Now Reading
ਸੰਪਾਦਕੀ : ਲੋਕ ਜਗਾਓ, ਲੁਟੇਰੇ ਭਜਾਓ!

ਸੰਪਾਦਕੀ : ਲੋਕ ਜਗਾਓ, ਲੁਟੇਰੇ ਭਜਾਓ!

ਭਾਰਤ ਦੇ ਕਿਰਤੀ ਜਨਸਮੂਹ ਅੱਜ ਤਰ੍ਹਾਂ-ਤਰ੍ਹਾਂ ਦੇ ਦੁੱਖਾਂ-ਤਕਲੀਫ਼ਾਂ ਵਿਚ ਘਿਰੇ ਹੋਏ ਹਨ। ਇਹਨਾਂ ਦੁਖਿਆਰੇ ਲੋਕਾਂ ਵਿਚ ਮਜ਼ਦੂਰ ਤੇ ਕਿਸਾਨ ਵੀ ਸ਼ਾਮਲ ਹਨ, ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਨੌਜਵਾਨ ਵੀ, ਕਾਰੀਗਰ ਤੇ ਛੋਟੇ ਦੁਕਾਨਦਾਰ ਵੀ ਅਤੇ ਨਿਮਨ ਮੱਧਵਰਗੀ ਮੁਲਾਜ਼ਮ ਵੀ। ਪ੍ਰੰਤੂ ਇਹਨਾਂ ਦੇ ਬਹੁਤ ਵੱਡੇ ਹਿੱਸੇ ਨੂੰ ਅਜੇ ਇਹ ਸੋਝੀ ਨਹੀਂ ਆਈ ਕਿ ਉਹਨਾਂ ਦੀਆਂ ਸਮਾਜਿਕ-ਆਰਥਕ ਸਮੱਸਿਆਵਾਂ, ਉਹਨਾਂ ਨਾਲ ਹੁੰਦੀਆਂ ਬੇਇਨਸਾਫੀਆਂ ਅਤੇ ਅਪਮਾਨਜਨਕ ਵਧੀਕੀਆਂ ਆਦਿ ਦੇ ਅਸਲ ਕਾਰਨ ਕੀ ਹਨ। ਉਹ ਕਈ ਪ੍ਰਕਾਰ ਦੇ ਭੁਲੇਖਿਆਂ ਤੇ ਗਲਤਫਹਿਮੀਆਂ ਦੇ ਸ਼ਿਕਾਰ ਬਣੇ ਰਹਿੰਦੇ ਹਨ। ਬਹੁਤੇ ਤਾਂ ਆਪਣੀਆਂ ਦਿਨੋਂ ਦਿਨ ਵੱਧਦੀਆਂ ਤੇ ਵਧੇਰੇ ਗੰਭੀਰ ਹੁੰਦੀਆਂ ਜਾ ਰਹੀਆਂ ਨਿੱਜੀ ਪੱਧਰ ਦੀਆਂ ਮੁਸੀਬਤਾਂ ਨੂੰ ਕਿਸੇ ਅਗੰਮੀ ਸ਼ਕਤੀ ਦੀ ਕਰੋਪੀ ਹੀ ਸਮਝੀ ਬੈਠੇ ਹਨ। ਅਤੇ, ਉਸ ‘ਸ਼ਕਤੀ’ ਨੂੰ ਖੁਸ਼ ਕਰਨ ਲਈ ਪੂਜਾ ਪਾਠ ਕਰਨ, ਉਸਦੀ ਅਰਾਧਨਾ ਕਰਨ ਤੇ ਉਸਨੂੰ ਚੜ੍ਹਾਵੇ ਚੜ੍ਹਾਉਣ ਆਦਿ ਵਰਗੇ ਦਕਿਆਨੂਸੀ ਕਰਮ ਕਾਂਡਾਂ ਵਿਚ ਹੀ ਗਲਤਾਨ ਹੋਏ ਰਹਿੰਦੇ ਹਨ। ਜਾਂ ਫਿਰ ਉਹ, ਆਪਣੀਆਂ ਮੁਸ਼ਕਲਾਂ ਲਈ ਕਿਸੇ ਦੂਰ-ਨੇੜੇ ਦੇ ਰਿਸ਼ਤੇਦਾਰ ਜਾਂ ਆਂਢੀ-ਗੁਆਂਢੀ ਨੂੰ ਜੁੰਮੇਵਾਰ ਠਹਿਰਾ ਕੇ ਉਸ ਨੂੰ ਹੀ ਕੋਸਦੇ ਰਹਿੰਦੇ ਹਨ ਅਤੇ ਬੇਲੋੜੇ ਗੁੱਸੇ ਦੇ ਘੁੱਟ ਭਰਦੇ ਰਹਿੰਦੇ ਹਨ।

