Now Reading
ਗ਼ੈਰ ਬਰਾਬਰੀ ਦਾ ਦਸਤਾਵੇਜ਼; ਮਨੂੰ ਸਿਮ੍ਰਤੀ

ਗ਼ੈਰ ਬਰਾਬਰੀ ਦਾ ਦਸਤਾਵੇਜ਼; ਮਨੂੰ ਸਿਮ੍ਰਤੀ

ਡਾ. ਕਰਮਜੀਤ ਸਿੰਘ

ਮੰਨੂ ਸਿਮ੍ਰਤੀ ਨੂੰ ਮਾਨਵ ਧਰਮ ਸ਼ਾਸਤਰ ਵੀ ਕਿਹਾ ਗਿਆ ਹੈ। ਕਿਉਂਕਿ ਮਨੂੰ ਸਿਮ੍ਰਤੀ ਨੂੰ ਧਰਮ ਨਾਲ ਜੋੜ ਕੇ ਪਵਿਤ੍ਰ ਦਰਜਾ ਦਿੱਤਾ ਗਿਆ ਹੈ। ਮੰਨੂ ਸਿਮ੍ਰਤੀ ਦੇ 50 ਤੋਂ ਉੱਪਰ ਹੱਥ ਲਿਖਤ ਖਰੜੇ ਮਿਲ਼ਦੇ ਹਨ ਜਿਨ੍ਹਾਂ ਵਿਚ ਕਈ ਪਾਠ ਭੇਦ ਹਨ। ਕਿਸੇ ਵਿਚ ਔਰਤ ਦੇ ਵਿਰੋਧ ਵਿਚ ਹੀ ਲਿਖਿਆ ਗਿਆ ਹੈ ਤੇ ਕਿਸੇ ਵਿਚ ਇਕ-ਅੱਧ ਸ਼ਲੋਕ ਵਿਚ ਉਸਦੀ ਸਿਫ਼ਤ ਵੀ ਕੀਤੀ ਗਈ ਹੈ। ਸਾਰੇ ਵਿਦਵਾਨਾਂ ਵੱਲੋਂ ਮੰਨੂ ਸਿਮ੍ਰਤੀ ਦਾ ਕਾਲ ਭਿੰਨ-ਭਿੰਨ ਨਿਸ਼ਚਿਤ ਕੀਤਾ ਗਿਆ ਹੈ। ਪਰ ਬਹੁਤੇ ਇਸ ਵਿਚਾਰ ਨਾਲ਼ ਸਹਿਮਤ ਹਨ ਕਿ ਇਸਦਾ ਕਾਲ ਦੂਜੀ ਸਦੀ ਬੀ.ਸੀ. ਤੋਂ ਦੂਜੀ ਸਦੀ ਏ.ਡੀ. ਤਕ ਦਾ ਹੈ। ਇਸ ਵਿਚ ਚਾਰ ਵਰਣਾਂ ਦੇ ਕਰਤੱਵ, ਅਧਿਕਾਰ, ਕਾਨੂੰਨ, ਵਿਹਾਰ ਤੇ ਗੁਣਾਂ ਆਦਿ ਦਾ ਜ਼ਿਕਰ ਹੈ। ਓਲੀ ਵੈਲੀ ਦਾ ਵਿਚਾਰ ਹੈ ਕਿ ਇਹ ਰਚਨਾ ਕਈ ਲੇਖਕਾਂ ਦੀ ਹੈ ਤੇ ਲੰਮੇ ਸਮੇਂ ਵਿਚ ਲਿਖੀ ਗਈ ਹੈ। ਉਸ ਅਨੁਸਾਰ ਇਸ ਵਿਚ ਇਕਤਿ੍ਰਤ ਗਿਆਨ ਨੂੰ ਸੂਤਰਬੱਧ ਕੀਤਾ ਗਿਆ ਹੈ। ਇਨ੍ਹਾਂ ਸ਼ਲੋਕਾਂ ਵਿਚ ਬਹੁਤ ਸਾਰੇ ਸਿਮ੍ਰਤੀ ਤੋਂ ਪਹਿਲਾਂ ਦੇ ਸ਼ਾਸਤਰਾਂ ਵਿਚ ਆਏ ਹਨ। ਸਿਮ੍ਰਤੀ ਦਾ ਜੋ ਆਧੁਨਿਕ ਰੂਪ ਮਿਲ਼ਦਾ ਹੈ, ਉਸਦੇ 12 ਅਧਿਆਇ ਹਨ। ਅਸੀਂ ਜਿਸ ਪਾਠ ਨੂੰ ਆਧਾਰ ਬਣਾਇਆ ਹੈ ਉਸਦਾ ਟੀਕਾ ਪੰਡਿਤ ਦੇਵ ਨਾਰਾਇਣ ਪਾਠਕ ਨੇ ਕੀਤਾ ਹੈ ਅਤੇ ‘ਪ੍ਰਕਾਸ਼ ਪਬਲਿਕੇਸ਼ਨ’, ਦਿੱਲੀ ਨੇ ਇਸਨੂੰ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਕੁੱਲ 2772 ਸ਼ਲੋਕ ਹਨ।
ਮਨੂੰ ਸਿਮ੍ਰਤੀ ਮੁੱਖ ਤੌਰ ਤੇ ਬ੍ਰਾਹਮਣ (ਧਾਰਮਿਕ) ਅਤੇ ਕਸ਼ਤਰੀ (ਰਾਜਾ, ਪ੍ਰਬੰਧਕ ਅਤੇ ਲੜਨ ਵਾਲੀ ਜਮਾਤ) ਉੱਪਰ ਧਿਆਨ ਕੇਂਦਿ੍ਰਤ ਕਰਦੀ ਹੈ। ਓਲੀ ਵੈਲੀ ਅਨੁਸਾਰ 1043 ਸ਼ਲੋਕ ਬ੍ਰਾਹਮਣਾਂ ਬਾਰੇ ਹਨ ਅਤੇ 971 ਸ਼ਲੋਕ ਕਸ਼ਤਰੀਆਂ ਬਾਰੇ। ਲੇਖਕ ਬ੍ਰਾਹਮਣ ਹੋਣ ਕਾਰਣ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਦੇ ਹਨ। ਇਕ ਤਰ੍ਹਾਂ ਨਾਲ਼ ਰਾਜਨੀਤਕ ਸੱਤਾ ਤੇ ਧਰਮਾਧਿਕਾਰੀ ਦੇ ਅਧਿਕਾਰਾਂ ਵਿਚ ਸਮਤੋਲ ਬਣਾਉਣ ਦਾ ਯਤਨ ਕੀਤਾ ਗਿਆ ਹੈ। ਇਹ ਤੱਥ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਹਿੰਦੂ ਕੋਡ ਬਿਲ ਬਣਾਉਣ ਸਮੇਂ ਔਰਤਾਂ ਦੇ ਅਧਿਕਾਰਾਂ ਦੀ ਵਿਆਖਿਆ ਕਰਨ ਸਮੇਂ ਤੇ ਚਾਰ ਕਲਾਸਾਂ ਦੀ ਵੰਡ ਮੰਨਣ ਸਮੇਂ ਅੰਗ੍ਰੇਜ਼ ਸ਼ਾਸਕਾਂ ਨੇ ਮੰਨੂ ਸਿਮ੍ਰਤੀ ਨੂੰ ਆਧਾਰ ਬਣਾਇਆ। ਵਿਦਵਾਨਾਂ ਅਨੁਸਾਰ ਸਿਮ੍ਰਤੀ ਵਿਚ ਅਨੇਕਾਂ ਵਿਰੋਧਤਾਈਆਂ ਹਨ। ਅਸਲ ਵਿਚ ਇਹ ਵਿਦਵਾਨ ਪਾਠ ਨੂੰ ਸਮੁੱਚਤਾ ਵਿਚ ਗ੍ਰਹਿਣ ਕਰਨ ਅਤੇ ਬ੍ਰਾਹਮਣ ਦਿ੍ਰਸ਼ਟੀ ਨੂੰ ਧਿਆਨ ਵਿਚ ਰੱਖਣ ਤਾਂ ਬਹੁਤ ਸਾਰੀਆਂ ਵਿਰੋਧਤਾਈਆਂ ਖ਼ਤਮ ਹੋ ਜਾਂਦੀਆਂ ਹਨ, ਨਹੀਂ ਤਾਂ ਕੁਝ ਹਿੱਸੇ ਸਵੀਕਾਰ ਕਰ ਲਏ ਜਾਂਦੇ ਹਨ ਤੇ ਕੁਝ ਤੋਂ ਇਨਕਾਰ ਕੀਤਾ ਜਾਂਦਾ ਹੈ। ਜਿਵੇਂ ਮਹਾਤਮਾ ਗਾਂਧੀ ਨੇ ਅਹਿੰਸਾ ਦੀ ਦਿ੍ਰਸ਼ਟੀ ਤੋਂ ਮੰਨੂ ਸਿਮ੍ਰਤੀ ਨੂੰ ਬਹੁਤਾ ਨਹੀਂ ਗੌਲ਼ਿਆ। ਨੈਤਿਕਤਾਵਾਂ ਜਿੰਨ੍ਹਾਂ ਦੀ ਮਹਾਤਮਾ ਗਾਂਧੀ ਨੇ ਪ੍ਰਸੰਸਾ ਕੀਤੀ ਹੈ ਉਹ ਬ੍ਰਾਹਮਣ ਜਮਾਤ ਨਾਲ਼ ਹੀ ਜੁੜੀਆਂ ਹੋਈਆਂ ਹਨ। ਮਹਾਤਮਾ ਦਾ ਵਿਚਾਰ ਹੈ, “ਮੈਂ ਮੰਨੂ ਸਿਮ੍ਰਤੀ ਨੂੰ ਸ਼ਾਸਤਰਾਂ ਦਾ ਹਿੱਸਾ ਮੰਨਦਾ ਹਾਂ ਪਰ ਇਸਦਾ ਇਹ ਅਰਥ ਨਹੀਂ ਕਿ ਮੰਨੂ ਸਿਮ੍ਰਤੀ ਵਿਚ ਲਿਖੇ ਹਰ ਸ਼ਲੋਕ ਨੂੰ ਮੈਂ ਮਾਨਤਾ ਦਿੰਦਾ ਹਾਂ। ਛਪੇ ਪਾਠ ਵਿਚ ਅਨੇਕਾਂ ਵਿਰੋਧਤਾਈਆਂ ਹਨ। ਜੇ ਤੁਸੀਂ ਇਕ ਹਿੱਸਾ ਸਵੀਕਾਰ ਕਰਦੇ ਹੋ ਤਾਂ ਤੁਸੀਂ ਦੂਸਰੇ ਹਿੱਸੇ ਨੂੰ ਤਰਕ ਕਰੋਗੇ ਕਿਉਂਕਿ ਉਹ ਪਹਿਲੇ ਹਿੱਸੇ ਦੇ ਵਿਰੋਧ
ਵਿਚ ਹਨ….. ਕਿਸੇ ਕੋਲ਼ ਵੀ ਮੂਲ਼ ਪਾਠ ਨਹੀਂ ਹੈ।”
ਵਿਦਵਾਨ ਇਸ ਵਿਚਾਰ ਦੇ ਹਨ ਕਿ ਭਾਰਤ ਵਿਚ ਕਿਸੇ ਵੀ ਰਾਜ ਵਿਚ ਮੰਨੂ ਸਿਮ੍ਰਤੀ ਦਾ ਵਿਧਾਨ ਲਾਗੂ ਨਹੀਂ ਹੋਇਆ ਪਰ ਉਹ ਭੁੱਲ ਜਾਂਦੇ ਹਨ ਕਿ ਸਿਮ੍ਰਤੀ ਚੰਗੇ ਰਾਜੇ ਦੀਆਂ ਵਿਸ਼ੇਸ਼ਤਾਈਆਂ ਗਿਣਾਉਂਦੀ ਹੈ, ਉਸਨੂੰ ਸਜ਼ਾ ਦੇਣ ਦੇ ਅਧਿਕਾਰਾਂ ਦਾ ਜ਼ਿਕਰ ਵੀ ਕਰਦੀ ਹੈ ਤੇ ਹੋਰ ਵੀ ਬਹੁਤ ਕੁਝ ਪਰ ਨਾਲ਼ ਹੀ ਉਹ ਬ੍ਰਾਹਮਣ ਨੂੰ ਸਰਬ ਸਮਰੱਥ ਦੱਸ ਕੇ ਉਸਨੂੰ ਕੋਈ ਵੀ ਸਜ਼ਾ ਦੇਣ ਦਾ ਅਧਿਕਾਰ ਦਿੰਦੀ ਹੈ। ਇਨ੍ਹਾਂ ਨਿਯਮਾਂ ਨੂੰ ਆਪਣੇ ਤੋਂ ਹੇਠਲੇ ਵਰਣਾਂ ਤੇ ਲਾਗੂ ਕਰਕੇ ਜਿੰਨੇ ਜ਼ੁਲਮ ਅਤੀਤ ਵਿਚ ਇਸ ਖਿੱਤੇ ਵਿਚ ਕੀਤੇ ਗਏ ਹਨ ਉਹ ਹੋਰ ਕਿਸੇ ਨੇ ਵੀ ਸ਼ਾਇਦ ਕਿਧਰੇ ਵੀ ਨਹੀਂ ਕੀਤੇ ਹੋਣੇ। ਕਿਸੇ ਦੇਸ਼ ਦੀ ਏਨੀ ਘਟ ਗਿਣਤੀ ਦਾ ਪੂਰੇ ਸਮਾਜ ਨੂੰ ਗ਼ੁਲਾਮੀ ਵਰਗੀ ਸਥਿਤੀ ਵਿਚ ਸੁੱਟ ਦੇਣਾ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਮਿਲ਼ਦਾ ਹੋਵੇ। 600 ਸਾਲਾ ਇਸਲਾਮਕ ਰਾਜ ਵਿਚ ਸਿਮ੍ਰਤੀ ਦੀ ਜਕੜ ਢਿੱਲੀ ਹੋਈ ਜਿਸ ਦੌਰਾਨ ਭਗਤੀ ਅੰਦੋਲਨ ਸਾਹਮਣੇ ਆਇਆ। ਅੰਗਰੇਜ਼ਾਂ ਦੇ ਰਾਜ ਵਿਚ ਕਾਨੂੰਨ ਅੰਗ੍ਰੇਜ਼ਾਂ ਦਾ ਸੀ ਪਰ ਸਮਾਜ ਨੂੰ ਬ੍ਰਾਹਮਣ ਨੇ ਸਿਮ੍ਰਤੀ ਦੇ ਆਧਾਰ ਤੇ ਜਕੜਨ ਦਾ ਪੂਰਾ ਜਤਨ ਕੀਤਾ, ਸਾਰਿਆਂ ਨੂੰ ਪੜ੍ਹਾਉਣ ਦੇ ਕਾਨੂੰਨ ਨੂੰ, ਸਤੀ, ਬਾਲ ਵਿਆਹ ਦੇ ਵਿਰੋਧ, ਵਿਧਵਾ ਵਿਆਹ, ਪੁਨਰ ਵਿਆਹ ਨੂੰ ਅੱਜ ਤੱਕ ਸਵੀਕਾਰ ਨਹੀਂ ਕੀਤਾ ਗਿਆ। ਰਹਿ-ਰਹਿ ਕੇ ਹਿੰਦੂਵਾਦੀ (ਹਿੰਦੂਤਵੀ ਤੱਤ) ਮੁੜ 2500 (ਢਾਈ ਹਜ਼ਾਰ ਸਾਲ) ਪੁਰਾਣੇ ਗ਼ੈਰ ਬਰਾਬਰੀ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਪਿਛਾਖੜੀ ਅੰਦੋਲਨ ਚਲਾਉਂਦੇ ਰਹਿੰਦੇ ਹਨ। ਹੁਣ ਜਦ ਇਹ ਤੱਤ ਰਾਜ ਸੱਤਾ ਵਿਚ ਹਨ ਤਾਂ ਇਹ ਇਕ ਹੱਦ ਤੱਕ ਬਰਾਬਰੀ ਉੱਪਰ ਆਧਾਰਿਤ 1950 ਵਿਚ ਲਾਗੂ ਹੋਏ ਸੰਵਿਧਾਨ ਨੂੰ ਉਲਟਣ ਦੀਆਂ ਚਾਲਾਂ ਚਲਦੇ ਨਜ਼ਰ ਆਉਂਦੇ ਹਨ। ਅੰਗ੍ਰੇਜ਼ਾਂ ਨੇ ਮੰਨੂ ਸਿਮ੍ਰਤੀ ਨੂੰ ਕਾਨੂੰਨੀ ਦਸਤਾਵੇਜ਼ ਮੰਨਿਆਂ ਜਦ ਕਿ ਕੁਝ ਵਿਦਵਾਨਾਂ ਅਨੁਸਾਰ ਇਹ ਸਦਾਚਾਰ ਅਤੇ ਕਾਨੂੰਨ ਉੱਪਰ ਤਬਸਰਾ ਹੈ। ਪਰ ਬ੍ਰਾਹਮਣ ਇਸ ਨੂੰ ਧਾਰਮਿਕ ਕਾਨੂੰਨ ਬਣਾਉਣ ਲਈ ਬਜਿਦ ਰਿਹਾ ਹੈ। ਰੋਮਿਲਾ ਥਾਪਰ ਅਨੁਸਾਰ ਇਹ ਸ਼ਾਸਤਰ ਕਾਨੂੰਨੀ ਦਸਤਾਵੇਜ਼ ਨਹੀਂ ਹਨ ਸਗੋਂ ਸਮਾਜਿਕ ਅਤੇ ਰੀਤੀ ਰਿਵਾਜਾਂ ਨਾਲ਼ ਜੁੜੇ ਪਾਠ ਹਨ।
ਹਿੰਦੂਤਵਵਾਦੀ ਤੱਤ 1925 ਈ. ਤੋਂ ਹੀ ਮੰਨੂ ਸਿਮ੍ਰਤੀ ਨੂੰ ਸੰਵਿਧਾਨਿਕ ਦਰਜਾ ਦਿੰਦੇ ਹਨ। ਆਰ ਐਸ ਐਸ ਦਾ ਅਖ਼ਬਾਰ ਆਰਗੇਨਾਈਜ਼ਰ 30 ਨਵੰਬਰ, 1949 ਦੇ ਸੰਪਾਦਕੀ ਵਿਚ ਲਿਖਦਾ ਹੈ, “ਸਾਡੇ ਸੰਵਿਧਾਨ ਵਿਚ ਭਾਰਤ ਵਿਚ ਖਾਸ ਤਰ੍ਹਾਂ ਦੇ ਸੰਵਿਧਾਨਕ ਵਿਕਾਸ ਦਾ ਕੋਈ ਜ਼ਿਕਰ ਨਹੀਂ। ਮੰਨੂ ਦੇ ਕਾਨੂੰਨ ਸਪਾਰਟਾ ਦੇ ਲਾਈਕੁਰਗਸ ਜਾਂ ਪਰਸ਼ੀਆ ਦੇ ਸੋਲੋਨ ਤੋਂ ਵੀ ਪਹਿਲਾਂ ਲਿਖੇ ਗਏ ਸਨ। ਅੱਜ ਤਕ ਮਨੂੰ ਦੇ ਕਾਨੂੰਨ ਦੀ ਦੁਨੀਆਂ ਸਿਫ਼ਤ ਕਰਦੀ ਹੈ ਅਤੇ ਆਪਣੇ ਆਪ ਇਹ ਲਾਗੂ ਵੀ ਹੁੰਦੇ ਹਨ। ਪਰ ਸਾਡੇ ਸੰਵਿਧਾਨਕ ਪੰਡਿਤਾਂ ਲਈ ਇਸਦਾ ਕੋਈ ਅਰਥ ਨਹੀਂ।” (ਸ਼ਮਸੂਲ ਇਸਲਾਮ ਦੇ ਮੋਹਨ ਭਾਗਵਤ ਨੂੰ 26 ਜੂਨ, 2012 ਦੇ ਲਿਖੇ ਖ਼ਤ ਵਿਚੋਂ) (ਆਰਗੇਨਾਈਜ਼ਰ) ਇਹ ਮੰਨਣ ਲਈ ਤਿਆਰ ਨਹੀਂ ਕਿ ਇਹ ਸਿਮ੍ਰਤੀ ਘੋਰ ਨਾ ਬਰਾਬਰੀ ਦਾ ਦਸਤਾਵੇਜ਼ ਹੋਣ ਕਾਰਣ ਤਿ੍ਰਸਕਾਰ ਦਾ ਪਾਤਰ ਬਣਿਆ, ਖਾਸ ਤੌਰ ਤੇ ਜਦੋਂ ਦਲਿਤ ਵਿਦਵਾਨਾਂ ਨੇ ਅਸਮਾਨਤਾ ਵਾਲ਼ੇ ਸਿਮ੍ਰਤੀ ਦੇ ਵਿਚਾਰਾਂ ਨੂੰ ਸਾਹਮਣੇ ਲਿਆਂਦਾ ਤਾਂ ਹਜ਼ਾਰਾਂ ਸਾਲਾਂ ਤੋਂ ਗ਼ੁਲਾਮੀ/ਦਾਸਤਾ ਦੀ ਸਥਿਤੀ ਵਿਚ ਜੀਣ ਵਾਲ਼ੇ ਦਲਿਤ ਲੋਕਾਂ ਵਿਚ ਚੇਤਨਾ ਆਈ ਤੇ ਉਨ੍ਹਾਂ ਨੇ ਸਾਮੂਹਿਕ ਤੌਰ ਤੇ ਇਸ ਵਿਰੁਧ ਸੰਘਰਸ਼ ਦਾ ਰਾਹ ਅਪਣਾਇਆ ਜਿਸਦਾ ਅਗਾਂਹ ਜ਼ਿਕਰ ਕੀਤਾ ਜਾ ਰਿਹਾ ਹੈ।
ਸਾਵਰਕਰ ਹੋਰ ਵੀ ਸਪੱਸ਼ਟ ਕਰਦਾ ਹੈ, “ਵੇਦਾਂ ਤੋਂ ਬਾਅਦ ਮੰਨੂ ਸਿਮ੍ਰਤੀ ਗ੍ਰੰਥ, ਹਿੰਦੂ ਰਾਸ਼ਟਰ ਲਈ ਪੂਜਣਯੋਗ ਹੈ ਜਿਹੜਾ ਪੁਰਾਣੇ ਜ਼ਮਾਨਿਆਂ ਤੋਂ ਹੀ ਸਾਡੇ ਸਭਿਆਚਾਰਕ ਰਿਵਾਜਾਂ, ਵਿਚਾਰ ਤੇ ਅਮਲ ਵਿਚ ਰਿਹਾ ਹੈ। ਇਸ ਪੁਸਤਕ ਨੇ ਸਦੀਆਂ ਤੋਂ ਰਾਸ਼ਟਰ ਦੀ ਆਤਮਕ ਤੇ ਦੈਵੀ ਤੋਰ ਨੂੰ ਸੂਤਰਬੱਧ ਕੀਤਾ ਹੈ। ਅੱਜ ਵੀ ਕਰੋੜਾਂ ਹਿੰਦੂ ਇਨ੍ਹਾਂ ਨਿਯਮਾਂ ਨੂੰ ਜਿੰਦਗੀ ਵਿਚ ਅਮਲ ਵਿਚ ਲਿਆਉਂਦੇ ਹਨ। ਅੱਜ ਮੰਨੂ ਸਿਮ੍ਰਤੀ ਹਿੰਦੂ ਕਾਨੂੰਨ ਹੈ।” (ਸ਼ਮਸੁਲ ਇਸਲਾਮ-ਉਪਰੋਕਤ) ਇਹ ਕਾਨੂੰਨ ਸਮੁੱਚੇ ਹਿੰਦੂਆਂ ਦਾ ਕਾਨੂੰਨ ਨਹੀਂ ਸਗੋਂ ਗ਼ੈਰ ਬਰਾਬਰੀ/ਅਸਮਾਨਤਾ ਦਾ ਕਾਨੂੰਨ ਹੈ। ਸ਼ਮਸੁਲ ਇਸਲਾਮ, ਡਾ.ਬੀ.ਆਰ ਅੰਬੇਡਕਰ ਵਲੋਂ ਮੋਹਨ ਭਾਗਵਤ ਨੂੰ ਲਿਖੇ ਖ਼ਤ ਵਿਚਲੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕਰਦਾ ਹੈ, “ਸੱਚ ਤਾਂ ਇਹ ਹੈ ਕਿ ਤਾਨਾਸ਼ਾਹੀ ਨਾਲ਼ ਖੜ੍ਹੀ ਹੋਣ ਵਾਲ਼ੀ ਵਿਚਰਧਾਰਾ ਤੋਂ ਵੱਧ ਕੁਝ ਨਹੀਂ। ਜਾਤ ਪਾਤ ਅਨਿਆਂ ਹੈ। ਮੈਂ (ਡਾ. ਅੰਬੇਡਕਰ ਦੇ ਸ਼ਬਦਾਂ ਵਿਚ) ਇਸ ਨੂੰ ਸਮਾਪਤ ਕਰਨਾ ਚਾਹਾਂਗਾ। “ਜੇ ਹਿੰਦੂ ਰਾਜ ਸੱਚ ਵਿਚ ਕਾਇਮ ਹੁੰਦਾ ਹੈ ਤਾਂ ਇਹ ਦੇਸ਼ ਲਈ ਵੱਡੀ ਬਦਕਿਸਮਤੀ ਹੋਵੇਗੀ….. ਇਹ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਲਈ ਖ਼ਤਰਾ ਹੈ। ਇਸੇ ਤਰ੍ਹਾਂ ਇਸ ਦਾ ਡੈਮੋਕਰੇਸੀ ਨਾਲ਼ ਕੋਈ ਮੇਲ਼ ਨਹੀਂ। ਹਿੰਦੂ ਰਾਜ ਨੂੰ ਹੋਂਦ ਵਿਚ ਆਉਣੋਂ ਹਰ ਹਾਲਤ ਵਿਚ ਰੋਕਣਾ ਚਾਹੀਦਾ ਹੈ।”
ਉਪਰੋਕਤ ਵਿਚਾਰਾਂ ਤੋਂ ਬਾਅਦ ਡਾ. ਅੰਬੇਡਕਰ ਦਾ ਮੰਨੂ ਸਿਮ੍ਰਤੀ ਪ੍ਰਤਿ ਗੁੱਸਾ ਸਮਝ ਆਉਣ ਵਾਲਾ ਹੈ। ਇਥੇ ਇਹ ਵੀ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਦਲਿਤ ਵਿਚਾਰਵਾਨ ਹੀ ਮੰਨੂ ਸਿਮ੍ਰਤੀ ਦੇ ਖ਼ਿਲਾਫ਼ ਏਨੇ ਸਖਤ ਕਿਉਂ ਸਨ? ਮੱਧ ਕਾਲ ਦੇ ਭਗਤੀ ਅੰਦੋਲਨ ਤੋਂ ਬਾਅਦ ਉਨੀਵੀਂ ਸਦੀ ਦਾ ਅੰਦੋਲਨ ਕੇਵਲ ਧਾਰਮਿਕ ਨਹੀਂ ਸੀ ਸਗੋਂ ਇਹ ਰਾਜਨੀਤਕ ਤੇ ਸਭਿਆਚਾਰਕ ਅੰਦੋਲਨ ਵੀ ਸੀ ਜਿਸ ਤੋਂ ਅਗਾਂਹ ਸਮਕਾਲੀ ਅੰਦੋਲਨ ਸਾਹਮਣੇ ਆਉਂਦੇ ਹਨ ਤੇ ਨਾਲ਼ ਦੀ ਨਾਲ਼ ਇਨ੍ਹਾਂ ਦੇ ਮਾਰਕਸਵਾਦੀ ਅੰਦੋਲਨਾਂ ਨਾਲ਼ ਸੰਬੰਧਾਂ ਦੇ ਚਰਚੇ ਵੀ ਹੋ ਰਹੇ ਹਨ। 25 ਦਸੰਬਰ, 1927 ਈ. ਨੂੰ ਮਹਾਰਾਸ਼ਟਰ ਦੇ ਮਹਾੜ ਕਸਬੇ ਵਿਚ ‘ਮੰਨੂ ਸਿਮ੍ਰਤੀ ਦਹਿਨ ਦਿਵਸ’ ਮਨਾਇਆ ਗਿਆ। ਡਾ. ਅੰਬੇਡਕਰ ਦੀ ਪ੍ਰਧਾਨਗੀ ਵਿਚ ਦੇਸ਼ ਭਰ ਦੇ ਹਿੰਦੂ ਵਿਰੋਧ ਦੇ ਬਾਵਜੂਦ ਮੰਨੂ ਸਿਮ੍ਰਤੀ ਦੀ ਹੋਲੀ ਜਲਾਈ ਗਈ। ਹੋਰਨਾਂ ਵਲੋਂ ਮਨ੍ਹਾਂ ਕਰਨ ਤੇ ਫ਼ਤੇਹਖਾਨ ਨੇ ਆਪਣੀ ਨਿੱਜੀ ਜ਼ਮੀਨ ਵਿਚ ਇਹ ਆਯੋਜਨ ਕਰਵਾਇਆ। ਇਥੋਂ ਹੀ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਸਹਿਯੋਗ ਨੂੰ ਰੇਖਾਂਕਿਤ ਕੀਤਾ ਜਾ ਸਕਦਾ ਹੈ। ਇਸ ਸਮੇਂ ਜਿਹੜੀ ਸਹੁੰ ਚੁਕਾਈ ਗਈ ਉਸਦਾ ਇਤਿਹਾਸਕ ਤੇ ਵਿਚਾਰਧਾਰਕ ਮੁੱਲ ਹੈ। ਸਹੁੰ ਇਸੇ ਤਰ੍ਹਾਂ ਸੀ :
“ਮੈਂ ਜਨਮ ਦੇ ਆਧਾਰ ਤੇ ਚਾਰ ਵਰਣਾਂ ਵਿਚ ਵਿਸ਼ਵਾਸ ਨਹੀਂ ਰੱਖਦਾ;
ਮੈਂ ਜਾਤ ਪਾਤ ਦੇ ਆਧਾਰ ਤੇ ਭੇਦ-ਭਾਵ ਨੂੰ ਨਹੀਂ ਮੰਨਦਾ;
ਮੈਂ ਸਮਝਦਾ ਹਾਂ ਕਿ ਅਛੂਤਪੁਣਾ ਹਿੰਦੂਆਂ ਲਈ ਸਰਾਪ ਹੈ ਇਸ ਲਈ ਮੈਂ ਅਛੂਤ ਪ੍ਰਥਾ ਨੂੰ ਜੜ੍ਹੋਂ ਉਖਾੜ ਸੁੱਟਣ ਲਈ ਪੂਰੀ ਵਾਹ ਲਾਵਾਂਗਾ;
ਮੈਂ ਹਿੰਦੂਆਂ ਵਲੋਂ ਖਾਣ ਪੀਣ ਤੇ ਲਾਈਆਂ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਨਹੀਂ ਮੰਨਾਗਾ;
ਮੈਂ ਵਿਸ਼ਵਾਸ ਕਰਦਾ ਹਾਂ ਕਿ ਅਛੂਤਾਂ ਦੇ ਮੰਦਿਰ ਜਾਣ ਅਤੇ
ਪਾਣੀ ਦੇ ਸ੍ਰੋਤਾਂ, ਸਕੂਲਾਂ ਅਤੇ ਹੋਰ ਸੁੱਖ ਸਹੂਲਤਾਂ ਤਕ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ।”
ਇਸ ਸਮੇਂ ‘ਅਛੂਤ ਪ੍ਰਥਾ ਨੂੰ ਖਤਮ ਕਰੋ’, ‘ਬ੍ਰਾਹਮਣ ਵਾਦ ਨੂੰ ਦਫ਼ਨ ਕਰੋ’ ਵਰਗੇ ਨਾਅਰੇ ਲਿਖ ਕੇ ਲਾਏ ਗਏ ਸਨ। ਡਾ. ਅੰਬਡੇਕਰ ਵਲੋਂ ਜੋ ਭਾਸ਼ਣ ਦਿੱਤਾ ਗਿਆ ਤੇ ਬਾਅਦ ਵਿਚ ‘ਬਹਿਸ਼ਕਿ੍ਰਤ ਭਾਰਤ’ ਅਖ਼ਬਾਰ ਵਿਚ ਡਾ. ਸਾਹਿਬ ਨੇ ਜੋ ਲਿਖਿਆ ਉਸ ਮੁਤਾਬਕ ਮੰਨੂ ਸਿਮ੍ਰਤੀ ਵਿਚ ਕਿਤੇ ਦੂਰ-ਦੂਰ ਤਕ ਵੀ ਸਮਾਨਤਾ ਦਾ ਵਿਚਾਰ ਨਹੀਂ ਮਿਲ਼ਦਾ। ਉਨ੍ਹਾਂ ਆਪਣੀ ਲੜਾਈ ਨੂੰ ਮਾਣ ਸਤਿਕਾਰ ਦੀ ਲੜਾਈ ਦੱਸਿਆ। ਉਨ੍ਹਾਂ ਕਿਹਾ, “ਅਸੀਂ ਵੱਡੀ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਜੰਮੇ ਹਾਂ। ਆਉ! ਇਸ ਨੂੰ ਪੂਰਾ ਕਰਨ ਲਈ ਤਾਣ ਲਾਈਏ। ਇਹ ਸਮਾਜਿਕ ਇਨਕਲਾਬ ਸਾਡੇ ਹੱਕ ਵਿਚ ਹੈ ਤੇ ਇਹ ਸਾਡਾ ਫਰਜ਼ ਹੈ ਕਿ ਰਾਹ ਵਿਚ ਆਉਂਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਈਏ।” 25 ਦਸੰਬਰ, 1927 ਈ. ਵਿਚ ਮੰਨੂ ਸਿਮ੍ਰਤੀ ਨੂੰ ਜਲਾਉਣ ’ਤੇ ਜੋ ਪ੍ਰਤਿਕਿਰਿਆਵਾਂ ਹੋਣੀਆਂ ਸਨ ਉਹ ਹੋਈਆਂ। ਡਾ. ਅੰਬੇਡਕਰ ਨੂੰ, ‘ਭੀਮਾਸੁਰ’ ਕਹਿ ਕੇ ਭੰਡਿਆ ਗਿਆ। ਅੰਗ੍ਰੇਜ਼ੀ ਸਰਕਾਰ ਵੀ ਵਿਰੋਧ ਵਿਚ ਆ ਗਈ।  ਦੋਨਾਂ ਧਿਰਾਂ ਨਾਲ਼ ਟਕਰਾਅ ਰੋਕਣ ਲਈ ਇਹ ਅੰਦੋਲਨ ਅੱਗੇ ਪਾ ਦਿੱਤਾ ਗਿਆ। ਡਾ. ਅੰਬੇਡਕਰ ਨੇ ਮੰਨੂ ਸਿਮ੍ਰਤੀ ਦੀ ਅਸਮਾਨਤਾ ਨੂੰ ਦਰਜਾਬੰਦੀ ਵਾਲ਼ੀ ਅਸਮਾਨਤਾ ਜਾਂ ਗ਼ੈਰ ਬਰਾਬਰੀ ਕਿਹਾ। (ਹੇਠਲੇ ਦਰਜੇ ਵਲ ਜਾਂਦੀ ਵਰਣ ਵਿਵਸਥਾ ਘਿ੍ਰਣਾ ਫੈਲਾਉਂਦੀ ਹੈ ਤੇ ਉੱਪਰਲੇ ਵਾਲ਼ੇ ਪਾਸੇ ਵਲ ਮਾਣ ਸਨਮਾਨ ਦਿੰਦੀ ਹੈ।) ਇਕ ਥਾਂ ਡਾ. ਅੰਬੇਡਕਰ ਨੇ ਵਰਣ ਵੰਡ ਨੂੰ ਪਉੜੀ ਦੇ ਡੰਡਿਆਂ ਨਾਲ਼ ਉਪਮਾ ਦਿੱਤੀ ਹੈ ਜਿਨ੍ਹਾਂ ਦਾ ਆਪਸ ਵਿਚ ਕੋਈ ਲੈਣਾ-ਦੇਣਾ ਨਹੀਂ। ਜਦੋਂ ਮਹਾਤਮਾ ਗਾਂਧੀ ਅਛੂਤ ਦੇ ਸ਼ੈਤਾਨ ਨੂੰ ਧਾਰਮਿਕ ਰੰਗਣ ਮਿਲ਼ੀ ਦੇਖਦੇ ਹਨ ਤਾਂ ਉਹ ਇਸਨੂੰ ਉਖਾੜਨਾ ਬਿ੍ਰਟਿਸ਼ ਰਾਜ ਨੂੰ ਪੁੱਟ ਸਿੱਟਣ ਨਾਲ਼ੋਂ ਵੀ ਔਖਾ ਕੰਮ ਮੰਨਦੇ ਹਨ। ਪਰ ਉਹ ਡਾ. ਅੰਬੇਡਕਰ ਵਲੋਂ ਮੰਨੂ ਸਿਮ੍ਰਤੀ ਨੂੰ ਜਲਾਉਣ ਨੂੰ ‘ਬਚਕਾਨਾ ਗੁੱਸਾ’ ਕਹਿੰਦੇ ਹਨ। ‘‘ਜਿਸ ਤਨ ਲਾਗੇ ਸੋ ਤਨ ਜਾਣੇ ਹੋਰ ਕੀ ਜਾਣੇ ਪੀਰ ਪਰਾਈ।’’ ਸਪੱਸ਼ਟ ਤੌਰ ’ਤੇ ਇਹ ਜਮਾਤੀ/ਜਾਤੀ ਅੰਤਰ ਦਾ ਮਸਲਾ ਹੈ। ਇਹੀ ਕਾਰਣ ਹੈ ਕਿ ਜਯੋਤੀਬਾਰਾਉ ਫੂਲੇ, ਈ.ਵੀ.ਐਮ. ਪੈਰੀਆਰ ਅਤੇ ਡਾ. ਅੰਬੇਡਕਰ ਮੰਨੂ ਸਿਮ੍ਰਤੀ ਦੀ ਸਮਾਜਿਕ ਵਿਵਸਥਾ ਤੇ (ਜੋ ਅਸਮਾਨਤਾ ਤੇ ਆਧਾਰਤ ਹੈ) ਬੜੇ ਤਿੱਖੇ ਹਮਲੇ ਕਰਦੇ ਹਨ। ਆਇਨਕਲੀ ਵਰਗੇ ਹਥਿਆਰਬੰਦ ਲੜਾਈ ਵੀ ਲੜਦੇ ਹਨ। ਇਨ੍ਹਾਂ ਨੇ ਇਕੋ ਵੇਲੇ ਧਾਰਮਿਕ, ਦਾਰਸ਼ਨਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰ ਪੱਧਰ ਤੇ ਲੜਾਈ ਲੜੀ ਜੋ ਅੱਜ ਨਵੇਂ ਦੌਰ ਵਿਚ ਹੈ। ਮਾਰਕਸਵਾਦੀਆਂ ਨਾਲ਼ ਮਿਲ਼ ਕੇ ਵਿਚਾਰਧਾਰਕ ਏਕਤਾ ਤੇ ਲੜਾਈਆਂ ਦੀ ਏਕਤਾ ਨਵੇਂ ਦਿੱਸਹੱਦਿਆਂ ਦੀ ਤਲਾਸ਼ ਕਰ ਰਹੀ ਹੈ। ਤੇਲ ਤੁੰਬੜੇ ਦੇ ਵਿਚਾਰਾਂ ਦੀ ਪੁਣਛਾਣ ਵੇਲੇ ਇਸ ਤੇ ਹੋਰ ਚਰਚਾ ਕਰਾਂਗੇ।
“ਗ਼ੁਲਾਮਗੀਰੀ” ਦਾ ਮੁਖਬੰਦ ਲਿਖਦਿਆਂ ਜੋਤੀਬਾਰਾਉ ਫੂਲੇ (1827-1973 ਈ.) ਸਪੱਸ਼ਟ ਹਨ। ਉਹ ਲਿਖਦੇ ਹਨ, “ਇਹ (ਬ੍ਰਾਹਮਣ) ਅਜਿਹੀ ਨਸਲ ਹੈ ਜੋ ਆਪਣੇ ਆਪ ਨੂੰ ਸਭ ਤੋਂ ਉੱਪਰ ਸਮਝਦੀ ਹੈ, ਇਹ ਬੜੀ ਮੱਕਾਰ, ਹੰਕਾਰੀ ਤੇ ਕੱਟੜਪੰਥੀ ਨਸਲ ਹੈ। ਇੰਨੇ ਸਵੈ ਪ੍ਰਸ਼ੰਸਕ, ਅਭਿਮਾਨੀ ਕਿਸਮ ਦੇ ਵਿਸ਼ੇਸ਼ਣ ਆਪਣੇ ਨਾਲ਼ ਲਾਉਂਦੇ ਹਨ ਜਿਵੇਂ ਆਰੀਆ, ਭੂ ਦੇਵ ਆਦਿ…. ਦੂਸਰਿਆਂ ਨੂੰ ਇਹ ਸ਼ੂਦਰ (ਫਾਲਤੂ) ਤੇ ਮਹਾਰੀ (ਵੱਡੇ ਦੁਸ਼ਮਣ), ਅੰਤਰਜ ਅਤੇ ਚੰਡਾਲ ਆਦਿ ਨਾਵਾਂ ਨਾਲ਼ ਸੰਬੋਧਿਤ ਕਰਦੇ ਹਨ।” (ਸਿਲੈਕਟਿਡ ਰਾਈਟਿੰਗਜ਼ ਆਫ ਜੋਤੀਬਾਰਾਉ ਫੂਲੇ, ਲੈਫਟ ਵਰਡ, ਪੰਨਾ-27)
ਅਸੀਂ ਸ਼ੂਦਰ ਇਨ੍ਹਾਂ ਦੀਆਂ ਬੇਈਮਾਨੀ ਭਰੀਆਂ ਕਹਾਣੀਆਂ ਉੱਪਰ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਇਹ ਸਾਨੂੰ ਧੋਖਾ ਦਿੰਦੇ ਹਨ ਅਤੇ ਸਾਡੀ ਮਿਹਨਤ ਖਾਂਦੇ ਹਨ।” (ਉਪਰੋਕਤ ,ਪੰਨਾ – 201)
ਈ.ਵੀ.ਐਮ. ਪੇਰੀਆਰ (1879-1973ਈ.) ਸਾਰੀ ਉਮਰ ਮੰਨੂ ਸਿਮ੍ਰਤੀ ਦੀ ਅਸਮਾਨਤਾ ਵਾਲੀ ਵਿਚਾਰਧਾਰਾ ਖਿਲਾਫ਼ ਲੜੇ। ਉਹ ਕਿਸੇ ਵੀ ਤਰ੍ਹਾਂ ਦੀ ਧੁੰਧ ਵਿਚ ਨਾ ਰਹਿੰਦੇ ਹਨ ਤੇ ਨਾ ਹੀ ਰੱਖਦੇ ਹਨ। ਉਹ ਕਹਿੰਦੇ ਹਨ, “ਮਨੂੰ ਦਾ ਧਰਮ ਸ਼ਾਸਤਰ (ਸਿਮ੍ਰਤੀ) ਉੱਪਰਲੀ ਬ੍ਰਾਹਮਣ ਜਾਤ ਦਾ ਹਥਿਆਰ ਹੈ। ਇਸ ਦੇ ਦੋ ਮੁਖ ਮੰਤਵ ਹਨ। ਇਹ ਸ਼ਾਸਤਰ ਬ੍ਰਾਹਮਣਾਂ ਨੂੰ ਦੂਸਰਿਆਂ ਤੋਂ ਉੱਪਰ/ਸਿਖ਼ਰ ਤੇ ਦਰਸਾਉਂਦਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਹੱਥੀਂ ਕੰਮ ਕੀਤਿਆਂ ਖੁਸ਼ੀ (ਮੌਜ) ਦਾ ਜੀਵਨ ਜਿਊਣ ਦੇ ਯੋਗ ਬਣਾਉਂਦਾ ਹੈ। ਇਸਨੇ ‘ਭੂਮੀ ਪੁੱਤਰਾਂ’ (ਦਰਾਵੜਾਂ) ਨੂੰ ਸਦਾ ਲਈ ਆਪਣੇ ਦਾਸ ਬਣਾ ਦਿੱਤਾ। ਇਸ ਨੇ ਗ਼ੈਰ ਬ੍ਰਾਹਮਣਾਂ ਨੂੰ ਸਦਾ ਲਈ ਆਪਣੇ ਮਾਣ ਸਨਮਾਨ, ਚੰਗਿਆਈ ਅਤੇ ਸਿਆਣਪ ਤੋਂ ਵਿਰਵਾ ਕਰ ਦਿੱਤਾ। ਦੂਜਾ ਮੰਤਵ ਸੀ ਮਨੂੰ ਦੇ ਕਾਨੂੰਨਾਂ ਨੂੰ ਦਰਾਵੜਾਂ ਉੱਪਰ ਠੋਸਣਾ। ਜੇ ਅਜਿਹਾ ਕਾਨੂੰਨ ਪੱਕੇ ਤੌਰ ਤੇ ਲਾਗੂ ਹੋ ਜਾਵੇਗਾ ਤਾਂ ਸੰਸਥਾਵਾਂ-ਸਰਕਾਰ, ਕੋਰਟਾਂ, ਸੰਵਿਧਾਨ ਆਦਿ ਉੱਤੇ ਕੁਦਰਤੀ ਹੀ ਬ੍ਰਾਹਮਣਾਂ ਦੀ ਸਰਦਾਰੀ ਹੋ ਜਾਵੇਗੀ। ਇਹੋ ਜਿਹਾ ਪ੍ਰਬੰਧ ਬਾਕੀ ਸਾਰਿਆਂ ਨੂੰ ਸਦਾ-ਸਦਾ ਲਈ ਗ਼ੁਲਾਮ ਬਣਾ ਦੇਵੇਗਾ। ਇਹ ਮਨੂੰ ਦੇ ਨਿਯਮਾਂ ਦਾ ਇਕ ਹੋਰ ਮੰਤਵ ਹੈ।” (ਕੁਲੈਕਟਡ ਵਰਕਸ ਆਫ ਪੈਰੀਆਰ, ਈ.ਵੀ.ਐਮ. ਚੇਨਈ, 18 ਵਾਂ ਅਡੀਸ਼ਨ ਪੰਨਾ-115)
