ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨਾਲ ਜੁੜੀਆਂ ਸੰਵੇਦਨਸ਼ੀਲ ਭਾਵਨਾਵਾਂ
13 ਅਪ੍ਰੈਲ 1919 ਦੀ ਵਿਸਾਖੀ ਦੇ ਸੁਨਹਿਰੀ ਰੰਗ ਨੂੰ, ਜਲਿਆਂਵਾਲਾ ਬਾਗ ਅਮ੍ਰਿਤਸਰ ਵਿਖੇ ਸ਼ਾਂਤਮਈ ਢੰਗ ਨਾਲ ਜਨਤਕ ਮੀਟਿੰਗ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਉਪਰ, ਗੋਲੀਆਂ ਦਾ ਮੀਂਹ ਵਰ੍ਹਾ ਕੇ ਖੂਨੀ ਰੂਪ ਦੇਣ ਵਾਲੇ ਅੰਗਰੇਜ਼ੀ ਸਾਮਰਾਜ ਦੀ ਮੌਜੂਦਾ ਪਾਰਲੀਮੈਂਟ ਤੋਂ ਇਸ ਦਿਲ ਹਿਲਾ ਦੇਣ ਵਾਲੇ ਜ਼ੁਲਮੀ ਕਾਂਡ ਬਾਰੇ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ। ਗੋਰੇ ਹਾਕਮਾਂ ਤੋਂ ਇਸ ਅਪਰਾਧ ਲਈ ਪਸ਼ਚਾਤਾਪ ਦਾ ਪ੍ਰਗਟਾਵਾ ਕਰਨ ਦੀ ਮੰਗ ਕਰ ਰਹੇ ਸੰਵੇਦਨਸ਼ੀਲ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ । ਇਹ ਉਨ੍ਹਾਂ ਦੇ ਧੁਰ ਅੰਦਰੋਂ ਨਿਕਲੀ ਹੂਕ ਹੈ, ਜੋ ਮੋਏ (ਸ਼ਹੀਦ ਹੋਏ) ਮਿੱਤਰਾਂ ਲਈ ਮਾਨਵੀ ਮੋਹ ਅਤੇ ਸਨੇਹ ਦਾ ਪ੍ਰਤੀਕ ਹੈ । ਇਹ ਮੰਗ ਬਹੁਤ ਸਾਰੇ ਉਹ ਸੱਜਣ ਤੇ ਸੰਸਥਾਵਾਂ ਵੀ ਕਰ ਰਹੀਆਂ ਹਨ, ਜਿਨ੍ਹਾਂ ਨੇ ਇਸ ਖੂਨੀ ਕਾਂਡ ਤੋਂ ਬਾਅਦ ਕਾਤਲ ਡਾਇਰ ਦੇ ਦਾਮਨ ‘ਤੇ ਲੱਗੇ ਖੂਨ ਦੇ ਧੱਬੇ ਲੁਕਾਉਣ ਵਾਸਤੇ ਉਸਨੂੰ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਵਿਖੇ ਸਨਮਾਨਤ ਕੀਤਾ ਸੀ । ਨਾਲ ਹੀ ਉਹ ਭੱਦਰ ਪੁਰਸ਼ ਵੀ ਹਨ ਜੋ ਅੰਗਰੇਜ਼ ਸਾਮਰਾਜ ਦੀ ਇਸ ਕਾਲੀ ਕਰਤੂਤ ਤੋਂ ਬਾਅਦ ਵੀ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਣ ਦੀ ਥਾਂ ਬਸਤੀਵਾਦੀ ਹਾਕਮਾਂ ਦੇ ਹੱਥਠੋਕਾ ਬਣ ਕੇ ਬਦੇਸ਼ੀ ਹੁਕੂਮਤ ਦੀ ਪੁਸ਼ਤ ਪਨਾਹੀ ਕਰਦੇ ਰਹੇ ।