ਐਪਰ ਚੰਗੀ ਗੱਲ ਇਹ ਹੈ ਕਿ ਆਮ ਲੋਕਾਂ ਦਾ ਚੋਖਾ ਹਿੱਸਾ ਹੁਣ ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਗਰੀਬੀ ਅਤੇ ਵਿਆਪਕ ਪੱਧਰ ’ਤੇ ਵੱਧਦੀ ਜਾ ਰਹੀ ਤੰਗਦਸਤੀ ਵਰਗੀਆਂ ਸਮੂਹਿਕ ਸਮੱਸਿਆਵਾਂ ਲਈ ਸਮਕਾਲੀ ਜਾਂ ਪੂਰਬਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵੀ ਜ਼ੁੰਮੇਵਾਰ ਠਹਿਰਾਉਣ ਲੱਗ ਪਏ ਹਨ। ਅਤੇ, ਅਜੇਹੀਆਂ ਸਰਕਾਰਾਂ ਪ੍ਰਤੀ ਆਪਣੇ ਸਮੂਹਕ ਰੋਹ ਦਾ ਅਕਸਰ ਪ੍ਰਗਟਾਵਾ ਵੀ ਕਰਦੇ ਹਨ, ਸੜਕਾਂ ’ਤੇ ਆ ਕੇ ਵੀ ਅਤੇ ਚੋਣਾਂ ਸਮੇਂ ਵੀ। ਇਹੋ ਕਾਰਨ ਹੈ ਕਿ ਦੇਸ਼ ਅੰਦਰ ਜਨਤਕ ਰੋਹ ਨੂੰ ਰੂਪਮਾਨ ਕਰਦੇ ਅੰਦੋਲਨ ਵੀ ਵੱਧ ਰਹੇ ਹਨ ਅਤੇ ਚੋਣਾਂ ਵਿਚ, ਕਈ ਵਾਰ, ਹਾਕਮ ਪਾਰਟੀਆਂ ਨੂੰ ਕਰਾਰੀ ਹਾਰ ਦਾ ਮੂੰਹ ਵੀ ਦੇਖਣਾ ਪੈਂਦਾ ਹੈ।
ਪ੍ਰੰਤੂ ਚੋਣਾਂ ਰਾਹੀਂ ਸਰਕਾਰਾਂ ਦੇ ਬਦਲ ਜਾਣ ਦੇ ਬਾਵਜੂਦ ਨਾ ਲੋਕਾਂ ਦੇ ਇਹ ਬੁਨਿਆਦੀ ਮਸਲੇ ਹੱਲ ਹੁੰਦੇ ਹਨ ਅਤੇ ਨਾ ਹੀ ਆਮ ਗਰੀਬਾਂ ਦੀਆਂ ਵਿਅਕਤੀਗਤ ਤੰਗੀਆਂ-ਤੁਰਸ਼ੀਆਂ ਘਟਦੀਆਂ ਹਨ। ਉਹ ਸਗੋਂ ਹੋਰ ਵੱਧਦੀਆਂ ਹਨ ਅਤੇ ਵਧੇਰੇ ਗੁੰਝਲਦਾਰ ਬਣਦੀਆਂ ਜਾ ਰਹੀਆਂ ਹਨ। ਇਹ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਅਜੇ ਉਹ ਲੋਕੀਂ ਬਹੁਤ ਥੋੜੇ ਹਨ ਜਿਹਨਾਂ ਨੂੰ ਆਪਣੇ ਸਾਰੇ ਆਰਥਕ ਤੇ ਸਮਾਜਿਕ ਮਸਲਿਆਂ ਦੀ ਅਸਲ ਜੜ੍ਹ, ਭਾਰਤੀ ਜਗੀਰੂ ਸਬੰਧਾਂ, ਅੰਧ ਵਿਸ਼ਵਾਸੀ ਪਿਛਾਖੜੀ ਸੰਸਕਾਰਾਂ, ਅਜੋਕੀ ਲੋਟੂ ਪੂੰਜੀਵਾਦੀ ਪ੍ਰਣਾਲੀ ਅਤੇ ਉਸਦੇ ਪ੍ਰਭਾਵ ਹੇਠ ਤੇਜ਼ੀ ਨਾਲ ਨਿੱਘਰਦੀਆਂ ਜਾ ਰਹੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜੀ ਹੋਈ ਦਿਖਾਈ ਦਿੰਦੀ ਹੈ। ਅਜੇਹੇ ਰਾਜਨੀਤਕ ਤੌਰ ’ਤੇ ਚੇਤੰਨ ਲੋਕ ਹੀ ਇਸ ਹਕੀਕਤ ਤੋਂ ਜਾਣੂੰ ਹੋ ਸਕਦੇ ਹਨ ਕਿ, ਮੌਜੂਦਾ ਪੂੰਜੀਵਾਦੀ ਢਾਂਚੇ ਵਿਚ, ਦੇਸੀ ਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਸਾਮਰਾਜੀ ਜਾਬਰਾਨਾ ਲੁੱਟ-ਚੋਂਘ ਦਾ ਸਭ ਤੋਂ ਵੱਡਾ ਤੇ ਉਭਰਵਾਂ ਰੂਪ ਹਨ। ਅਤੇ, ਇਹ ਲੁਟੇਰਾ ਪ੍ਰਬੰਧ ਕਾਰਪੋਰੇਟ ਸੈਕਟਰ (ਵੱਡੇ ਵੱਡੇ ਅਜਾਰੇਦਾਰ ਸਨਅਤਕਾਰਾਂ, ਵੱਡੇ ਭੂਮੀ ਪਤੀਆਂ ਅਤੇ ਵੱਡੇ ਵਪਾਰੀਆਂ) ਅਤੇ ਭਰਿਸ਼ਟ ਸਿਆਸਤਦਾਨਾਂ ਤੇ ਅਫਸਰਸ਼ਾਹੀ ਵਿਚਲੀ ਸਾਂਠਗਾਂਠ ਨਾਲ ਨਿਰੰਤਰ ਵੱਧਦਾ ਫੁੱਲਦਾ ਜਾ ਰਿਹਾ ਹੈ। ਕਿਰਤੀ ਲੋਕਾਂ ਦਾ ਲਹੂ ਪੀਣ ਵਾਲੇ ਇਹਨਾਂ ਸਾਰੇ ਅਜੋਕੇ ‘ਮਲਕ ਭਾਗੋਆਂ’ ਦੀ ਵੱਧ ਤੋਂ ਵੱਧ ਧੰਨ ਇਕੱਠਾ ਕਰਨ ਦੀ ਅਮੁੱਕ ਲਾਲਸਾ ਹੀ ਆਮ ਲੋਕਾਂ ਦੀਆਂ ਸਾਰੀਆਂ ਤੰਗੀਆਂ-ਤੁਰਸ਼ੀਆਂ ਤੇ ਲੋੜਾਂ-ਥੋੜਾਂ ਦੀ ਜਨਮਦਾਤੀ ਹੈ। ਅਤੇ, ਏਸੇ ਕਾਰਨ ਹੀ ਉਹ ਨਿੱਤ ਨਵੀਆਂ ਸਮਾਜਿਕ-ਆਰਥਿਕ ਮੁਸੀਬਤਾਂ ਵਿਚ ਫਸਦੇ ਜਾ ਰਹੇ ਹਨ।
ਇਹਨਾਂ ਹਾਲਤਾਂ ਵਿਚ ਸਮੁੱਚੇ ਮਿਹਨਤਕਸ਼ ਅਵਾਮ ਨੂੰ ਇਸ ਜ਼ਾਲਮਾਨਾ ਲੁੱਟ-ਤੰਤਰ ਦੀਆਂ ਸਾਰੀਆਂ ਮਾਰੂ ਤੰਦਾਂ ਪ੍ਰਤੀ, ਵਿਸ਼ੇਸ਼ ਕਰਕੇ ਸਮੇਂ ਦੀਆਂ ਸਰਕਾਰਾਂ ਦੀਆਂ ਇਸ ਸੇਧ ਵਿਚ ਕਿਰਿਆਸ਼ੀਲ ਚਲੰਤ ਨੀਤੀਆਂ ਪ੍ਰਤੀ, ਜਾਗਰੂਕ ਕਰਨਾ ਖੱਬੀਆਂ ਸ਼ਕਤੀਆਂ ਲਈ ਬੇਹੱਦ ਜ਼ਰੂਰੀ ਤੇ ਅਹਿਮ ਕਾਰਜ ਹੈ। ਕਿਉਂਕਿ ਕੇਵਲ ਜਾਗਰੂਕ ਤੇ ਜਥੇਬੰਦ ਹੋਏ ਜਨਸਮੂਹ ਹੀ ਇਹਨਾਂ ਸਾਰੇ ਲੁਟੇਰਿਆਂ ਦੀਆਂ ਹਰ ਤਰ੍ਹਾਂ ਦੀਆਂ ਦੰਭੀ ਚਾਲਾਂ ਨੂੰ ਪਛਾੜ ਸਕਦੇ ਹਨ ਅਤੇ ਆਪਣਾ ਭਵਿੱਖ ਸੁਧਾਰ ਸਕਦੇ ਹਨ। ਅਜੇਹੇ ਜਾਗਰਿਤ ਤੇ ਜਥੇਬੰਦ ਹੋਏ ਲੋਕ ਹੀ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਬੱਝਵੇਂ ਤੇ ਫੈਸਲਾਕੁੰਨ ਘੋਲਾਂ ਦਾ ਸਿੱਕੇਬੰਦ ਰਾਹ ਆਪਣਾ ਸਕਦੇ ਹਨ। ਮਾਨਵ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਰਤੀ ਲੋਕਾਂ ਦਾ ਜਿਹੜਾ ਵੀ ਭਾਗ ਜਥੇਬੰਦ ਹੋ ਕੇ ਆਪਣੀ ਸ਼ਕਤੀ ਨਾਲ ਮੇਚਵਾਂ ਤੇ ਬੱਝਵਾਂ ਸੰਘਰਸ਼ ਚਲਾਉਂਦਾ ਹੈ, ਉਹ ਲਾਜ਼ਮੀ ਇਕ ਨਾ ਇਕ ਦਿਨ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਵਿਚ ਸਫਲਤਾ ਪ੍ਰਾਪਤ ਕਰਦਾ ਹੈ; ਅਤੇ ਆਪਣੀਆਂ ਮੁਸ਼ਕਲਾਂ ਦੇ ਅਸਲ ਕਾਰਨਾਂ ਪ੍ਰਤੀ ਇਕ ਹੱਦ ਤੱਕ ਹੋਰ ਵਧੇਰੇ ਸੁਚੇਤ ਵੀ ਹੁੰਦਾ ਹੈ। ਭਾਵੇਂ ਕਿ ਜਾਨ ਹੂਲਵੇਂ ਜਮਾਤੀ ਸੰਘਰਸ਼ਾਂ ਦਾ ਇਹ ਰਾਹ ਬੜਾ ਲੰਮਾ ਤੇ ਕਠਿਨ ਹੈ ਅਤੇ ਸਖਤ ਮਿਹਨਤ ਤੇ ਤਪੱਸਿਆ ਦੀ ਮੰਗ ਵੀ ਕਰਦਾ ਹੈ; ਪੰ੍ਰਤੂ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਇਸ ਬਿਖੜੇ ਮਾਰਗ ’ਤੇ ਚਲਦਿਆਂ, ਕਦੇ-ਕਦੇ, ਹਮਸਫਰਾਂ ਵਿਚਕਾਰ ਆਪਸੀ ਵਿਰੋਧਤਾਈਆਂ ਵੀ ਉਭਰ ਆਉਂਦੀਆਂ ਹਨ, ਜਿਹਨਾਂ ਨੂੰ ਬੜੀ ਸਹਿਜਧੀਰੀ ਨਾਲ ਸੁਲਝਾਉਣਾ ਪੈਂਦਾ ਹੈ। ਲੁਟੇਰੇ ਹਾਕਮਾਂ ਵਲੋਂ ਅਜੇਹੇ ਜਨਤਕ ਸੰਘਰਸ਼ਾਂ ’ਤੇ ਜਬਰ ਵੀ ਲਾਜ਼ਮੀ ਕੀਤਾ ਜਾਂਦਾ ਹੈ। ਇਸ ਮੰਤਵ ਲਈ ਉਹ ਕਈ ਤਰ੍ਹਾਂ ਦੇ ਹਥਕੰਡੇ ਵਰਤਦੇ ਹਨ। ਉਹ ਲੋਕ ਘੋਲਾਂ ਵਿਰੁੱਧ ਕੂੜ ਪ੍ਰਚਾਰ ਦਾ ਆਸਰਾ ਵੀ ਲੈਂਦੇ ਹਨ, ਲੜਾਕੂ ਸਫ਼ਾਂ ਵਿਚ ਫੁੱਟ ਪਾਉਣ ਦੇ ਯਤਨ ਵੀ ਕਰਦੇ ਹਨ ਅਤੇ ਲੜਾਕੂ ਤੱਤਾਂ ਨੂੰ ਬਦਲਾ ਲਊ ਕਾਰਵਾਈਆਂ ਤੇ ਹੋਰ ਹਰ ਤਰ੍ਹਾਂ ਦੇ ਰਾਜਕੀ ਜਬਰ ਦਾ ਸ਼ਿਕਾਰ ਵੀ ਬਣਾਉਂਦੇ ਹਨ।
ਪ੍ਰੰਤੂ ਸਾਡੇ ਦੇਸ਼ ਦੀਆਂ ਮੌਜੂਦਾ ਅਵਸਥਾਵਾਂ ਵਿਚ ਕਿਰਤੀ ਜਨਸਮੂਹਾਂ ਨੂੰ ਜਾਗਰੂਕ ਤੇ ਜਥੇਬੰਦ ਕਰਨ ਲਈ ਕੀਤੇ ਜਾਣ ਵਾਲੇ ਇਸ ਕਠਿਨ ਅਤੇ ਦਰਿੜ੍ਹਤਾ ਭਰਪੂਰ ਕੰਮ ਤੋਂ ਬਿਨਾਂ ਹੁਣ ਗੁਜ਼ਾਰਾ ਨਹੀਂ ਹੈ। ਦੇਸ਼ ਅੰਦਰ ਭਿਅੰਕਰ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਕਾਰਨ ਸਿਰਫ ਰੁਜ਼ਗਾਰ ਭਾਲਦੀ ਜੁਆਨੀ ਅੰਦਰ ਹੀ ਵਿਆਪਕ ਨਿਰਾਸ਼ਾ ਨਹੀਂ ਬਲਕਿ ਦੇਸ਼ ਦੀ ਸਮੁੱਚੀ ਵੱਸੋਂ ਬੁਰੀ ਤਰ੍ਹਾਂ ਚਿੰਤਾਤੁਰ ਹੋਈ ਪਈ ਹੈ। ਜਦੋਂਕਿ ਕੇਂਦਰ ਜਾਂ ਰਾਜ ਸਰਕਾਰਾਂ ਨੂੰ ਇਸਦੀ ਉਕਾ ਹੀ ਕੋਈ ਪਰਵਾਹ ਨਹੀਂ। ਕੇਂਦਰ ਵਿਚਲੀ ਮੋਦੀ ਸਰਕਾਰ ਤਾਂ ਆਪਣੇ ਅਜਾਰੇਦਾਰ-ਸਰਮਾਏਦਾਰ ਜੁੰਡੀ ਦੇ ਯਾਰਾਂ ਵਲੋਂ ਵੱਡੇ ਵੱਡੇ ਮੁਨਾਫਿਆਂ ਦੇ ਰੂਪ ਵਿਚ ਕੀਤੀ ਜਾਂਦੀ ਲੁੱਟ ਨੂੰ ਹੋਰ ਵਧਾਉਣ ਤੇ ਮਜ਼ਬੂਤ ਕਰਨ ਪ੍ਰਤੀ ਹੀ ਫਿਕਰਮੰਦ ਹੈ। ਮਨੁੱਖੀ ਸ਼ਕਤੀ ਦੀ ਸਮਾਜਿਕ ਵਿਕਾਸ ਲਈ ਢੁਕਵੀਂ ਯੋਜਨਾਬੰਦੀ ਕਰਨ ਦੀ ਬਜਾਏ ਇਹ ਸਰਕਾਰਾਂ ਤਾਂ ਉਲਟਾ ਇਸ ਸੇਧ ਵਿਚ ਨੀਤੀਆਂ ਘੜਦੀਆਂ ਹਨ ਕਿ ਵੱਖ-ਵੱਖ ਤਰ੍ਹਾਂ ਦੀਆਂ ਯੋਗਤਾਵਾਂ ਵਾਲੇ ਬੇਰੁਜ਼ਗਾਰਾਂ ਦੀਆਂ ਕਤਾਰਾਂ ਲੰਬੀਆਂ ਹੁੰਦੀਆਂ ਜਾਣ ਤਾਂ ਜੋ ਪੂੰਜੀਪਤੀਆਂ ਨੂੰ ਸਸਤੇ ਤੋਂ ਸਸਤੇ ਕਿਰਤੀ-ਕਾਮੇ ਮਿਲਦੇ ਰਹਿਣ ਅਤੇ ਉਹਨਾਂ ਦੇ ਮੁਨਾਫ਼ੇ ਵੱਧਦੇ ਜਾਣ। ਇਹੋ ਕਾਰਨ ਹੈ ਕਿ, ਦੇਸ਼ ਅੰਦਰ, ਇਕ ਪਾਸੇ, ਕਰੋੜਾਂ ਦੀ ਗਿਣਤੀ ਵਿਚ ਵਿਹਲੇ, ਗੁਜ਼ਾਰੇਯੋਗ ਰੁਜ਼ਗਾਰ ਭਾਲਦੇ ਹੱਥਾਂ ਕਾਰਨ ਹਾਹਾਕਾਰ ਮਚੀ ਹੋਈ ਹੈ ਅਤੇ ਦੂਜੇ ਪਾਸੇ ਕੁਲ ਘਰੇਲੂ ਪੈਦਾਵਾਰ (74) ਵਧਦੇ ਜਾਣ ਦੀ ਦੁਹਾਈ ਪਾਈ ਜਾ ਰਹੀ ਹੈ; ਜਿਸ ਦਾ 58% ਤੋਂ ਵੱਧਕੇ 73% ਹਿੱਸਾ ਕੁੱਲ ਵਸੋਂ ਦੇ ਉਪਰਲੇ 1% ਪੂੰਜੀਪਤੀਆਂ ਕੋਲ ਇਕੱਠਾ ਹੋ ਗਿਆ ਹੈ।
ਏਸੇ ਤਰ੍ਹਾਂ, ਮੋਦੀ-ਮਨਮੋਹਨ ਸਿੰਘ ਮਾਰਕਾ ਖੁੱਲ੍ਹੀ ਮੰਡੀ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਨੇ ਵੱਡੇ ਵੱਡੇ¿; ਵਪਾਰੀਆਂ ਦੇ ਤਾਂ ਵਾਰੇ ਨਿਆਰੇ ਕਰ ਦਿੱਤੇ ਹਨ, ਪ੍ਰੰਤੂ ਦੂਜੇ ਪਾਸੇ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਨੇ ਖਪਤਕਾਰਾਂ ਦੀ ਰੱਤ ਨਿਚੋੜ ਸੁੱਟੀ ਹੈ, ਅਤੇ ਖੇਤੀ ਜਿਣਸਾਂ ਪੈਦਾ ਕਰਨ ਵਾਲੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਖੇਤੀ ਖੇਤਰ ਦੇ ਇਸ ਬੇਹੱਦ ਤਰਾਸਦਿਕ ਵਰਤਾਰੇ ਨੂੰ ਠੱਲ੍ਹ ਪਾਉਣ ਪੱਖੋਂ ਸਾਰੀਆਂ ਸਰਕਾਰੀ ਢਕੌਂਸਲੇਬਾਜ਼ੀਆਂ ਹੁਣ ਤੱਕ ਪੂਰੀ ਤਰ੍ਹਾਂ ਅਸਫਲ ਸਿੱਧ ਹੋਈਆਂ ਹਨ।
ਇਸ ਪੂੰਜੀਵਾਦੀ ਲੁੱਟ-ਘਸੁੱਟ ਦਾ ਸਿੱਟਾ ਹੀ ਹੈ ਕਿ ਦੇਸ਼ ਦਾ ਸਮੁੱਚਾ ਪ੍ਰਸਾਸ਼ਨ ਖਾਸਕਰ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਭਰਿਸ਼ਟ ਹੋ ਚੁੱਕਾ ਹੈ। ਰਿਸ਼ਵਤਖੋਰੀ ਨੂੰ ਰੋਕਣ ਲਈ ਬਣਾਏ ਜਾਂਦੇ ਸਾਰੇ ਹੀ ਅਦਾਰੇ ਆਪ ਭਰਿਸ਼ਟ ਸਿੱਧ ਹੋ ਚੁੱਕੇ ਹਨ। ਇਸ ਸੰਦਰਭ ਵਿਚ, ਭਰਿਸ਼ਟਾਚਾਰ ਅਤੇ ਹੋਰ ਸੰਗੀਨ ਅਪਰਾਧਾਂ ਦੀ ਪੜਤਾਲ ਕਰਨ ਵਾਲੇ ਦੇਸ਼ ਦੇ ਸਰਵਉਚ ਅਦਾਰੇ, ਸੀ.ਬੀ.ਆਈ. ਦੇ ਮੁਖੀ ਤੇ ਉਸਦੇ ਸਹਾਇਕ ਵਿਚਕਾਰ ਇਕ ਦੂਜੇ ਉਪਰ ਕਰੋੜਾਂ ਰੁਪਏ ਦੀਆਂ ਰਿਸ਼ਵਤਾਂ ਲੈਣ ਦੇ ਇਲਜ਼ਾਮ ਲਾਉਣ ਦੀ ਅੱਜਕਲ ਛਿੜੀ ਹੋਈ ਘਿਨਾਉਣੀ ਜੰਗ, ਸਾਡੀ ਇਸ ਟਿੱਪਣੀ ਨੂੰ ਭਲੀ ਪ੍ਰਕਾਰ ਪ੍ਰਮਾਣਤ ਕਰਦੀ ਹੈ। ਅਸਲ ਵਿਚ, ਇਹ ਰਿਸ਼ਵਤਖੋਰੀ ਧੁਰ ਉਪਰੋਂ ਸ਼ੁਰੂ ਹੁੰਦੀ ਵੀ ਸਪੱਸ਼ਟ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਦੀ ਕਾਰਪੋਰੇਟ ਘਰਾਣਿਆਂ ਨਾਲ ਸਬੰਧਤ ਮਿੱਤਰ-ਮੰਡਲੀ ਦਾ ਭਰਿਸ਼ਟ ਚਿਹਰਾ ਵਿਜੇ ਮਾਲੀਆ, ਨੀਰਵ ਮੋਦੀ, ਅਡਾਨੀ, ਅੰਬਾਨੀਆਂ ਆਦਿ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ। ਰਾਫੇਲ ਲੜਾਕੂ ਜਹਾਜਾਂ ਦੇ ਸੌਦੇ ਨੇ ਵੀ ਪ੍ਰਧਾਨ ਮੰਤਰੀ ਦੀ ‘ਇਮਾਨਦਾਰੀ’ ਦਾ ਭਾਂਡਾ ਚੌਰਾਹੇ ਭੰਨ ਦਿੱਤਾ ਹੈ।
