Now Reading
ਸੰਪਾਦਕੀ ਟਿੱਪਣੀ (ਸੰਗਰਾਮੀ ਲਹਿਰ-ਨਵੰਬਰ 2019)

ਸੰਪਾਦਕੀ ਟਿੱਪਣੀ (ਸੰਗਰਾਮੀ ਲਹਿਰ-ਨਵੰਬਰ 2019)

ਵਿਧਾਨ ਸਭਾ ਚੋਣਾਂ : ਭਾਜਪਾ ਦੀਆਂ ਨੀਤੀਆਂ ਪ੍ਰਤੀ ਲੋਕ ਬੇਚੈਨੀ ਦਾ ਪ੍ਰਗਟਾਵਾ
ਦੋ ਰਾਜਾਂ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ 21ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਅਤੇ  18  ਸੂਬਿਆਂ ਦੀਆਂ 51 ਅਸੰਬਲੀ ਸੀਟਾਂ ਤੇ 2 ਲੋਕ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਚੋਣ ਕਮਿਸ਼ਨ ਵਲੋਂ 21 ਅਕਤੂਬਰ ਨੂੰ ਸ਼ਾਮ ਛੇ ਵਜੇ ਕੀਤੀ ਗਈ ਪੱਤਰਕਾਰ ਮਿਲਣੀ ਵਿੱਚ ਜਾਣਕਾਰੀ ਦਿੱਤੀ ਗਈ ਕਿ ਦੋਹਾਂ ਸੂਬਿਆਂ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ 2014 ਦੀਆਂ ਅਸੰਬਲੀ ਚੋਣਾਂ ਅਤੇ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵੇਲੇ ਪਈਆਂ ਵੋਟਾਂ ਦੇ ਮੁਕਾਬਲੇ ਇਸ ਵਾਰ ਵੋਟ ਫੀਸਦੀ ਵਿੱਚ ਚੋਖੀ ਕਮੀ ਆਈ ਹੈ । ਪੰਜਾਬ ਵਿੱਚ ਹੋਈਆਂ ਚਾਰ ਅਸੰਬਲੀ ਸੀਟਾਂ ਦੀਆਂ ਉਪ ਚੋਣਾਂ ਵਿੱਚ ਵਿੱਚ ਵੀ ਵੋਟ ਫੀਸਦੀ ‘ਚ ਚੋਖੀ ਗਿਰਾਵਟ ਆਈ ਹੈ । ਇਹੋ ਹਾਲ ਬਾਕੀ ਥਾਵਾਂ ਤੇ ਵੀ ਰਿਹਾ ਹੈ । ਵੋਟ ਫੀਸਦੀ ‘ਚ ਗਿਰਾਵਟ ਵੋਟਰਾਂ ਦੀ ਨਿਰਾਸ਼ਾ ਅਤੇ ਉਦਾਸੀਨਤਾ ਦੀ ਨਿਸ਼ਾਨਦੇਹੀ ਕਰਦੀ ਹੈ । ਇਹ ਚੋਣ ਨਤੀਜੇ ਕਈਆਂ ਹੋਰਨਾਂ ਪੱਖਾਂ ਤੋਂ ਵੀ ਹਕੀਕੀ ਵਤਨਪ੍ਰਸਤਾਂ ਅਤੇ ਪ੍ਰਗਤੀਹਾਮੀਆਂ ਲਈ ਫਿਕਰਮੰਦੀ ਦਾ ਸਬੱਬ ਬਣੇ ਹਨ ।
ਪੱਤਰਕਾਰ  ਵਾਰਤਾ ਦੌਰਾਨ ਅਧਿਕਾਰੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਵਾਰ ਹਰਿਆਣਾ ਵਿੱਚੋਂ 24.17 ਕਰੋੜ ਰੁਪਏ ਦੀ ਅਤੇ ਮਹਾਰਾਸ਼ਟਰ ਵਿੱਚੋਂ 156.54 ਕਰੋੜ ਰੁਪਏ ਦੀ ਨਗਦੀ ਅਤੇ ਨਸ਼ੇ (ਸ਼ਰਾਬ, ਨਸ਼ੀਲੀਆਂ ਦਵਾਈਆਂ ਅਤੇ ਵਸਤਾਂ, ਕੀਮਤੀ ਧਾਤਾਂ ਅਤੇ ਹੋਰ ਇਤਰਾਜ਼ ਯੋਗ ਸਮੱਗਰੀ) ਫੜੀ ਗਈ ਹੈ । ਪਰ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਜੋ ਨਹੀਂ ਫੜਿਆ ਜਾ ਸਕਿਆ ਜਾਂ ਫੜਿਆ ਨਹੀਂ ਗਿਆ ਉਹ ਸਾਜੋ ਸਮਾਨ ਕਿੰਨਾ ਹੈ ਅਤੇ ਇਸ ਨੇ ਚੋਣ ਪ੍ਰਕਿਰਿਆ ਨੂੰ ਕਿਵੇਂ ਦੁਰਪ੍ਰਭਾਵਿਤ ਕੀਤਾ ਹੈ ? ਜੁੜਵਾਂ ਸਵਾਲ ਇਹ ਵੀ ਹੈ ਕਿ ਕੁਕਰਮਾਂ ਨਾਲ ਇਕੱਠੇ ਹੋਏ ਇਸ ਧਨ ਦੀ ਗੰਦੀ ਖੇਡ ਦੇ ਅਸਲ ਖਿਡਾਰੀ ਕੌਣ ਹਨ ?
