ਪੰਜਾਬ ਭਰ ‘ਚ ਅਤੇ ਪੰਜਾਬ ਤੋਂ ਬਾਹਰ ਵੀ, ਇਸ ਵਕਤ ਪੰਜਾਬ ਦੇ ਅਧਿਆਪਕਾਂ ਦੇ ਨਿਆਂ-ਸੰਗਤ ਸੰਗਰਾਮ ਦੀ ਘਰ-ਘਰ ਚਰਚਾ ਹੋ ਰਹੀ ਹੈ। ਅਧਿਆਪਕਾਂ ਉਪਰ ਜਿਵੇਂ ਅਚਿੰਤੇ ਬਾਜ ਆਣ ਪਏ ਹਨ। ਉਹਨ੍ਹਾਂ ਨੂੰ ਮਨ ਲਾ ਕੇ ਪੜ੍ਹਾਉਣ ਦੇ ਨਾਲ-ਨਾਲ ਇਹਨਾਂ 65-75% ਤਨਖਾਹਾਂ ਘਟਾਉਣ ਦੇ ਅਚਿੰਤੇ ਬਾਜਾਂ ਤੋਂ ਆਪਣਾ ਭਵਿੱਖ ਵਾਪਸ ਖੋਹਣ ਦੀ ਵੀ ਚਿੰਤਾ ਆਣ ਲੱਗੀ ਹੈ। ਹਮਲਾ ਭਾਵੇਂ ਐਸ.ਐਸ.ਏ., ਰਸਮਾ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਉਪਰ ਹੋਇਆ ਹੈ, ਪ੍ਰੰਤੂ ਸ਼ਾਬਾਸ਼ ਅਧਿਆਪਕਾਂ ਦੀ ਜੱਥੇਬੰਦਕ ਸੋਚ ਦੇ ਕਿ ਪੰਜਾਬ ਦਾ ਸਮੂਹ ਅਧਿਆਪਕ ਵਰਗ ਇਕਮੁਠ ਹੋ ਗਿਆ ਹੈ। ਅਚਿੰਤੇ ਬਾਜਾਂ ਵਿਰੁੱਧ ਪੁਰਅਮਨ ਤੇ ਜਮਹੂਰੀ ਢੰਗ ਨਾਲ ਲੜਾਈ ਲੜਨ ਲਈ ਹਰ ਕੈਟਾਗਿਰੀ ਦੇ ਅਤੇ ਹਰ ਜਥੇਬੰਦਕ ਸੋਚ ਦੇ ਅਧਿਆਪਕਾਂ ਨੇ ‘ਸਾਂਝਾ ਅਧਿਆਪਕ ਮੋਰਚਾ’ ਬਣਾ ਲਿਆ ਹੈ। ਉਹ ਕੈਪਟਨ ਦੀ ਸਰਕਾਰ ਵਲੋਂ ਕੀਤੇ ਗਏ ਇਸ ਹਮਲੇ ਵਿਰੁੱਧ ਲਗਾਤਾਰ ਲੜ ਰਹੇ ਹਨ ਅਤੇ 7 ਅਕਤੂਬਰ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਨ। ਇਹ ਅਧਿਆਪਕ ਫਰਵਰੀ 2018 ਤੋਂ ਤਨਖਾਹ ਘਟਾਉਣ ਦੇ ਸੰਕੇਤ ਮਿਲਣ ਤੋਂ ਹੀ ਪੁਰਅਮਨ ਧਰਨੇ, ਮੁਜ਼ਾਹਰੇ, ਰੈਲੀਆਂ ਕਰਦੇ ਆ ਰਹੇ ਹਨ ਕਦੇ ਪਟਿਆਲਾ ਕਦੇ ਅੰਮ੍ਰਿਤਸਰ ਕਦੇ ਚੰਡੀਗੜ੍ਹ ਕਦੇ ਕਿਸੇ ਮੰਤਰੀ ਜਾਂ ਐਮ.ਐਲ.