ਇਸ ਪਿਛੋਕੜ ਵਿਚ, ਸਰਕਾਰ ਦੀਆਂ ਇਹਨਾਂ ਸਾਰੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਅਤੇ ਆਪਣੇ ਫਿਰਕੂ-ਫਾਸ਼ੀ ਅਜੰਡੇ ਨੂੰ ਨੇਪਰੇ ਚਾੜ੍ਹਨ ਲਈ, ਪ੍ਰਧਾਨ ਮੰਤਰੀ ਦੀ ਪਿੱਠ ’ਤੇ ਖੜੀ ਆਰ.ਐਸ.ਐਸ., ਦੇਸ਼ ਅੰਦਰਲੀਆਂ ਸਾਰੀਆਂ ਪ੍ਰਸ਼ਾਸਨਿਕ, ਵਿਦਿਅਕ ਤੇ ਸਭਿਆਚਾਰਕ ਸੰਸਥਾਵਾਂ ਦੀਆਂ ਮਹੱਤਵਪੂਰਨ ਪੁਜੀਸ਼ਨਾਂ ’ਤੇ ਕਾਬਜ਼ ਹੋ ਚੁੱਕੀ ਹੈ। ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵਲੋਂ ਸਰਕਾਰ ਨੂੰ ਅਯੁਧਿਆ ਵਿਖੇ ਵਿਵਾਦਤ ਥਾਂ ਉਪਰ ਮੰਦਰ ਬਨਾਉਣ ਲਈ ਤੁਰੰਤ ਆਰਡੀਨੈਂਸ ਜਾਰੀ ਕਰਨ ਦੇ ਆਦੇਸ਼ ਸ਼ਰੇਆਮ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਉਹਨਾਂ ਵਲੋਂ ਦੇਸ਼ ਭਰ ਵਿਚ ਫਿਰਕੂ ਤਣਾਅ ਨੂੰ ਹੋਰ ਵਧੇਰੇ ਵਧਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਇਲਾਕਾਈ ਝਗੜੇ ਗਿਣਮਿੱਥਕੇ ਉਭਾਰੇ ਤੇ ਤਿੱਖੇ ਕੀਤੇ ਜਾ ਰਹੇ ਹਨ। ਸਾਰੇ ਦੇਸ਼ ਅੰਦਰ ਵਿਸ਼ੇਸ਼ ਤੌਰ ’ਤੇ ਭਾਜਪਾ ਸਾਸ਼ਤ ਰਾਜਾਂ ਅੰਦਰ ਸਰਕਾਰੀ ਸ਼ਹਿ ’ਤੇ, ਫਿਰਕੂ ਗੁੰਡਾਗਰਦੀ ਰਾਖਸ਼ੀ ਧਾੜਾਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਅਤੇ, ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਆਦਿਵਾਸੀਆਂ ਨੂੰ ਰਾਜਕੀ ਤੇ ਇਸ ਰਾਖਸ਼ੀ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹਨਾਂ ਅਤੀ ਚਿੰਤਾਜਨਕ ਅਵਸਥਾਵਾਂ ਵਿਚ, ਲੋਕਾਂ ਨੂੰ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਪ੍ਰਤੀ ਜਾਗਰੂਕ ਕਰਨ ਲਈ ਹੀ ਸਾਡੀ ਪਾਰਟੀ, ਆਰ.ਐਮ.ਪੀ.ਆਈ. ਵਲੋਂ ਇਕ ‘‘ਲੋਕ ਜਗਾਓ-ਲੁਟੇਰੇ ਭਜਾਓ’’ ਮੁਹਿੰਮ ਜਥੇਬੰਦ ਕੀਤੀ ਜਾ ਰਹੀ ਹੈ। ਇਸ ਮੰਤਵ ਲਈ 12 ਨਵੰਬਰ ਨੂੰ, ਸਾਰੇ ਧਰਮਾਂ ਨਾਲ ਸਬੰਧਤ ਭਾਰਤੀ ਲੋਕਾਂ ਦੀ ਇਕਜੁੱਟਤਾ, ਹਕੀਕੀ ਦੇਸ਼ ਭਗਤੀ ਤੇ ਮਹਾਨ ਕੁਰਬਾਨੀ ਦੇ ਇਤਿਹਾਸਕ ਪ੍ਰਤੀਕ ਜਲ੍ਹਿਆਂਵਾਲਾ ਬਾਗ (ਅੰਮਿ੍ਰਤਸਰ) ਤੋਂ, ਦੋ ਜੱਥੇ ਚੱਲਣਗੇ। ਇਹਨਾਂ ਜਥਿਆਂ ਵਿਚ ਪਾਰਟੀ ਦੀ ਲਗਭਗ ਸਮੁੱਚੀ ਲੀਡਰਸ਼ਿਪ ਸ਼ਾਮਲ ਰਹੇਗੀ।¿; ਇਕ ਜਥੇ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਕਰਨਗੇ, ਜਦੋਂਕਿ ਦੂਜਾ ਜਥਾ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਹੇਠ ਚੱਲੇਗਾ। 21 ਨਵੰਬਰ ਤੱਕ ਇਹ ਜਥੇ ਸਮੁੱਚੇ ਪ੍ਰਾਂਤ ਅੰਦਰ ਵਿਸ਼ਾਲ ਜਨਤਕ ਇਕੱਠ ਕਰਕੇ ਲੋਕਾਂ ਦੀਆਂ ਅਜੋਕੀਆਂ ਸਮੱਸਿਆਵਾਂ ਤੇ ਉਹਨਾਂ ਦੇ ਫੌਰੀ ਹੱਲ ਬਾਰੇ ਲੋਕਾਂ ਨਾਲ ਪਾਰਟੀ ਦੀ ਸਮਝਦਾਰੀ ਸਾਂਝੀ ਕਰਨਗੇ। ਇਹਨਾਂ 10 ਦਿਨਾਂ ਦੌਰਾਨ ਇਹ ਜਥੇ ਕੁਲ ਮਿਲਾ ਕੇ 60 ਤੋਂ ਵੱਧ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਿਨਾਂ ਪਿੰਡ ਪੱਧਰੀ ਛੋਟੇ ਇਕੱਠਾਂ ਵਿਚ ਵੀ ਜਥੇ ਦਾ ਉਦੇਸ਼ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤੋਂ ਅਗਾਂਹ, ਲੋਕਾਂ ਦੇ ਸਨਮੁੱਖ ਖੱਬਾ ਤੇ ਜਮਹੂਰੀ ਬਦਲ ਪੇਸ਼ ਕਰਨ ਲਈ 10 ਦਸੰਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ਵਿਚ ਪਰਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਵੀ ਦੇਣਗੇ। ਪਾਠਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਾਰਪੋਰੇਟ ਖੇਤਰ ਦੀ ਲੁੱਟ ਨੂੰ ਬੜ੍ਹਾਵਾ ਦੇਣ ਵਾਲੀਆਂ ਸਰਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ, ਜਥਾ ਮਾਰਚ ਦੇ ਇਸ ਸਮੁੱਚੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਫਲ ਬਨਾਉਣ ਵਾਸਤੇ ਵੱਧ ਚੜ੍ਹਕੇ ਹਿੱਸਾ ਪਾਇਆ ਜਾਵੇ।
– ਹਰਕੰਵਲ ਸਿੰਘ

Scroll To Top