Now Reading
ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਜੁਲਾਈ 2019)

ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਜੁਲਾਈ 2019)

ਮੁਕਤਸਰ ਸਾਹਿਬ ਦੀ ਵਹਿਸ਼ੀਆਨਾ ਘਟਨਾ ਦੀਆਂ ਘਿਨਾਉਣੀਆਂ ਪਰਤਾਂ
ਲੰਘੀ 14 ਜੂਨ ਨੂੰ ਪੰਜਾਬ ਦੇ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ, ਬੂੜਾ ਗੂਜਰ ਰੋਡ ਦੀ ਇੱਕ ਬਸਤੀ ਵਿੱਚ ਚਿੱਟੇ ਦਿਨ ਵਾਪਰੀ ਇੱਕ ਹਿਰਦੇ ਬੇਧਕ ਘਟਨਾ ਦੀ ਸੋਸ਼ਲ ਮੀਡੀਏ ਰਾਹੀਂ ਵਾਇਰਲ ਹੋਈ  ਵੀਡੀਓ, ਦੇਸ਼ ਬਦੇਸ਼ ਵਿੱਚ ਗੰਭੀਰ ਚਰਚਾ ਅਤੇ ਡਾਢੀ ਫਿਕਰਮੰਦੀ ਦਾ ਕਾਰਨ ਬਣੀ ਹੋਈ  ਹੈ। ਇਸ ਵੀਡੀਓ ਰਾਹੀਂ ਉਜਾਗਰ ਹੋਈ ਦਰਦਨਾਕ ਵਾਰਦਾਤ  ਸਭਨਾਂ ਜਾਗਦੀਆਂ ਜਮੀਰਾਂ ਵਾਲਿਆਂ ਸਾਹਵੇਂ ਅਨੇਕਾਂ ਸੁਆਲ ਖੜ੍ਹੇ ਕਰ ਗਈ ਹੈ।
ਫੇਸ ਬੁੱਕ ਰਾਹੀਂ ਉਜਾਗਰ ਹੋਈ ਉਕਤ ਵੀਡੀਓ ਜਰੀਏ ਲੋਕਾਈ ਨੇ ਦੇਖਿਆ ਕਿ ਅੱਧੀ ਦਰਜਨ ਦੇ ਕਰੀਬ ਹੱਟੇ-ਕੱਟੇ ਮੁਸ਼ਟੰਡਿਆਂ ਨੇ ਇੱਕ ਨਿਹੱਥੀ ਔਰਤ ਨੂੰ ਅਪਸ਼ਬਦ ਬੋਲਦੇ ਹੋਏ, ਵਾਲਾਂ ਤੋਂ ਫੜ੍ਹ ਕੇ ਉਸ ਦੇ ਘਰੋਂ ਘੜੀਸ ਕੇ ਸੜਕ ‘ਤੇ ਲਿਆ ਸੁੱਟਿਆ ਅਤੇ ਬੈਲਟਾਂ, ਠੁੱਡਿਆਂ, ਘਸੁੰਨਾਂ ਨਾਲ ਉਸ ਬੇਬਸ ਨਾਰੀ ਦੀ ਵਹਿਸ਼ੀਆਨਾ ਕੁੱਟ ਮਾਰ ਕੀਤੀ। ਸਾਰੀਆਂ ਮਰਿਆਦਾਵਾਂ ਛਿੱਕੇ ਟੰਗ ਕੇ ਇੱਕ ਮੁਸ਼ਟੰਡਾ ਇਸ ਬੀਬੀ ਦੀ ਹਿੱਕ ‘ਤੇ ਬਹਿ ਗਿਆ। ਬੇਤਰਸ ਕੁੱਟ ਮਾਰ ਦਾ ਸ਼ਿਕਾਰ ਹੋਈ ਇਸ ਬੀਬੀ ਦੀਆਂ ਚੀਕਾਂ ਅਤੇ ਕੁਰਲਾਹਟ ਨੇ ਵੀਡੀਓ ਦੇਖ ਰਹੇ ਅਨੇਕਾਂ ਸੰਵੇਦਨਸ਼ੀਲ ਇਨਸਾਨਾਂ ਦੇ ਹਿਰਦੇ ਵਲੂੰਧਰੇ ਹਨ। ਚਾਰ ਕੁ ਮਿੰਟਾਂ ਦੀ ਇਹ ਵੀਡੀਓ ਮਿੰਟਾਂ ਸਕਿੰਟਾਂ ਵਿੱਚ ਅੱਗੇ ਤੋਂ ਅੱਗੇ ਸ਼ਿਅਰ ਹੋ ਕੇ ਹਜਾਰਾਂ ਲੋਕਾਂ ਕੋਲ ਪੁੱਜ ਗਈ। ਇਸ ਦਰਦਨਾਕ ਵਾਰਦਾਤ ਦਾ ਇੱਕ ਤ੍ਰਾਸਦਿਕ ਪਹਿਲੂ ਇਹ ਵੀ ਹੈ ਕਿ ਮਨੁੱਖੀ ਸੰਵੇਦਨਾਵਾਂ ਤੋਂ ਕੋਰੇ ਉਕਤ ਅਪਰਾਧੀ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਇਨ੍ਹਾਂ ਜ਼ਾਲਮਾਂ ਦੇ ਅੰਗ-ਸੰਗ ਇਨ੍ਹਾਂ ਦੇ ਪਰਿਵਾਰਾਂ ਦੀਆਂ ਕੁੱਝ ਔਰਤਾਂ ਵੀ ਸਨ। ਇਹ ਨਿਰਦਈ ਗੁੰਡੇ ਮਜ਼ਲੂਮ ਔਰਤ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਇਹ ਅਬਲਾ ਬੇਦਮ ਹੋ ਕੇ ਬੇਸੁਰਤ ਨਾ ਹੋ ਗਈ । ਇੱਕ ਬਿਰਧ ਔਰਤ, ਜਿਸ ਬਾਰੇ ਪਿੱਛੋਂ ਪਤਾ ਲੱਗਾ ਕਿ ਬੁਰਛਾਗਰਦੀ ਦਾ ਸ਼ਿਕਾਰ ਹੋਈ ਔਰਤ ਦੀ ਉਹ ਮਾਂ ਹੈ, ਵਾਰ-ਵਾਰ ਬੇਰਹਿਮੀ ਨਾਲ ਕੁੱਟੀ ਜਾ ਰਹੀ ਆਪਣੀ ਬੇਬਸ ਧੀ ਨੂੰ ਇਨ੍ਹਾਂ ਭੂਤਰੇ ਢੱਠਿਆਂ ਤੋਂ ਛੁਡਾਉਣ ਦਾ ਅਸਫਲ ਯਤਨ ਕਰਦੀ ਰਹੀ । ਪਰ ਇਨ੍ਹਾਂ ਗੁੰਡਿਆਂ  ਨੇ ਉਕਤ ਬਿਰਧ ਮਾਤਾ ਦੀ ਵੀ ਬੇਹੁਰਮਤੀ ਅਤੇ ਡਾਢੀ ਕੁੱਟਮਾਰ ਕੀਤੀ ।
ਬਾਅਦ ‘ਚ ਪਤਾ ਲੱਗਾ ਕਿ ਇਹ ਬੇਖ਼ੌਫ ਅਪਰਾਧੀ, ਸ਼ਹਿਰ ਦੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ-ਭਤੀਜੇ ਤੇ ਹੋਰ ਨੇੜਲੇ ਸਨ, ਅਤੇ ਇਹ ਸਾਰਾ ਕੋੜਮਾ ਹੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਜੋਂ ‘ਮਸ਼ਹੂਰ’ ਹੈ। ਰਾਕੇਸ਼ ਚੌਧਰੀ ਖੁਦ ਸਿਆਸੀ ਜਮਾਤ ਦੇ ਲੱਠਮਾਰ ਵਜੋਂ ਜਾਣਿਆ ਜਾਂਦਾ ਹੈ । ਇਹ ‘ਮੋਹਤਬਰ’ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ‘ਮਾਨਯੋਗ ਆਗੂ’ ਹੁੰਦਾ ਸੀ, ਅੱਜ ਕੱਲ ਕੈਪਟਨ ਦੀ ‘ਗਤੀਸ਼ੀਲ’ ਅਗਵਾਈ ਵਿੱਚ ‘ਸਮਾਜ ਸੇਵਾ’ ਕਰ ਰਿਹਾ ਹੈ । ਅੱਜ ਕਲ੍ਹ ਇਹ ਲੋਕਾਂ ਨੂੰ ਵਿਆਜ ਤੇ ਪੈਸੇ ਦੇਣ ਦਾ ਧੰਦਾ ਕਰਦਾ ਹੈ । ਵਿਆਜ ਵੀ ਕੋਈ ਮਾੜਾ ਮੋਟਾ ਨਹੀਂ। ਪੰਜ ਰੁਪਏ ਸੈਂਕੜੇ ਪ੍ਰਤੀ ਮਹੀਨੇ ਤੋਂ ਸ਼ੁਰੂ ਕਰਕੇ ਪੰਦਰਾਂ ਵੀਹ ਰੁਪੈ ਸੈਂਕੜੇ ਤੱਕ ਦਾ ਵਿਹਾਰ ਚਲਦਾ ਹੈ। ਅਤੇ, ਕਈ ਮਾਮਲਿਆਂ ਵਿੱਚ ਤਾਂ ਇਹ ਵਿਆਜ ਵਸੂਲੀ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ । ਇਹ ਵੀ ਆਮ ਚੁੰਝ ਚਰਚਾ ਹੈ ਕਿ ਵਿਆਜ ਤੇ ਦਿੱਤਾ ਜਾਣ ਵਾਲਾ ਇਹ ਸਾਰਾ  ਪੈਸਾ ਖੁਦ ਰਾਕੇਸ਼ ਚੌਧਰੀ ਦਾ ਨਹੀਂ ਬਲਕਿ ਇਸ ਰਕਮ ਦਾ ਵੱਡਾ ਹਿੱਸਾ ‘ਵੱਡੇ’ ਲੋਕਾਂ ਦਾ ਕਾਲਾ ਧਨ ਹੈ ਜਿਨ੍ਹਾਂ ਵਿੱਚ ਆਹਲਾ ਪੁਲਸ ਤੇ ਸਿਵਲ ਅਫਸਰਾਂ ਦਾ ਨਾਂਅ ਵੀ ਸੁਣੀਦਾ ਹੈ। ਰਾਕੇਸ਼ ਵੱਡੇ ਲੋਕਾਂ ਦੀ ਮੂਲ ਰਕਮ ਤੇ ਵਿਆਜ  ਡਾਂਗ ਨਾਲ ਵਸੂਲੀ ਕਰਨ ਵਾਲੇ ਰੈਕੇਟ ਦਾ ਸਰਗਨਾ ਹੈ। ਅਜੋਕੇ ਦੌਰ ਦੇ ਇਸ ‘ਸੇਵਾਦਾਰ’ ‘ਤੇ ਕਤਲ, ਇਰਾਦਾ ਕਤਲ, ਅਗਵਾ, ਦੇਣਦਾਰਾਂ ਜਾਂ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਬੰਧੂਆ ਬਣਾ ਕੇ ਰੱਖਣ, ਨਾਜਾਇਜ਼ ਸ਼ਰਾਬ ਅਤੇ ਹੋਰ ਗੈਰ ਕਾਨੂੰਨੀ ਨਸ਼ਿਆਂ ਦਾ ਧੰਦਾ ਕਰਨ ਆਦਿ ਦੇ ਅਨੇਕਾਂ ਇਲਜ਼ਾਮ ਲੱਗਦੇ ਰਹੇ ਹਨ। ਪਰ ਇਸ ਦਾ ਕਦੇ ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਇਹ ਸਾਬਕਾ ਵਿਧਾਇਕ ਅਤੇ ਮੌਜੂਦਾ ਵਿਧਾਇਕ ਦੀ ਖਾਸ ਕਿਰਪਾ ਦਾ ਪਾਤਰ ਵੀ ਹੈ। ਅਜਿਹੇ ਨਾਜਾਇਜ਼ ਕਾਰੋਬਾਰੀਆਂ ਦੇ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਨਾਲ ਨੇੜਲੇ ਸਬੰਧ ਵੈਸੇ ਵੀ ਹੁਣ ਕੋਈ ਲੁਕੀ-ਛਿਪੀ ਗੱਲ ਨਹੀਂ। ਆਪਣੇ ਆਪ ਨੂੰ ਧਰਤ ਦਾ ਖੁਦਾ ਸਮਝਣ ਵਾਲੇ ਇਸ ਹੰਕਾਰੀ ਨੇ ਬੜੀ ਹੈਂਕੜ ਨਾਲ ਇਸ ਘਟਣਾ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ”ਮੇਰੇ ਭਰਾ ਨੂੰ ਗੁੱਸਾ ਆ ਗਿਆ ਸੀ ਇਸ ਕਰਕੇ ਤੀਵੀਂ ਕੁੱਟੀ ਗਈ।”