ਏ. ਦੇ ਘਰ ਅੱਗੇ। ਸਮਾਜ ਦੇ ਕਿਸੇ ਵੀ ਵਰਗ ਵਲੋਂ ਆਪਣੇ ਹੱਕਾਂ ਲਈ ਜਮਹੂਰੀ ਢੰਗ ਨਾਲ ਪੁਰਅਮਨ ਰੋਸ ਵਿਖਾਵੇ ਕਰਨੇ ਅਤੇ ਸਰਕਾਰ ਦੀ ਗੈਰ ਜਮਹੂਰੀ ਪਹੁੰਚ ਪ੍ਰਤੀ ਗੁੱਸਾ ਜਾਹਿਰ ਕਰਨਾ ਉਸ ਵਰਗ ਦਾ ਬੁਨਿਆਦੀ ਤੇ ਸੰਵਿਧਾਨਕ ਹੱਕ ਹੈ। ਇਸ ਹੱਕ ਨੂੰ ਵਰਤਣ ਵਾਲਿਆਂ ਨਾਲ ਦੁਸ਼ਮਣਾਂ ਵਾਂਗ ਪੇਸ਼ ਆਉਣਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਕਿਹਾ ਜਾ ਸਕਦਾ। ਇਹ ਜ਼ੁਲਮ ਹੈ। ਇਹ ਹਿਟਲਰੀ ਸੋਚ ਵਾਲੀ ‘ਡਾਇਰਸ਼ਾਹੀ’ ਹੈ। ਇਹ ਦੇਸ਼ ਦੀ ਜਮਹੂਰੀਅਤ ਲਈ ਚੰਗਾ ਲੱਛਣ ਨਹੀਂ ਹੈ। ਤਾਨਾਸ਼ਾਹੀ ਵੱਲ ਵੱਧਣ ਅਤੇ ਲੋਕ ਰਾਜ ਨੂੰ ਸੱਟ ਮਾਰਨ ਦੇ ਤੁੱਲ ਹੈ। ਸੰਘਰਸ਼ੀ ਅਧਿਆਪਕਾਂ ਨੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਸੁਣਾਇਆ ਹੈ ਕਿ ਉਸਦੀ ਅਧਿਆਪਕਾਂ ਪ੍ਰਤੀ ਪਹੁੰਚ ਬੇਹੱਦ ਗੈਰ ਜਮਹੂਰੀ ਅਤੇ ਜਾਲਮਾਨਾ ਹੈ। ਜਦੋਂ ਦਾ ਉਹਨਾਂ ਨੂੰ ਸਿੱਖਿਆ ਸਕੱਤਰ ਬਣਾਇਆ ਹੈ, ਉਦੋਂ ਤੋਂ, ਪਹਿਲੋਂ ਹੀ ਜਰਜਰੀ ਹੋ ਚੁੱਕੀ ਸਿੱਖਿਆ ਇਮਾਰਤ ਸਿੱਖਿਆ ਦੇ ਹੋਰ ਵੀ ਰਸਾਤਲ ਵੱਲ ਗਈ ਹੈ। ਉਹ ਅਧਿਆਪਕਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਸਮਝ ਰਹੇ ਹਨ। ਉਸ ਦਾ ਢੰਗ ਇਹ ਹੈ ਕਿ ਜੋ ਵੀ ਸੰਘਰਸ਼ ਦੀ, ਧਰਨੇ ਮੁਜ਼ਾਹਰਿਆਂ ਦੀ ਅਗਵਾਈ ਕਰਦਾ ਹੈ ਉਸਨੂੰ ਦੂਰ ਦੁਰਾਡੇ ਬਦਲ ਦਿਓ। ਅਨੇਕਾਂ ਅਧਿਆਪਕਾਂ ਨੂੰ ਜਥੇਬੰਦਕ ਕਾਰਨਾਂ ਕਰਕੇ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਇਹੀ ਹਾਲ ਸਿੱਖਿਆ ਮੰਤਰੀ ਸੋਨੀ ਸਾਹਿਬ ਦਾ ਹੈ। ਉਹ ਤਾਂ ਸ਼ਰੇਆਮ ਕਹਿ ਰਹੇ ਹਨ ਕਿ ਜੋ ਵੀ ਸਰਕਾਰ ਵਿਰੁੱਧ ਬੋਲੇਗਾ ਬਖਸ਼ਿਆ ਨਹੀਂ ਜਾਵੇਗਾ। ਧਰਨਾ, ਮੁਜ਼ਾਹਰਾ ਕਰਦੇ ਅਧਿਆਪਕਾਂ ਤੇ ਲਾਠੀਚਾਰਜ ਕਰਨਾ, ਪਾਣੀ ਦੀਆਂ ਬੁੁਛਾੜਾਂ ਮਾਰਨਾ, ਉਹਨਾਂ ਦੀਆਂ ਪੱਗਾਂ ਲਾਹੁਣੀਆਂ, ਔਰਤ ਅਧਿਆਪਕਾਂ ਨੂੰ ਵੀ ਨਾ ਬਖਸ਼ਣਾ ਕਿਥੋਂ ਦਾ ਇਨਸਾਫ ਹੈ? ਸਭ ਤੋਂ ਵੱਡਾ ਜ਼ੁਲਮ ਤਾਂ ਇਹ ਕਰ ਦਿੱਤਾ ਗਿਆ ਕਿ 10-10 ਸਾਲ ਦੀ ਸੇਵਾ ਵਾਲਿਆਂ ਨੂੰ, ਜਿਨ੍ਹਾਂ ਨੂੰ ਬਕਾਇਦਾ ਟੈਸਟ ਲੈ ਕੇ, ਮੈਰਿਟ ਬਣਾ ਕੇ ਭਰਤੀ ਕੀਤਾ ਗਿਆ ਸੀ, ਇਹ ਕਿਹਾ ਗਿਆ ਕਿ ਤੁਹਾਨੂੰ, ਤਾਂ ਪੱਕੇ ਕਰਨਾ ਹੈ ਜੇ ਹਰ ਮਹੀਨੇ 28 ਤੋਂ 35 ਹਜ਼ਾਰ ਰੁਪਏ ਸਰਕਾਰ ਨੂੰ ਦਿਓ! ਭਾਵ ਉਸਦੀ 42800-50000 ਤਨਖਾਹ ਨੂੰ 15300 ਕਰ ਦਿੱਤਾ ਜਾਵੇਗਾ। ਜਿਵੇਂ ਕਿਸੇ ਦੇ ਸਿਰ ‘ਤੇ ਅਚਾਨਕ ਬਿਜਲੀ ਡਿੱਗੀ ਹੋਵੇ। ਉਹ ਜਿਨ੍ਹਾਂ ਨੇ ਮਕਾਨਾਂ ਦੇ ਕਰਜ਼ੇ ਲਏ ਹੋਏ ਹਨ, ਹੋਰ ਖਰਚੇ ਕੀਤੇ ਹਨ, ਉਹ ਕਿਵੇਂ ਇਕਦਮ ਐਨਾ ਘਾਟਾ ਖਾਣ। ਉਹ ਵੀ ਤਿੰਨ ਸਾਲ ਲਈ ਤੇ ਬੇਵਜ੍ਹਾ। ਉਹਨਾਂ 10 ਸਾਲ ਜੋ ਸੇਵਾ ਕੀਤੀ ਹੈ ਉਹ ਨਹੀਂ ਮੰਨੀ ਜਾਵੇਗੀ ਸਗੋਂ ਨਵੇਂ ਸਿਰਿਓਂ ਤਿੰਨ ਸਾਲ ਹੋਰ ਬਤੌਰ ਪ੍ਰੋਬੇਸ਼ਨ ਲਾਉਣੇ ਹੋਣਗੇ। ਇਸ ਤੋਂ ਵੱਡਾ ਸਰਕਾਰੀ ਜ਼ੁਲਮ ਹੋਰ ਕੀ ਹੋ ਸਕਦਾ ਹੈ। ਸਰਕਾਰ ਨੇ ਉਹ ਚਿੱਠੀ ਹੀ ਵਾਪਿਸ ਲੈ ਲਈ ਹੈ ਜਿਸ ਮੁਤਾਬਕ ਉਹਨਾ ਅਧਿਆਪਕਾਂ ਨੇ 10 ਇਤਫਾਕੀਆ, 8 ਕਮਾਈਆਂ, 15 ਅੱਧੀ ਤਨਖਾਹ ਛੁੱਟੀਆਂ ਮਨਜ਼ੂਰ ਕਰਵਾਈਆਂ ਸਨ। ਹੁਣ ਉਕੀਆਂ ਪੁੱਕੀਆਂ 15 ਛੁੱਟੀਆਂ ਹੀ ਸਾਲ ਦੀਆਂ ਕਰ ਦਿੱਤੀਆਂ ਹਨ। ਇਹ ਘੋਰ ਬਦਲਾ ਲਊ ਕਾਰਵਾਈ ਹੈ। 