ਇਹ ਚੋਣ ਯੁੱਧ ਅੱਜ ਤੱਕ ਦਾ ਸਭ ਤੋਂ ਇੱਕ ਪਾਸੜ ਚੋਣ ਦੰਗਲ ਰਿਹਾ ਹੈ । ਸਿਆਣੇ ਸਿਆਸੀ ਵਿਸ਼ਲੇਸ਼ਕ ਇਸ ਗੱਲ ਪ੍ਰਤੀ ਤਾਂ ਇੱਕ ਮਤ ਹਨ ਹੀ ਕਿ ਉਪਰੋਕਤ ਚੋਣਾਂ ਵਿੱਚ ਭਾਗ ਲੈ ਰਹੀਆਂ ਜ਼ਿਆਦਾਤਰ ਪਾਰਟੀਆਂ ਦੇ ਜਮਾਤੀ ਕਿਰਦਾਰ ਇੱਕੋ ਜਿਹੇ ਹੀ ਹਨ ਅਤੇ ਆਪੋ-ਆਪਣੀ ਵਾਰੀ ਸੱਤਾ ‘ਤੇ ਕਾਬਜ਼ ਹੁੰਦਿਆਂ ਇਹ ਸਭ ਇੱਕੋ ਜਿਹੀਆਂ ਹੀ ਲੋਕ ਵਿਰੋਧੀ ਨੀਤੀਆਂ ਲਾਗੂ ਕਰਦੀਆਂ ਹਨ । ਪਰ ਇਸ ਵਾਰ ਜੱਗੋਂ ਤੇਰਵੀਂ ਇਹ ਹੋਈ ਹੈ ਕਿ ਭਾਜਪਾ ਵਿਰੋਧੀ ਹਾਕਮ ਜਮਾਤੀ ਰਾਜਸੀ ਪਾਰਟੀਆਂ ਨੇ ਭਾਜਪਾ ਦੇ ਫਿਰਕੂ-ਫੁੱਟਪਾਊ ਮੁੱਦਿਆਂ ਅੱਗੇ ਵੀ ਆਤਮ ਸਮਰਪਣ ਕਰ ਦਿੱਤਾ । ਭਾਜਪਾ ਵਿਰੋਧੀ ਪਾਰਟੀਆਂ, ਖਾਸ ਕਰਕੇ ਕਾਂਗਰਸ ਦੀ ਚੋਣ ਮੁਹਿੰਮ ਵਿੱਚ ਲੋੜੀਂਦੀ ਧਾਰ ਅਤੇ ਤਿੱਖਾਪਣ ਕਿਧਰੇ ਨਜਰ ਨਹੀਂ ਆਇਆ ।
ਭਾਜਪਾ ਨੇ ਬੜੀ ਦੀਦਾ ਦਲੇਰੀ ਅਤੇ ਬੇਸ਼ਰਮੀ ਨਾਲ ਕੇਂਦਰੀ ਜਾਂਚ ਏਜੰਸੀਆਂ, ਖਾਸ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ  ਦਾ ਇਸਤੇਮਾਲ ਕਰਦਿਆਂ ਦੂਜੀਆਂ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਨੂੰ ਆਪਣੇ ਵਿੱਚ ਸਮੋਇਆ। ਇੱਥੋਂ ਤੱਕ ਕਿ ਇਹ ਬਾਂਹ ਮਰੋੜੂ ਪੈਂਤੜੇ ਚੋਣਾਂ ਦਰਮਿਆਨ ਵੀ ਜਾਰੀ ਰੱਖੇ ਗਏ ।
ਭਾਜਪਾ ਨੇ ਇਸੇ ਵਰ੍ਹੇ ਲੋਕ ਸਭਾ ਚੋਣਾਂ ਜਿੱਤਣ ਲਈ ਵਰਤਿਆ, ਫੌਜੀ ਕਾਰਵਾਈਆਂ ਤੋਂ ਰਾਜਸੀ ਲਾਹਾ ਲੈਣ ਦਾ ਆਪਣਾ ‘ਆਜਮਾਇਆ ਹੋਇਆ ਨੁਸਖਾ’ ਬੜੀ ਢੀਠਤਾ ਨਾਲ ਇਸ ਵਾਰ ਵੀ ਵਰਤਿਆ ।
ਇਸ ਤੋਂ ਇਲਾਵਾ ਹਿੰਦੂਤਵਾ ਅਤੇ ਅੰਨ੍ਹੇ ਕੌਮਵਾਦ ਦੇ ਮੁਦਿਆਂ ਨੂੰ ਬਾਖੂਬੀ ਵਰਤਦਿਆਂ ਅਤੇ ਪਾਕਿਸਤਾਨ ਤੇ ਅਖੌਤੀ ਘੁਸਪੈਠੀਆਂ (ਭਾਰਤੀ ਮੁਸਲਮਾਨਾਂ) ਖਿਲਾਫ਼ ਅੱਗ ਉੱਗਲਦੀ ਨਫਰਤੀ ਪ੍ਰਚਾਰ ਸ਼ੈਲੀ ਰਾਹੀਂ ਭਾਜਪਾ ਵੋਟਰਾਂ  ਦੇ ਚੋਖੇ ਹਿੱਸੇ ਦਾ ਧਿਆਨ ਕੰਗਾਲੀ ਅਤੇ ਬੇਰੁਜ਼ਗਾਰੀ ‘ਚ ਖਤਰਨਾਕ ਵਾਧਾ ਕਰਨ ਵਾਲੇ ਆਰਥਿਕ ਮੰਦਵਾੜੇ ਤੋਂ ਭਟਕਾਉਣ ਵਿੱਚ ਵੀ ਭਾਜਪਾ ਵੱਡੀ ਹੱਦ ਤੱਕ ਸਫਲ ਰਹੀ ਹੈ ।
ਭਾਜਪਾ ਨੇ ਵੋਟਰਾਂ ਨਾਲ ਨਵੇਂ ਨਕੋਰ ਵਾਅਦੇ ਕਰਨ ਦਾ ‘ਕਾਰਨਾਮਾ’ ਵੀ ਬੜੀ ਸਫਾਈ ਨਾਲ ਸਿਰੇ ਚਾੜ੍ਹਣ ਦਾ ‘ਕੀਰਤੀਮਾਨ’  ਸਥਾਪਿਤ ਕੀਤਾ ਹੈ । ਭਾਜਪਾਈਆਂ ਨੂੰ ਪੁਰਾਣੇ ਵਾਅਦੇ ਜੋ ਕਦੀ ਪੂਰੇ ਨਹੀਂ ਕੀਤੇ ਗਏ ਤੋਂ ਪਿੱਛਾ ਛੁਡਵਾਉਣ ਅਤੇ ਲੋਕਾਂ ਨੂੰ ਨਵੀਆਂ ਝੂਠੀਆਂ ਦਿਲਬਰੀਆਂ ਦੇਣ ਦੀ ‘ਡਰਟੀ ਗੇਮ’ ‘ਚ ਮੁਹਾਰਤ ਹਾਸਿਲ ਹੈ ।
ਉਪਰੋਕਤ ਸਾਰੇ ਕੋਝੇ ਹਥਕੰਡਿਆਂ ਦੀ ਵਰਤੋਂ ਕਰਨ, ਬੇਬਹਾ ਪੈਸਾ ਖਰਚਣ, ਫਿਰਕੂ-ਫੁੱਟ ਪਾਊ ਨਾਅਰਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ, ਮੀਡੀਆ ਖਾਸ ਕਰਕੇ ਬਿਜਲਈ ਮੀਡੀਆ ਦੇ ਵਿਕਾਊ ਹਿੱਸਿਆਂ ਦੀ ਪੱਖਪਾਤੀ ਕਵਰੇਜ, ਸੰਘੀ ਸੰਗਠਨਾਂ ਦੇ ਕਾਰਕੁੰਨਾਂ ਦੀ ਗੁੰਦਵੀਂ ਸਰਗਰਮੀ  ਅਤੇ ਵਿਰੋਧੀ ਧਿਰ ਦੀ ਨਾਅਹਿਲੀਅਤ ਸਦਕਾ ਭਾਜਪਾ ਦੀਆਂ ਹਰ ਥਾਈਂ ਭਾਰੀ ਜਿੱਤ ਦੀਆਂ ਪੇਸ਼ੋਨਗੋਈਆਂ ਕੀਤੀਆਂ ਜਾ ਰਹੀਆਂ ਸਨ । ਪਰ ਚੋਣ ਨਤੀਜੇ ਦਸਦੇ ਹਨ ਕਿ ਇੰਨ-ਬਿੰਨ ਐਸਾ ਨਹੀਂ ਵਾਪਰਿਆ। ਹਰ ਹਰਬਾ ਵਰਤਣ ਦੇ ਬਾਵਜੂਦ ਵੀ ਭਾਜਪਾ ਮਨਭਾਉਂਦੇ ਨਤੀਜੇ ਹਾਸਲ ਨਹੀਂ ਕਰ ਸਕੀ ।  