Now Reading
ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ

ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ

ਦੋ ਰਾਜਾਂ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ 21ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਅਤੇ  ਵੱਖੋ-ਵੱਖ ਸੂਬਿਆਂ ਦੀਆਂ 51 ਅਸੰਬਲੀ ਸੀਟਾਂ ਤੇ 2 ਲੋਕ ਸਭਾ ਸੀਟਾਂ ਦੀਆਂ ਦੀਆਂ ਉਪ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਚੋਣ ਕਮਿਸ਼ਨ ਵਲੋਂ 21 ਅਕਤੂਬਰ ਨੂੰ ਸ਼ਾਮ ਛੇ ਵਜੇ ਕੀਤੀ ਗਈ ਪੱਤਰਕਾਰ ਮਿਲਣੀ ਵਿੱਚ ਜਾਣਕਾਰੀ ਦਿੱਤੀ ਗਈ  ਕਿ ਦੋਹਾਂ ਸੂਬਿਆਂ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ 2017 ਦੀਆਂ ਅਸੰਬਲੀ ਚੋਣਾਂ ਵੇਲੇ ਪਈਆਂ ਵੋਟਾਂ ਦੇ ਮੁਕਾਬਲੇ ਇਸ ਵਾਰ ਵੋਟ ਫੀਸਦੀ ਵਿੱਚ  ਚਿੰਤਾਜਨਕ ਕਮੀ ਆਈ ਹੈ । ਪੰਜਾਬ ਵਿੱਚ ਹੋਈਆਂ ਚਾਰ ਅਸੰਬਲੀ ਸੀਟਾਂ ਦੀਆਂ ਦੀਆਂ ਉਪ ਚੋਣਾਂ ਵਿੱਚ ਵਿੱਚ ਵੀ ਵੋਟ ਫੀਸਦੀ ‘ਚ ਚੋਖੀ ਗਿਰਾਵਟ ਆਈ ਹੈ । ਇਹੋ ਹਾਲ ਬਾਕੀ ਥਾਵਾਂ ਤੇ ਵੀ ਰਿਹਾ ਹੈ । ਵੋਟ ਫੀਸਦੀ ‘ਚ ਗਿਰਾਵਟ ਵੋਟਰਾਂ ਦੀ ਨਿਰਾਸ਼ਾ ਅਤੇ ਉਦਾਸੀਨਤਾ ਦੀ ਨਿਸ਼ਾਨਦੇਹੀ ਕਰਦੀ ਹੈ । ਇਹ ਚੋਣ ਨਤੀਜੇ ਕਈਆਂ ਹੋਰਨਾਂ ਪੱਖਾਂ ਤੋਂ ਵੀ ਹਕੀਕੀ ਵਤਨਪਰਸਤਾਂ ਅਤੇ ਪ?ਗਤੀਹਾਮੀਆਂ ਲਈ ਫਿਕਰਮੰਦੀ ਦਾ ਸਬੱਬ ਬਣੇ ਹਨ ।            

ਪੱਤਰਕਾਰ  ਵਾਰਤਾ ਦੌਰਾਨ ਅਧਿਕਾਰੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਵਾਰ ਹਰਿਆਣਾ ਵਿੱਚੋਂ 24.17 ਕਰੋੜ ਰੁਪਏ ਦੀ ਅਤੇ ਮਹਾਰਾਸ਼ਟਰ ਵਿੱਚੋਂ 156.54 ਕਰੋੜ ਰੁਪਏ ਦੀ ਨਗਦੀ ਅਤੇ ਨਸ਼ੇ ( ਸ਼ਰਾਬ, ਨਸ਼ੀਲੀਆਂ ਦਵਾਈਆਂ ਅਤੇ ਵਸਤਾਂ, ਕੀਮਤੀ ਧਾਤਾਂ ਅਤੇ ਹੋਰ ਇਤਰਾਜ਼ ਯੋਗ ਸਮੱਗਰੀ ) ਫੜੀ ਗਈ ਹੈ । ਪਰ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਜੋ ਨਹੀਂ ਫੜਿਆ ਜਾ ਸਕਿਆ ਜਾਂ ਫੜਿਆ ਨਹੀਂ ਗਿਆ ਉਹ ਸਾਜੋ ਸਮਾਨ ਕਿੰਨਾ ਹੈ ਅਤੇ ਇਸ ਨੇ ਚੋਣ ਪ੍ਰਕਿਰਿਆ ਨੂੰ ਕਿਵੇਂ ਦੁਰਪ?ਭਾਵਿਤ ਕੀਤਾ ਹੈ ? ਜੁੜਵਾਂ ਸਵਾਲ ਇਹ ਵੀ ਹੈ ਕਿ ਕੁਕਰਮਾਂ ਨਾਲ ਇਕੱਠੇ ਹੋਏ ਇਸ ਧਨ ਦੀ ਮਲੀਨ ਖੇਡ ਦੇ ਅਸਲ ਖਿਡਾਰੀ ਕੌਣ ਹਨ ?                              

ਇਹ ਚੋਣ ਯੁੱਧ ਅੱਜ ਤੱਕ ਦਾ ਸਭ ਤੋਂ ਇੱਕ ਪਾਸੜ ਚੋਣ ਦੰਗਲ ਰਿਹਾ ਹੈ । ਸਿਆਣੇ ਸਿਆਸੀ ਵਿਸ਼ਲੇਸ਼ਕ ਇਸ ਗੱਲ ਪ੍ਰਤੀ ਤਾਂ ਇੱਕ ਮਤ ਹਨ ਹੀ ਕਿ ਉਪਰੋਕਤ ਚੋਣਾਂ ਵਿੱਚ ਭਾਗ ਲੈ ਰਹੀਆਂ ਜ਼ਿਆਦਾਤਰ ਪਾਰਟੀਆਂ ਦੇ ਜਮਾਤੀ ਕਿਰਦਾਰ ਇੱਕੋ ਜਿਹੇ ਹੀ ਹਨ ਅਤੇ ਆਪੋ-ਆਪਣੀ ਵਾਰੀ ਸੱਤਾ ‘ਤੇ ਕਾਬਜ਼ ਹੁੰਦਿਆਂ ਇਹ ਸਭ ਇੱਕੋ ਜਿਹੀਆਂ ਹੀ ਲੋਕ ਵਿਰੋਧੀ ਨੀਤੀਆਂ ਲਾਗੂ ਕਰਦੀਆਂ ਹਨ । ਪਰ ਇਸ ਵਾਰ ਜੱਗੋਂ ਤੇਰਵੀਂ ਇਹ ਹੋਈ ਹੈ ਕਿ ਭਾਜਪਾ ਵਿਰੋਧੀ ਹਾਕਮ ਜਮਾਤੀ ਰਾਜਸੀ ਪਾਰਟੀਆਂ ਨੇ ਭਾਜਪਾ ਦੇ ਫਿਰਕੂ-ਫੁੱਟਪਾਊ ਮੁੱਦਿਆਂ ਅੱਗੇ ਵੀ ਆਤਮ ਸਮਰਪਣ ਕਰ ਦਿੱਤਾ ।             

ਭਾਜਪਾ ਨੇ ਬੜੀ ਦੀਦਾ ਦਲੇਰੀ ਅਤੇ ਬੇਸ਼ਰਮੀ ਨਾਲ ਕੇਂਦਰੀ ਜਾਂਚ ਏਜੰਸੀਆਂ, ਖਾਸ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ  ਦਾ ਇਸਤੇਮਾਲ ਕਰਦਿਆਂ ਦੂਜੀਆਂ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਨੂੰ ਆਪਣੇ ਵਿੱਚ ਸਮੋਇਆ। ਇੱਥੋਂ ਤੱਕ ਕਿ ਇਹ ਬਾਂਹ ਮਰੋੜੂ ਪੈਂਤੜੇ ਚੋਣਾਂ ਦਰਮਿਆਨ ਵੀ ਜਾਰੀ ਰੱਖੇ ਗਏ ।                                                                    

ਭਾਜਪਾ ਨੇ ਇਸੇ ਵਰ੍ਹੇ ਲੋਕ ਸਭਾ ਚੋਣਾਂ ਜਿੱਤਣ ਲਈ ਵਰਤਿਆ , ਫੌਜੀ ਕਾਰਵਾਈਆਂ ਤੋਂ ਰਾਜਸੀ ਲਾਹਾ ਲੈਣ ਦਾ ਆਪਣਾ ‘ਆਜਮਾਇਆ ਹੋਇਆ ਨੁਸਖਾ’ ਬੜੀ ਢੀਠਤਾ ਨਾਲ ਇਸ ਵਾਰ ਵੀ ਵਰਤਿਆ ।             