4 ਅਕਤੂਬਰ 2018 ਨੂੰ ਤਨਖਾਹ ਘਟਾਕੇ 15300 ਕਰਨ ਵੇਲੇ, ਘੱੱਟ ਤਨਖਾਹ ਲੈਣ ‘ਤੇ ਰੈਗੂਲਰ ਹੋਣ ਦੀ ਸਹਿਮਤੀ ਦੇਣ ਵਾਲਿਆਂ ਨੂੰ ਸਹਿਮਤੀ ਦੀ ਕਲਿਕ ਕਰਨ ਦਾ ਕੇਵਲ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ। ਫੇਰ 4 ਹਫਤੇ ਹੋਰ ਵਧਾ ਦਿੱਤੇ ਤੇ ਹੁਣ ਖੁੱਲ੍ਹੀ ਛੋਟ ਦੇ ਦਿੱਤੀ ਹੈ। ਸਬੰਧਤ 8886 ਅਧਿਆਪਕਾਂ, ਜਿਨ੍ਹਾਂ ਨੇ ਸਹਿਮਤੀ ਲਈ ਕਲਿਕ ਨਹੀਂ ਕੀਤਾ, ਉਹਨਾਂ ਦੀਆਂ ਸਭ ਅਸਾਮੀਆਂ ਖਾਲੀ ਕਰਾਰ ਦੇ ਦਿੱਤੀਆਂ ਹਨ ਅਤੇ ਜੋ ਘਰਾਂ ਦੇ ਨੇੜੇ ਲੱਗੇ ਹੋਏ ਸਨ ਸਭ ਨੂੰ ਧਮਕਾਇਆ ਜਾ ਰਿਹਾ ਹੈ ਕਿ ਜਾਂ ‘ਕਲਿਕ’ ਕਰੋ ਜਾਂ ਦੂਰ ਜਾਣ ਲਈ ਤਿਆਰ ਰਹੋ। ਜੋ ਕਲਿਕ ਕਰ ਰਿਹਾ ਹੈ ਉਸਨੂੰ ਘਰ ਦੇ ਹੋਰ ਨੇੜੇ ਜਿਥੇ ਉਹ ਕਹੇ ਨਿਯੁਕਤ ਕੀਤਾ ਜਾ ਰਿਹਾ ਹੈ। ਇਕ 7 ਮਹੀਨੇ ਦੀ ਗਰਭਵਤੀ ਅਧਿਆਪਕ ਭੈਣ ਨੂੰ ਜਦ ਇਵੇਂ ਹੀ ਡਿਸਲੋਕੇਟ ਕੀਤਾ ਗਿਆ ਤਾਂ ਉਹ ਬੇਹੋਸ਼ ਹੋ ਗਈ ਉਸਨੂੰ ਪੀ.ਜੀ.ਆਈ. ਦਾਖਲ ਕਰਾਉਣਾ ਪਿਆ ਹੈ। ਜ਼ੁਲਮ ਸਿਰਫ਼ ਅਧਿਆਪਕਾਂ ‘ਤੇ ਹੀ ਨਹੀਂ ਬੱਚਿਆਂ ਨਾਲ ਵੀ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ‘ਚ ਗਰੀਬ ਤੇ ਦਲਿਤ ਬੱਚੇ ਹੀ ਵਧੇਰੇ ਪੜ੍ਹਦੇ ਹਨ। ਨਵੀਂ ਭਰਤੀ ਪਹਿਲਾਂ ਹੀ ਨਹੀਂ ਕੀਤੀ ਜਾ ਰਹੀ। 