ਇੱਕ ਤੀਸਰੀ ਧਿਰ ਵੀ ਹੈ, ਜੋ ਲੋਕਾਂ ਦੀਆਂ ਹਕੀਕੀ ਰੂਪ ਵਿੱਚ ਵਲੂੰਧਰੀਆਂ ਭਾਵਨਾਵਾਂ ਦੇ ਹਾਣੀ ਬਣਨ ਵਾਸਤੇ ਜਲਿਆਂਵਾਲਾ ਬਾਗ ਕਾਂਡ ਲਈ ਜ਼ਿੰਮੇਵਾਰ ਬਰਤਾਨੀਆ ਦੀ ਹਕੂਮਤ ਤੋਂ ਇਸ ਲਈ ਮੁਆਫ਼ੀ ਮੰਗਣ ਦੀ ਦੁਹਾਈ ਦੇ ਰਹੇ ਹਨ, ਤਾਂ ਕਿ ਅੱਜ ਦੇ ਸਮਿਆਂ ਦੇ ਸਭ ਤੋਂ ਵੱਡੇ, ਤਾਕਤਵਰ, ਜ਼ੁਲਮੀ ਤੇ ਨਿਰਦਈ ਅਮਰੀਕਣ ਸਾਮਰਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਅੰਗਰੇਜ਼ ਜਰਵਾਣਿਆਂ ਬਾਰੇ ਲੋਕ ਭਾਵਨਾਵਾਂ ਸਮਝਣ ਵਾਲੇ ਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹੋਣ ਦਾ ਭੁਲੇਖਾ ਪਾਇਆ ਜਾ ਸਕੇ ।
ਕਿਸੇ ਵੀ ਦੇਸ਼ ਜਾਂ ਵਿਅਕਤੀ ਵਲੋਂ ਅਤੀਤ ਵਿੱਚ ਕੀਤੀ ਵੱਡੀ ਤੋਂ ਵੱਡੀ ਭੁੱਲ ਨੂੰ ਵਿਸਾਰਿਆ ਜਾ ਸਕਦਾ ਹੈ (ਤੇ ਲੋਕ ਰਾਇ ਅਨੁਸਾਰ ਮੁਆਫ ਵੀ ਕੀਤਾ ਜਾ ਸਕਦਾ ਹੈ), ਜੇਕਰ ਉਹ ਵਰਤਮਾਨ ਅਤੇ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਕਰਨ ਤੋਂ ਤੌਬਾ ਕਰੇ ਅਤੇ ਅਜਿਹੇ ਕੁਕਰਮੀ ਕਾਂਡਾਂ ਨੂੰ ਮੁੜ ਨਾ ਦੁਹਰਾਏ। ਪਰੰਤੂ ਅਜੇ ਵੀ ਅਮਰੀਕਣ ਸਾਮਰਾਜ ਅਤੇ ਉਸ ਦਾ ਜੋਟੀਦਾਰ ਬਰਤਾਨਵੀ ਸਾਮਰਾਜ ਆਪਣੀ ਮੁਨਾਫਿਆਂ ਦੀ ਹਵਸ ਦੀ ਪੂਰਤੀ ਲਈ ਨਵੀਆਂ ਮੰਡੀਆਂ ਤੇ ਕਬਜ਼ਾ ਕਰਨ ਹਿੱਤ ਜਲਿਆਂਵਾਲਾ ਬਾਗ ਵਰਗੀਆਂ ਜ਼ਾਲਿਮਾਨਾ ਕਾਰਵਾਈਆਂ ਕਰਨ ਤੋਂ ਬਾਜ ਨਹੀਂ ਆ ਰਹੇ ਹਨ । ਸਗੋਂ ਇਸਦੇ ਵਿਪਰੀਤ ਇਨ੍ਹਾਂ ਤਾਕਤਾਂ ਨੇ ਆਪਣੀ ਧੌਂਸ ਜਮਾਉਣ ਲਈ ਅਜਿਹੀਆਂ ਕਾਰਵਾਈਆਂ ਨੂੰ ਹੋਰ ਤੇਜ਼ ਕੀਤਾ ਹੋਇਆ ਹੈ। ਸਮਾਂ ਬਦਲਿਆ ਹੈ, ਪ੍ਰੰਤੂ ਸਾਮਰਾਜੀ ਦੇਸ਼ਾਂ ਦਾ ਕਿਰਦਾਰ ਬਿਲਕੁਲ ਨਹੀਂ ਬਦਲਿਆ। ਆਪਣੇ ਦੇਸ਼ ਦੀ ਆਜ਼ਾਦੀ ਅਤੇ ਗੈਰਤ ਲਈ ਦੇਸ਼ ਭਗਤਕ ਯੁੱਧ ਲੜਣ ਵਾਲੇ ਵੀਅਤਨਾਮ ਦੇ ਅਣਖੀਲੇ ਤੇ ਬਹਾਦਰ ਲੋਕਾਂ ‘ਤੇ ਅਮਰੀਕੀ ਸਾਮਰਾਜੀਆਂ ਵਲੋਂ ਦਹਾਕਿਆਂ ਬੱਧੀ ਢਾਹੇ ਗਏ ਜ਼ੁਲਮਾਂ ਦੀਆਂ ਕਹਾਣੀਆਂ ਨਾਲ ਇਤਿਹਾਸ ਦੇ ਸਫਿਆਂ ਦੇ ਸਫੇ ਭਰੇ ਪਏ ਹਨ। ਲਾਤੀਨੀ ਅਮਰੀਕਾ, ਅਫਰੀਕਾ ਤੇ ਏਸ਼ੀਆ ਦੇ ਅਨੇਕਾਂ ਦੇਸ਼ਾਂ ਨੂੰ ਗੁਲਾਮ ਬਣਾਈ ਰੱਖਣ ਤੇ ਆਪਣੀ ਬੇਕਿਰਕ ਲੁੱਟ ਨੂੰ ਤੇਜ਼ ਕਰਨ ਵਾਲੀਆਂ ਇਹਨਾਂ ਸਾਮਰਾਜੀ ਸ਼ਕਤੀਆਂ ਦੀਆਂ ਕਾਰਵਾਈਆਂ ਅਜੇ ਵੀ ਲੋਕ ਮਨਾਂ ਅੰਦਰ ਸਮੋਈਆਂ ਪਈਆਂ ਹਨ। ਅਮਰੀਕਾ ਤੇ ਇਸ ਦੇ ਜੋਟੀਦਾਰਾਂ ਦੀਆਂ ਸਾਂਝੀਆਂ ਨਾਟੋ ਫੌਜਾਂ ਵਲੋਂ ਬਿਨਾਂ ਕਿਸੇ ਠੋਸ ਕਾਰਨ ਤੋਂ ਪਹਿਲਾਂ ਅਫਗਾਨਿਸਤਾਨ ਤੇ ਫਿਰ ਇਰਾਕ ਉੱਪਰ ਜਿਸ ਤਰ੍ਹਾਂ ਬੰਬਾਂ, ਮਿਜ਼ਾਈਲਾਂ ਤੇ ਹੋਰ ਅਨੇਕਾਂ ਘਾਤਕ ਹਥਿਆਰਾਂ ਨਾਲ ਹਮਲੇ ਕੀਤੇ ਗਏ, ਉਹ ਜਲਿਆਂਵਾਲਾ ਬਾਗ ਦੇ ਕਤਲੇਆਮ ਕਾਂਡ ਦੀ ਘਟਨਾ ਦੀ ਦੁਹਰਾਈ ਤੋਂ ਵੀ ਅੱਗੇ ਗਏ ਹਨ। ਸਾਮਰਾਜੀਆਂ ਵਲੋਂ ਸੀਰੀਆ, ਲਿਬਨਾਨ ਤੇ ਹੁਣ ਲੀਬੀਆ ਦੀ ਕੀਤੀ ਜਾ ਰਹੀ ਤਬਾਹੀ ਦਾ ਖੌਫਨਾਕ ਮੰਜ਼ਰ ਸਭ ਦੇ ਸਾਹਮਣੇ ਹੈ । ਇਰਾਨ, ਵੇਨੇਜ਼ੁਵੇਲਾ, ਉੱਤਰੀ ਕੋਰੀਆ ਲਗਾਤਾਰ ਅੱਜ ਵੀ ਸਾਮਰਾਜ ਦੇ ਬੰਬਾਂ ਦੀ ਛਾਂ ਹੇਠ ਡਰ ਅਤੇ ਸਹਿਮ ਦੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਦੁਨੀਆਂ ਦਾ ਕੋਈ ਐਸਾ ਖਿੱਤਾ ਨਹੀਂ ਹੈ, ਜਿੱਥੇ ਅਮਰੀਕਾ, ਬਰਤਾਨੀਆ ਤੇ ਹੋਰਨਾਂ ਸਾਮਰਾਜੀ ਦੇਸ਼ਾਂ ਦੇ ਖੂਨੀ ਪੰਜੇ ਨੇ ਘੁੱਗ ਵਸਦੇ ਲੋਕਾਂ ਉੱਪਰ ਨਾ ਬਿਆਨ ਕੀਤੇ ਜਾਣ ਵਾਲੇ ਅਕਹਿ ਤੇ ਅਸਹਿ ਜ਼ੁਲਮ ਨਾ ਕੀਤੇ ਹੋਣ । ਪਿਛਲੀ ਸਦੀ ਦੇ ਅੰਤਲੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦੇ ਦੂਜੇ ਦੇਸ਼ਾਂ ਅੰਦਰ ਸਮਾਜਵਾਦੀ ਪਰਬੰਧ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਸਾਮਰਾਜ ਦਾ ਬੇਗੁਨਾਹਾਂ ਦੇ ਲਹੂ ਨਾਲ ਲੱਥ ਪੱਥ ਕਰੂਰ ਚਿਹਰਾ ਹੋਰ ਵੀ ਡਰਾਉਣਾ ਹੁੰਦਾ ਜਾ ਰਿਹਾ ਹੈ।
ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ 1919 ‘ਚ ਵਾਪਰੀ ਘਟਨਾ ਤੋਂ ਪਹਿਲਾਂ 1857 ਵਿੱਚ ਆਜ਼ਾਦੀ ਦੇ ਪਹਿਲੇ ਸੰਗਰਾਮ ਨੂੰ ਵੀ ਬਸਤੀਵਾਦੀ ਅੰਗਰੇਜ਼ ਹਾਕਮਾਂ ਨੇ ਇਸੇ ਤਰ੍ਹਾਂ ਕੁਚਲਿਆ ਸੀ । ਅੰਗਰੇਜ਼ੀ ਫੌਜ ‘ਚੋਂ ਆਜ਼ਾਦੀ ਦੀ ਪ੍ਰਾਪਤੀ ਲਈ ਬਗਾਵਤ ਕਰਕੇ ਭੱਜੇ ਫੌਜੀਆਂ ਨੂੰ ਜਿਸ ਤਰ੍ਹਾਂ ਅਜਨਾਲੇ ਦੇ ਖੂਹ ( ਕਾਲਿਆਂ ਵਾਲੇ ਸ਼ਹੀਦੀ ਖੂਹ ) ਵਿੱਚ ਗੋਲੀਆਂ ਨਾਲ ਭੁੰਨ ਕੇ ਸੁੱਟਿਆ ਗਿਆ ਸੀ, ਉਹ ਵੀ ਸਾਮਰਾਜ ਵਲੋਂ ਢਾਹੇ ਗਏ ਵਹਿਸ਼ੀ ਜ਼ੁਲਮਾਂ ਦੀ ਸੂਚੀ ਵਿੱਚ ਸ਼ਾਮਲ ਹੈ । ਗਦਰ ਪਾਰਟੀ ਦੇ ਅਣਗਿਣਤ ਸੂਰਬੀਰਾਂ ਨੂੰ ਦਿੱਤੀਆਂ ਗਈਆਂ ਫਾਂਸੀਆਂ, ਕਾਲੇ ਪਾਣੀ ਦੀਆਂ ਲੰਬੀਆਂ ਭਿਆਨਕ ਕੈਦਾਂ, ਅਣਕਿਆਸੇ ਤਸੀਹੇ ਆਦਿ ਤੋਂ ਇਲਾਵਾ 1919 ਦੀ ਖੂਨੀ ਵਿਸਾਖੀ ਤੋਂ ਬਾਅਦ 1931 ‘ਚ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀਆਂ ਗਈਆਂ ਫਾਂਸੀ ਦੀਆਂ ਸਜ਼ਾਵਾਂ ਅਤੇ ਹੋਰ ਅਣਗਿਣਤ ਸੁਤੰਤਰਤਾ ਸੰਗਰਾਮੀਆਂ ਉਤੇ ਕੀਤੇ ਗਏ ਸਾਮਰਾਜੀ ਜਬਰ ਆਦਿ ਨੂੰ ਵੀ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ ।
ਪਹਿਲਾਂ 1919 ਦੇ ਦੌਰ ਅੰਦਰ ਬਰਤਾਨਵੀ ਸਾਮਰਾਜ ਅਤੇ ਅਜੋਕੇ ਸਮਿਆਂ ‘ਚ ਅਮਰੀਕਣ ਸਾਮਰਾਜ ਦੀ ਕਮਾਂਡ ਹੇਠਲਾ ਸਾਮਰਾਜੀ ਦੇਸ਼ਾਂ ਦਾ ਗੁੱਟ, ਜਿਸ ਤਰ੍ਹਾਂ ਸੰਸਾਰ ਪੱਧਰ ਉੱਤੇ ਵੱਖੋ ਵੱਖਰੇ ਆਜ਼ਾਦ ਦੇਸ਼ਾਂ ਦੀ ਲੋਕਾਈ ਉੱਪਰ ਰਾਜਨੀਤਕ ਦਾਬੇ , ਬੇਕਿਰਕ ਆਰਥਕ ਲੁੱਟ, ਫੌਜੀ ਹਮਲਿਆਂ ਆਦਿ ਨੂੰ ਜਾਰੀ ਰੱਖ ਰਿਹਾ ਹੈ, ਲੋਕਾਂ ਦੇ ਮਨਾਂ ‘ਚ ਇਹ ਸਾਰੇ ਕੁੱਝ ਦੀ ਯਾਦ ਤਾਜ਼ਾ ਰਹਿਣੀ ਚਾਹੀਦੀ ਹੈ । ਭਾਰਤੀ ਹੁਕਮਰਾਨਾਂ ਵਲੋਂ ਪਿਛਲੇ ਦਿਨੀਂ ਜਲਿਆਂਵਾਲਾ ਬਾਗ ਦੀਆਂ ਕੰਧਾਂ ਉੱਪਰੋਂ 1919 ਦੀ ਖੂਨੀ ਵਿਸਾਖੀ ਵਾਲੇ ਦਿਨ ਅੰਗਰੇਜ਼ੀ ਫੌਜ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਮਿਟਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵੀ ਸਾਮਰਾਜੀ ਜ਼ੁਲਮ ਨੂੰ ਲੋਕਾਂ ਦੇ ਚੇਤਿਆਂ ‘ਚੋਂ ਭੁਲਾਉਣ ਦੀ ਸਾਜਿਸ਼ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।
ਵੱਖੋ ਵੱਖਰੇ ਰਾਜਸੀ ਪ੍ਰਬੰਧਾਂ ਵਾਲੇ ਦੇਸ਼ਾਂ ਦਰਮਿਆਨ ਪਰਸਪਰ ਸਹਿਯੋਗ, ਆਰਥਿਕ ਲੈਣ ਦੇਣ ਅਤੇ ਮਿੱਤਰਤਾ ਪੂਰਣ ਸਬੰਧਾਂ ਦੇ ਯਤਨ ਕਰਨੇ ਵੱਖਰੀ ਗੱਲ ਹੈ, ਪ੍ਰੰਤੂ ਇਸ ਮੇਲ ਮਿਲਾਪ ਦੀਆਂ ਕੋਸ਼ਿਸ਼ਾਂ ਦਰਮਿਆਨ ਸਾਮਰਾਜ ਦੇ ਕਿਰਦਾਰ ਨੂੰ ਵਿਸਾਰ ਦੇਣ ਨਾਲੋਂ ਜ਼ਿਆਦਾ ਘਾਤਕ ਹੋਰ ਕੁੱਝ ਹੋ ਹੀ ਨਹੀਂ ਸਕਦਾ। ਅੰਗਰੇਜ਼ ਹਕੂਮਤ ਵਲੋਂ ਜਲਿਆਂਵਾਲਾ ਬਾਗ ਦੇ ਕਤਲ-ਇ-ਆਮ ਲਈ ਮੁਆਫ਼ੀ ਮੰਗਣ ਦੀ ਮੰਗ ਕਰਨ ਨਾਲੋਂ ਇਸ ਗੱਲ ਦੀ ਲੋੜ ਕਿਤੇ ਜ਼ਿਆਦਾ ਹੈ ਕਿ ਲੋਕਾਈ ਨੂੰ ਸਾਮਰਾਜ ਦੇ ਲੋਟੂ ਤੇ ਹਮਲਾਵਰ ਖਾਸੇ ਬਾਰੇ ਹਰ ਪਲ ਚੇਤੰਨ ਕਰਦਿਆਂ ਹੋਇਆਂ ਉਨ੍ਹਾਂ ਵਲੋਂ ਭਾਰਤੀ ਅਰਥਚਾਰੇ ਦੀ ਕੀਤੀ ਜਾ ਰਹੀ ਚੌਤਰਫਾ ਲੁੱਟ ਅਤੇ ਹਰ ਕਿਸਮ ਦੇ ਰਾਜਨੀਤਕ ਦਖਲ ਵਿਰੁੱਧ ਵਿੱਢੇ ਹੋਏ ਸੰਗਰਾਮ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਇਸ ਲੁੱਟ ਵਿਰੁੱਧ ਚੱਲ ਰਹੇ ਸੰਘਰਸ਼ਾਂ ‘ਚ ਸ਼ਾਮਲ ਕੀਤਾ ਜਾਵੇ ।
ਭਾਰਤੀ ਫੌਜ ਦੀਆਂ ਕਾਰਵਾਈਆਂ ਦੀ ਚੋਣਾਂ ਦੌਰਾਨ ਰਾਜਸੀ ਲਾਭਾਂ ਲਈ ਦੁਰਵਰਤੋਂ