ਹੁਣ ਸਾਨੂੰ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਆਖਿਰ ਮਨੂੰ ਸਿਮ੍ਰਤੀ ਵਿਚ ਸ਼ੂਦਰਾਂ ਬਾਰੇ ਲਿਖਿਆ ਕੀ ਗਿਆ ਹੈ? ਹੁਣ ਤਕ ਵਿਦੇਸ਼ੀ ਟੀਕਾਕਾਰ ਇਸ ਦੀ ਘੋਰ ਗ਼ੈਰ-ਬਰਾਬਰੀ ਦੀ ਸੋਚ ਨੂੰ ਨਹੀਂ ਫੜ ਸਕੇ ਜਾਂ ਫਿਰ ਪੰਡਿਤਾਂ (ਜਿਨ੍ਹਾਂ ਤੋਂ ਉਨ੍ਹਾਂ ਨੇ ਸੰਸਕਿ੍ਰਤ ਸਿੱਖੀ) ਨੇ ਉਨ੍ਹਾਂ ਨੂੰ ਇਸ ਪਾਸੇ ਵਲ ਝਾਕਣ ਹੀ ਨਹੀਂ ਦਿੱਤਾ। ਉਹ ਇਸ ਨੂੰ ਆਦਰਸ਼ਿਆ ਕੇ ਪੇਸ਼ ਕਰਦੇ ਹਨ। ਹੇਠਲੀਆਂ ਜਮਾਤਾਂ/ਜਾਤਾਂ ਨੂੰ ਪੜ੍ਹਨ ਦੀ ਹੀ ਮਨਾਹੀ ਸੀ ਇਸ ਲਈ ਉਨ੍ਹਾਂ ਨੂੰ ਇਸਦੀ ਅਸਲੀਅਤ ਦੀ ਸਮਝ ਆਉਣ ਹੀ ਨਹੀਂ ਦਿੱਤੀ ਗਈ। ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣਾਂ ਨੇ ਸ਼ੂਦਰਾਂ ਤੋਂ ਪੜ੍ਹਾਈ ਦਾ ਹੱਕ ਖੋਹ ਕੇ ਉਨ੍ਹਾਂ ਦੇ ਵਿਰੋਧ ਵਿਚ ਲਿਖਿਆ ਤੇ ਉਨ੍ਹਾਂ ਦੇ ਹੱਕ ਵਿਚ ਲਿਖੇ ਸਾਹਿਤ ਨੂੰ ਵੀ ਨਹੀਂ ਪੜ੍ਹਨ ਦਿੱਤਾ ਗਿਆ। ਕਮਾਲ ਹੈ ਕਿ ਡਾ. ਅੰਬੇਡਕਰ ਨੂੰ ਕੋਈ ਪੰਡਿਤ ਸੰਸਕਿ੍ਰਤ ਪੜ੍ਹਾਉਣ ਲਈ ਤਿਆਰ ਨਹੀਂ ਸੀ। ਇਨ੍ਹਾਂ ਵਿਦਵਾਨਾਂ ਨੇ ਆਪ ਹਿੰਮਤ ਕਰਕੇ ਮੰਨੂ ਸਿਮ੍ਰਤੀ ਨੂੰ ਸਮਝਿਆ ਤੇ ਇਸਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ। ਸਿਮ੍ਰਤੀ ਦੇ ਹਰ ਅਧਿਆਇ ਵਿਚ ਚਾਰੇ ਵਰਣਾਂ ਦਾ ਜ਼ਿਕਰ ਹੋਣ ਕਾਰਣ ਸ਼ੂਦਰ ਦਾ ਜ਼ਿਕਰ ਵੀ ਆਉਂਦਾ ਹੈ। ਇਸ ਲਈ ਸਾਰੇ ਅਧਿਆਵਾਂ ਨੂੰ ਡੂੰਘੀ ਤਰ੍ਹਾਂ ਵਾਚਣ ਦੀ ਲੋੜ ਹੈ।
ਪਹਿਲੇ ਅਧਿਆਇ ਵਿਚ ਵਰਣਾਂ (ਜਿਨ੍ਹਾਂ ਦੇ ਵਿਗਾੜ ਤੋਂ ਜਾਤਾਂ ਬਣੀਆਂ) ਦਾ ਦੈਵੀ ਕਰਣ ਕੀਤਾ ਗਿਆ ਹੈ। ‘ਬ੍ਰਹਮਾ ਨੇ ਲੋਕਾਂ ਦੇ ਵਾਧੇ ਲਈ ਮੂੰਹ, ਬਾਹਾਂ, ਪੱਟਾਂ ਅਤੇ ਪੈਰਾਂ ਤੋਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਨੂੰ ਦਰਜੇਵਾਰ ਬਣਾਇਆ।’ (ਅਧਿਆਇ ਪਹਿਲਾ, ਸ਼ਲੋਕ ਇਕੱਤੀ, 1/31) ਇਸੇ ਤਰ੍ਹਾਂ ਸੱਤਵੇਂ ਅਧਿਆਇ ਵਿਚ ‘ਰਾਜਾ ਨਾ ਹੋਣ ਕਰਕੇ ਇਸ ਜਗ ਵਿਚ ਸਾਰੇ ਡਰਦੇ ਤੇ ਵਿਆਕੁਲ ਹੁੰਦੇ ਹਨ। ਇਸ ਲਈ ਇਨ੍ਹਾਂ ਸਭ ਦੀ ਰੱਖਿਆ ਲਈ ਪ੍ਰਭੂ ਨੇ ਰਾਜਾ ਨੂੰ ਪੈਦਾ ਕੀਤਾ।’ 3/7 ‘ਇੰਦਰ, ਹਵਾ, ਯਮ, ਸੂਰਜ, ਅਗਨੀ, ਵਰੁਣ (ਜਲ) ਚੰਦਰਮਾ ਅਤੇ ਕੁਬੇਰ ਇਨ੍ਹਾਂ ਅੱਠ ਦਿਗਪਾਲਾਂ ਦੇ ਅੰਸ਼ ਲੈ ਕੇ ਪ੍ਰਭੂ ਨੇ ਰਾਜੇ ਦੀ ਰਚਨਾ ਕੀਤੀ।’ 4/7 ਇਥੇ ਬ੍ਰਾਹਮਣ ਤੇ ਕਸ਼ਤ੍ਰੀ ਦੀ ਮਿਲ਼ੀਭੁਗਤ ਸਪੱਸ਼ਟ ਹੋ ਜਾਂਦੀ ਹੈ। ਬ੍ਰਾਹਮਣਾਂ ਤੇ ਦੂਸਰੀਆਂ ਦ੍ਵਜਿ ਜਾਤੀਆਂ ਨੂੰ ਪਵਿਤ੍ਰ ਕਹੇ ਜਾਂਦੇ ਕੁਰੂਕਸ਼ੇਤਰ, ਮਤਸਯ, ਪਾਂਚਾਲ (ਪੰਜਾਬ) ਅਤੇ ਸ਼ੂਰਸੇਨ (ਮਥੁਰਾ ਪ੍ਰਾਂਤ) ਵਿਚ ਹੀ ਰਹਿਣ ਦੀ ਹਦਾਇਤ ਹੈ। ਇਸਦਾ ਅਰਥ ਇਹ ਵੀ ਬਣਦਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਖੁਸ਼ਹਾਲੀ ਹੈ। 2/20 ਇਸ ਲਈ ਉਹ ਵਾਹ ਲੱਗਦੀ ਇਨ੍ਹਾਂ ਦੇਸ਼ਾਂ ਵਿਚ ਹੀ ਰਹਿਣ।
ਇਥੇ ਇਲਾਕੇ ਨੂੰ ਦੇਸ਼ ਕਿਹਾ ਗਿਆ ਹੈ। ਜੀਵਕਾ ਤੋਂ ਦੁਖੀ ਸ਼ੂਦਰ ਤਾਂ ਜਿਸ ਦੇਸ਼ ਵਿਚ ਚਾਹੇ ਉਸ ਦੇਸ਼ ਵਿਚ ਰਹੇ। 2/24 ਸ਼ੂਦਰ ਆਪਣਾ ਸੁਹਣਾ ਮੰਗਲਮਈ ਨਾਂ ਨਹੀਂ ਰੱਖ ਸਕਦਾ। ‘ਬ੍ਰਾਹਮਣ ਦਾ ਨਾਮਕਰਣ ਮੰਗਲਯੁਗਤ, ਕਸ਼ਤਰੀ ਦਾ ਬਲਯੁਕਤ ਤੇ ਵੈਸ਼ ਦਾ ਧੰਨ ਯੁਕਤ ਅਤੇ ਸ਼ੂਦਰ ਦਾ ਨਿੰਦਾਯੁਕਤ ਹੋਣਾ ਚਾਹੀਦਾ ਹੈ।’ 2/31 ਇਸੇ ਕਾਰਣ ਸ਼ੂਦਰਾਂ ਦੇ ਨਾਮ ਨਾਲ਼ ਦਾਸ ਲਾਇਆ ਜਾਂਦਾ ਰਿਹਾ ਹੈ। ਮਤਲਬ ਮੰਨੂਸਿਮ੍ਰਤੀ ਤੇ ਆਧਾਰਿਤ ਸਮਾਜ ਵਿਚ ਸ਼ੂਦਰ ਆਪਣੀ ਮਰਜ਼ੀ ਦਾ ਨਾਂ ਵੀ ਨਹੀਂ ਰੱਖ ਸਕਦਾ। ਸ਼ੂਦਰ ਨੂੰ ਦਾੜ੍ਹੀ ਬਣਾਉਣ (ਕੇਸ਼ ਸੰਸਕਾਰ) ਦੀ ਆਗਿਆ ਨਹੀਂ। ਬ੍ਰਾਹਮਣ ਨੂੰ ਸੋਲ੍ਹਵੇਂ ਕਸ਼ਤਰੀ ਨੂੰ ਬਾਈਵੇਂ ਅਤੇ ਵੈਸ਼ ਨੂੰ ਚੌਵੀਵੇਂ ਸਾਲ ਵਿਚ ਇਹ ਸੰਸਕਾਰ ਕਰਨ ਦਾ ਅਧਿਕਾਰ ਹੈ। 2/65. ਸ਼ੂਦਰ ਨੂੰ ਦੂਰੋਂ ਬੁਲਾਉਣ ਸਮੇਂ ਵੀ ਵੱਖਰਾ ਸੰਬੋਧਨ ਹੈ। ‘ਆਪਸ ਵਿਚ ਮਿਲਣ ਤੇ ਬ੍ਰਾਹਮਣ ਨੂੰ ਕੁਸ਼ਲ, ਕਸ਼ਤਰੀ ਤੋਂ ਨਾਮ ਰਹਿਤ, ਵੈਸ਼ ਤੋਂ ਸੁੱਖ ਸਾਂਦ ਅਤੇ ਸ਼ੂਦਰ ਤੋਂ ਅਰੋਗ ਹੋਣ ਬਾਰੇ ਪੁੱਛੇ।’ 2/127.
ਬ੍ਰਾਹਮਣਾਂ ਦਾ ਗਿਆਨ ਤੋਂ, ਖਤਰੀਆਂ ਦਾ ਬਹਾਦਰੀ ਤੋਂ, ਵੈਸ਼ਯਾਂ ਦਾ ਧੰਨ ਦੌਲਤ ਤੋਂ ਵੱਡਪਣ ਜਾਣਿਆ ਜਾਂਦਾ ਹੈ। ਸ਼ੂਦਰ ਕੋਲ਼ ਗਿਆਨ, ਬਹਾਦਰੀ ਤੇ ਧੰਨ ਦੌਲਤ ਹੈ ਹੀ ਨਹੀਂ ਇਸ ਲਈ ਉਹ ਵੱਡੀ ਉਮਰ ਕਰਕੇ ਜਾਣਿਆ ਜਾਂਦਾ ਹੈ। 2/155. ਮੰਨੂ ਸਿਮ੍ਰਤੀ ਵਿਚ ਜੇ ਕਿਸੇ ਬ੍ਰਾਹਮਣ ਆਦਿ ਨੂੰ ਵੀ ਨਖਿੱਧ ਸਾਬਤ ਕਰਨਾ ਹੋਵੇ ਤਾਂ ਉਸ ਦੀ ਤੁਲਨਾ ਸ਼ੂਦਰ ਨਾਲ਼ ਕੀਤੀ ਗਈ ਹੈ। ਅਗਾਂਹ ਅਸੀਂ ਇਸ ਸਬੰਧੀ ਅਨੇਕਾਂ ਸ਼ਲੋਕ ਦੇਖਾਂਗੇ। ‘ਜੋ ਬ੍ਰਾਹਮਣ ਵੇਦ ਨਾ ਪੜ੍ਹ ਕੇ ਦੂਸਰੇ ਸ਼ਾਸਤਰਾਂ ਉੱਪਰ ਵਧੇਰੇ ਮਿਹਨਤ ਕਰਦਾ ਹੈ, ਉਹ ਜਿਉਂਦੇ ਜੀ ਪਰਿਵਾਰ ਸਹਿਤ ਸ਼ੂਦਰ ਹੋ ਜਾਂਦਾ ਹੈ।’ 2/168. ਬ੍ਰਾਹਮਣ ਸ਼੍ਰਾਧ ਮੰਤਰਾਂ ਤੋਂ ਸਿਵਾ ਵੇਦ ਮੰਤਰਾਂ ਦਾ ਉਚਾਰਣ ਨਾ ਕਰੇ। ਕਿਉਂਕਿ ਜਦੋਂ ਤਕ ਉਹ ਵੇਦ ਵਿਚ ਪਾਰੰਗਤ ਜਾਂ ਅਧਿਕਾਰੀ ਨਹੀਂ ਹੁੰਦਾ ਉਦੋਂ ਤਕ ਉਹ ਸ਼ੂਦਰ ਸਮਾਨ ਹੁੰਦਾ ਹੈ। 2/172. ਸ਼੍ਰਾਧ ਭੋਜਨ ਦਾ ਅਧਿਕਾਰੀ ਸਿਰਫ਼ ਤੇ ਸਿਰਫ਼ ਬ੍ਰਾਹਮਣ ਹੈ। ਕਸ਼ਤਰੀ, ਵੈਸ਼ ਨੂੰ ਸ਼੍ਰਾਧ ਦਾ ਭੋਜਨ ਕਰਨ ਦਾ ਅਧਿਕਾਰ ਨਹੀਂ। ਸ਼ੂਦਰ ਦਾ ਤਾਂ ਇਥੇ ਨਾਮ ਹੀ ਨਹੀਂ ਲਿਆ ਗਿਆ। 2/190.
ਭਾਰਤੀ ਸਭਿਆਚਾਰ ਦਾ ਗੁਣਗਾਣ ਕਰਦਿਆਂ ਮਹਿਮਾਨ ਨਵਾਜੀ ਦੀ ਬੜੀ ਪ੍ਰਸੰਸਾ ਕੀਤੀ ਜਾਂਦੀ ਹੈ। ‘ਅਤਿਥੀ ਦੇਵੋ ਭਵ’, ਪ੍ਰੰਤੂ ਕਿਹੜਾ ਅਤਿਥੀ ਇਸਦੀ ਵਿਆਖਿਆ ਮੰਨੂ ਸਿਮ੍ਰਤੀ ਦੇਖੋ ਕਿਵੇਂ ਕਰ ਰਹੀ ਹੈ! ‘ਬ੍ਰਾਹਮਣ ਦੇ ਘਰ ਕਸ਼ਤਰੀ, ਵੈਸ਼, ਸ਼ੂਦਰ ਮਿੱਤਰ ਜਾਤੀ ਵਾਲ਼ੇ ਅਤੇ ਗੁਰੂ ਵੀ ਅਤਿਥੀ ਨਹੀਂ ਹੁੰਦੇ। ਅਤਿਥੀ ਆਪਣੇ ਤੋਂ ਉਚੀ ਜਾਂ ਬਰਾਬਰ ਵਾਲੀ ਜਾਤੀ ਦਾ ਹੋਣਾ ਚਾਹੀਦਾ ਹੈ।’ 3/110 ਇਸ ਆਦੇਸ਼ ਤੋਂ ਬਾਅਦ ‘ਅਤਿਥੀ ਦੇਵੋ ਭਵ’ ਦਾ ਕੀ ਅਰਥ ਰਹਿ ਜਾਂਦਾ ਹੈ? ਹਾਂ ਤਰਸ ਕਰਕੇ ਵੈਸ਼-ਸ਼ੂਦਰ ਨੂੰ ਭੋਜਨ ਜ਼ਰੂਰ ਦਿੱਤਾ ਜਾ ਸਕਦਾ ਹੈ। 3/112. ਹਵਨ ਯੱਗ ਵਿਚ ਸ਼ੂਦਰ ਨੂੰ ਨਹੀਂ ਬਿਠਾਇਆ ਜਾ ਸਕਦਾ। ਸ਼ੂਦਰ ਨੂੰ ਯੱਗ ਕਰਵਾਉਣ ਵਾਲ਼ਾ ਜਿੰਨੇ ਬ੍ਰਾਹਮਣਾਂ ਦੇ ਅੰਗਾਂ ਨੂੰ ਛੂੰਹਦਾ ਹੈ ਓਨੇ ਹੀ ਬ੍ਰਾਹਮਣਾਂ ਦੇ ਦਾਨ ਦਾ ਪੂਰਾ ਫਲ਼ ਦੇਣ ਵਾਲ਼ੇ ਨੂੰ ਨਹੀਂ ਮਿਲ਼ਦਾ। 3/178. ਇਕ ਤਰ੍ਹਾਂ ਨਾਲ ਯੱਗ ਨਿਸਫਲ ਹੁੰਦਾ ਹੈ। ‘ਸ਼ਰਾਧ ਖਾਣ ਵੇਲ਼ੇ ਚੰਡਾਲ, ਸੂਰ, ਕੁੱਕੜ, ਕੁੱਤਾ, ਰਾਜਸਵਲਾ (ਮਾਹਵਾਰੀ ਵਾਲ਼ੀ ਔਰਤ) ਅਤੇ ਨਪੁੰਸਕ ਬ੍ਰਾਹਮਣਾਂ ਨੂੰ ਖਾਂਦੇ ਹੋਏ ਨਾ ਦੇਖਣ।’ 3/239. ਨਹੀਂ ਤਾਂ ਬ੍ਰਾਹਮਣ ਇਨ੍ਹਾਂ ਦੇ ਦੇਖਣ ਨਾਲ਼ ਹੀ ਭਿੱਟਿਆ ਜਾਵੇਗਾ। ਚੰਡਾਲ, ਮਾਹਵਾਰੀ ਵਾਲ਼ੀ ਔਰਤ ਅਤੇ ਨਪੁੰਸਕ ਨੂੰ ਜਾਨਵਰਾਂ ਵਿਚ ਰੱਖ ਕੇ ਉਨ੍ਹਾਂ ਨੂੰ ਅਤਿ ਨੀਵਾਂ ਦਰਜਾ ਦਿੱਤਾ ਗਿਆ ਹੈ। ‘ਸੂਰ ਸੁੰਘਕੇ, ਕੁੱਕੜ ਆਪਣੇ ਖੰਭਾਂ ਦੀ ਹਵਾ ਨਾਲ਼, ਕੁੱਤਾ ਦੇਖਣ ਨਾਲ਼ ਅਤੇ ਸ਼ੂਦਰ ਆਪਣੀ ਛੋਹ ਨਾਲ਼ ਸ਼੍ਰਾਧ ਦੀਆਂ ਚੀਜ਼ਾਂ ਦਾ ਨਾਸ ਕਰਦਾ ਹੈ। ਜਿੱਥੇ ਇਹ ਹੋਣ ਓਥੇ ਸ਼੍ਰਾਧ ਨਾ ਕਰੇ।’ 3/241. ਸ਼੍ਰਾਧ ਵਿਚ ਜ਼ਮੀਨ ਤੇ ਡਿਗਿਆ ਹੋਇਆ ਜੂਠਾ ਅੰਨ ਸਿੱਧੇ ਸਾਦੇ ਦਾਸ ਵਰਗ ਦਾ ਹਿੱਸਾ ਹੈ। ਰਿਸ਼ੀਆਂ ਨੇ ਇਹੀ ਕਿਹਾ ਹੈ।’ 3/246. ਭਾਵ ਦਾਸਾਂ ਲਈ ਧਰਤੀ ਤੇ ਡਿਗੀ ਹੋਈ ਜੂਠ ਹੀ ਉਨ੍ਹਾਂ ਦਾ ਹਿੱਸਾ ਹੈ। ਇਹ ਬ੍ਰਾਹਮਣਾਂ (ਰਿਸ਼ੀਆਂ) ਦਾ ਸਦਾਚਾਰ ਹੈ ? ਸ਼ੂਦਰ ਨੂੰ ਖਾ ਕੇ ਛੱਡਿਆ ਹੋਇਆ ਜੂਠਾ ਭੋਜਨ ਦੇਣਾ ਵੀ ਵਰਜਿਤ ਹੈ। ‘ਜੋ ਮਨੁੱਖ ਸ਼੍ਰਾਧ ਵਿਚ ਖਾ ਕੇ ਜੂਠਾ ਭੋਜਨ ਸ਼ੂਦਰ ਨੂੰ ਦਿੰਦਾ ਹੈ, ਉਹ ਮੂਰਖ਼ ਹੈ। ਅਜਿਹਾ ਪ੍ਰਾਣੀ ਅਖੀਰ ਸ਼ਰਮਿੰਦਾ ਹੋਇਆ ਕਾਲਸੂਤਰ ਨਾਂ ਦੇ ਨਰਕ ਵਿਚ ਪੈਂਦਾ ਹੈ।’ 3/249.
‘ਮਨੁੱਖ ਨੂੰ ਚਾਹੀਦਾ ਹੈ ਕਿ ਸ਼ੂਦਰ ਦੇ ਰਾਜ ਵਿਚ ਅਤੇ ਅਧਰਮੀ, ਪੁੱਜ ਕੇ ਪਾਖੰਡੀ ਅਤੇ ਅੰਤਯਜ ਬੰਦਿਆਂ ਨਾਲ਼ ਭਰੇ ਜਾਂ ਘਿਰੇ ਪਿੰਡ ਵਿਚ ਵਾਸ ਨਾ ਕਰੇ।’ 4/61. ਇਥੋਂ ਇਹ ਤੰਦ ਮਿਲ਼ਦੀ ਹੈ ਕਿ ਮਨੂੰ ਸਿਮ੍ਰਤੀ ਦੇ ਸਮੇਂ ਵਿਚ ਛੋਟੇ-ਮੋਟੋ ਸ਼ੂਦਰਾਂ ਦੇ  ਰਾਜ ਹੋਣਗੇ ਜਿਸ ਵਿਚ ਉੱਪਰਲੀਆਂ ਜਾਤਾਂ ਜਾਣ ਤੋਂ ਕਤਰਾਉਂਦੀਆਂ ਸਨ। ਇਨ੍ਹਾਂ ਲੋਕਾਂ ਨਾਲ਼ ਤਾਂ ਬੈਠਣਾ ਵੀ ਵਰਜਿਤ ਹੈ, ਫਿਰ ਉਨ੍ਹਾਂ ਦਾ ਦੁੱਖ-ਸੁਖ ਜਾਨਣ ਦੀ ਇੱਛਾ ਕਿਸਦੀ ਹੋਵੇਗੀ। ਇਹ ਅਜਿਹਾ ਰਾਜ ਹੋਵੇਗਾ ਜਿਸ ਵਿਚ ਹਰ ਸਮੇਂ ਕਿਸੇ ਨਾ ਕਿਸੇ ਨੂੰ ਦੰਡਿਤ ਕਰਨ ਦਾ ਮੌਕਾ ਭਾਲ਼ਿਆ ਜਾਂਦਾ ਹੋਵੇਗਾ। ‘ਪਤਿਤ, ਚੰਡਾਲ, ਪੁਲਕਸ, ਮੂਰਖ਼, ਅਭਿਮਾਨੀ, ਅੰਤਯਜ (ਧੋਬੀ ਆਦਿ) ਅਤੇ ਵਸੋਂ ਦੇ ਅੰਤ ਦੇ ਬੈਠੇ ਨਾਲ਼ ਕਦੇ ਨਾ ਬੈਠੇ।’ 4/79. ‘ਸ਼ੂਦਰ ਨੂੰ ਜੂਠ, ਹਵਨ ਤੋਂ ਬਚੀ ਸਮੱਗ੍ਰੀ ਨਾ ਦੇਵੇ। ਸ਼ੂਦਰ ਨੂੰ ਧਰਮ ਅਤੇ ਵਰਤ ਦਾ ਉਪਦੇਸ਼ ਵੀ ਨਹੀਂ ਕਰਨਾ ਚਾਹੀਦਾ।’ 4/80 ਜੋ ਵੀ ਕੋਈ ਸ਼ੂਦਰ ਨੂੰ ਧਰਮ ਦਾ ਉਪਦੇਸ਼ ਦਿੰਦਾ ਹੈ ਉਹ ਸ਼ੂਦਰ ਦੇ ਨਾਲ਼ ਹੀ ਅਸੰਵ੍ਰਤ ਨਾਮ ਦੇ ਅੰਨ੍ਹੇ ਨਰਕ ਵਿਚ ਪੈਂਦਾ ਹੈ।’ 4/81.
ਵੇਦ ਪਾਠੀਆਂ ਨੂੰ ਹਰ ਸਮੇਂ ਵੇਦ ਅਧਿਐਨ ਕਰਨ ਦੀ ਹਿਦਾਇਤ ਹੈ, ਪਰ ਚੌਮਾਸੇ ਵਿਚ ਇਸ ਅਧਿਐਨ ਨੂੰ ਸਥਗਿਤ ਕਰਨ ਦਾ ਉਪਦੇਸ਼ ਵੀ ਹੈ ਤੇ ਕਈ ਹੋਰ ਹਿਦਾਇਤਾਂ ਵੀ ਹਨ ਜਿਸ ਵਿਚ ਸ਼ੂਦਰ ਆ ਸ਼ਾਮਿਲ ਹੁੰਦਾ ਹੈ। ‘ਸਵਰ ਤੇ ਵਰਣ ਦਾ ਸਪੱਸ਼ਟ ਉਚਾਰਣ ਹੋਣਾ ਚਾਹੀਦਾ ਹੈ। ਸ਼ੂਦਰ ਦੇ ਨੇੜੇ ਵੇਦ ਨਾ ਪੜ੍ਹੇ ਅਤੇ ਰਾਤ ਦੇ ਪਿਛਲੇ ਪਹਿਰ ਵਿਚ ਵੇਦ ਪੜ੍ਹਕੇ ਥੱਕਿਆ ਹੋਇਆ ਮਨੁੱਖ ਫਿਰ ਸੌਵੇਂ ਨਾ।’ 4/99. ‘ਜਿੱਥੇ ਮੁਰਦਾ ਪਿਆ ਹੋਵੇ, ਅਜਿਹੇ ਪਿੰਡ ਵਿਚ ਸ਼ੂਦਰ ਕੋਲ਼, ਜਿਥੇ ਰੋਣ-ਧੋਣ ਹੋਵੇ ਅਤੇ ਜਿੱਥੇ ਭੀੜ-ਭੜਕਾ ਹੋਵੇ ਓਥੇ ਵੇਦ ਨਾ ਪੜ੍ਹੇ (ਓਥੇ ਅਨਧਯਾਯ ਹੁੰਦਾ ਹੈ)’ 4/108 ‘ਨਾ ਬਹੁਤੇ ਸੁਵਖਤੇ, ਨਾ ਬਹੁਤ ਦਿਨ ਢਲੇ, ਤੇ ਨਾ ਸਿਖਰ ਦੁਪਹਿਰੇ ਅਣਜਾਣ ਮਨੁੱਖ ਨਾਲ਼, ਸ਼ੂਦਰਾਂ ਨਾਲ਼ ਤੇ ਨਾ ਹੀ ਇਕੱਲਾ ਜਾਇਆ ਜਾਵੇ।’4/140.
ਮੰਨੂ ਸਿਮ੍ਰਤੀ ਵਿਚ ਸੈਂਕੜੇ ਸ਼ੂਦਰ ਜਾਤਾਂ ਹਨ ਜਿਨ੍ਹਾਂ ਨਾਲ਼ ਬ੍ਰਾਹਮਣ ਨਾਮਿਲਵਰਤਣ ਕਰਦਾ ਹੈ। ਇਥੇ ਕੁਝ ਸ਼ਲੋਕਾਂ ਵਿਚ ਉਨ੍ਹਾਂ ਜਾਤਾਂ ਦੇ ਨਾਂ ਦਿੱਤੇ ਗਏ ਹਨ ਜਿਨ੍ਹਾਂ ਦੇ ਹੱਥਾਂ ਦਾ ਖਾਣਾ ਬ੍ਰਾਹਮਣ ਨੂੰ ਵਿਵਰਜਤ ਹੈ। ਇਸ ਵਿਚ ਸ਼ਾਮਿਲ ਹੈ ਨਟ ਤੇ ਦਰਜੀ 4/214, ਲੁਹਾਰ, ਬਹੇਲੀਏ, ਨਾਟਕ ਖੇਲਣ ਵਾਲੇ, ਸੁਨਿਆਰੇ, ਬਾਂਸ ਵਾਲ਼ੇ ਤੇ ਹਥਿਆਰ ਵੇਚਣ ਵਾਲ਼ੇ। 4/215. ਕੁੱਤੇ ਪਾਲਣ ਵਾਲ਼ੇ, ਕੁਲਾਰ, ਧੋਬੀ, ਰੰਗਰੇਜ, ਘਾਤਕ ਤੇ ਜਿਸਦੇ ਘਰ ਔਰਤ ਦਾ ਪ੍ਰੇਮੀ ਰਹਿੰਦਾ ਹੋਵੇ। 4/216. ਇਨ੍ਹਾਂ ਦਾ ਅੰਨ ਕਿਉਂ ਨਹੀਂ ਖਾਣਾ ਕਿਉਂਕਿ ‘ਰਾਜੇ ਦਾ ਅੰਨ ਤੇਜ ਨੂੰ, ਸ਼ੂਦਰ ਦਾ ਅੰਨ ਬ੍ਰਹਮਤੇਜ ਨੂੰ, ਸੁਨਿਆਰੇ ਦਾ ਅੰਨ ਉਮਰ ਨੂੰ ਅਤੇ ਚਮਾਰ ਦਾ ਅੰਨ ਯਸ਼ ਨੂੰ ਹਰਦਾ ਹੈ।’ 4/218 ‘ਕਾਰੀਗਰ ਦਾ ਅੰਨ ਪਰਜਾ ਨੂੰ, ਧੋਬੀ ਦਾ ਅੰਨ ਸ਼ਕਤੀ ਨੂੰ ਨਾਸ ਕਰਦਾ ਹੈ। ਉਘਾਈ ਅਤੇ ਵੇਸ਼ਯਾ ਦਾ ਅੰਨ ਸਵਰਗ ਆਦਿ ਦੇ ਲੋਕਾਂ ਨੂੰ ਨਸ਼ਟ ਕਰਦਾ ਹੈ।’ 4/219. ਜਿਨ੍ਹਾਂ-ਜਿਨ੍ਹਾਂ ਦਾ ਅੰਨ ਇਥੇ ਨਖਿਧ ਦੱਸਿਆ ਗਿਆ ਹੈ ਜਾਂ ਖਾਣਯੋਗ ਨਹੀਂ ਕਿਹਾ ਗਿਆ ਹੈ ਉਨ੍ਹਾਂ ਦੇ ਅੰਨ ਨੂੰ ਵਿਦਵਾਨ ਚਮੜੇ, ਹੱਡੀ ਜਾਂ ਬਾਲਾਂ (ਕੇਸਾਂ) ਦੇ ਬਰਾਬਰ ਮੰਨਦੇ ਹਨ। ਸਪੱਸ਼ਟ ਹੈ ਕਿ ਕਾਮਿਆਂ ਦੇ ਅੰਨ ਦੀ ਨਿੰਦਿਆ ਕੀਤੀ ਗਈ ਹੈ, ਜਦ ਕਿ ਮੰਗ ਕੇ ਖਾਣ ਨੂੰ ਆਦਰਸ਼ਿਆ ਕੇ ਪੇਸ਼ ਕੀਤਾ ਗਿਆ ਹੈ। ਹਾਸੋ ਹੀਣੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਆਪਾਤ ਕਾਲ ਵਿਚ ਸ਼ੂਦਰ ਤੋਂ ਇਕ ਰਾਤ ਜੋਗੀ ਸੁੱਕੀ ਰਸਦ ਪ੍ਰਵਾਣ ਕਰਨ ਨੂੰ ਮਨਜੂਰੀ ਦਿੱਤੀ ਗਈ ਹੈ। ‘ਵਿਦਵਾਨ ਬ੍ਰਾਹਮਣ ਨੂੰ ਚਾਹੀਦਾ ਹੈ ਕਿ ਸ਼੍ਰਾਧ ਵਿਚ ਬੈਠਣ ਦੇ ਅਧਿਕਾਰ ਤੋਂ ਵਿਰਵੇ ਸ਼ੂਦਰ ਦੇ ਪੱਕੇ ਅੰਨ ਨੂੰ ਨਾ ਖਾਵੇ। ਜੇ ਕਿਤੇ ਭੋਜਨ ਨਾ ਮਿਲ਼ੇ ਤਾਂ ਸ਼ੂਦਰ ਤੋਂ ਇਕ ਰਾਤ ਜੋਗਾ ਕੱਚਾ ਅੰਨ ਸਵੀਕਾਰ ਕਰ ਲਵੇ।’ 4/233. ਇਸੇ ਤਰ੍ਹਾਂ ਜੋ ਦਾਸਪੁਣਾ ਸਵੀਕਾਰ ਕਰ ਲਵੇ ਉਨ੍ਹਾਂ ਦੇ ਘਰ ਖਾਣ ਦਾ ਦੋਸ਼ ਨਹੀਂ। ਭਾਵ ਸਾਰੇ ਸ਼ੂਦਰਾਂ ਨੇ ਬ੍ਰਾਹਮਣ ਦਾ ਦਾਸ ਹੋਣਾ ਸਵੀਕਾਰ ਨਹੀਂ ਕੀਤਾ ਹੋਇਆ ਸੀ। ਵੈਸੇ ਮਨੂੰ ਸਿਮ੍ਰਤੀ ਵਿਚ ਦਾਸ ਤੇ ਸ਼ੂਦਰ ਕਿਤੇ ਵੱਖਰੇ ਅਰਥਾਂ ਵਿਚ ਹਨ ਤੇ ਕਿਤੇ ਸਮਾਨ। ਦਾਸ ਨੂੰ ਕੁਝ ਨਾ ਕੁਝ ਰਾਹਤ ਦਿੱਤੀ ਗਈ ਹੈ। ‘ਕਿਸਾਨ ਕੁਲ ਦਾ ਮਿੱਤਰ, ਅਹੀਰ, ਦਾਸ, ਨਾਈ ਅਤੇ ਜੋ ਆਪਣੇ ਆਪ ਨੂੰ ਸਮੁੱਚੇ ਤੌਰ ਤੇ ਅਰਪਣ ਕਰ ਦੇਵੇ ਅਜਿਹੇ ਸ਼ੂਦਰਾਂ ਦੇ ਘਰ ਅੰਨ ਖਾਣ ਵਿਚ ਦੋਸ਼ ਨਹੀਂ।’ 4/253.
‘ਆਪਣੀ ਜਾਤੀ ਵਾਲ਼ੇ ਹੋਣ ਤਾਂ ਬ੍ਰਾਹਮਣ ਦੇ ਮੁਰਦੇ ਨੂੰ ਸ਼ੂਦਰ ਨਾ ਉਠਾਵੇ। ਕਿਉਂਕਿ ਸ਼ੂਦਰ ਦੇ ਛੋਹਣ ਨਾਲ਼ ਦੂਸ਼ਿਤ ਹੋਏ ਮੁਰਦੇ ਦੀ ਆਹੂਤੀ ਸਵਰਗ ਦੇਣ ਵਾਲ਼ੀ ਨਹੀਂ ਹੁਦੀਂ। ਭਾਵ ਮਰੇ ਬ੍ਰਾਹਮਣ ਨੂੰ ਸਵਰਗ ਨਹੀਂ ਪਹੁੰਚਾਉਂਦੀ।’ 15/104. ਕੁਝ ਮਾਸ ਆਦਿ, ਚੰਡਾਲ ਦਾ ਮਾਰਿਆ ਵੀ ਸ਼ੁਧ ਹੈ। ‘ਕੁੱਤਿਆਂ ਦੇ ਮਾਰੇ ਹੋਏ ਮਿਰਗ ਦਾ ਮਾਸ ਅਤੇ ਕੱਚਾ ਮਾਸ ਖਾਣ ਵਾਲ਼ੇ ਹਿੰਸਕ ਜਾਨਵਰਾਂ ਅਤੇ ਚੰਡਾਲ ਤੇ ਬਾਘ ਆਦਿ ਦੁਆਰਾ ਜੋ ਮਿਰਗ ਆਦਿ ਪਸ਼ੂ ਮਾਰਿਆ ਜਾਂਦਾ ਹੈ ਉਸਦਾ ਮਾਸ ਸ਼ੁਧ ਹੈ, ਇਹ ਮੰਨੂ ਜੀ ਨੇ ਕਿਹਾ ਹੈ।’ 5/131. ‘ਜੋ ਵੇਦਾਂ ਦਾ ਅਰਥ ਨਹੀਂ ਜਾਣਦੇ ਉਨ੍ਹਾਂ ਦੀ ਗਤੀ ਵੇਦ ਹੈ ਅਤੇ ਜੋ ਅਰਥ ਜਾਣਦੇ ਹਨ, ਉਨ੍ਹਾਂ ਦੀ ਗਤੀ ਵੀ ਵੇਦ ਹੈ। ਸਵਰਗ ਅਤੇ ਮੁਕਤੀ ਦੀ ਇੱਛਾ ਕਰਨ ਵਾਲ਼ਿਆਂ ਦਾ ਸਹਾਰਾ ਹੀ ਵੇਦ ਹੈ।’ 6/84. ਇਸ ਢੰਗ ਨਾਲ਼ ਸ਼ੂਦਰ ਦੀ ਗਤੀ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਨਾ ਵੇਦ ਪੜ੍ਹ ਸਕਦਾ ਹੈ ਨਾ ਵਿਚਾਰ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ। ਔਰਤ ਉਪਰ ਵੀ ਠੀਕ ਇਹੋ ਪਾਬੰਦੀਆਂ ਹਨ।
ਰਾਜੇ ਦੇ ਅਧਿਕਾਰਾਂ ਤੇ ਫ਼ਰਜ਼ਾਂ ਦਾ ਜ਼ਿਕਰ ਕਰਦਿਆਂ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਰਾਜਾ ਵਰਣ ਆਸ਼ਰਮ ਨੂੰ, ਭਾਵ ਜਾਤੀ ਵਿਵਸਥਾ ਨੂੰ ਸਖਤੀ ਨਾਲ਼ ਬਣਾਈ ਰੱਖੇ। ਮੰਨੂ ਸਿਮ੍ਰਤੀ ਅਨੁਸਾਰ ਜੇ ਰਾਜਾ ਅਜਿਹਾ ਨਹੀਂ ਕਰਦੇ ਤਾ ਵਰਣ ਸੰਕਰ ਬਣ ਜਾਣ ਦੇ ਖਤਰੇ ਬਣੇ ਰਹਿੰਦੇ ਹਨ। ‘(ਜੋ ਰਾਜਾ ਦੰਡ ਨਾ ਦੇਵੇ ਤਾਂ’ ਕਾਂ-ਕੁੱਤੇ (ਪੁਰੋਡਸ਼) ਖਾ ਲੈਣ। ਕੁੱਤੇ ਹਵਨ ਦੀ ਰਸਦ ਚੱਟਮ ਕਰ ਲੈਣ ਤੇ ਕਿਸੇ ਦਾ ਕਿਸੇ ਉੱਪਰ ਕੋਈ ਅਧਿਕਾਰ ਹੀ ਨਾ ਰਹੇ-ਵੱਡੇ ਛੋਟਿਆਂ ਤੋਂ ਸਭ ਕੁਝ ਖੋਹ ਲੈਣ ਅਤੇ ਨੀਚ ਸ਼ੂਦਰ ਊਚੇ ਵਰਣ ਵਾਲਿਆਂ ਵਰਗਾ ਵਿਹਾਰ ਕਰਨ ਲੱਗ ਜਾਣ।’ 7/21. ‘ਦੰਡ ਨਾ ਦੇਣ ਨਾਲ਼ ਚਾਰੇ ਵਰਣ ਸੰਕਰ ਹੋ ਜਾਣ (ਭਾਵ ਇਕ ਦੂਜੇ ਵਿਚ ਮਿਲ਼ ਜਾਣ) ਸ਼ਾਸਤਰ ਦੇ ਸਾਰੇ ਨਿਯਮ ਨਸ਼ਟ ਹੋ ਜਾਣ, ਅਤੇ ਪਰਜਾ ਚੋਰਾਂ ਆਦਿ ਤੋਂ ਦੁਖੀ ਹੋ ਜਾਵੇ।’ 7/24. ਮਨੂੰ ਸ਼ਾਸਤਰ ਇਕ ਤਰ੍ਹਾਂ ਨਾਲ ਰਾਜੇ ਨੂੰ (ਕਸ਼ਤਰੀ) ਬ੍ਰਾਹਮਣ ਅਧੀਨ ਕਰਦਾ ਹੈ, ਜੋ ਰਾਜਾ ਅਜਿਹਾ ਨਹੀਂ ਕਰਦਾ, ਅਨੇਕਾਂ ਕਹਾਣੀਆਂ ਦੱਸ ਕੇ ਉਨ੍ਹਾਂ ਦਾ ਵਿਨਾਸ਼ ਦਿਖਾਇਆ ਗਿਆ ਹੈ। ਫਿਰ ਸ਼ੂਦਰ ਕਿਸ ਬਾਗ ਦੇ ਮੂਲ਼ੀ ਹਨ? ‘ਰਾਜੇ ਨੂੰ ਹਰ ਰੋਜ਼ ਸਵੇਰੇ ਉੱਠ ਕੇ ਵੇਦ ਅਤੇ ਨੀਤੀ ਸ਼ਾਸਤਰ ਜਾਨਣ ਵਾਲੇ ਬ੍ਰਾਹਮਣਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਆਗਿਆ ਅਨੁਸਾਰ ਚਲਣਾ ਚਾਹੀਦਾ ਹੈ। ੭/੩੭. ਕਮਾਲ ਦੀ ਸਥਿਤੀ ਹੈ ਕਿ ਸ਼ੂਦਰ ਜਿਸਦੀ ਜੂਨ ਜੀਉਣ ਜੋਗੀ ਵੀ ਨਹੀਂ ਰਹਿਣ ਦਿੱਤੀ ਗਈ ਉਸ ਤੋਂ ਮਹੀਨੇ ਵਿਚ ਇਕ ਵਾਰ ਵਗਾਰ ਲੈਣ ਦਾ ਨਿਯਮ ਵੀ ਬਣਾ ਦਿੱਤਾ ਗਿਆ। ਕਾਰੀਗਰ, ਸ਼ਿਲਪੀ, ਲੁਹਾਰ ਅਤੇ ਸ਼ੂਦਰ, ਭਾਰ ਢੋਣ ਵਾਲ਼ੇ (ਦੇਹ ਦੇ ਕੋਸ਼ ਨਾਲ਼ ਜੀਣ ਵਾਲ਼ੇ) ਇਨ੍ਹਾਂ ਤੋਂ ਰਾਜਾ ਮਹੀਨੇ ਵਿਚ ਇਕ-ਇਕ ਦਿਨ ਕੰਮ ਕਰਵਾ ਲਏ। ੭/੧੩੮.
ਮਨੂੰ ਸਿਮ੍ਰਤੀ ਦਾ ਅੱਠਵਾਂ ਅਧਿਆਇ ਪਰਜਾ ਨੂੰ ਸਜ਼ਾਵਾਂ ਦੇਣ ਨਾਲ਼ ਜੁੜਿਆ ਹੋਇਆ ਹੈ। ਸ਼ੂਦਰ ਨੂੰ ਦਿੱਤੀਆਂ ਜਾਣ ਵਾਲ਼ੀਆਂ ਸਜਾਵਾਂ ਬੜੀਆਂ ਦਿਲ ਦਹਿਲਾ ਦੇਣ ਵਾਲ਼ੀਆਂ ਹਨ। ਸ਼ੂਦਰ ਨੂੰ ਧਰਮ ਦਾ ਵਿਨਾਸ਼ ਕਰਨ ਵਾਲ਼ਾ ਪ੍ਰਾਣੀ ਮੰਨਿਆ ਗਿਆ ਹੈ। ਭਗਵਾਨ ਧਰਮ ਨੂੰ ਬਿ੍ਰਖ ਕਹਿੰਦੇ ਹਨ। (ਕਿਉਂਕਿ ਇਹ ਮਨੁੱਖਾਂ ਦੀਆਂ ਕਾਮਨਾਵਾਂ ਸਿੱਧ ਕਰਦਾ ਹੈ) ਜੋ ਮਨੁੱਖ ਧਰਮ ਦਾ ਨਾਸ਼ ਕਰਦਾ ਹੈ, ਦੇਵਤੇ ਉਸਨੂੰ ਵ੍ਰਸ਼ਲ ਅਰਥਾਤ ਸ਼ੂਦਰ ਸਮਝਦੇ ਹਨ। ਇਸ ਲਈ ਧਰਮ ਦਾ ਲੋਪ ਨਾ ਕਰੇ। ੮/੧੬. ਸਿਮ੍ਰਤੀ ਦਾ ਭਗਵਾਨ, ਦੇਵਤੇ ਤੇ ਬ੍ਰਾਹਮਣ ਸਪੱਸ਼ਟ ਰੂਪ ਵਿਚ ਸ਼ੂਦਰ ਨਾਲ਼ ਭੋਰਾ ਭਰ ਵੀ ਹਮਦਰਦੀ ਨਹੀਂ ਰੱਖਦੇ। ਫਿਰ ਇਨ੍ਹਾਂ ਦੇ ਸਮਾਜ ਵਿਚ ਇਨ੍ਹਾਂ ਨੂੰ ਕਿਸੇ ਕਿਸਮ ਦੀ ਬਰਾਬਰੀ ਜਾਂ ਇਨਸਾਫ਼ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ। ਧਰਮ ਦਾ ਵਿਚਾਰ ਸ਼ੂਦਰ ਕਰੇਗਾ ਤਾਂ ਰਾਜ ਦੁਖੀ ਹੋਏਗਾ ਹੀ ਹੋਏਗਾ, ਜਿਸ ਰਾਜੇ ਦੇ ਰਾਜ ਵਿਚ ਧਰਮ ਦਾ ਵਿਚਾਰ ਸ਼ੂਦਰ ਕਰਦਾ ਹੈ, ਰਾਜੇ ਦੇ ਦੇਖਦੇ ਹੀ ਦੇਖਦੇ ਰਾਜ ਅਜਿਹਾ ਦੁਖੀ ਹੁੰਦਾ ਹੈ ਜਿਸ ਤਰ੍ਹਾਂ ਚਿੱਕੜ ਵਿਚ ਫਸੀ ਗਾਂ ਦੁਖੀ ਹੁੰਦੀ ਹੈ। ੮/੨੧. ਜੋ ਰਾਜ ਬਹੁਤੇ ਸ਼ੂਦਰਾਂ ਨਾਲ਼ ਭਰਿਆ ਹੋਵੇ ਅਤੇ ਓਥੇ ਨਾਸਤਿਕ ਰਹਿੰਦੇ ਹੋਣ ਅਤੇ ਓਥੇ ਕੋਈ ਬ੍ਰਾਹਮਣ ਨਾ ਹੋਵੇ ਅਜਿਹਾ ਰਾਜ ਅਕਾਲ ਅਤੇ ਵਿਆਧੀਆਂ ਨਾਲ਼ ਦੁਖੀ ਹੋ ਕੇ ਛੇਤੀ ਤਬਾਹ ਹੋ ਜਾਂਦਾ ਹੈ। ੮/੨੨. (ਮਨੂੰ ਸਿਮ੍ਰਤੀ ਵਿਚ ਨਾਸਤਿਕਾਂ ਬਾਰੇ ਕਈ ਨਿਯਮ ਬਣਾਏ ਗਏ ਹਨ, ਉਨ੍ਹਾਂ ਬਾਰੇ ਵੱਖਰੀ ਵਿਚਾਰ ਕੀਤੀ ਜਾਵੇਗੀ।
ਗਵਾਹੀ ਦੇਣ ਦੇ ਨਿਯਮ ਵੀ ਜਾਤੀਆਂ ਅਨੁਸਾਰ ਹਨ। ਇਕ ਜਾਤੀ ਦੂਸਰੇ ਬਾਰੇ ਗਵਾਹੀ ਨਹੀਂ ਦੇ ਸਕਦੀ। ਔਰਤਾਂ ਦੀ ਗਵਾਹੀ ਔਰਤਾਂ, ਬ੍ਰਾਹਮਣ ਦੀ ਗਵਾਹੀ ਬ੍ਰਾਹਮਣ, ਸ਼ੂਦਰਾਂ ਦੀ ਗਵਾਹੀ ਸ਼ੂਦਰ, ਚੰਡਾਲਾਂ ਦੀ ਗਵਾਹੀ ਉਨ੍ਹਾਂ ਦੀ ਬਰਾਬਰ ਜਾਤੀ ਵਾਲ਼ੇ ਹੀ ਦੇ ਸਕਦੇ ਹਨ। ੮/੬੮. ਗਵਾਹੀ ਵੇਲੇ ਜਾਤੀ ਅਨੁਸਾਰ ਸੰਬੋਧਨ ਵੀ ਵੱਖ-ਵੱਖ ਹੋਵੇਗਾ। ਬ੍ਰਾਹਮਣ ਨੂੰ ਕਹੇ ਕਿ ਗਵਾਹੀ ਦਿਉ, ਖੱਤਰੀ ਨੂੰ ਖੱਤਰੀ ਬੋਲੇ ਕਿ ਸੱਚ ਬੋਲੋ, ਵੈਸ਼ ਨੂੰ ਕਹੇ ਕਿ ਗਊ, ਬੀਜ ਅਤੇ ਸੋਨਾ ਚੋਰੀ ਕਰਨ ਨਾਲ਼ ਜੋ ਪਾਪ ਹੁੰਦਾ ਹੈ ਉਹ ਤੈਨੂੰ ਝੂਠ ਬੋਲਣ ਤੇ ਲੱਗੇਗਾ ਅਤੇ ਸ਼ੂਦਰ ਨੂੰ ਕਹੇ ਕਿ ਝੂਠ ਬੋਲਣ ਨਾਲ਼ ਤੈਨੂੰ ਸਾਰੇ ਪਾਪਾਂ ਦਾ ਦੋਸ਼ ਲਗੇਗਾ।
ਮਨੂੰ ਸਮਿ੍ਰਤੀ ਵਿਚ ਕਠੋਰ ਸ਼ਬਦ ਕਹਿਣ ਅਤੇ ਗੁੱਸੇ ਦੇ ਇਜ਼ਹਾਰ ਵਿਚ ਕੀਤੇ ਕਾਰਜਾਂ ਲਈ ਜੋ ਦੰਡ ਰੱਖਿਆ ਗਿਆ ਹੈ ਉਹ ਕਿਸੇ ਕਤਲ ਕਰਨ ਵਾਲ਼ੇ ਅਪਰਾਧੀ ਨੂੰ ਵੀ ਸ਼ਾਇਦ ਨਹੀਂ ਦਿੱਤਾ ਜਾ ਸਕਦਾ। ਵੈਸ਼ ਅਤ ਸ਼ੂਦਰ ਦੀ ਆਪਸੀ ਕਹਾ-ਸੁਣੀ ਹੋਣ ਤੇ ਵੈਸ਼ ਨੂੰ ਪ੍ਰਥਮ ਸਾਹਸ ਅਤੇ ਸ਼ੂਦਰ ਨੂੰ ਮੱਧਿਅਮ ਸਾਹਸ ਦੰਡ ਦੇਵੇ, ਪਰੰਤੂ ਇਥੇ ਸ਼ੂਦਰ ਦੀ ਜੀਭ ਨਾ ਕੱਟੇ। (ਜੀਭ ਤਾਂ ਬ੍ਰਾਹਮਣ, ਖੱਤਰੀ ਨੂੰ ਪਤਿਤ ਕਹਿਣ ਤੇ ਹੀ ਕੱਟੇ), ਇਸ ਦੰਡ ਦਾ ਇਹ ਨਿਸਚੇ ਹੈ। ੮/੨੭੭. ਬ੍ਰਾਹਮਣ ਨੂੰ ਕਠੋਰ ਵਚਨ ਕਹਿਣ ਤੇ ਖੱਤਰੀ ਇਕ ਸੌ ਪਣ ਦੇ ਦੰਡ ਦੇ, ਵੈਸ਼ਯ ਡੇਢ ਜਾਂ ਦੋ ਸੌ ਪਣ ਦੇ ਦੰਡ ਦੇ ਯੋਗ ਹੁੰਦਾ ਹੈ ਅਤੇ ਸ਼ੂਦਰ ਮੌਤ ਦੇ ਯੋਗ ਹੁੰਦਾ ਹੈ। ੮/੨੬੭. ਸ਼ੂਦਰ ਜੇਕਰ ਬ੍ਰਾਹਮਣ, ਖੱਤਰੀ ਨੂੰ ਅਤੇ ਵੈਸ਼ਯ ਨੂੰ ਪਾਪੀ ਆਦਿ ਕਰੂਰ ਸ਼ਬਦ ਕਹੇ ਤਾਂ ਉਸਨੂੰ ਜੀਭ ਛੇਦਣ ਦਾ ਦੰਡ ਦੇਣਾ ਚਾਹੀਦਾ ਹੈ ਕਿਉਂ ਕਿ ਉਸਦੀ ਪੈਦਾਇਸ਼ ਮਾੜੇ ਥਾਂ (ਪੈਰਾਂ) ਤੋਂ ਹੋਈ ਹੈ। ੮/੨੭੦ ਜਾਤ ਦਾ ਨਾਂ ਅਤੇ ਬ੍ਰਾਹਮਣ ਦਾ ਨਾਂ ਲੈ ਕੇ ਜੇਕਰ ਸ਼ੂਦਰ ਦ੍ਰੋਹ ਨਾਲ਼ ਬ੍ਰਾਹਮਣਾਂ (ਦਵਿਜਾਂ) ਦੀ ਨਿੰਦਾ ਕਰੇ ਤਾਂ ਜਲ਼ਦੇ ਹੋਏ ਦਸ ਉਂਗਲ ਲੋਹੇ ਦਾ ਸਰੀਆ ਉਸਦੇ ਮੂੰਹ ਵਿਚ ਧੱਕ ਦਿੱਤਾ ਜਾਵੇ। ੮/੨੭੧. ਜੇਕਰ ਸ਼ੂਦਰ ਹੰਕਾਰ ਨਾਲ਼ ਦਵਿਜ ਜਾਤੀਆਂ (ਬ੍ਰਾਹਮਣ, ਕਸ਼ਤਰੀ, ਵੈਸ਼ਯ) ਨੂੰ ਧਰਮ ਦਾ ਉਪਦੇਸ਼ ਕਰੇ ਤਾਂ ਰਾਜਾ ਉਸਦੇ ਮੁੰਹ ਅਤੇ ਕੰਨਾਂ ਵਿਚ ਤਪਾਇਆ ਹੋਇਆ ਤੇਲ ਪਾਵੇ। ੮/੨੭੨. ਅਜਿਹੇ ਦੰਡਾਂ ਬਾਰੇ ਪੜ੍ਹਦਿਆਂ ਇਹ ਵਿਚਾਰ ਜ਼ਰੂਰ ਆਉਂਦਾ ਹੈ ਕਿ ਅਜਿਹੇ ਦੰਡ ਦੇਣ ਵਾਲ਼ੇ ਕਿੰਨ ਬੇਰਹਿਮ ਰਹੇ ਹੋਣਗੇ ਤੇ ਦੰਡ ਦੇਣ ਵਾਲ਼ੇ ਜੱਲਾਦ ਕਿੰਨੇ ਕਰੂਰ ਹੁੰਦੇ ਹੋਣਗੇ? ਅਜਿਹੇ ਦੰਡ ਦਿੰਦਿਆਂ ਨੂੰ ਵੇਖਣਾ ਕਿਹੋ ਜਿਹੀ ਮਾਨਸਿਕਤਾ ਪੈਦਾ ਕਰਦਾ ਹੋਵੇਗਾ? ਅੱਜ ਜਦੋਂ ਜਾਤੀਆਂ ਦੀਆਂ ਮਾਨਸਿਕਤਾਵਾਂ ਨੂੰ ਸਮਝਣਾ ਹੋਵੇ ਤਾਂ ਇਨ੍ਹਾਂ ਸਾਰੇ ਪੁਰਾਤਨ ਅਨੁਭਵਾਂ ਨੂੰ ਨਾਲ਼ ਜੋੜਨਾ ਬਹੁਤ ਜ਼ਰੂਰੀ ਹੈ। ਸ਼ੂਦਰ ਜਿਸ ਅੰਗ ਨਾਲ਼ ਦਵਿਜ ਜਾਤੀ ਨੂੰ ਮਾਰੇ, ਰਾਜਾ ਉਸਦਾ ਉਹੀ ਅੰਗ ਕਟਵਾ ਦੇਵੇ। ਇਹ ਮਨੂੰ ਦੀ ਆਗਿਆ ਹੈ। ੮/੨੭੯. ਜੋ ਸ਼ੂਦਰ ਦਵਿਜ ਨੂੰ ਮਾਰਨ ਲਈ ਹੱਥ ਜਾਂ ਲਕੜੀ ਉਠਾਵੇ ਤਾਂ ਰਾਜਾ ਉਸਦਾ ਹੱਥ ਕਟਵਾ ਲਵੇ। ਗੁੱਸੇ ਵਿਚ ਲੱਤ ਮਾਰੇ ਤਾਂ ਉਸਦਾ ਪੈਰ ਕਟਵਾ ਲਵੇ। ੮/੨੮੦. ਜੇ ਸ਼ੂਦਰ ਬ੍ਰਾਹਮਣ ਦੇ ਨਾਲ਼ ਇਕ ਆਸਣ ਤੇ ਬੈਠਣਾ ਚਾਹੇ ਤਾਂ ਰਾਜਾ ਉਸਦੀ ਕਮਰ ਦਗਵਾ ਕੇ ਉਸਨੂੰ ਦੇਸ਼ ਨਿਕਾਲ਼ਾ ਦੇ ਦੇਵੇ ਜਾਂ ਉਸਦੇ ਚੁਤੜ ਕਟਵਾ ਦੇਵੇ। ੮/੨੮੧. ਜੇਕਰ ਸ਼ੂਦਰ ਹੰਕਾਰ ਨਾਲ਼ ਬ੍ਰਾਹਮਣ ਉੱਤੇ ਥੁੱਕੇ ਤਾਂ ਰਾਜਾ ਉਸਦੇ ਦੋ ਬੁੱਲ੍ਹ ਕਟਵਾ ਦੇਵੇ, ਪੇਸ਼ਾਬ ਕਰਨ ਤੇ ਲਿੰਗ ਕਟਵਾ ਦੇਵੇ, ਭੈੜੀ ਹਵਾ ਛੱਡਣ ਦੇ (ਪੱਦ ਮਾਰਨ ਤੇ) ਗੁਦਾ ਦੀ ਜਗਾਹ ਕਟਵਾ ਦੇਵੇ ੮/੨੮੨. ਜੋ ਸ਼ੂਦਰ ਹੰਕਾਰ ਨਾਲ਼ ਬ੍ਰਾਹਮਣ ਦੇ ਕੇਸ, ਪੈਰ, ਦਾੜ੍ਹੀ, ਧੌਣ, ਪਤਾਲੂ ਫੜੇ ਤਾਂ ਰਾਜਾ ਬਿਨਾਂ ਵਿਚਾਰ ਕੀਤੇ ਉਸ ਸ਼ੂਦਰ ਦੇ ਹੱਥ ਕਟਵਾ ਦੇਵੇ। ੮/੨੮੩. ਇਥੇ ਬਿਨਾਂ ਵਿਚਾਰ ਕੀਤੇ ਸ਼ਬਦ ਧਿਆਨ ਦੇਣ ਯੋਗ ਹੈ। ਸ਼ੂਦਰ ਨੇ ਇਹ ਕੰਮ ਕਿਉਂ ਕੀਤਾ? ਬ੍ਰਾਹਮਣ (ਦਵਿਜਾਂ) ਦਾ ਕੀ ਕਸੂਰ ਸੀ, ਇਹ ਜਾਨਣ ਦੀ ਕੋਈ ਲੋੜ ਨਹੀਂ। ‘‘ਨੋ ਦਲੀਲ ਨੋ ਅਪੀਲ।’’
ਜੇਕਰ ਸ਼ੂਦਰ ਰਕਸ਼ਿਤ ਜਾਂ ਅਰਕਸ਼ਿਤ ਜਾਤੀ ਦੀ ਔਰਤ ਨਾਲ਼ ਭੋਗ ਕਰੇ ਤਾਂ ਅਰਕਸ਼ਿਤਾ ਔਰਤ ਨਾਲ਼ ਭੋਗ ਕਰਨ ਤੇ ਉਸਦਾ ਲਿੰਗ ਕੱਟ ਦਿੱਤਾ ਜਾਵੇ ਅਤੇ ਰਕਸ਼ਿਤ ਔਰਤ ਨਾਲ਼ ਸੰਬੰਧ ਬਣਾਉਣ ਤੇ ਉਸਦਾ ਸਭ ਕੁਝ ਲੁੱਟ ਕੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ੮/੩੭੫. ਵੈਸ਼ ਤੇ ਕਸ਼ਤਰੀ ਰਕਸ਼ਿਤ ਬ੍ਰਾਹਮਣੀ ਨਾਲ਼ ਗਮਨ ਕਰਨ ਤਾਂ ਸ਼ੂਦਰ ਵਾਲ਼ੀ ਮੌਤ ਮਿਲ਼ੇ ਪਰ ਬ੍ਰਾਹਮਣ ਨੂੰ ਮੌਤ ਦੀ ਬਜਾਇ ਉਸਦਾ ਮੁੰਡਨ ਹੀ ਕਰਾਉਣ ਦੀ ਸਜ਼ਾ ਹੈ। ੮/੩੭੯.