ਇਸ ਤੋਂ ਇਲਾਵਾ ਹਿੰਦੂਤਵਾ ਅਤੇ ਅੰਨ੍ਹੇ ਕੌਮਵਾਦ ਦੇ ਮੁਦਿਆਂ ਨੂੰ ਬਾਖੂਬੀ ਵਰਤਦਿਆਂ ਅਤੇ ਪਾਕਿਸਤਾਨ ਤੇ ਅਖੌਤੀ ਘੁਸਪੈਠੀਆਂ (ਭਾਰਤੀ ਮੁਸਲਮਾਨਾਂ) ਖਿਲਾਫ਼ ਅੱਗ ਉੱਗਲਦੀ ਨਫਰਤੀ ਪ੍ਰਚਾਰ ਸ਼ੈਲੀ ਰਾਹੀਂ ਭਾਜਪਾ ਵੋਟਰਾਂ  ਦੇ ਚੋਖੇ ਹਿੱਸੇ ਦਾ ਧਿਆਨ ਕੰਗਾਲੀ ਅਤੇ ਬੇਰੁਜ਼ਗਾਰੀ ‘ਚ ਖਤਰਨਾਕ ਵਾਧਾ ਕਰਨ ਵਾਲੇ ਆਰਥਿਕ ਮੰਦਵਾੜੇ ਤੋਂ ਭਟਕਾਉਣ ਵਿੱਚ ਵੀ ਵੱਡੀ ਹੱਦ ਤੱਕ ਸਫਲ ਰਹੀ ਹੈ।                                                                    

ਭਾਜਪਾ ਨੇ ਵੋਟਰਾਂ ਨਾਲ ਨਵੇਂ ਨਕੋਰ ਵਾਅਦਾ ਕਰਨ ਦਾ  ‘ਕਾਰਨਾਮਾ’ ਵੀ ਬੜੀ ਸਫਾਈ ਨਾਲ ਸਿਰੇ ਚਾੜ੍ਹਣ ਦਾ ‘ਕੀਰਤੀਮਾਨ’  ਸਥਾਪਿਤ ਕੀਤਾ ਹੈ । ਭਾਜਪਾਈਆਂ ਨੂੰ ਪੁਰਾਣੇ ਵਾਅਦੇ ਜੋ ਕਦੀ ਪੂਰੇ ਨਹੀਂ ਕੀਤੇ ਗਏ ਤੋਂ ਪਿੱਛਾ ਛੁਡਵਾਉਣ ਅਤੇ ਲੋਕਾਂ ਨੂੰ ਨਵੀਆਂ ਝੂਠੀਆਂ ਦਿਲਬਰੀਆਂ ਦੇਣ ਦੀ ‘ਡਰਟੀ ਗੇਮ’ ‘ਚ ਮੁਹਾਰਤ ਹਾਸਿਲ ਹੈ ।                

ਉਪਰੋਕਤ ਸਾਰੇ ਕੋਝੇ ਹਥਕੰਡਿਆਂ ਦੀ ਵਰਤੋਂ ਕਰਨ,  ਬੇਬਹਾ ਪੈਸਾ ਖਰਚਣ ਫਿਰਕੂ- ਫੁੱਟ ਪਾਊ ਨਾਅਰਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ, ਮੀਡੀਆ ਖਾਸ ਕਰਕੇ ਬਿਜਲਈ ਮੀਡੀਆ ਦੇ ਵਿਕਾਊ ਹਿੱਸਿਆਂ ਦੀ ਪੱਖਪਾਤੀ ਕਵਰੇਜ, ਸੰਘੀ ਸੰਗਠਨਾਂ ਦੇ ਕਾਰਕੁੰਨਾਂ ਦੀ ਗੁੰਦਵੀਂ ਸਰਗਰਮੀ  ਅਤੇ ਵਿਰੋਧੀ ਧਿਰ ਦੀ ਨਾਅਹਿਲੀਅਤ ਸਦਕਾ ਭਾਜਪਾ ਦੀਆਂ ਹਰ ਥਾਈਂ ਭਾਰੀ ਜਿੱਤ ਦੀਆਂ ਪੇਸ਼ੋਨਗੋਈਆਂ ਕੀਤੀਆਂ ਜਾ ਰਹੀਆਂ ਸਨ । ਪਰ ਚੋਣ ਨਤੀਜੇ ਦਸਦੇ ਹਨ ਕਿ ਇੰਨ-ਬਿੰਨ ਐਸਾ ਨਹੀਂ ਵਾਪਰਿਆ। ਹਰ ਹਰਬਾ ਵਰਤਣ ਦੇ ਬਾਵਜੂਦ ਵੀ ਭਾਜਪਾ ਮਨਭਾਉਂਦੇ ਨਤੀਜੇ ਹਾਸਲ ਨਹੀਂ ਕਰ ਸਕੀ।

Scroll To Top