ਆਜ਼ਾਦੀ ਪ੍ਰਾਪਤੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹਾਕਮ ਧਿਰ ਭਾਜਪਾ ਤੇ ਸੰਘ ਪਰਿਵਾਰ ਵਲੋਂ ਚੋਣਾਂ ਜਿੱਤਣ ਲਈ ਫੌਜਾਂ ਰਾਹੀਂ ਦੇਸ਼ ਦੀ ਸੁਰੱਖਿਆ ਹਿੱਤ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਇਸਤੇਮਾਲ ਇੰਨੇ ਵੱਡੇ ਪੈਮਾਨੇ ਉੱਤੇ ਕੀਤਾ ਜਾ ਰਿਹਾ ਹੈ । ਇਸ ਤੋਂ ਵੀ ਵਧੇਰੇ ਖਤਰਨਾਕ ਅਤੇ ਨਿਖੇਧੀ ਜਨਕ ਗੱਲ ਇਹ ਹੈ ਕਿ ਇਹ ਨਖਿੱਧ ਕੰਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾ ਰਿਹਾ ਹੈ । ਥਾਨੇ (ਮਹਾਂਰਾਸ਼ਟਰ) ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (ਜੋ ਸੰਘ ਪਰਿਵਾਰ ਦੀ ਮੈਂਬਰ ਹੈ) ਦੇ ਵਰਕਿੰਗ ਪ੍ਰਧਾਨ ਆਲੋਕ ਕੁਮਾਰ ਨੇ ਸਾਬਕਾ ਚੀਫ ਅਸ਼ੋਕ ਸਿੰਘਲ ਦੀ ਯਾਦ ਵਿਚ ਕੀਤੇ ਸਮਾਗਮ ਵਿਚ ਬੋਲਦਿਆਂ ਭਾਰਤੀ ਸੈਨਾ ਵਲੋਂ ਪਾਕਿ ਦੀ ਧਰਤੀ ‘ਤੇ ਕੀਤੀ ਗਈ ਸੈਨਿਕ ਕਾਰਵਾਈ ਦੇ ਰਾਜਸੀਕਰਨ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦਿਆਂ ਹੋਇਆਂ ਫਰਮਾਇਆ ਹੈ ਕਿ ਅਜਿਹਾ ਕਾਰਨਾਮਾ ‘ਦੇਸ਼ ਦੀ ਮੌਜੂਦਾ ਰਾਜਨੀਤਕ ਲੀਡਰਸ਼ਿਪ ਦੀ ਇੱਛਾ ਸ਼ਕਤੀ’ ਨੂੰ ਦਰਸਾਉਂਦਾ ਹੈ ਤੇ ‘ਇਸਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਣਾ ਚਾਹੀਦਾ ਹੈ।’ ਕੀ ਇਹ ਬਿਆਨ ਦੇਸ਼ ਦੇ ਚੋਣ ਕਮਿਸ਼ਨ ਵਲੋਂ ਐਲਾਨੀ ਗਈ ‘ਚੁਣਾਵੀ ਆਚਾਰ-ਸੰਘਤਾ’ ਦੇ ਪੂਰੀ ਤਰ੍ਹਾਂ ਉਲਟ ਨਹੀਂ ਹੈ? ਇਸ ਦਾ ਠੀਕ ਜੁਆਬ ਤਾਂ ਇਲੈਕਸ਼ਨ ਕਮਿਸ਼ਨ ਆਪ ਹੀ ਦੇ ਸਕਦਾ ਹੈ। ਦੇਸ਼ ਦੀਆਂ ਸੈਨਾਵਾਂ ਨੇ ਪਾਕਿਸਤਾਨ ਵਿਰੁੱਧ ਤਿੰਨ ਜੰਗਾਂ ਲੜੀਆਂ ਹਨ । 1971 ਦੀ ਜੰਗ ਸਮੇਂ ਤਾਂ ਪਾਕਿਸਤਾਨੀ ਹੁਕਮਰਾਨਾਂ ਦੀ ਫਿਰਕੂ- ਫਾਸ਼ੀਵਾਦੀ ਸੋਚ ਸਦਕਾ ਇਹ ਦੇਸ਼ ਦੋ ਭਾਗਾਂ ਵਿੱਚ ਵੰਡਿਆ ਗਿਆ, ਹਾਲਾਂਕਿ ਇਸ ਕੰਮ ਵਿੱਚ ਭਾਰਤੀ ਸੈਨਾਵਾਂ ਨੇ ਵੀ ਫੈਸਲਾਕੁੰਨ ਭੂਮਿਕਾ ਅਦਾ ਕੀਤੀ ਸੀ। ਸਰਕਾਰ ਬੇਸ਼ਕ ਕਿਸੇ ਵੀ ਪਾਰਟੀ ਦੀ ਹੋਵੇ, ਤਿੰਨੇ ਸੈਨਾਵਾਂ ਨੇ ਦੇਸ਼ ਦੇ ਹਿੱਤ ਵਿੱਚ ਸਰਕਾਰੀ ਹੁਕਮਾਂ ‘ਤੇ ਅਮਲ ਕਰਦਿਆਂ ਹੋਇਆਂ ਹੀ ਕੋਈ ਕਾਰਵਾਈ ਕਰਨੀ ਹੁੰਦੀ ਹੈ। ਕਈ ਵਾਰੀ ਹਾਕਮ ਧੜੇ ਵਲੋਂ ਆਪਣੇ ਤੰਗ ਰਾਜਸੀ ਹਿੱਤਾਂ ਦੀ ਪੂਰਤੀ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਵੀ ਅੰਦਰੂਨੀ ਖੇਤਰ ਵਿੱਚ ਆਪਣੇ ਹੀ ਲੋਕਾਂ ਵਿਰੁੱਧ ਫੌਜ ਦੀ ਦੁਰਵਰਤੋਂ ਵੀ ਕੀਤੀ ਗਈ ਹੈ। ਪਰੰਤੂ ਸਾਡੀ ਫੌਜ ਨੇ ਭਾਰਤੀ ਸੰਵਿਧਾਨ ਦੀ ਮਰਿਆਦਾ ਅਨੁਸਾਰ ਸਰਕਾਰੀ ਹੁਕਮਾਂ ਨੂੰ ਉਦੋਂ ਵੀ ਮੰਨਿਆ, ਭਾਵੇਂ ਕਿ ਕਈ ਵਾਰ ਆਪਣੇ ਹੀ ਲੋਕਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਕਰਨ ਕਰਕੇ ਭਾਰਤੀ ਫੌਜ ਦੀ ਭਾਰੀ ਆਲੋਚਨਾ ਵੀ ਹੋਈ । ਸਾਰੀਆਂ ਅਵਸਥਾਵਾਂ ਵਿੱਚ ਭਾਰਤੀ ਫੌਜ ਨੇ ਕਦੇ ਵੀ ਸਰਕਾਰੀ ਹੁਕਮਾਂ ਦੇ ਘੇਰੇ ਤੋਂ ਪਰ੍ਹੇ ਜਾਂਦਿਆਂ ਹੋਇਆਂ ਰਾਜਨੀਤਕ ਖੇਤਰ ਵਿੱਚ ਕਿਸੇ ਖਾਸ ਰਾਜਨੀਤਕ ਪਾਰਟੀ ਦੇ ਹੱਕ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਆਪਣੀਆਂ ਸਫਾਂ ਅੰਦਰ ਰਾਜਨੀਤਿਕ ਆਕਾਂਖਾਵਾਂ ਨੂੰ ਪਨਪਣ ਦਾ ਕਦੀ ਕੋਈ ਮੌਕਾ ਦਿੱਤਾ ਹੈ। ਪਰੰਤੂ ਮੌਜੂਦਾ ਚੋਣਾਂ ਦੌਰਾਨ ਭਾਜਪਾ ਸੈਨਿਕ ਕਾਰਵਾਈਆਂ ਦਾ ਆਪਣੇ ਰਾਜਸੀ ਮੰਤਵਾਂ ਲਈ ਇਸਤੇਮਾਲ ਕਰਨ ਵਾਸਤੇ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ ਹੈ। ਭਾਜਪਾ ਨੇਤਾਵਾਂ, ਖਾਸ ਕਰਕੇ ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪਰਧਾਨ ਅਮਿਤ ਸ਼ਾਹ ਵਲੋਂ, ਸਾਰੇ ਗੈਰ ਭਾਜਪਾ ਦਲਾਂ ਤੇ ਭਾਜਪਾ ਵਿਰੋਧੀ ਲੋਕਾਂ ਨੂੰ ਦੇਸ਼ ਧਰੋਹੀ ਅਤੇ ਸੈਨਾ ਦਾ ਮਨੋਬਲ ਗਿਰਾਉਣ ਵਾਲੇ ਗਰਦਾਨਿਆ ਜਾ ਰਿਹਾ ਹੈ । ਭਾਜਪਾ ਦੀਆਂ ਇਹ ਕਾਰਵਾਈਆਂ ਅੱਗ ਨਾਲ ਖੇਡਣ ਦੇ ਬਰਾਬਰ ਹਨ, ਜਿਸ ਦੇ ਭਵਿੱਖ ਵਿੱਚ ਬਹੁਤ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ । ਸਾਡੇ ਲੋਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀਆਂ ਭਾਰਤੀ ਸੈਨਾਵਾਂ ਨਾਲ ਡਟ ਕੇ ਖੜ੍ਹੇੇ ਹਨ, ਪ੍ਰੰਤੂ ਨਾਲ ਹੀ ਉਹ ਮੋਦੀ ਸਰਕਾਰ ਨੂੰ ਚਲਦਾ ਕਰਨਾ ਲੋਚਦੇ ਹਨ। ਇਸ ਮੰਤਵ ਦਾ ਦੇਸ਼ ਦੀਆਂ ਫੌਜਾਂ ਦੇ ਮਨੋਬਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਸੈਨਾ ਭਾਰਤ ਦੀ ਹੈ ਨਾ ਕਿ ਮੋਦੀ ਜਾਂ ਭਾਜਪਾ ਦੀ, ਜਿਵੇਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਵਰਗੇ ਗੈਰ-ਜ਼ਿੰਮੇਵਾਰ ਤੇ ਸੰਕੀਰਨ ਸੋਚ ਵਾਲੇ ਆਗੂ ਕਹਿ ਰਹੇ ਹਨ। ਅਸਲ ਵਿੱਚ ਭਾਜਪਾ ਦਾ ਇਹ ਪੈਂਤੜਾ ਸੈਨਾ ਨੂੰ ਕਮਜ਼ੋਰ ਅਤੇ ਅਨੁਸ਼ਾਸਨਹੀਨ ਕਰਨ ਵਿੱਚ ਨਿੱਕਲ ਸਕਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਭਾਜਪਾ ਤੇ ਸੰਘ ਪਰਿਵਾਰ ਦੀਆਂ ਇਨ੍ਹਾਂ ਸਾਜ਼ਿਸ਼ਾਂ ਤੋਂ ਚੌਕੰਨੇ ਹੋਣ ਦੀ ਲੋੜ ਹੈ । ਚੋਣਾਂ ਦੇ ਮੁੱਦੇ ਭਾਜਪਾ ਦਾ ਫਰਜ਼ੀ ਰਾਸ਼ਟਰਵਾਦ ਤੇ ਸੈਨਿਕ ਕਾਰਵਾਈਆਂ ਨਹੀਂ , ਬਲਕਿ ਗਰੀਬੀ , ਬੇਰੁਜ਼ਗਾਰੀ, ਭੁੱਖਮਰੀ, ਭਰਿਸ਼ਟਾਚਾਰ, ਖੇਤੀ ਸੰਕਟ , ਹਵਾ – ਪਾਣੀ -ਚੌਗਿਰਦੇ ਦਾ ਹੋ ਰਿਹਾ ਚੌਤਰਫਾ ਵਿਨਾਸ਼ , ਵਿੱਦਿਆ ਤੇ ਸਿਹਤ ਸਹੂਲਤਾਂ ਦੀ ਅਣਹੋਂਦ, ਸਮਾਜਿਕ ਸੁਰੱਖਿਆ ਔਰਤਾਂ-ਘਟ ਗਿਣਤੀਆਂ-ਦਲਿਤਾਂ ਨਾਲ ਹੋ ਰਹੇ ਵਿਤਕਰੇ ਆਦਿ ਹਨ, ਜਿਨ੍ਹਾਂ ਤੋਂ ਉਹ ਅਤਿਅੰਤ ਪੀੜਤ ਹਨ, ਸਾਰੇ ਰਾਜਨੀਤਕ ਦਲਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਜਨਮਤ ਹਾਸਿਲ ਕਰਨਾ ਹੋਵੇਗਾ।
– ਮੰਗਤ ਰਾਮ ਪਾਸਲਾ