ਸ਼ੂਦਰ ਦਾਸ ਵੀ ਹੈ ਤਾਂ ਹੀ ਮਨੂੰ ਸਿਮ੍ਰਤੀ ਕਹਿੰਦੀ ਹੈ, ਮੁੱਲ
ਲਿਆਂਦੇ ਜਾਂ ਬਿਨਾਂ ਮੁੱਲ ਦਿੱਤੇ ਲਿਆਂਦੇ ਸ਼ੂਦਰ ਤੋਂ ਦਾਸ ਦਾ ਕੰਮ ਕਰਵਾ ਲਏ, ਕਿਉਂਕਿ ਬ੍ਰਹਮਾ ਨੇ ਬ੍ਰਾਹਮਣ ਦੇ ਦਾਸ ਕਾਰਜਾਂ ਲਈ ਹੀ ਸ਼ੂਦਰ ਨੂੰ ਪੈਦਾ ਕੀਤਾ ਹੈ। ੮/੪੧੩. ਇਥੇ ਦਾਸ ਪ੍ਰਥਾ ਦਾ ਹੋਣਾ ਸਪੱਸ਼ਟ ਹੋ ਜਾਂਦਾ ਹੈ। ਅਗਲੇ ਕੁਝ ਸ਼ਲੋਕ ਹੋਰ ਵੀ ਸਭ ਕੁਝ ਸਾਫ਼ ਕਰ ਦਿੰਦੇ ਹਨ। ਮਾਲਕ ਵੱਲੋਂ ਤਿਆਗਿਆ ਹੋਇਆ ਹੋਣ ਦੇ ਬਾਵਜੂਦ ਵੀ ਸ਼ੂਦਰ ਦਾਸਪੁਣੇ ਤੋਂ ਨਹੀਂ ਛੁੱਟੇਗਾ, ਕਿਉਂਕਿ ਦਾਸਪੁਣਾ ਉਸਦਾ ਸੁਭਾਵਕ ਕਾਰਜ ਹੈ। ਉਹ ਇਸ ਤੋਂ ਛੁਟਕਾਰਾ ਕਿਵੇਂ ਪਾ ਸਕਦਾ ਹੈ ? ੮/੪੧੪.
ਯੁੱਧ ਜਿੱਤਣ ਤੋਂ ਮਿਲ਼ਿਆ ਆਦਮੀ, ਭੋਜਨ ਦੇ ਲੋਭ ਨਾਲ਼ ਆਇਆ, ਦਾਸੀ ਦਾ ਪੁੱਤਰ, ਮੁੱਲ ਖਰੀਦਿਆ, ਦੂਸਰੇ ਦਾ ਦਿੱਤਾ ਹੋਇਆ, ਪਿਤਾ ਨਾਲ਼ ਆਇਆ ਹੋਇਆ, ਦੰਡ ਭੁਗਤਣ ਅਤੇ ਕਰਜ਼ਾ ਚੁਕਾਉਣ ਲਈ ਬਣਿਆ ਦਾਸ ਇਹ ਸੱਤ ਕਿਸਮਾਂ ਨੇ ਦਾਸਾਂ ਦੀਆਂ। ੮/੪੧੫. ਔਰਤ, ਪੁੱਤਰ ਅਤੇ ਦਾਸ ਸ਼ਾਸਤਰ ਅਨੁਸਾਰ ਇਹ ਗਰੀਬ ਕਹੇ ਗਏ ਹਨ। ਇਹ ਤਿੰਨੋਂ ਜੋ ਕੁਝ ਵੀ ਪੈਦਾ ਕਰਨ ਉਸ ਧੰਨ ਉੱਤੇ, ਉਨ੍ਹਾਂ ਦੇ ਮਾਲਿਕ ਦਾ ਅਧਿਕਾਰ ਹੁੰਦਾ ਹੈ। ੮/੪੧੬. ਬਿਨਾਂ ਸ਼ੱਕ ਬ੍ਰਾਹਮਣ ਸ਼ੂਦਰ ਦਾ ਧੰਨ ਲੈ ਸਕਦਾ ਹੈ, ਕਿਉਂਕਿ ਉਸਦਾ ਨਿੱਜੀ ਧੰਨ ਕੁਝ ਵੀ ਨਹੀਂ ਹੈ। ਸਭ ਕੁਝ ਉਸਦੇ ਮਾਲਿਕ/ਸੁਆਮੀ ਦਾ ਹੈ। ੮/੪੨੭. ਰਾਜੇ ਨੇ ਵੈਸ਼ਯਾਂ ਤੇ ਸ਼ੂਦਰਾਂ ਨੂੰ ਜਤਨ ਪੂਰਵਕ ਕੰਮਾਂ ਵਿਚ ਲਗਾ ਰੱਖਣਾ ਹੁੰਦਾ ਹੈ। ਕਿਉਂਕਿ ਜੇ ਇਹ ਆਪਣੇ-ਆਪਣੇ ਕਾਰਜਾਂ ਉਪਰ ਨਾ ਲੱਗਣ ਤਾਂ ਇਹ ਧੰਨ ਤੇ ਸ਼ਰਾਬ ਨਾਲ਼ ਬੜਾ ਉਤਪਾਤ ਮਚਾਉਂਦੇ ਹਨ। ੮/੪੧੮.
ਸ਼ੂਦਰ ਜੇ ਬ੍ਰਾਹਮਣ ਕੰਨਿਆਂ ਤੋਂ ਔਲਾਦ ਪੈਦਾ ਕਰਦਾ ਹੈ ਤਾਂ ਉਹ ਆਯੋਗਵ ਕਹਾਵੇਗੀ, ਕਸ਼ਤਰੀ ਕੰਨਿਆਂ ਤੋਂ ਸ਼ੂਦਰ ਔਲਾਦ ਪੈਦਾ ਕਰੇ ਤਾਂ ਉਹ ਕਸ਼ੱਤਾ ਹੋਵੇਗੀ ਤੇ ਸ਼ੂਦਰ ਤੋਂ ਜਿਹੜੀ ਵੈਸ਼ਯ ਕੰਨਿਆ ਦੀ ਔਲਾਦ ਹੋਵੇਗੀ ਉਹ ਅਧਮ-ਚੰਡਾਲ ਹੋਵੇਗੀ। ਅਜਿਹੀਆਂ ਸਾਰੀਆਂ ਔਲਾਦਾਂ ਅੰਤ ਨੂੰ ਵਰਣ ਸੰਕਰ ਹੋਣਗੀਆਂ। ੧੦/੧੨.
ਹਿੰਦੁਸਤਾਨੀ ਜਾਤੀ ਵਿਵਸਥਾ ਦੀ ਕਰੂਰਤਾ ਇਸ ਗੱਲ ਵਿਚ ਹੈ ਕੇ ਕਰਮ ਬਦਲਣ ਨਾਲ਼ ਜਾਤੀ/ਵਰਣ/ਵਰਗ ਨਹੀਂ ਬਦਲਦਾ। ਮੱਧਕਾਲ ਦੇ ਭਗਤੀ ਅੰਦੋਲਨ ਦੇ ਕੇਂਦਰ ਵਿਚ ਕਰਮ ਅਨੁਸਾਰ ਜਾਤੀ/ਵਰਣ/ਵਰਗ ਦੇ ਬਦਲਣ ਉਪਰ ਬਲ ਦਿੱਤਾ ਗਿਆ ਹੈ। ਮਨੂੰ ਸਿਮ੍ਰਤੀ ਇਸ ਵਿਚ ਕੋਈ ਛੋਟ ਨਹੀਂ ਦਿੰਦੀ। ਬ੍ਰਹਮਾ ਨੇ ਇਹ ਨਿਸਚਿਤ ਕੀਤਾ ਹੈ ਕਿ ਦੋਨੋਂ ਨਾ ਬਰਾਬਰ ਹਨ ਅਤੇ ਨਾ ਹੀ ਗ਼ੈਰ ਬਰਾਬਰ, ਭਾਵ ਕਰਮ ਤੋਂ ਸ਼ੂਦਰ ਦਵਿਜ ਅਤੇ ਬ੍ਰਾਹਮਣ ਸ਼ੂਦਰ ਨਹੀਂ ਹੋ ਸਕਦਾ। ੧੦/੭੩ ਜੇ ਬ੍ਰਹਾਮਣੀ, ਕਸ਼ਤਰਾਣੀ ਅਤੇ ਵੈਸ਼ ਔਰਤ ਸ਼ੂਦਰ ਦੇ ਮੇਲ ਨਾਲ਼ ਮੁੰਡਾ ਪੈਦਾ ਕਰਦੀ ਹੈ ਉਨ੍ਹਾਂ ਦੇ ਨਾਮ ਵੀ ਵੱਖ ਹੋ ਜਾਂਦੇ ਹਨ। ਬ੍ਰਾਹਮਣੀ ਅਤੇ ਸ਼ੂਦਰ ਦੇ ਮੇਲ ਤੋਂ ਪੈਦਾ ਹੋਇਆ ਮੁੰਡਾ ਆਯੋਗਵ, ਕਸ਼ਤਰੀ ਅਤੇ ਸ਼ੂਦਰ ਦੇ ਮੇਲ ਤੋਂ ਪੈਦਾ ਹੋਇਆ ਲੜਕਾ ਕਸ਼ੱਤਾ ਕਸ਼ਤਰੀ, ਅਤੇ ਵੈਸਯ ਸ਼ੂਦਰ ਤੋਂ ਪੈਦਾ ਹੋਇਆ ਮੁੰਡਾ ਅਧਮ ਚੰਡਾਲ ਅਤੇ ਵੈਸ਼ ਔਰਤ ਅਤੇ ਸ਼ੂਦਰ ਔਰਤ ਤੋਂ ਪੈਦਾ ਹੋਇਆ ਲੜਕਾ ਵਰਣ ਸੰਕਰ ਹੁੰਦਾ ਹੈ। ੧੦/੧੨. ਬ੍ਰਾਹਮਣ ਮਾਸ, ਲੂਣ ਅਤੇ ਲਾਖ ਵੇਚਣ ਨਾਲ਼ ਤੁਰੰਤ ਪਤਿਤ ਹੋ ਜਾਂਦਾ ਹੈ, ਅਤੇ ਤਿੰਨ ਦਿਨ ਦੁੱਧ ਵੇਚਣ ਨਾਲ਼ ਸ਼ੂਦਰ ਬਣ ਜਾਂਦਾ ਹੈ। ਸਵਰਗ ਦੀ ਪ੍ਰਾਪਤੀ ਲਈ ਜਾਂ ਫਿਰ ਆਪਣੇ ਰੁਜ਼ਗਾਰ ਚਲਾਉਣ ਲਈ ਸ਼ੂਦਰ ਬ੍ਰਾਹਮਣਾਂ ਦੀ ਸੇਵਾ ਕਰੇ। ਸ਼ੂਦਰ ਬ੍ਰਾਹਮਣਾਂ ਦੀ ਅਰਾਧਨਾ ਲਈ ਹੀ ਪੈਦਾ ਹੋਇਆ ਹੈ, ਇਸ ਲਈ ਉਹ ਬ੍ਰਾਹਮਣਾਂ ਦੀ ਸੇਵਾ ਨਾਲ਼ ਹੀ ਕਿ੍ਰਤਾਰਥ ਹੁੰਦਾ ਹੈ। ੧੦/੧੨੨. ਸ਼ੂਦਰ ਦੇ ਲਈ ਬ੍ਰਾਹਮਣਾਂ ਦੀ ਸੇਵਾ ਹੀ ਸ੍ਰੇਸ਼ਟ ਕਾਰਜ ਹੈ-ਇਹ ਸ਼ਾਸਤਰਕਾਰ ਵਿਦਵਾਨਾਂ ਨੇ ਕਿਹਾ ਹੈ। ਇਸਦੇ ਸਿਵਾ ਹੋਰ ਜੋ ਕੁਝ ਵੀ ਉਹ ਕਰਦਾ ਹੈ ਉਹ ਸਭ ਕੁਝ ਨਿਸ਼ਫਲ ਹੈ। ੧੦/੧੨੩. ਹੁਣ ਸੇਵਾ ਫਲ ਵੀ ਸੁਣ ਲਉ! (ਜੋ ਆਪਣੀ ਸੇਵਾ ਕਰੇ ਉਸ) ਸ਼ੂਦਰ ਨੂੰ ਜੂਠਾ ਅੰਨ, ਪੁਰਾਣਾ ਕਪੜਾ, ਸੜਿਆ (ਨਿਕ੍ਰਸ਼ਟ) ਧਾਨ ਅਤੇ ਘਰ ਦੀ ਮਾੜੀ ਤੋਂ ਮਾੜੀ ਚੀਜ਼ ਦੇ ਦੇਣੀ ਚਾਹੀਦੀ ਹੈ। ੧੦/੧੨੫. ਸ਼ੂਦਰ ਨੂੰ ਸੂਤਕ ਪਾਤਕ ਨਹੀਂ ਲੱਗਦਾ। ਉਹ ਦੂਸ਼ਤ ਪਦਾਰਥ ਵੀ ਖਾ ਲੈਂਦਾ ਹੈ। ਉਸਦਾ ਕੋਈ ਸੰਸਕਾਰ ਵੀ ਨਹੀਂ ਹੈ, ਧਰਮ ਦੇ ਕੰਮਾਂ ਵਿਚ ਉਸਦਾ ਕੋਈ ਅਧਿਕਾਰ ਵੀ ਨਹੀਂ ਹੈ। ਧਰਮ ਕਾਰਜ ਕਰਨ ਦੀ ਮਨਾਹੀ ਵੀ ਹੈ। ੧੦/੧੨੬. ਸ਼ੂਦਰ ਨੂੰ ਪੈਸਾ ਇੱਕਠੇ ਕਰਨ ਦੀ ਮਨਾਹੀ ਹੈ। ਕਾਰਣ ਵੀ ਬ੍ਰਾਹਮਣ ਘਾੜਤ ਹੈ। ਸਮ੍ਰੱਥ ਹੋਣ ਦੇ ਬਾਵਜੂਦ ਸ਼ੂਦਰ ਨੂੰ ਧੰਨ ਸੰਚਯ ਕਰਨਾ ਉਚਿਤ ਨਹੀਂ ਹੈ, ਕਿਉਂਕਿ ਸ਼ੂਦਰ ਧੰਨ ਪਾ ਕੇ ਬ੍ਰਾਹਮਣਾਂ ਨੂੰ ਪੀੜਾ ਦਿੰਦਾ ਹੈ। ੧੦/੧੩੦. ਇਹ ਮੰਨ ਲਿਆ ਗਿਆ ਹੈ ਕਿ ਹੋਰ ਵਰਣ ਧਨੀ ਹੋ ਕੇ ਕਿਸੇ ਨੂੰ ਪੀੜਾ ਨਹੀਂ ਦੇਣਗੇ। ਚੰਡਾਲਾਂ ਅਤੇ ਮੁਰਦੇ ਚੁੱਕਣ ਵਾਲ਼ਿਆਂ ਦਾ ਨਿਵਾਸ ਪਿੰਡ ਤੋਂ ਬਾਹਰ ਹੋਣਾ ਚਾਹੀਦਾ ਹੈ। ਇਨ੍ਹਾਂ ਕੋਲ਼ ਬਰਤਨ ਨਹੀਂ ਹੋਣੇ ਚਾਹੀਦੇ। ਇਨ੍ਹਾਂ ਦੀ ਪੂੰਜੀ ਕੁੱਤੇ ਤੇ ਗਧੇ ਹੋਣ। ਮੁਰਦਿਆਂ ਦੇ ਕਫ਼ਨ ਦਾ ਪਹਿਰਾਵਾ ਹੋਣਾ ਚਾਹੀਦਾ ਹੈ, ਟੁੱਟੇ ਬਰਤਨਾਂ ਵਿਚ ਇਹ ਖਾਣਾ ਖਾਣ, ਇਨ੍ਹਾਂ ਦੇ ਗਹਿਣੇ ਲੋਹੇ ਦੇ ਹੋਣ। ਇਕ ਥਾਂ ਤੋਂ ਦੂਜੇ ਥਾਂ ਤੇ ਤੁਰਨਾ-ਫਿਰਨਾ ਇਨ੍ਹਾਂ ਦਾ ਕਾਰਜ ਹੈ। ੧੦/੧੫੨.
ਗਿਆਰਵਾਂ ਅਧਿਆਇ ਯੱਗ ਕਰਵਾਉਣ ਦੀਆਂ ਰੀਤੀਆਂ ਰਸਮਾਂ ਬਾਰੇ ਅਤੇ ਅਪ੍ਰਾਧ ਦੇ ਪ੍ਰਾਸ਼ਚਿਤ ਬਾਰੇ ਹੈ। ਭਾਵੇਂ ਸ਼ੂਦਰ ਨੂੰ ਯੱਗ ਕਰਨ-ਕਰਾਉਣ ਦੀ ਇਜਾਜ਼ਤ ਨਹੀਂ ਪਰ ਇਥੇ ਵੀ ਸ਼ੂਦਰ ਗ਼ੈਰ ਹਾਜ਼ਰ ਨਹੀਂ। ਯੱਗ ਵਿਚ ਮੰਗ ਕੇ ਧੰਨ ਨਾ ਲਾਉਣ ਦਾ ਨਿਯਮ ਹੈ ਪਰ, ਸ਼ੂਦਰ ਦੇ ਘਰ ਤੋਂ, ਤਿੰਨ ਜਾਂ ਦੋ ਅੰਗ ਪੂਰੇ ਕਰਨ ਲਈ, ਜ਼ਬਰਦਸਤੀ ਧੰਨ ਲੈ ਆਵੇ ਕਿਉਂਕਿ ਸ਼ੂਦਰ ਦਾ ਯੱਗਾਂ ਵਿਚ ਕੋਈ ਸੰਬੰਧ ਨਹੀਂ ਹੁੰਦਾ। ੧੧/੧੩ ਬ੍ਰਾਹਮਣ ਯੱਗ ਦੇ ਲਈ ਸ਼ੂਦਰ ਤੋਂ ਕਦੇ ਧੰਨ ਨਾ ਮੰਗੇ, ਕਿਉਂਕ ਜੋ ਬ੍ਰਾਹਮਣ ਸ਼ੂਦਰ ਤੋਂ ਧੰਨ ਮੰਗ ਕੇ ਯੱਗ ਕਰਦਾ ਹੈ ਉਹ ਮਰਨ ਬਾਅਦ ਚੰਡਾਲ ਬਣਦਾ ਹੈ। (ਬਿਨਾਂ ਮੰਗੇ ਸ਼ੂਦਰ ਦਾ ਧੰਨ ਯੱਗ ਵਿਚ ਲਗਾ ਦੇਵੇ ਤਾਂ ਦੋਸ਼ ਨਹੀਂ। ੧੧/੨੪. ਇਥੇ ਸ਼ਾਸਤਰਾਂ ਦੇ ਇਨਸਾਫ਼ ਦੀ ਕਾਣ ਸਾਹਮਣੇ ਹੈ। ਸ਼ੂਦਰ ਜਾਤੀ/ਵਰਣ/ਵਰਗ ਨੂੰ ਹਰ ਹੀਲੇ ਆਰਥਿਕ ਪੱਖੋਂ ਕੰਗਾਲ ਵੀ ਰੱਖਣਾ ਹੈ ਤੇ ਹਰ ਥਾਂ ਉਸਨੂੰ ਨੀਵਾਂ ਹੋਣ ਦਾ ਅਹਿਸਾਸ ਵੀ ਕਰਾਉਣਾ ਹੈ। ਜੋ ਵੀ ਸ਼ੂਦਰਾਂ ਦਾ ਧੰਨ ਲੈ ਕੇ ਅਗਨੀ ਹੋਤਰ (ਯੱਗ) ਕਰਦੇ ਹਨ ਉਹ ਸ਼ੂਦਰਾਂ ਦੇ ਹੀ ਬ੍ਰਾਹਮਣ (ਰਿਤਵਜ) ਹੁੰਦੇ ਹਨ ਅਤੇ ਵੈਦਕਾਂ (ਵੇਦ ਪੜ੍ਹਨ ਵਾਲ਼ੇ ਬ੍ਰਾਹਮਣਾਂ) ਵਿਚ ਵੀ ਨਿੰਦੇ ਜਾਂਦੇ ਹਨ। ਜੋ ਬ੍ਰਾਹਮਣ ਇਕ ਬਾਰ ਵੀ ਸ਼ਰਾਬ ਪੀਂਦਾ ਹੈ, ਉਸ ਦਾ ਬ੍ਰਾਹਮਣ ਪੁਣਾ ਖਤਮ ਹੋ ਜਾਂਦਾ ਹੈ ਅਤੇ ਉਹ ਸ਼ੂਦਰ ਬਣ ਜਾਂਦਾ ਹੈ। ੧੧/੯੭. ਬ੍ਰਾਹਮਣ ਦੇ ਕਾਤਲ ਸ਼ੂਦਰ ਨੂੰ ਸਿੱਧਾ ਮਿ੍ਰਤਯੂ ਦੰਡ ਹੈ ਪਰ ਸ਼ੂਦਰ ਦਾ ਵੱਧ ਕਰਨ ਵਾਲ਼ਾ ਬ੍ਰਾਹਮਣ ਵੀ ਦਿਸੇ ਸੰਪੂਰਣ ਵਰਤ ਨੂੰ ਛੇ ਮਹੀਨੇ ਤਕ ਕਰੇ ਜਾਂ ਇਕ ਬਲ਼ਦ, 10 ਚਿੱਟੀਆਂ ਗਾਈਆਂ ਬ੍ਰਾਹਮਣ ਨੂੰ ਦਾਨ ਕਰੇ ਤਾਂ ਕਤਲ (ਵੱਧ) ਦੇ ਦੋਸ਼ ਤੋਂ ਮੁਕਤ ਹੋ ਜਾਂਦਾ ਹੈ।੧੧/੧੩੦.
ਬਾਰਵਾਂ ਕਾਂਡ ਵਿਦਵਾਨਾਂ ਅਨੁਸਾਰ ਬਾਅਦ ਵਿਚ ਜੋੜਿਆ ਗਿਆ ਹੈ। ਇਸ ਵਿਚ ਰਜੋ, ਸਤੋ, ਤਮੋ, ਜੂਨਾਂ ਦਾ ਵਿਸਤਾਰ ਦਿੱਤਾ ਗਿਆ ਹੈ। ਸ਼ੂਦਰਾਂ ਤੇ ਰਾਕਸ਼ਸ/ਪਿਸ਼ਾਚ ਨੂੰ ਤਮੋ ਗੁਣ (ਯਾਨੀ ਘਟੀਆਂ ਜੂਨਾਂ ਦੀ ਸ਼੍ਰੇਣੀ) ਵਿਚ ਰੱਖਿਆ ਗਿਆ ਹੈ। ਸ਼ੂਦਰਾਂ ਨੂੰ ਜੰਗਲੀ ਜਾਨਵਰਾਂ ਨਾਲ਼ ਥਾਂ ਮਿਲ਼ੀ ਹੈ। ਹਾਥੀ, ਘੋੜੇ, ਸ਼ੂਦਰ, ਨਿੰਦਿਤ ਮਲੇਛ, ਸ਼ੇਰ, ਬਾਘ ਅਤੇ ਸੂਰ ਇਹ ਤਮੋ ਗੁਣ ਤੋਂ ਪੈਦਾ ਹੋਈਆਂ ਜੂਨਾਂ ਹਨ, ਭਾਵ ਇਨ੍ਹਾਂ ਜੂਨਾਂ ਵਿਚ ਤਮੋਗੁਣੀ ਪੈਦਾ ਹੁੰਦੇ ਹਨ। ੧੨/੪੩. ਬ੍ਰਾਹਮਣ ਦਾ ਹਤਿਆਰਾ, ਕੁੱਤੇ, ਸੂਰ, ਖੋਤੇ, ਊਂਠ, ਗਾਂ, ਬਕਰਾ, ਭੇਡ, ਮਿਰਗ, ਪੰਛੀ, ਚੰਡਾਲ ਅਤੇ ਪੁਕਸ ਆਦਿ ਜੂਨਾਂ ਵਿਚ ਜਨਮ ਲੈਂਦਾ ਹੈ।੧੨/੫੫
ਸ਼ੂਦਰ ਬਾਰੇ ਮੰਨੂ ਸਿਮ੍ਰਤੀ ਦੇ ਉਪਰਲੇ ਸ਼ਲੋਕ ਪੜ੍ਹਨ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਬ੍ਰਾਹਮਣਵਾਦੀ/ਮਨੂੰ ਸਿਮ੍ਰਤੀ ਰਾਜ ਵਿਚ ਇਹ ਚੌਥੇ ਦਰਜੇ ਦੇ ਸ਼ਹਿਰੀ ਰਹੇ ਹਨ ਤੇ ਰਹਿਣਗੇ। ਚੰਡਾਲ ਇਨ੍ਹਾਂ ਤੋਂ ਵੀ ਹੇਠਾਂ ਪੰਜਵੇਂ ਦਰਜੇ ਦੇ ਸ਼ਹਿਰੀ ਰਹਿਣਗੇ। ਚੌਥੇ/ਪੰਜਵੇ ਦਰਜੇ ਦੇ ਸ਼ਹਿਰੀ ਕੋਲ਼ ਕਿਸੇ ਤਰ੍ਹਾਂ ਦੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਆਦਿ ਕੋਈ ਵੀ ਅਧਿਕਾਰ ਨਹੀਂ ਹੋਣਗੇ। ਕੀ ਅਜਿਹੇ ਸਮਾਜਿਕ ਨਾ ਬਰਾਬਰੀ ਦੇ ਜ਼ਾਲਿਮ ਰਾਜ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ? ਬਿਲਕੁਲ ਨਹੀਂ। ਦਲਿਤ ਚਿੰਤਕ ਇਸੇ ਲਈ ਭਾਵੁਕ ਵੀ ਹਨ ਤੇ ਇਨ੍ਹਾਂ ਦੀ ਭਾਸ਼ਾ ਵਿਚ ਤਿੱਖਾਪਣ ਵੀ ਹੈ। ਇਹ ਭਾਸ਼ਾਈ ਤਿੱਖਾਪਣ ਕਬੀਰ ਦੀ ਬਾਣੀ ਤੋਂ ਵਧੇਰੇ ਉਗਰ ਰੂਪ ਧਾਰਣ ਕਰਦਾ ਹੈ। ‘‘ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ।। ਤਉ ਆਨ ਬਾਟ ਕਹੇ ਨਹੀ ਆਇਆ।’’ (ਗਉੜੀ, ਕਬੀਰ) ਇਹੀ ਗੁੱਸਾ ਡਾ. ਅੰਬੇਡਕਰ ਦੇ ਮਨੂੰ ਸਿਮ੍ਰਤੀ ਦਹਿਨ ਵਿਚ ਵੇਖਿਆ ਜਾ ਸਕਦਾ ਹੈ। ਮਨੂੰ ਸਿਮ੍ਰਤੀ ਦੇ ਅਧਿਐਨ ਤੋਂ ਬਾਅਦ ਡਾ. ਅੰਬੇਡਕਰ ਜਿਸ ਸਿੱਟੇ ਤੇ ਪੁਹੰਚੇ ਉਹ ਸ਼ਬਦ ਭਿੰਨਤਾ ਦੇ ਬਾਵਜੂਦ ਸਾਡੇ ਨਤੀਜੇ ਤੋਂ ਭਿੰਨ ਨਹੀਂ ਹੈ। ਸਾਰ ਇਹੀ ਹੈ। ਉਹ ਲਿਖਦੇ ਹਨ:
‘‘ਮਨੂੰ ਦੇ ਉਪਰੋਕਤ ਸ਼ਲੋਕ ਇਹ ਸਿੱਧ ਕਰਦੇ ਹਨ ਕਿ ਹਿੰਦੂ ਸਮਾਜ ਵਿਵਸਥਾ ਖੁਲ੍ਹਮ-ਖੁਲ੍ਹਾ ਮਹਾਂਮਾਨਵ ਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਇਸ ਵਿਚ ਸਭ ਕੁਝ ਮਹਾਮਾਨਵ ਲਈ ਨਿਰਧਾਰਿਤ ਕੀਤਾ ਗਿਆ ਹੈ। ਬ੍ਰਾਹਮਣ ਮਹਾਂਮਾਨਵ ਹੈ ਅਤੇ ਸ਼ੂਦਰ ਇਕ ਆਮ (ਤੁੱਛ) ਆਦਮੀ। ਮਹਾਂਮਾਨਵ ਕੋਲ਼ ਹਰ ਤਰ੍ਹਾਂ ਦੇ ਅਧਿਕਾਰ ਹਨ ਪਰੰਤੂ ਕਿਸੇ ਤਰ੍ਹਾਂ ਦੇ ਕਰਤੱਵ ਦਾ ਪਾਲਨ ਉਸਨੇ ਨਹੀਂ ਕਰਨਾ ਹੁੰਦਾ। ਹਰ ਚੀਜ਼ ਮਹਾਂਮਾਨਵ ਦੇ ਅਧਿਕਾਰ ਖੇਤਰ ਅਤੇ ਉਸਦੇ ਹਿੱਤ ਵਿਚ ਹੈ। ਇਸਦੇ ਉਲਟ ਆਮ ਆਦਮੀ ਦੀ ਹਾਲਤ ਹੇਠਲੀ ਪੱਧਰ ਦੀ ਬਣੀ ਰਹਿੰਦੀ ਹੈ। ਮਹਾਂਮਾਨਵ ਦੇ ਉਲਟ ਆਮ ਆਦਮੀ ਦੇ ਕੋਲ਼ ਜ਼ਿੰਦਗੀ, ਆਜ਼ਾਦੀ, ਸੰਪੱਤੀ ਭਾਵ ਸੁਖ ਦੀ ਤਲਾਸ਼ ਆਦਿ  ਕੋਈ ਵੀ ਅਧਿਕਾਰ ਨਹੀਂ ਹੁੰਦਾ। ਉਸਨੂੰ ਮਹਾਂਮਾਨਵ ਦੇ ਜੀਵਨ ਅਤੇ ਉਸਦੀ ਸਰਦਾਰੀ ਨੂੰ ਬਣਾਏ ਰੱਖਣ ਲਈ ਸਭ ਕੁਝ ਤਿਆਗ ਦੇਣ ਲਈ ਤਤਪਰ ਰਹਿਣਾ ਚਾਹੀਦਾ ਹੈ। ਹਿੰਦੂ ਸਮਾਜ ਵਿਵਸਥਾ ਨੇ ਇਹ ਵੀ ਤੈਅ ਕਰ ਰੱਖਿਆ ਹੈ ਕਿ ਆਮ ਵਿਅਕਤੀ ਵਲੋਂ ਇਹ ਤਿਆਗ ਸਵੈ-ਇੱਛਾ ਨਾਲ਼ ਕੀਤਾ ਜਾਣਾ ਚਾਹੀਦਾ ਹੈ। ਅਸਲ ਵਿਚ ਉਸ ਆਦਮੀ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਉਹ ਹਮੇਸ਼ਾ ਮਹਾਂਮਾਨਵ ਦੇ ਹਿੱਤ ਵਿਚ ਜਾਂ ਉਸਦੀ ਸੇਵਾ ਵਿਚ ਤਿਆਗ ਕਰਨ ਨੂੰ ਤਿਆਰ ਰਹੇ ਅਤੇ ਉਸਨੂੰ ਹੀ ਆਪਣੇ ਜੀਵਨ ਦਾ ਸਰਵ ਉੱਚ ਕਰਤੱਵ ਮੰਨ ਲਏ।(ਭੀਮ ਰਾਓ ਜੀ ਆਂਬੇਡਕਰ, ਭਾਰਤ ਅਤੇ ਕਮਿਊਨਿਜ਼ਮ, ਲੈਫਟਵਰਡ, ਨਈ ਦਿੱਲੀ, ਪੰਨਾ-੧੧੮) ਨਿਤਸ਼ੇ ਨੇ ਮੰਨਿਆ ਸੀ ਕਿ ਉਸਨੇ ਸੁਪਰਮੈਨ ਦਾ ਸੰਕਲਪ ਮਨੂੰ ਸਿਮ੍ਰਤੀ ਤੋਂ ਲਿਆ ਹੈ। ਐਂਟੀ ਕਰਿਸ਼ਚਿਅਨ ਹੋਣ ਕਾਰਣ ਉਸਨੂੰ ਕਾਫ਼ੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਪਰ ਡਾ. ਅੰਬੇਡਕਰ ਨੇ ਨਿਤਸ਼ੇ ਦੀ ਕਹੀ ਨੂੰ ਮਨੂੰ ਸਿਮ੍ਰਤੀ ਦੇ ਬ੍ਰਾਹਮਣ ਤੇ ਨਿਤਸ਼ੇ ਦੇ ਮਹਾਂਮਾਨਵ ਨੂੰ ਆਹਮੋ-ਸਾਹਮਣੇ ਰੱਖ ਕੇ ਉਨ੍ਹਾਂ ਦੀ ਏਕਤਾ ਨੂੰ ਸਿੱਧ ਕੀਤਾ। ਡਾ. ਅੰਬੇਡਕਰ ਹਿੰਦੂ ਸਮਾਜ ਦੀ ਇਕ ਹੋਰ ਵਿਸ਼ੇਸ਼ਤਾ ਇਹ ਮੰਨਦੇ ਹਨ ਕਿ ਇਥੇ ਮਨੁੱਖਾਂ ਵਿਚਲੇ ਰਿਸ਼ਤਿਆਂ ਨੂੰ ਅਤੇ ਅਰਥ ਵਿਵਸਥਾ ਨੂੰ (ਕਾਮਗਾਰਾਂ ਵਿਚਲੇ ਸੰਬੰਧਾਂ ਨੂੰ) ਧਾਰਮਿਕ ਮਾਨਤਾ ਪ੍ਰਾਪਤ ਹੈ। ਉਹ ਲਿਖਦੇ ਹਨ ਕਿ, ਦੁਨੀਆਂ ਵਿਚ ਹਿੰਦੂ ਸਮਾਜ ਵਿਵਸਥਾ ਹੀ ਸਿਰਫ਼ ਅਜਿਹੀ ਵਿਵਸਥਾ ਹੈ ਜਿਥੇ ਮਨੁੱਖਾਂ ਵਿਚਲੇ ਸੰਬੰਧਾਂ ਨੂੰ ਧਾਰਮਿਕ ਮਾਨਤਾ ਪ੍ਰਦਾਨ ਕਰਕੇ ਉਸਨੂੰ ਅਲੌਕਿਕ, ਅਮਰ ਅਤੇ ਅਖੰਡ ਬਣਾਇਆ ਗਿਆ ਹੈ। ਬਿਲਕੁਲ ਇਹੀ ਗੱਲ ਹਿੰਦੂਆਂ ਦੀ ਅਰਥ ਵਿਵਸਥਾ ਉਪਰ ਵੀ ਲਾਗੂ ਹੁੰਦੀ ਹੈ। ਜਿਥੇ ਕਾਮਿਆਂ ਦੇ ਸੰਬੰਧਾਂ ਨੂੰ ਧਾਰਮਿਕ ਮਾਨਤਾ ਪ੍ਰਾਪਤ ਹੈ ਅਤੇ ਉਸਨੂੰ ਅਲੌਕਿਕ, ਅਮਰ ਅਤੇ ਅਖੰਡ ਬਣਾ ਦਿੱਤਾ ਗਿਆ ਹੈ।’’ (ਉਪਰੋਕਤ, ਪੰਨਾ-੧੨੬)
ਧਾਰਮਿਕ ਸੰਬੰਧਾਂ ਕਰਕੇ ਹੀ ਮਨੂੰ ਸਿਮ੍ਰਤੀ ਦੇ ਕਾਨੂੰਨਾਂ ਦਾ ਵਿਰੋਧ ਇਸ ਦੇ ਬਾਵਜੂਦ ਮੁਸ਼ਕਿਲ ਹੈ ਕਿ ਭਾਰਤ ਵਿਚ ੧੯੫੦ ਤੋਂ ਭਾਰਤੀ ਸੰਵਿਧਾਨ ਲਾਗੂ ਹੈ। ਸਮੇਂ-ਸਮੇਂ ਸਮਾਜਿਕ ਜਾਤੀਆਂ ਨੂੰ ਇਕ ਥਾਂ ਕਰਕੇ ਇਨ੍ਹਾਂ ਕਾਨੂੰਨਾਂ ਤੇ ਹਿੰਦੂ ਵਿਵਸਥਾ ਨਾਲ਼ ਟਕਰਾਉਣ ਦੀ ਕੋਸ਼ਿਸ਼ ਪੂਰੀ ਸਫਲ ਨਹੀਂ ਹੋ ਸਕੀ। ਵਿਰੋਧੀ ਧਿਰਾਂ ਦੀਆਂ ਅੰਤਰ ਵਿਰੋਧਤਾਈਆਂ ਅਤੇ ਹਿੰਦੂਵਾਦੀ ਤਾਕਤਾਂ ਦੀਆਂ ਫੁੱਟਪਾਊ ਨੀਤੀਆਂ ਕਾਮਯਾਬ ਰਹੀਆਂ ਹਨ। ਰਾਮ ਵਿਲਾਸ ਪਾਸਵਾਨ, ਅਠਾਵਲੇ ਵਰਗੇ ਤਾਂ ਸਿੱਧੇ ਸੰਪ੍ਰਦਾਇਕ ਲੋਕਾਂ ਦੀ ਝੋਲੀ ਵਿਚ ਹਨ। ਮਾਇਆਵਤੀ ਉੱਤਰ ਪ੍ਰਦੇਸ਼ ਵਿਚ ਬੀਜੇਪੀ ਨਾਲ਼ ਮਿਲ਼ ਕੇ ਸਰਕਾਰ ਬਣਾਉਂਦੀ ਰਹੀ ਹੈ ਤੇ ਉਸਨੇ ਦਲਿਤਾਂ ਦੀ ਸਥਿਤੀ ਨੂੰ ਕਮਜ਼ੋਰ ਕੀਤਾ ਹੈ। ਪਿਛਲੇ ਛੇ ਸਾਲਾਂ ਦੇ ਬੀਜੇਪੀ (ਆਰਐਸਐਸ) ਦੇ ਰਾਜ ਵਿਚ ਮਨੂੰ ਸਿਮ੍ਰਤੀ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਘਟ ਗਿਣਤੀਆਂ ਦੀ ਲਿੰਚਿੰਗ, ਦਲਿਤਾਂ ਦੀ ਲਗਾਤਾਰ ਗਾਂ ਦੇ ਨਾਂ ਤੇ ਪਿਟਾਈ ਨਾਲ਼ ਨਵੀਂ ਸਫ਼ਬੰਦੀ ਸ਼ੁਰੂ ਹੋਈ ਹੈ। ਕਮਿਊਨਿਸਟ, ਦਲਿਤ ਅਤੇ ਘੱਟ ਗਿਣਤੀਆਂ ਦੇ ਨਾਲ਼ ਡੈਮੋਕ੍ਰੇਟਿਕ ਲੋਕਾਂ ਨੂੰ ਇਕੱਠਾ ਕਰਕੇ ਹਿੰਦੁਤਵਵਾਦੀ ਖੇਮੇ ਨਾਲ਼ ਲੜਾਈ ਲੜਨ ਦਾ ਯਤਨ ਕੀਤਾ ਗਿਆ ਹੈ। ਉਸ ਲਈ ਵਿਚਾਰਧਾਰਾਈ ਸੰਘਰਸ਼ ਲਈ ਵੀ ਪਿੜ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਆਨੰਦ ਤੇਲ ਤੁੰਬੜੇ ਵਰਗੇ ਵਿਦਵਾਨਾਂ ਦਾ ਵੱਡਾ ਯੋਗਦਾਨ ਹੈ। ਤੇਲ ਤੂੰਬੜੇ ਨੇ ਡਾ. ਅੰਬੇਡਕਰ ਦੀ ਅਧੂਰੀ ਪੁਸਤਕ, ‘ਭਾਰਤ ਅਤੇ ਕਮਿਊਨਿਜ਼ਮ’ ਨੂੰ ਸੰਪਾਦਿਤ ਕਰਦਿਆਂ ਆਪਣੀ ਪ੍ਰਸਤਾਵਨਾ ਦਾ ਨਾਮ ਹੀ ‘‘ਦੂਰੀਆਂ ਖਤਮ ਹੋਣ’’ ਰੱਖਿਆ ਹੈ। ਕਮਿਊਨਿਸਟਾਂ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਕ ਕਸ਼ਮਕਸ਼ ਦਾ ਸਰਵੇ ਕਰਨ ਉਪਰੰਤ ਤੇਲ ਤੂੰਬੜੇ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਕਮਿਊਨਿਸਟ ਮਜ਼ਦੂਰ ਜਮਾਤ ਲਈ ਲੜਦੇ, ਹੋਏ ਸਾਮਰਾਜ ਵਿਰੋਧੀ ਲੜਾਈ ਵੀ ਲੜਦੇ ਹਨ। ਡਾ. ਅੰਬੇਡਕਰ ਦਲਿਤਾਂ ਦੀ ਸਮਾਜਿਕ ਬਰਾਬਰੀ ਦੀ ਲੜਾਈ ਲੜਦੇ, ਹਿੰਦੂਆਂ ਦੇ ਖਿਲਾਫ਼ ਲੜਦੇ ਅਤੇ ਅੰਗ੍ਰੇਜਾਂ ਤੋਂ ਮਦਦ ਲੈਂਦੇ ਹਨ। ਇਸੇ ਲਈ ਕਮਿਊਨਿਸਟ ਉਨ੍ਹਾਂ ਨੂੰ ਸਾਮਰਾਜ ਦੇ ਦਲਾਲ ਤਕ ਕਹਿ ਜਾਂਦੇ ਹਨ। ਪਰ ਤੇਲ ਤੂੰਬੜੇ ਹਰ ਪੱਧਰ ਤੇ ਇਹ ਮਹਿਸੂਸ ਕਰਦੇ ਹਨ ਕਿ ਡਾ. ਅੰਬੇਡਕਰ ਦਾ ਮਾਰਕਸ ਪ੍ਰਤੀ ਕਦੇ ਮੋਹ ਭੰਗ ਨਹੀਂ ਸੀ ਹੋਇਆ। ਮਾਰਕਸ ਨੂੰ ਉਹ ਪੂਰਾ ਮਹੱਤਵ ਦਿੰਦੇ ਸਨ। ਆਪਣੇ ਅੰਤਿਮ ਸਮੇਂ ਤੋਂ ਕੁਝ ਚਿਰ ਪਹਿਲਾਂ ਮਹਾਤਮਾ ਬੁੱਧ ਅਤੇ ਮਾਰਕਸ ਉਪਰ ਉਨ੍ਹਾਂ ਲੈਕਚਰ ਵੀ ਦਿੱਤੇ। ਇਸ ਦਿ੍ਰਸ਼ਟੀ ਤੋਂ ਤੇਲ ਤੂੰਬੜੇ ਦੀ ਸਾਰੀ ਪ੍ਰਸਤਾਵਨਾ ਬੜੀ ਮਹੱਤਵਪੂਰਣ ਹੈ ਪਰ ਇਥੇ ਅਸੀਂ ਉਸ ਵਲੋਂ ਕੱਢੇ ਸਿੱਟਿਆਂ ਦੀ ਹੀ ਨਿਸ਼ਾਨਦੇਹੀ ਕਰਾਂਗੇ।
ਉਹ ਲਿਖਦੇ ਹਨ, ‘‘ਬਾਬਾ ਸਾਹਿਬ ਅੰਬੇਡਕਰ ਨੂੰ ਸਿਖਿਅਤ ਦਲਿਤਾਂ ਦੀ ਨੌਜਵਾਨ ਪੀੜ੍ਹੀ ਤੋਂ ਇਹ ਆਸ ਸੀ ਕਿ ਉਹ ਆਪਣੇ ਇਤਿਹਾਸ ਦਾ ਵਿਸ਼ਲੇਸ਼ਣ ਕਰੇਗੀ ਅਤੇ ਦਲਿਤ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਵਿਚ ਆਪਣਾ ਯੋਗਦਾਨ ਪਾਏਗੀ। ਪਰੰਤੂ ਬਾਬਾ ਸਾਹਿਬ ਦੀਆਂ ਉਮੀਦਾਂ ਉਪਰ ਖਰਾ ਉਤਰਨ ਦੀ ਬਜਾਇ ਉਹ ਆਪਣੀ ਪੁਰਾਣੀ ਪਹਿਚਾਣ ਵਲ, ਪਿੱਛੇ ਵਲ ਪਰਤ ਰਹੇ ਹਨ ਅਤੇ ਅੰਜਾਣੇ ਵਿਚ ਸ਼ਾਸਕ ਵਰਗਾਂ ਦਾ ਸਹਿਯੋਗ ਕਰ ਰਹੇ ਹਨ।
ਵਰਤਮਾਨ ਦੌਰ ਏਨਾ ਨਿਰਾਸ਼ਾਜਨਕ ਹੈ ਕਿ ਇਸਦਾ ਵਰਣਨ ਨਹੀਂ ਕੀਤਾ ਜਾ ਸਕਦਾ। ਪੂੰਜੀਵਾਦ ਨੇ ਨਵਉਦਾਰਵਾਦ ਦਾ ਇਕ ਅਜਿਹਾ ਭੋਂਡਾ (ਕਰੂਪ) ਰੂਪ ਧਾਰਣ ਕਰ ਲਿਆ ਹੈ ਜੋ ਪੂਰੇ ਵਿਸ਼ਵ ਨੂੰ ਰੌਂਦ ਰਿਹਾ ਹੈ। ਇਸਨੇ ਜਨਤਾ ਦੇ ਹੇਠਲੇ ਤਬਕਿਆਂ ਸਾਹਮਣੇ ਸੰਕਟ ਖੜ੍ਹੇ ਕਰ ਦਿੱਤੇ ਹਨ। ਇਸ ਹਮਲੇ ਦਾ ਵਿਰੋਧ ਕਰਨ ਵਾਲ਼ੀ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਘਾਟ ਕਾਰਣ ਪੂਰੀ ਦੁਨੀਆਂ ਵਿਚ ਵਿਸ਼ਵੀ ਪੂੰਜੀ ਦੇ ਸਹਿਯੋਗ ਨਾਲ਼ ਪਹਿਚਾਣ ਅਤੇ ਧਾਰਮਿਕ ਕੱਟੜਵਾਦ ਦਾ ਪੁਨਰਉੱਥਾਨ ਹੋ ਰਿਹਾ ਹੈ। ਇਸਨੇ ਜੰਤਾ ਨੂੰ ਅਸੰਖ ਟੋਟਿਆਂ ਵਿਚ ਵੰਡ ਦਿੱਤਾ ਹੈ। ਕਮਿਊਨਿਸਟਾਂ ਨੂੰ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਮਾਰਕਸਵਾਦ ਬਾਰੇ ਉਨ੍ਹਾਂ ਦੀ ਖ਼ੁਦ ਦੀ ਗਲਤ ਸਮਝ ਇਸਦੀ ਇਕ ਵੱਡੀ ਵਜ੍ਹਾ ਹੈ। ਉਹ ਆਪਣੇ ਸੀਮਤ ਪ੍ਰਭਾਵ ਖੇਤਰ ਲਈ ਵੀ ਖ਼ੁਦ ਹੀ ਜ਼ਿੰਮੇਵਾਰ ਹਨ। ਇਸ ਦਹਿਲੀਜ ਤੇ ਖੜ੍ਹੇ ਹੋ ਕੇ ਸਭ ਤੋਂ ਪਹਿਲਾਂ ਦਲਿਤਾਂ ਅਤੇ ਕਮਿਊਨਿਸਟਾਂ, ਦੋਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਤੀਤ ਵਿਚ ਭਲੇ ਹੀ ਕਿਸੇ ਵਾਦ ਨੇ ਆਪਣੀ ਪ੍ਰਭਾਵੀ ਭੂਮਿਕਾ ਅਦਾ ਕੀਤੀ ਹੋਵੇ ਲੇਕਿਨ ਅਜਿਹਾ ਕੋਈ ਵਾਦ ਨਹੀਂ ਹੋ ਸਕਦਾ ਜੋ ਪਰਿਵਰਤਨਸ਼ੀਲ ਸਮਕਾਲੀਨ ਜਾਂ ਭਵਿੱਖ ਦੀ ਯਾਨੀ ਆਉਣ ਵਾਲ਼ੀ ਦੁਨੀਆਂ ਤੇ ਲਾਗੂ ਹੋ ਸਕੇ। ਦੁਨੀਆਂ ਲਗਾਤਾਰ ਅਤੇ ਤੇਜ਼ੀ ਨਾਲ਼ ਬਦਲ ਰਹੀ ਹੈ। ਇਸਦੇ ਸਾਰ ਨੂੰ ਉਨ੍ਹਾਂ ਢਾਂਚਿਆਂ ਦੀ ਮਦਦ ਨਾਲ਼ ਨਹੀਂ ਸਮਝਿਆ ਜਾ ਸਕਦਾ ਜਿਨ੍ਹਾਂ ਨਾਲ਼ ਇਸਦੇ ਪਿਛਲੇ ਰੂਪਾਂ (ਸੰਸਕਰਣਾਂ) ਨਾਲ਼ ਜੂਝਿਆ ਗਿਆ ਸੀ। ਇਹ ਵਾਦ ਲਾਈਟ ਹਾਊਸ ਤਾਂ ਹੋ ਸਕਦੇ ਹਨ ਪਰੰਤੂ ਜਨਤਾ ਨੂੰ ਉਨ੍ਹਾਂ ਔਖੀਆਂ ਪ੍ਰਸਥਿਤੀਆਂ ਵਿਚੋਂ ਹੀ ਆਪਣੇ ਲਈ ਰਸਤੇ ਕੱਢਣੇ ਪੈਣਗੇ ਜਿਨ੍ਹਾਂ ਪ੍ਰਸਥਿਤੀਆਂ ਵਿਚ ਜਨਤਾ ਰਹਿ ਰਹੀ ਹੈ। ਇਸ ਅਹਿਸਾਸ ਦੇ ਪੈਦਾ ਹੋਣ ਤੇ ਪਹਿਚਾਣਵਾਦੀ ਜ਼ਿੱਦ ਖਤਮ ਹੋ ਜਾਣੀ ਚਾਹੀਦੀ ਹੈ। ਦੂਸਰੇ, ਦੋਨਾਂ ਧਿਰਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਉਹ ਆਪਸ ਵਿਚ ਸੁਭਾਵਿਕ ਸਹਿਯੋਗੀ ਹਨ। ਭਾਰਤ ਦੇ ਦਲਿਤਾਂ ਦੇ ਮੋਢੇ ਨਾਲ਼ ਮੋਢਾ ਮਿਲ਼ਾਏ ਬਗ਼ੈਰ ਕੋਈ ਕ੍ਰਾਂਤੀ ਨਹੀਂ ਹੋ ਸਕਦੀ ਹੈ ਅਤੇ ਮਿਹਨਤਕਸ਼ ਜਨਤਾ ਦੇ ਵਿਆਪਕ ਹਿੱਸੇ ਵੱਲੋਂ ਉਨ੍ਹਾਂ ਨੂੰ ਅਪਣਾਏ ਬਗ਼ੈਰ ਜਾਤੀਵਾਦ ਦਾ ਵਿਨਾਸ਼ ਸੰਭਵ ਨਹੀਂ ਹੈ। ਤੀਸਰਾ ਕਮਿਊਨਿਸਟਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਦਲਿਤਾਂ ਨਾਲ਼ ਹੱਥ ਮਿਲਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਉੱਪਰ ਹੈ ਤੇ ਇਹ ਮੇਲ ਸੱਚਾ ਅਤੇ ਕਿਸੇ ਵੀ ਚੁਨਾਵੀ ਗਣਿਤ ਤੋਂ ਉਪਰ ਹੋਣਾ ਚਾਹੀਦਾ ਹੈ। ਦਲਿਤਾਂ ਨੂੰ ਵੀ ਇਹ ਮਹਿਸੂਸ ਕਰਨਾ ਹੋਵੇਗਾ ਕਿ ਜਾਤੀ ਪਹਿਚਾਣ ਤੇ ਆਧਾਰਿਤ ਰਾਜਨੀਤੀ ਉਨ੍ਹਾਂ ਨੂੰ ਸਿਰਫ਼ ਹੋਰ ਵੱਧ ਟੁਕੜਿਆਂ ਵਿਚ ਵੰਡੇਗੀ ਅਤੇ ਉਨ੍ਹਾਂ ਦਾ ਟੁਕੜਿਆਂ ਵਿਚ ਵੰਡ ਹੋਣਾ ਸ਼ਾਸਕ ਵਰਗਾਂ ਦੇ ਖੇਮੇ ਵਿਚ ਖੁਸ਼ੀਆਂ ਲੈ ਕੇ ਆਏਗਾ। ਉਨ੍ਹਾਂ ਦੀ ਮੁਕਤੀ ਦਾ ਰਾਹ ਜਾਤੀ ਕੋਲ਼ ਨਹੀਂ ਬਲਕਿ ਜਮਾਤੀ ਏਕਤਾ ਹੀ ਉਨ੍ਹਾਂ ਨੂੰ ਮੁਕਤ ਕਰ ਸਕੇਗੀ। ਚੌਥਾ ਕਮਿਊਨਿਸਟਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕ੍ਰਾਂਤੀ ਕਿਸੇ ਇਕ ਬਿੰਦੂ ਤੇ ਸੀਮਤ ਨਹੀਂ ਹੈ ਬਲਕਿ ਇਹ ਇਕ ਪ੍ਰਕਿ੍ਰਆ ਹੈ। ਕ੍ਰਾਂਤੀਕਾਰੀ ਰਣਨੀਤੀ ਨੂੰ ਸੰਚਾਲਿਤ ਕਰਨ ਵਾਲ਼ੀਆਂ ਤਮਾਮ ਨੀਤੀਆਂ ਜਾਂ ਸੁਧਾਰ ਇਸੇ ਕ੍ਰਾਂਤੀ ਦਾ ਹਿੱਸਾ ਹਨ। ਕ੍ਰਾਂਤੀਆਂ ਦੇ ਪ੍ਰਚਲਿਤ ਮਾਡਲ ਅਸਲ ਵਿਚ ਬੁਨਿਆਦੀ ਤੌਰ ਦੇ ਦੋਸ਼ਪੂਰਣ ਹਨ ਅਤੇ ਭਵਿੱਖ ਵਿਚ ਹੋਣ ਵਾਲ਼ੀਆਂ ਕ੍ਰਾਂਤੀਆਂ ਨਿਸ਼ਚਿਤ ਤੌਰ ਤੇ ਉਨ੍ਹਾਂ ਅਨੁਸਾਰ ਨਹੀਂ ਹੋਣਗੀਆਂ। ਭਵਿੱਖ ਵਿਚ ਟੈਕਨਾਲੌਜੀ ਵਿਚ ਬੇਤਹਾਸ਼ਾ ਪ੍ਰਗਤੀ ਹੋਣ ਵਾਲ਼ੀ ਹੈ ਜੋ ਇਕ ਪਾਸੇ ਮਾਨਵ ਹੋਂਦ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਤੇ ਦੂਜੇ ਪਾਸੇ ਸਮਾਜਵਾਦ ਦਾ ਰਸਤਾ ਵੀ ਅਖਤਿਆਰ ਕਰ ਸਕਦੀ ਹੈ। ਕ੍ਰਾਂਤੀ ਹੀ ਇਹ ਤੈਅ ਕਰੇਗੀ ਕਿ ਇਸਦੀ ਦਿਸ਼ਾ ਕੀ ਹੋਵੇ। ਪੰਜਵੀਂ ਤੇ ਆਖਰੀ ਗੱਲ ਇਹ ਹੈ ਕਿ ਦੋਨਾਂ ਨੂੰ ਹੀ ਇਹ ਸਮਝਣਾ ਹੋਵੇਗਾ ਕਿ ਕ੍ਰਾਂਤੀ ਦੇ ਬਿਨਾਂ ਉਨ੍ਹਾਂ ਦਾ ਕੋਈ ਭਵਿੱਖ ਨਹੀਂ।’’ (ਪੰਨਾ-੭੬)
ਆਨੰਦ ਤੇਲ ਤੂੰਬੜੇ ਦੇ ਵਿਚਾਰਾਂ ਨਾਲ਼ ਸੰਵਾਦ ਰਚਾਇਆ ਜਾ ਸਕਦਾ ਹੈ ਪਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਫੌਰੀ ਤੌਰ ਤੇ ਜਿਵੇਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਫਿਰ ਭਾਰਤ ਨੂੰ ਅੰਨ੍ਹੇ ਯੁੱਗ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੂੰ ਰੋਕਣ ਲਈ ਕਮਿਊਨਿਸਟਾਂ, ਦਲਿਤਾਂ ਦੇ ਨਾਲ਼-ਨਾਲ਼ ਘੱਟ ਗਿਣਤੀਆਂ ਅਤੇ ਗ਼ੈਰ ਸੰਪ੍ਰਦਾਇਕ, ਡੈਮੋਕ੍ਰੇਟਿਕ ਲੋਕਾਂ ਦੀ ਵਿਸ਼ਾਲ ਏਕਤਾ ਦੀ ਲੋੜ ਹੈ। ਜਿਸ ਤਰ੍ਹਾਂ ਦੀ ਏਕਤਾ ਸੀਏਏ, ਐਨਪੀਆਰ ਅਤੇ ਐਨਸੀਆਰ ਖਿਲਾਫ਼ ਚੱਲੇ ਅੰਦੋਲਨ ਸਮੇਂ ਸਾਹਮਣੇ ਆਈ ਹੈ। ਇਸੇ ਨਾਲ਼ ਹੀ ਸੰਵਿਧਾਨ ਦੀ ਬਰਾਬਰੀ ਦੀ ਆਤਮਾ ਨੂੰ ਬਚਾਇਆ ਜਾ ਸਕੇਗਾ ਤੇ ਗ਼ੈਰ ਬਰਾਬਰੀ ਵਾਲ਼ੇ ਸਮਾਜ ਵਲ ਮੋੜੇ ਨੂੰ ਡੱਕਿਆ ਜਾ ਸਕਦਾ ਹੈ। ਸੰਵਿਧਾਨ ਦੇ ਅਸਲੀ ਰੂਪ ਵਿਚ ਅਮਲ ਵਿਚ ਨਾ ਆ ਸਕਣ ਕਾਰਣ ਬਰਾਬਰੀ ਦਾ ਸੰਕਲਪ ਇਕ ਸੀਮਾ ਤਕ ਹੀ ਲਾਗੂ ਹੋ ਸਕਿਆ ਹੈ ਪਰ ਹੁਣ ਇਸਦੇ ਮੂਲ਼ ਸਰੂਪ ਨੂੰ ਹੀ ਬਦਲਣ ਦੀ ਤਿਆਰੀ ਹੋ ਰਹੀ ਹੈ। ਇਸ ਲਈ ਸੰਵਿਧਾਨ ਦੀ ਹੇਠ ਲਿਖੀ ਸਪਿਰਟ ਨੂੰ ਬਚਾਇਆ ਜਾਣਾ ਜ਼ਰੂਰੀ ਹੈ। ਭਾਰਤ ਦਾ ਸੰਵਿਧਾਨ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ। ਧਾਰਾ ੧੪/੧੫ ਅਨੁਸਾਰ :
੧੪. ਕਾਨੂੰਨ ਸਾਹਮਣੇ ਸਭ ਬਰਾਬਰ:  ਰਾਜ, ਭਾਰਤ ਦੇ ਰਾਜ ਖੇਤਰ ਵਿਚ ਕਿਸੇ ਵਿਅਕਤੀ ਨੂੰ ਕਾਨੂੰਨ ਸਾਹਮਣੇ ਬਰਾਬਰੀ ਜਾਂ ਕਾਨੂੰਨੀ ਸੁਰਖਿਆ ਤੋਂ ਵੰਚਿਤ ਨਹੀਂ ਕਰੇਗਾ।
੧੫. ਧਰਮ ਮੂਲਵਾਸ, ਜਾਤ, ਲਿੰਗ ਜਾਂ ਜਨਮ ਸਥਾਨ ਤੇ ਆਧਾਰ ਤੇ ਪਾਬੰਦੀ :
੧.     ਰਾਜ ਕਿਸੇ ਵੀ ਨਾਗਰਿਕ ਵਿਰੁਧ ਕੇਵਲ ਧਰਮ, ਮੂਲ਼ਵਾਸ, ਜਾਤੀ, ਲਿੰਗ, ਧਰਮ ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਆਧਾਰ ਤੇ ਕੋਈ ਭੇਦ ਭਾਵ ਨਹੀਂ ਕਰੇਗਾ।
੨.    ਕੋਈ ਨਾਗਰਿਕ ਕੇਵਲ ਧਰਮ, ਮੂਲ਼ਵਾਸ, ਲਿੰਗ, ਜਨਮ ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਆਧਾਰ ਤੇ ਦੁਕਾਨਾਂ, ਸਰਵਜਨਕ ਹੋਟਲਾਂ, ਢਾਬਿਆਂ, ਸਰਵਜਨਕ ਮਨੋਰੰਜਨ ਦੇ ਸਥਾਨਾਂ ਵਿਚ ਦਾਖਲ ਹੋਣ ਜਾਂ ਰਾਜ ਦੀ ਵਿਤੀ ਸਹਾਇਤਾ ਨਾਲ਼ ਜਾਂ ਆਮ ਜਨਤਾ ਦੀ ਵਰਤੋਂ ਲਈ ਸਮਰਪਿਤ ਖੂਹਾਂ, ਤਲਾਬਾਂ, ਇਸ਼ਨਾਨ ਘਾਟਾਂ, ਸੜਕਾਂ ਅਤੇ ਸਰਵਜਨਕ ਸਮਾਗਮ ਦੇ ਸਥਾਨਾਂ ਦੀ ਵਰਤੋਂ ਸਭ ਲਈ ਖੁੱਲ੍ਹੀ ਹੋਵੇਗੀ।
ਛੂਆ-ਛੂਤ ਦਾ ਅੰਤ: ਛੂਆ ਛੂਤ ਦਾ ਅੰਤ ਕੀਤਾ ਜਾਂਦਾ ਹੈ ਅਤੇ ਇਸ ਉੱਤੇ ਕਿਸੇ ਵੀ ਰੂਪ ਵਿਚ ਅਮਲ, ਆਚਰਣ ਬੰਦ ਕੀਤਾ ਜਾਂਦਾ ਹੈ। ਛੂਆ-ਛੂਤ ਤੋਂ ਪੈਦਾ ਹੋਈ ਕਿਸੇ ਵੀ ਅਯੋਗਤਾ ਨੂੰ ਲਾਗੂ ਕਰਨਾ ਅਪਰਾਧ ਹੋਵੇਗਾ ਜੋ ਕਾਨੂੰਨ ਅਨੁਸਾਰ ਸਜ਼ਾਯੋਗ ਹੋਵੇਗਾ।
ਸੰਵਿਧਾਨ ਦੇ ਇਹ ਕੁਝ ਅੰਸ਼ ਹੀ ਸਪੱਸ਼ਟ ਕਰਦੇ ਹਨ ਕਿ ਮਨੂੰ ਸਿਮ੍ਰਤੀ ਉਪਰ ਚਲ ਰਹੇ ਸਮਾਜਿਕ ਵਰਤਾਰੇ ਵਿਚ ਕੀਤੇ ਜਾਂਦੇ ਵਿਤਕਰੇ ਅਤੇ ਗ਼ੈਰ ਬਰਾਬਰੀ ਦੇ ਵਤੀਰੇ ਨੂੰ ਖ਼ਤਮ ਕਰਕੇ ਬਰਾਬਰੀ ਦੇ ਸਮਾਜ ਦੀ ਨੀਂਹ ਰੱਖੀ ਗਈ। ਇਸ ਤੋਂ ਪਿੱਛੇ ਵਲ ਮੁੜਨ ਦਾ ਅਰਥ ਮੁੜ ਗ਼ੈਰ ਬਰਾਬਰੀ ਦੇ ਸਮਾਜ ਵਲ ਜਾਣਾ ਹੋਵੇਗਾ ਜੋ ਕੋਈ ਵੀ ਭਾਰਤੀ ਸਵੀਕਾਰ ਨਹੀਂ ਕਰ ਸਕਦਾ।

Scroll To Top