40% ਦੇ ਕਰੀਬ ਅਸਾਮੀਆਂ ਖਾਲੀ ਹਨ। ਹੁਣ ਬਦਲੀਆਂ ਕਰਾ ਕੇ ਜਾ ਚੁਕੇ ਜਾਂ ਕਲਿਕ ਕਰਨ ਵਾਲੇ ਅਧਿਆਪਕਾਂ ਕਾਰਨ ਕਈ ਸਕੂਲ ਬਿਲਕੁਲ ਹੀ ਖਾਲੀ ਹੋ ਗਏ ਹਨ ਤੇ ਵਿਦਿਆਰਥੀ ਤੇ ਮਾਪੇ ਸਕੂਲਾਂ ਦੇ ਗੇਟਾਂ ਅੱਗੇ ਧਰਨੇ ਲਾ ਰਹੇ ਹਨ। ਆਦਰਸ਼ ਸਕੂਲ ਕੋਟ ਧੰਦਲ, ਭਿਖਾਰੀਵਾਲ, ਸਰਕਾਰੀ ਹਾਈ ਸਕੂਲ ਐਨੇ ਕੋਟ (ਸਾਰੇ ਜ਼ਿਲ੍ਹਾ ਗੁਰਦਾਸਪੁਰ) ਅਤੇ ਕਿੰਨੇ ਹੀ ਹੋਰ ਸਕੂਲਾਂ ਦੀ ਇਹੀ ਅਵਸਥਾ ਹੈ। ਐਨਾ ਕੁਝ ਕਰਨ ਦੇ ਬਾਵਜੂਦ ਅਧਿਆਪਕ ਡੱਟੇ ਹੋਏ ਹਨ ਅਤੇ ਘਟ ਤਨਖਾਹ ‘ਤੇ ਰੈਗੂਲਰ ਹੋਣ ਲਈ ਤਿਆਰ ਨਹੀਂ ਹਨ। ਸਿੱਖਿਆ ਸਕੱਤਰ 94% ਦੇ ਕਲਿਕ ਕਰਨ ਦਾ ਦਾਅਵਾ ਕਰ ਰਹੇ ਹਨ ਜਦਕਿ ਜਾਇਨ ਕਰਨ ਵਾਲੇ ਆਟੇ ‘ਚ ਲੂਣ ਬਰਾਬਰ ਵੀ ਨਹੀਂ ਹਨ। ਆਖਰ ਸਕੱਤਰ ਸਾਹਿਬ ਐਨੀ ਗਲਤ ਬਿਆਨੀ ਕਿਉਂ ਕਰ ਰਹੇ ਹਨ? ਇਕ ਅਧਿਆਪਕ ਆਗੂ ਦੀ ਬਦਲੀ ਏਸ ਕਰਕੇ ਕਰ ਦਿੱਤੀ ਹੈ ਕਿ ਉਸਦੀ ਬੇਟੀ ਨੇ ਲੜ ਰਹੇ ਅਧਿਆਪਕਾਂ ਦੇ ਹੱਕ ‘ਚ ਵੀਡੀਓ ਰਾਹੀਂ ਸਮਰਥਨ ਕੀਤਾ ਹੈ। ਇਸ ਅਧਿਆਪਕ ਆਗੂ ਦੀ ਪਤਨੀ ਨੂੰ ਵੀ ਬਦਲ ਦਿੱਤਾ ਹੈ। ਐਸੀਆਂ ਅਨੇਕਾਂ ਮਿਸਾਲਾਂ ਹਨ। ਲੋੜ ਹੈ ਸਰਕਾਰ ਸੰਘਰਸ਼ ਕਰ ਰਹੇ ਸਾਂਝੇ ਅਧਿਆਪਕ ਮੋਰਚੇ ਨਾਲ ਮਿਲ ਬੈਠ ਕੇ ਮਸਲਾ ਹੱਲ ਕਰੇ। ਚੋਣ ਮੈਨੀਫੈਸਟੋ ‘ਚ ਇਹਨਾਂ ਨੂੰ ਰੈਗੂਲਰ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਵੇ। ਜਦ ਅਧਿਆਪਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਵੇਗਾ। ਆਰਥਕ ਤੰਗੀ ‘ਚੋਂ ਲੰਘ ਰਿਹਾ ਹੋਵੇਗਾ ਉਹ ਬੱਚਿਆਂ ਨਾਲ ਇਨਸਾਫ ਨਹੀਂ ਕਰ ਸਕੇਗਾ। ਜ਼ੁਲਮ-ਤਸ਼ੱਦਦ ਨਾਲ ਨਹੀਂ ਗੱਲ ਕਰਕੇ ਹੀ ਮਸਲੇ ਹੱਲ ਹੁੰਦੇ ਹਨ। ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਲੜਦੇ ਲੋਕ ਉਹਨਾਂ ਦੇ ਹੀ ਵਾਰਿਸ ਹਨ, ਜਿਨ੍ਹਾਂ ਨੇ ਮੁਗਲ ਹਾਕਮਾਂ ਦੇ ਜ਼ੁਲਮ ਸਹੇ ਤੇ ਬੰਦ-ਬੰਦ ਕਟਵਾਏ, ਦੇਗਾਂ ‘ਚ ਉਬਲੇ, ਚਰਖੜੀਆਂ ‘ਤੇ ਚੜ੍ਹੇ ਤੇ ਅਨੇਕਾਂ ਤਸੀਹੇ ਝੱਲੇ। ਜਿੰਨ੍ਹਾਂ ਨੇ ਅੰਗਰੇਜ਼ ਹਾਕਮਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ ਲੱਖਾਂ ਕੁਰਬਾਨੀਆਂ ਕੀਤੀਆਂ ਤੇ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚ ਉਮਰਾਂ ਗੁਜਾਰੀਆਂ ਤੇ ਜਲ੍ਹਿਆਂਵਾਲੇ ਬਾਗ ‘ਚ ਡਾਇਰ ਦੀਆਂ ਗੋਲੀਆਂ ਦਾ ਜ਼ੁਲਮ ਸਹਿਆ। ਇਹ ਉਹ ਹੀ ਅਧਿਆਪਕ ਹਨ ਨੇ ਜਿਨ੍ਹਾਂ 10 ਸਾਲ ਦੇ ਬਾਦਲਾਂ ਦੇ ਕੁਸ਼ਾਸਨ ਵਿਰੁੱਧ ਲੜਾਈ ਦਿੱਤੀ। ਇਹ ਅਧਿਆਪਕ ਜੋ ਲੜ ਰਹੇ ਹਨ, ਜੇ ਇਹਨਾਂ ਨੂੰ ਪੂਰੀ ਤਨਖਾਹ ‘ਤੇ ਰੈਗੂਲਰ ਨਾ ਕੀਤਾ ਗਿਆ ਤਾਂ ਇਹ ਪੰਜਾਬੀ ਸੂਰਬੀਰ ਭਗਤ ਸਿੰਘ, ਸਰਾਭਿਆਂ ਦੇ ਵਾਰਸ ਹਾਕਮ ਦੇ ਹਰ ਜ਼ੁਲਮ ਨਾਲ ਸਖਤ ਟੱਕਰ ਲੈਣਗੇ। ਪਰ ਹਾਕਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ੁਲਮ ਕਰਨ ਦੀ ਤਾਂ ਸੀਮਾ ਹੋ ਸਕਦੀ ਹੈ ਜ਼ੁਲਮ ਸਹਿਣ ਦੀ, ਜ਼ੁਲਮ ਦਾ ਟਾਕਰਾ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਵੀ ਕਿ ਜ਼ਾਲਮ ਚਾਹੇ ਕਿੰਨਾ ਵੀ ਖੂੰਖਾਰ ਹੋਵੇ ਉਸਦਾ ਵਿਨਾਸ਼ ਲਾਜ਼ਮੀ ਹੁੰਦਾ ਹੈ।
– ਮੱਖਣ ਕੁਹਾੜ