨ ਲਈ ਹੈ।’ ਉਨ੍ਹਾਂ ਨੇ ਆਪਣੇ ਇਸ ਫਲਸਫੇ ਨੂੰ ਆਪਣੇ ਰਾਜ ਵਿੱਚ ਲਾਗੂ ਕਰ ਦਿੱਤਾ ਸੀ ਜੋ ਰਾਜ ਢਹਿਢੇਰੀ ਹੋ ਜਾਣ ਉਪਰੰਤ ਜਾਰੀ ਨਾ ਰਹਿ ਸਕਿਆ, ਪਰ ਇਸਦੇ ਪ੍ਰਭਾਵ ਸਦੀਵੀ ਹੋ ਨਿਬੜੇ। ਜਿੱਥੋਂ ਤੱਕ ਖੁਰਾਕ ਨੀਤੀ ਦਾ ਸਬੰਧ ਹੈ, ਉਸ ਬਾਰੇ ਬੰਦਾ ਸਿੰਘ ਬਹਾਦਰ ਦਾ ਫ਼ਲਸਫ਼ਾ ਹਰ ਪ੍ਰਾਣੀ ਨੂੰ ਢਿੱਡ ਭਰਨ ਦਾ ਅਧਿਕਾਰ ਦਿੰਦਾ ਹੈ। ਜਿਸ ਕਰਕੇ ਜੋ ਗੁਰੂ ਕਾ ਲੰਗਰ ਪਹਿਲਾਂ ਚੱਲਦਾ ਸੀ “ਉਸਦਾ ਘੇਰਾ ਪਿੰਡ ਪੱਧਰ ਤੱਕ ਵਧਾ ਦਿੱਤਾ ਗਿਆ ਸੀ ਤਾਂਕਿ ਹਰ ਕੋਈ ਸੇਵਾ ਕਰੇ ਕਿਰਤ ਕਰੇ ਤੇ ਇਸ ਸਾਂਝੇ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕੇ।’’ ਬਾਬਾ ਬੰਦਾ ਸਿੰਘ ਦੇ ਰਾਜ ਵਿੱਚ ਇਹ ਵਰਤਾਰਾ ਆਮ ਹੋ ਗਿਆ ਸੀ ।
ਜ਼ਮੀਨ ਉੱਪਰ ਕੁਝ ਵਿਸ਼ੇਸ਼ ਜਾਂ ਮੁੱਠੀ ਭਰ ਲੋਕਾਂ ਦਾ ਕਬਜ਼ਾ ਨਾ ਹੋਵੇ, ਇਸ ਬਾਰੇ ਮਨੁੱਖ ਕਿੰਨੀ ਕੁ ਦੇਰ ਤੋਂ ਲੜਦਾ ਆ ਰਿਹਾ ਹੈ, ਇਸਦਾ ਅੰਦਾਜ਼ਾ ਲਾਉਣਾ ਸੰਭਵ ਨਹੀਂ ਹੈ। ਪਰ ਪੁਰਾਣੇ ਸਮਿਆਂ ਤੋਂ ਦੁਨੀਆਂ ਦੇ ਕਈ ਭਾਗਾਂ ਵਿਚ ਇਸ ਸੰਘਰਸ਼ ਦੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। ਜਿਵੇਂ ਕਿ ਇਟਲੀ ਦੇ ਦੋ ਭਰਾਵਾਂ ਦੀ ਕਹਾਣੀ ਹੈ ਜਿਹੜੇ ਜੱਜ ਸਨ। ਉਨ੍ਹਾ ਨੂੰ ‘ਗਰਾਚੀ ਭਰਾ’ ਕਿਹਾ ਜਾਂਦਾ ਸੀ। ਗਰਾਚੁੱਸ ਟਿਬਰੀਆ ਅਤੇ ਗਰਾਚੁੱਸ ਸੀਊਸ। ਉਹ ਦੋਵੇਂ ਭਰਾ ਅਜਿਹਾ ਕਨੂੰਨ ਬਣਾਉਣ ਲਈ ਜੀਵਨ ਭਰ ਲੜੇ ਜੋ ਜ਼ਿਮੀਂਦਾਰੀ ਪੈਦਾ ਹੋਣ ਦਾ ਸਦਾ ਲਈ ਰਾਹ ਰੋਕ ਦੇਵੇ। ਇਹ ਘਟਨਾ ਅੱਜ ਤੋਂ 2100 ਸਾਲ ਪੁਰਾਣੀ ਹੈ ਯਾਨਿ ਈਸਾ ਤੋਂ ਸੌ ਸਾਲ ਪਹਿਲਾਂ ਦੀ। ਉਨ੍ਹਾਂ ਜੱਜ ਭਰਾਵਾਂ ਦਾ ਇਹ ਸੰਘਰਸ਼ ਇਤਿਹਾਸ ਵਿਚ ਇਸ ਕਦਰ ਉੱਚ ਰੁਤਬੇ ਵਜੋਂ ਦਰਜ਼ ਹੈ ਕਿ ਕਾਰਲ ਮਾਰਕਸ ਨੇ ਇਸ ਉੱਪਰ ਡਰਾਮਾ ਲਿਖਣ ਦਾ ਮਨ ਬਣਾ ਲਿਆ ਸੀ। ਮਾਰਕਸ ਦਾ ਜਵਾਈ ਪੌਲ ਲਫਾਗ ਲਿਖਦਾ ਹੈ ਕਿ ਮਾਰਕਸ ਨੇ ਆਪਣੀਆਂ ਧੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗਰਾਚੀ ਭਰਾਵਾਂ ਤੇ ਡਰਾਮਾ ਲਿਖੇਗਾ ਪਰ ਜ਼ਿੰਦਗੀ ਨੇ ਉਹਨੂੰ ਮੌਕਾ ਨਹੀਂ ਦਿੱਤਾ। ਸਪੱਸ਼ਟ ਹੈ ਕਿ ਮਾਰਕਸ ਉਨ੍ਹਾਂ ਜੱਜ ਭਰਾਵਾਂ ਦੇ ਜ਼ਮੀਨੀ ਫਲਸਫੇ ਨੂੰ ਦਲੀਲਾਂ ਸਮੇਤ, ਡਾਇਲਾਗਜ਼ ਰਾਹੀ ਪੇਸ਼ ਕਰਨਾ ਚਾਹੁੰਦਾ ਸੀ। ਜ਼ਮੀਨ ਅਤੇ ਖੁਰਾਕ ਦਾ ਮਹੱਤਵ ਮਨੁੱਖ ਦੀ ਚੇਤਨਾ ਵਿੱਚ ਕਦੋਂ ਬੈਠਣਾ ਅਰੰਭ ਹੋਇਆ ਸੀ, ਇਤਿਹਾਸ ਲਈ ਇਹ ਵੀ ਨੋਟ ਕਰਨ ਯੋਗ ਹੈ। ਇਹ ਤੈਅ ਕਰਨਾ ਵੀ ਸਮੇਂ ਦੀ ਅਤਿ ਜਰੂਰੀ ਲੋੜ ਹੈ ਕਿ ਅਜੋਕੇ ਮੁਨਾਫਾਖੋਰਾਂ ਨੂੰ ਜ਼ਮੀਨ ਅਤੇ ਖੁਰਾਕ ਉੱਪਰ ਕਬਜ਼ਾ ਕਰਨ ਤੋਂ ਕਿਵੇਂ ਰੋਕਿਆ ਜਾਵੇ। ਜ਼ਮੀਨ ਤੇ ਖੁਰਾਕ ਸਾਂਝੀਵਾਲਤਾ ਦੇ ਹਿੱਸੇ ਆਉਂਦੀਆਂ ਹਨ।
ਸੰਖੇਪ ’ਚ ਸਮਾਜਿਕ ਰਚਨਾ ਦੀ ਵੀ ਗੱਲ ਕਰ ਲਈਏ। ਲੱਗਦਾ ਹੈ ਮਨੁੱਖ ਨੂੰ ਵੀ ਕਿਸੇ ਦੀ ਨਿੱਜੀ ਮਾਲਕੀ ਵਿੱਚ ਸ਼ਾਮਿਲ ਕਰਕੇ ਉੱਚਾ ਅਤੇ ਨੀਵਾਂ ਕਰ ਦਿੱਤਾ ਗਿਆ ਹੈ । ਇਹ ਵੀ ਆਰਥਿਕ ਨਾ-ਬਰਾਬਰੀ ਦੀ ਹੀ ਉਪਜ ਹੈ ਜਿਸਨੂੰ ਵਿਤਕਰੇ ਦੀ ਵਿਚਾਰਧਾਰਾ ਨੇ ਵਾਜਬ ਠਹਿਰਾਇਆ ਹੋਇਆ ਹੈ। ਜਿੱਥੋਂ ਤੱਕ ਕਥਿਤ ਨੀਚ ਜਾਤੀਆਂ ਪ੍ਰਤੀ ਬੰਦਾ ਸਿੰਘ ਬਹਾਦਰ ਦੀਆਂ ਨੀਤੀਆਂ ਦਾ ਪ੍ਰਸ਼ਨ ਹੈ, ਉਸ ਬਾਰੇ ਡਾ. ਸੁਖਦਿਆਲ ਸਿੰਘ ਦਾ ਮੰਨਣਾ ਹੈ ਕਿ “ਨੀਚ ਲੋਕਾਂ ਦੀ ਬਾਂਹ ਖੁਲ੍ਹੇ ਅਤੇ ਐਲਾਨੀਆਂ ਰੂਪ ਵਿੱਚ ਪਹਿਲੀ ਵਾਰ ਸਿੱਖ ਧਰਮ ਨੇ ਫੜੀ” …. “ਬੰਦਾ ਸਿੰਘ ਬਹਾਦਰ ਨੇ ਗਰੀਬ ਅਤੇ ਨੀਚ ਲੋਕਾਂ ਨੂੰ ਪਿੰਡਾਂ ਦੇ ਚੌਧਰੀ ਅਤੇ ਰਾਜ-ਭਾਗ ਦੇ ਮਾਲਕ ਬਣਾਇਆ ਸੀ।’’ ਮੁਹੰਮਦ ਕਾਸਿਮ ਦੇ ਹਵਾਲੇ ਨਾਲ ਡਾ. ਸੁਖਦਿਆਲ ਸਿੰਘ ਦੱਸਦੇ ਹਨ ਕਿ ਐਸੇ ਲੋਕਾਂ ਦੇ ਸਮੂਹ ਬੰਦਾ ਸਿੰਘ ਵੱਲ ਉਮੱਡ ਪਏ ਸਨ, ਜਿਨ੍ਹਾਂ ਪਾਸ ਨਾ ਖਾਣ ਲਈ ਰੋਟੀ ਸੀ ਅਤੇ ਨਾ ਹੀ ਪਹਿਨਣ ਲਈ ਕੋਈ ਕੱਪੜਾ। ਉਹ ਬੰਦਾ ਸਿੰਘ ਪਾਸ ਪਹੁੰਚਕੇ ਹਥਿਆਰ ਅਤੇ ਘੋੜਾ ਪ੍ਰਾਪਤ ਕਰਦੇ ਸਨ।’’ ਇਸੇ ਤਰ੍ਹਾਂ ਹਾਦੀ ਕਾਮਵਰ ਖਾਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ “ਸਫਾਈ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ ਅਤੇ ਵਣਜਾਰਿਆਂ ਦੀ ਪੂਰੀ ਦੀ ਪੂਰੀ ਕੌਮ ਅਤੇ ਹੋਰ ਘਟੀਆ ਅਤੇ ਨੀਚ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕ ਬਹੁਤ ਭਾਰੀ ਗਿਣਤੀ ਵਿੱਚ ਉਸ (ਬੰਦਾ ਸਿੰਘ) ਦੇ ਦੁਆਲੇ ਇਕੱਤਰ ਹੋਏ ਅਤੇ ਉਸਦੇ ਸਿਪਾਹੀ ਬਣ ਗਏ।’’ ਇੱਥੇ ਸਭ ਤੋਂ ਮਹੱਤਵਪੂਰਨ ਅਤੇ ਢੁੱਕਵੀਂ ਟੂਕ ਵਿਲੀਅਮ ਇਰਵਿਨ ਦੀ ਹੈ ਜਿਸਨੇ ਲਿਖਿਆ ਹੈ ਕਿ ‘ਭਾਰਤੀ ਸਮਾਜ ਵਿੱਚ ਜੋ ਵੀ ਨੀਚ ਤੋਂ ਨੀਚ ਜਾਤੀ ਦਾ ਚਮਿਆਰ ਜਾਂ ਭੰਗੀ ਹੁੰਦਾ ਸੀ, ਆਪਣੇ ਘਰੋਂ ਚੱਲ ਕੇ ਜਦੋਂ ਬਾਗ਼ੀ ਗੁਰੂ (ਬੰਦਾ ਸਿੰਘ) ਪਾਸ ਪਹੁੰਚਦਾ ਸੀ ਤਾਂ ਉਹ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਪਿੰਡ ਦਾ ਹਾਕਮ ਬਣਨ ਦੇ ਹੁਕਮ ਆਪਣੇ ਹੱਥ ਵਿਚ ਲੈ ਕੇ ਹੀ ਵਾਪਸ ਮੁੜਦਾ ਸੀ। ਇਸ ਤਰ੍ਹਾਂ ਦੇ ਹੁਕਮਾਂ ਨਾਲ ਲੈਸ ਹੋਇਆ ਉਹ ਕਥਿਤ ਨੀਚ ਭੰਗੀ ਵੀ ਜਦ ਆਪਣੇ ਪਿੰਡ ਪਹੁੰਚਦਾ ਸੀ ਤਾਂ ਉਸੇ ਪਿੰਡ ਦੇ ਜੱਦੀ ਤੇ ਅਖੌਤੀ ਉੱਚੀ ਕੁਲ ਵਾਲੇ ਚੌਧਰੀ ਉਸ ਪਿੰਡ ਦੀਆਂ ਬਰੂਹਾਂ ’ਤੇ ਉਸਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਹੁੰਦੇ ਸਨ ਅਤੇ ਉਹ ਉੱਚੀ ਕੁਲ ਦੇ ਲੋਕ ਉਸ ਨੀਚ ਆਦਮੀ ਨੂੰ ਜਲੂਸ ਦੀ ਸ਼ਕਲ ਵਿੱਚ ਪਿੰਡ ਲੈ ਕੇ ਆਉਂਦੇ ਸਨ। ਪਿੰਡ ਪਹੁੰਚਕੇ ਉਹ ਉਸ ਨਵੇਂ ਬਣੇ ਹਾਕਮ ਦੇ ਸਾਹਮਣੇ ਹੱਥ ਬੰਨ੍ਹ ਕੇ ਖੜ੍ਹੇ ਉਸਦੇ ਨਵੇਂ ਹੁਕਮ ਨੂੰ ਉਡੀਕਦੇ ਰਹਿੰਦੇ ਸਨ।’’ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਕਥਿਤ ਨੀਚ ਜਾਤਾਂ ਤੇ ਦੱਬੇ-ਕੁਚਲੇ ਵਰਗਾਂ ਨੂੰ ਫੌਜ ਵਿੱਚ ਨੌਕਰੀਆਂ ਦੇ ਕੇ ਨਾ ਕੇਵਲ ਉਨ੍ਹਾਂ ਦਾ ਜੀਵਨ ਮਿਆਰ ਹੀ ਉੱਪਰ ਚੁੱਕਿਆ ਸੀ ਸਗੋਂ ਸਮਾਜਿਕ ਕਰਾਂਤੀ ਦਾ ਬੀਜ ਵੀ ਬੀਜਿਆ ਸੀ। ਇਹ ਇੱਕ ਅਜਿਹੀ ਕਰਾਂਤੀ ਸੀ ਜਿਸ ਨੇ ਵਰਣ ਵਿਵਸਥਾ ਦੀਆਂ ਚੂਲਾਂ ਹਿਲਾਅ ਦਿੱਤੀਆਂ ਸਨ। ਸਥਾਪਤੀ ਪੱਖੀ ਸ਼ਕਤੀਆਂ ਲਈ ਇਹ ਸਭ ਅਸਹਿ ਸੀ ਜਿਸ ਕਾਰਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਤੇ ‘ਬੰਦਾ ਸਿੰਘ ਬਹਾਦਰ ਵਾਦ’ ਨੂੰ ਹਮੇਸ਼ਾ ਲਈ ਕੁਚਲ ਦੇਣ ਵਾਸਤੇ ਇਕ ਜੁੱਟ ਹੋ ਗਈਆਂ ਸਨ।