ਇਹ ਘਿਨਾਉਣਾ ਕਾਰਾ ਉਥੇ ਵਾਪਰਿਆ ਹੈ ਜਿੱਥੇ ਮਾਈ ਭਾਗੋ ਦੀਆਂ ਫਿਟਕਾਰਾਂ ਖਾ ਕੇ ਪਰਤੇ ਸਿੰਘਾਂ ਨੇ ਗੁਰੂ ਸਾਹਿਬ ਦੇ ਅੰਗ ਸੰਗ ਖਲੋਕੇ ਜ਼ਾਲਿਮਾਂ ਸੰਗ ਲੜਦਿਆਂ ਜਾਨਾਂ ਵਾਰੀਆਂ ਸਨ ਅਤੇ ਬਦਲੇ ‘ਚ ਗੁਰੂ ਸਾਹਿਬ ਤੋਂ ਉਹ ਬੇਦਾਵਾ ਪਾੜਣ ਦੀ ਮੰਗ ਕੀਤੀ ਸੀ ਜੋ ਉਹ ਬਦਜਨ ਹੋ ਕੇ ਗੁਰੂ ਸਾਹਿਬ ਨੂੰ ਅਰਸਾ ਪਹਿਲਾਂ ਦੇ ਗਏ ਸੀ। ਇਹ ਡਾਢੇ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਇਸ ਮਹਾਨ ਵਿਰਸੇ ਦਾ ਇਕਲੌਤਾ ਵਾਰਸ ਕਹਾਉਣ ਵਾਲੇ ਅਕਾਲੀ ਦਲ ਦੇ ਲੀਡਰ ਅਜਿਹੇ ਅਪਰਾਧੀਆਂ ਨੂੰ ਥਾਪੜਾ ਦੇਣ।
ਜਿਸ ਇਸਤਰੀ ਦੀ ਨਿਰਦੈਤਾ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦਾ ਨਾਂਅ ਮੀਨਾ ਹੈ। ਮੀਨਾ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਉਹ ਕਿ ਉਹ ਅੱਤ ਦੀ ਗਰੀਬ ਹੈ। ਉਤੋਂ ਸਿਤਮਜਰੀਫੀ ਇਹ ਕਿ ਮੀਨਾ ਦੇ ਨਾਮੁਰਾਦ ਪਤੀ ਨੇ ਇਸ ਨੂੰ ਬੱਚਿਆਂ ਸਮੇਤ ਤਿਆਗ ਦਿੱਤਾ ਹੈ ਅਤੇ ਹੋਰ ਵਿਆਹ ਕਰਾਈ ਬੈਠਾ ਹੈ। ਉਦੋਂ ਤੋਂ ਮੀਨਾ ਆਪਣੇ ਪੇਕੇ ਪਰਿਵਾਰ ਨਾਲ ਜਿੰਦਗੀ ਬਸਰ ਕਰ ਰਹੀ ਹੈ। ਉਂਝ ਉੱਚ ਮੱਧ ਵਰਗ ਇਸ ਤਰਜ਼ ਦੀਆਂ ਮਾਵਾਂ ਨੂੰ ਏਕਲ ਮਾਤਾ (ਸਿੰਗਲ ਮਦਰ) ਕਹਿ ਕੇ ਵਡਿਆਉਂਦਾ ਹੈ। ਪਰ ਗੁਰਬਤ ਮਾਰੀਆਂ ਮੀਨਾ ਵਰਗੀਆਂ ਮਾਵਾਂ ਅਜਿਹੀ ਸਥਿਤੀ ਵਿੱਚ ਬੱਚੇ ਕਿਵੇਂ ਪਾਲਦੀਆਂ ਹਨ ਇਹ ਉਹ ਹੀ ਜਾਣਦੀਆਂ ਹਨ। ਮੀਨਾ ਹੋਰੀਂ ਗਿਆਰਾਂ ਭੈਣ-ਭਰਾ (ਸੱਤ ਭੈਣਾਂ ਅਤੇ ਚਾਰ ਭਰਾ) ਹਨ। ਮੈਰਿਜ ਪੈਲੇਸਾਂ ਆਦਿ ‘ਚੋਂ ਕੂੜਾ ਇਕੱਤਰ ਕਰਕੇ ਦੋ ਡੰਗ ਦੀ ਰੋਟੀ ਦਾ ਹੀਲਾ ਕਰਨ ਵਾਲੇ ਇਸ ਪਰਿਵਾਰ ਨੇ ਰਾਕੇਸ਼ ਚੌਧਰੀ ਤੋਂ ਕਾਫੀ ਅਰਸਾ ਪਹਿਲਾਂ ਲੜਕੀ ਦੀ ਸ਼ਾਦੀ ਲਈ ਦੋ ਲੱਖ ਰੁਪਏ ਦਾ ਕਰਜ਼ ਲਿਆ ਸੀ। ਇਸ ਦੇ ਬਦਲੇ ‘ਚ ਮੀਨਾ ਦਾ ਪਰਿਵਾਰ ਸੱਤ ਲੱਖ ਰੁਪਏ ਮੋੜ ਚੁੱਕਾ ਹੈ ਅਤੇ ਲੈਣਦਾਰ ਅਜੇ ਵੀ ਤੇਈ ਹਜਾਰ ਰੁਪਏ ਹੋਰ ਮੰਗਦਾ ਹੈ। 13 ਜੂਨ ਸ਼ਾਮ ਨੂੰ ਰਾਕੇਸ਼ ਚੌਧਰੀ ਦੇ ਪਰਿਵਾਰ ਦੀਆਂ ਔਰਤਾਂ ਮੀਨਾ ਦੇ ਘਰ ਆਈਆਂ ਅਤੇ ਰਹਿੰਦੇ 23 ਹਜਾਰ ਰੁਪਏ ਦੀ ਮੰਗ ਕੀਤੀ । ਮੀਨਾ ਅਤੇ ਟੱਬਰ ਦੇ ਹੋਰਨਾਂ ਜੀਆਂ ਨੇ ਕਿਹਾ ਕਿ ਥੋੜ੍ਹਾ ਸਮਾਂ ਦਿਓ ਅਸੀਂ ਛੇਤੀ ਮੋੜ ਦਿਆਂਗੇ । ਰਾਕੇਸ਼ ਚੌਧਰੀ ਦੇ ਪਰਿਵਾਰ ਦੀਆਂ ਔਰਤਾਂ ਨੇ ਕਿਹਾ ਕਿ ਜੇ ਪੈਸੇ ਨਹੀਂ ਤਾਂ ਸਾਨੂੰ ਕੋਈ ਚੂੜੀ, ਗਾਨੀ ਜਾਂ ਹੋਰ ਟੂੰਮ ਆਦਿ ਦਿਓ। ਮੀਨਾ ਨੇ ਕਿਹਾ ਕਿ ਜਿਵੇਂ ਅਸੀਂ ਪਹਿਲਾਂ ਲੱਖਾਂ ਰੁਪਏ ਮੋੜ ਚੁੱਕੇ ਹਾਂ ਉਵੇਂ ਹੀ ਰਹਿੰਦਾ ਤੇਈ ਹਜਾਰ ਵੀ ਮੋੜ ਦਿਆਂਗੇ, ਸਾਡੇ ਕੋਲ ਟੂੰਮ ਛੱਲਾ ਕਿਥੋਂ ਆਇਆ? ਇਨ੍ਹਾਂ ਨਿਰਦਈ ਤੇ ਬੇਹਯਾ ਲੈਣਦਾਰਾਂ ਨੇ ਕਿਹਾ ਕਿ ਜੇ ਪੈਸੇ ਵੀ ਹੈ ਨੀ ਤੇ ਗਹਿਣਾ ਗੱਟਾ ਵੀ ਨਹੀਂ ਤਾਂ ਆਪਣੀ ਤੇਰਾਂ ਸਾਲਾਂ ਦੀ ਲੜਕੀ ਸਾਡੇ ਘਰ ਭੇਜ ਦਿਓ। ਇਨਸਾਨੀਅਤ ਤੋਂ ਗਿਰੀ ਇਹ ਗੱਲ ਸੁਣ ਕੇ ਮੀਨਾ ਦੀ ਪੈਸੇ ਮੰਗਣ ਆਈਆਂ ਔਰਤਾਂ ਨਾਲ ਤਲਖ ਕਲਾਮੀ ਹੋ ਗਈ। ਮੀਨਾ ਦੀ ਵਹਿਸ਼ੀਆਨਾ ਕੁੱਟਮਾਰ ਕੀਤੇ ਜਾਣ ਦਾ ਫੌਰੀ ਕਾਰਨ ਇਹ ਤਲਖ ਕਲਾਮੀ ਬਣੀ ਹੈ। ਕਾਬਲੇ ਗੌਰ ਹੈ ਕਿ ਰਾਕੇਸ਼ ਕੁਮਾਰ ਅਤੇ ਇਸ ਦੇ ਜ਼ਰਖਰੀਦ ਗੁੰਡੇ  ਪੈਸੇ ਨਾ ਮੋੜੇ ਜਾਣ ਦੇ ਸਿੱਟੇ ਵਜੋਂ ਪਹਿਲਾਂ ਵੀ ਅਨੇਕਾਂ ਲੋਕਾਂ ਨੂੰ ਇਸੇ ਤਰ੍ਹਾਂ ‘ਸਬਕ’ ਸਿਖਾ ਚੁੱਕੇ ਹਨ।