ਲੋਕ ਸਭਾ ਦੀਆਂ ਦੋ ਸੀਟਾਂ ਲਈ ਹੋਈਆਂ ਉਪ ਚੋਣਾਂ ਵਿੱਚ ਇੱਕ ਸੀਟ ਭਾਜਪਾ ਦੀ ਸਹਿਯੋਗੀ ਐਲ.ਜੇ.ਪੀ. ਅਤੇ ਇੱਕ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਝੋਲੀ  ਪਈ  ਹੈ।
ਹਰਿਆਣਾ ਵਿੱਚ ਭਾਜਪਾ ਆਗੂ ਬੜੀ ਹੈਂਕੜੀ ਨਾਲ ‘ਅਬ ਕੀ ਬਾਰ 75 ਪਾਰ’ ਭਾਵ 90 ‘ਚੋਂ 75 ਤੋਂ ਵਧੇਰੇ ਸੀਟਾਂ ਜਿੱਤਣ ਦੀਆਂ ਸ਼ੇਖੀਆਂ ਬਘਾਰ ਰਹੇ ਸਨ ਪਰ ਵੋਟਰਾਂ ਨੇ ਇਸ ਨੂੰ ਬਹੁਮਤ ਤੋਂ ਵੀ ਮਹਿਰੂਮ ਕਰ ਦਿੱਤਾ । ਪਰ ਇਹ ਵੀ ਸੱਚ ਹੈ ਕਿ ਦੋਬਾਰਾ ਗੱਦੀ ‘ਤੇ ਕਾਬਜ਼ ਹੋਣ ਲਈ ਭਾਜਪਾ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਉਲੰਘ ਸਕਦੀ ਹੈ ।  ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਭਾਜਪਾਈ ਇਹ ਦਾਅਵੇ ਕਰ ਰਹੇ ਸਨ ਕਿ ਉਹ ਇਕੱਲੇ ਹੀ ਬਹੁਮਤ ਹਾਸਲ ਕਰ ਲੈਣਗੇ ਪਰ ਭਾਜਪਾ ਨੂੰ ਸੀਟਾਂ ਅਤੇ ਵੋਟਾਂ ਦੋਹਾਂ ਪੱਖਾਂ ਤੋਂ ਨੁਕਸਾਨ ਝੱਲਣਾ ਪਿਆ ਹੈ ਜਦਕਿ ਇਸ ਦੀ ਸਹਿਯੋਗੀ ਸ਼ਿਵ ਸੈਨਾ ਆਪਣੀ ਪਹਿਲੀ ਪੁਜੀਸ਼ਨ ਕਾਇਮ ਰੱਖਣ ‘ਚ ਸਫਲ ਰਹੀ ਹੈ, ਹਾਲਾਂਕਿ ਵੋਟਾਂ ਇਸ ਨੂੰ ਵੀ ਪਹਿਲਾਂ ਨਾਲੋਂ ਘੱਟ ਮਿਲੀਆਂ ਹਨ । ਪੰਜਾਬ ਵਿੱਚ ਅਕਾਲੀਆਂ ਨਾਲ ਗਠਜੋੜ ਦੀ ਬਜਾਇ ਅਗਲੀ ਸਰਕਾਰ ਖੁਦ ਦੇ ਬੂਤੇ ਕਾਇਮ ਕਰਨ ਦੇ ਬੁਲੰਦ ਬਾਂਗ ਦਾਅਵੇ ਕਰਨ ਵਾਲੀ ਭਾਜਪਾ ਪੰਜ ਕੁ ਮਹੀਨੇ ਪਹਿਲਾਂ ਆਪਣੇ ਵਲੋਂ ਖਾਲੀ ਕੀਤੀ ਫਗਵਾੜਾ ਸੀਟ ਵੀ ਗਵਾ ਬੈਠੀ । ਭਾਜਪਾ ਵਲੋਂ  ਪ੍ਰਚਾਰ ਦੀ ਕਮਾਨ ਮੋਦੀ-ਸ਼ਾਹ ਨੇ ਖੁਦ ਸੰਭਾਲੀ ਹੋਈ ਸੀ । ਜਦ ਇਹ ਦੋਵੇਂ ‘ਵਿਨਾਸ਼ਕ’ ਬਾਹਾਂ ਉਲਾਰ-ਉਲਾਰ ਕੇ ਕਹਿ ਰਹੇ ਸਨ  ਕਿ ਦੇਸ਼ ਵਿੱਚ ਭਾਜਪਾ ਦੇ ਮੁਕਾਬਲੇ ਕੋਈ ਹੈ ਹੀ ਨਹੀਂ ਤਾਂ ਇਨ੍ਹਾਂ ਦੀ ਖਿੱਲੀ ਉਡਾਉਂਦਿਆਂ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੇ ਬੁਲਾਰਿਆਂ ਨੇ ਸੁਆਲ ਕੀਤਾ ਸੀ ਕਿ, ‘ਜੇ ਕੋਈ ਮੁਕਾਬਲੇ ਵਿੱਚ ਹੀ ਨਹੀਂ ਤਾਂ ਫਿਰ ਚੋਣ ਪ੍ਰਚਾਰ ਦੀ ਐਨੀ ਅੱਤ ਕਿਉਂ ਚੁੱਕੀ ਹੋਈ ਹੈ?’
ਦਰਅਸਲ, ਸਚਾਈ ਇਹ ਹੈ ਕਿ ਅਨੇਕਾਂ ਸਮਾਜਿਕ ਸਮੂਹ ਭਾਜਪਾ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਤੋਂ ਡਾਢੇ ਔਖੇ ਹਨ । ਭਿਆਨਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ, ਆਰਥਕ ਮੰਦਵਾੜੇ ਦੇ ਧੁਰ ਹੇਠਾਂ ਤੱਕ ਦਿਸਦੇ ਸਪਸ਼ਟ ਦੁਰਪ੍ਰਭਾਵ, ਖੇਤੀ ਸੰਕਟ, ਖਰੀਦ ਸ਼ਕਤੀ ਘਟਣ ਸਦਕਾ ਪੇਂਡੂ ਅਤੇ ਸ਼ਹਿਰੀ ਕਾਰੋਬਾਰਾਂ ਨੂੰ ਪਈ ਮਾਰ ਆਦਿ ਇਸ ਔਖ ਦੇ ਪ੍ਰਮੁੱਖ ਕਾਰਨ ਹਨ । ਬੇਝਿਜਕ ਕਿਹਾ ਜਾ ਸਕਦਾ ਹੈ ਕਿ ਭਾਜਪਾ ਸਾਰੇ ਵੋਟਰਾਂ ਦਾ ਧਿਆਨ ਰੋਜ਼ੀ-ਰੋਟੀ ਦੇ ਮੁੱਦਿਆਂ ਤੋਂ ਭਟਕਾਉਣ ਦੀ ਗੰਦੀ ਸਾਜ਼ਿਸ਼ ‘ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਰਹੀ । ਪਰ ਭਾਜਪਾ ਵਿਰੋਧੀ ਦਲਾਂ ਵਲੋਂ ਅਨਮਨੇ ਜਿਹੇ ਲੜੀ ਗਈ ਚੋਣ ਲੜਾਈ ਕਰਕੇ ਲੋਕਾਂ ਸਾਹਵੇਂ ਕੋਈ ਬਦਲ ਨਾ ਹੋਣ ਦੀ ਅਵਸਥਾ ਅਤੇ ਭਾਜਪਾ ਦੀ ਸਪਸ਼ਟ ਜਿੱਤ ਦੇ ਸਿਰਜੇ ਗਏ ਮਾਹੌਲ ਨੇ ਲੋਕਾਂ ਦੇ ਮਨਾਂ ਵਿੱਚ ਦੁਵਿਧਾ ਪੈਦਾ ਕਰ ਦਿੱਤੀ । ਭਾਜਪਾ ਦੇ ਫਿਰਕੇਦਾਰਾਨਾ ਪ੍ਰਚਾਰ ਦਾ ਡਟ ਕੇ ਟਾਕਰਾ ਨਾ ਹੋ ਸਕਣ ਨੇ ਵੀ ਲੋਕਾਂ ਨੂੰ  ਭੰਬਲ ਭੂਸੇ ‘ਚ ਪਾਇਆ । ਕਹਿ ਸਕਦੇ ਹਾਂ ਕਿ, ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ …….।’
ਪੰਜਾਬ ਅੰਦਰ ਹੋਈਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਚੋਂ ਰਾਜ ਕਰਦੀ ਕਾਂਗਰਸ ਪਾਰਟੀ ਨੇ ਤਿੰਨ ਜਿੱਤ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ‘ਆਪ’ ਆਗੂ ਹ. ਸ. ਫੂਲਕਾ ਦੇ ਅਸਤੀਫ਼ੇ ਕਰਕੇ ਖਾਲੀ ਹੋਈ ਸੀਟ ਜਿੱਤਣ ਦੀ ਖੁਸ਼ੀ ਤਾਂ ਬੇਸ਼ਕ ਮਨਾ ਲਵੇ ਪਰ ਦਲ ਦੇ ਪ੍ਰਧਾਨ ਵਲੋਂ ਖਾਲੀ ਕੀਤੀ ਜਲਾਲਾਬਾਦ ਸੀਟ ਤੋਂ  ਅਕਾਲੀ ਦਲ ਦੀ ਵੱਡੀ ਹਾਰ ਦੀ ਨਮੋਸ਼ੀ ਵੀ ਦਲ ਦੇ ਪੱਲੇ ਪਈ ਹੈ । ਕਾਂਗਰਸ ਪਾਰਟੀ ਨੂੰ ਵੀ ਦਾਖਾ ਵਿਖੇ ਵੱਡੀ ਲੀਡ ਨਾਲ ਹਰਾ ਕੇ ਵੋਟਰਾਂ ਨੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਰ ਦਿੱਤਾ ਹੈ ।
ਇਹ ਚੋਣ ਨਤੀਜੇ ਇਸ ਗੱਲ ਦਾ ਸਪਸ਼ਟ ਸੰਕੇਤ ਕਰਦੇ ਹਨ ਕਿ ਜੇ ਖੱਬੀ ਧਿਰ ਅਤੇ ਨਰੋਈਆਂ ਸ਼ਕਤੀਆਂ ਸੰਘਰਸ਼ਾਂ ਦੇ ਮੈਦਾਨਾਂ ਵਿਚ ਕਿਰਤੀ ਵਰਗਾਂ ਦੀ ਸਪਸ਼ਟ ਨੀਤੀ ਪੈਂਤੜੇ ਤੋਂ ਅਗਵਾਈ ਕਰਨ ਤਾਂ ਸੰਘ-ਭਾਜਪਾ ਦੇ ਤਬਾਹਕੁੰਨ ਮਨਸੂਬੇ ਪਛਾੜਣ ਦਾ ਮੁੱਢ ਬੱਝ ਸਕਦਾ ਹੈ ।           

-ਮਹੀਪਾਲ

Scroll To Top