ਨੰਗੀ ਚਿੱਟੀ ਗੁੰਡਾਗਰਦੀ ਦੀ ਇਸ  ਘਟਨਾ ਦੀ ਵੀਡੀਓ ਵੱਡੇ ਪੱਧਰ ‘ਤੇ ਵਾਇਰਲ ਹੋਣ ਦੇ ਸਿੱਟੇ ਵੱਜੋਂ ਮੁਕਤਸਰ ਸਾਹਿਬ ਦੀ ਪੁਲਸ ਨੇ, ਹਰਕਤ ਵਿੱਚ ਆਉਂਦਿਆਂ, ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀਆਂ ਨੂੰ ਵਾਰੋ ਵਾਰੀ ਗ੍ਰਿਫਤਾਰ ਵੀ ਕਰ ਲਿਆ ਹੈ। ਵੈਸੇ ਚਰਚਾ ਇਹ ਵੀ ਹੈ ਕਿ ਇਨ੍ਹਾਂ ‘ਬਰਖੁਰਦਾਰਾਂ’ ਨੂੰ ਪੁਲਸ ਕੋਲ ਇਕ ਸਾਬਕਾ ਵਿਧਾਇਕ ਨੇ ਪੇਸ਼ ਕੀਤਾ ਹੈ। ਉਂਝ ਇਹ ਸਵਾਲ ਵੀ ਅੰਤਰ ਆਤਮਾ ਨੂੰ ਡਾਢਾ ਕਚੋਟਦਾ ਹੈ ਕਿ ਜੇ ਇਸ ਸੰਗੀਨ ਵਾਰਦਾਤ ਦੀ ਵੀਡੀਓ ਨਸ਼ਰ ਨਾ ਹੋਈ ਹੁੰਦੀ ਤਾਂ ਦੋਸ਼ੀਆਂ ਵਿਰੁੱਧ ਕਿਸ ਨੇ ਕਾਰਵਾਈ ਕਰਨੀ ਸੀ ਅਤੇ ਕਿਸ ਨੇ ਇਨ੍ਹਾਂ ਨੂੰ ਫੜਨਾ ਸੀ? ਪੁਲੀਸ ਦੀ ਕਾਰਵਾਈ ਅਜੇ ਵੀ ਨਾਕਾਫੀ ਹੈ । ਇਹ ਕੋਈ ਸਾਧਾਰਨ ਕੁੱਟਮਾਰ ਦਾ ਮਾਮਲਾ ਨਹੀਂ । ਇੱਕ ਔਰਤ ਦੇ ਸਵੈਮਾਣ ਅਤੇ ਮਰਿਆਦਾ ਨੂੰ ਸ਼ਰੇ ਆਮ ਤਾਰ-ਤਾਰ ਕੀਤਾ ਗਿਆ ਹੈ ।  ਇਹ ਵੀ ਚਾਹੀਦਾ ਹੈ ਕਿ ਰਾਕੇਸ਼ ਚੌਧਰੀ ਦੇ ਫਾਇਨਾਂਸ ਦੇ ਧੰਦੇ,  ਕਰਜ਼ ਵਸੂਲੀ ਕਰਨ ਵਾਲੇ ਗੁੰਡਾ ਗਰੋਹ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦਾ ਤਾਣਾ ਬਾਣਾ ਤਹਿਸ-ਨਹਿਸ ਕੀਤਾ ਜਾਵੇ।                                                                                   ਰਾਕੇਸ਼ ਚੌਧਰੀ ਵਲੋਂ ਵਿਆਜ ‘ਤੇ ਦਿੱਤੀ ਜਾਣ ਵਾਲੀ ਰਕਮ ਕਿਸ ਦੀ ਹੈ ਅਤੇ ਇਸ ‘ਨੇਕ ਕਮਾਈ’ ਦਾ ਸਰੋਤ ਕੀ ਹੈ, ਇਹ ਵੀ ਪੜਤਾਲ ਦਾ ਵਿਸ਼ਾ ਹੈ।
ਅਸੀਂ ਇਸ ਤੱਥ ਤੇ ਜੋਰ ਦੇਣਾ ਵੀ ਜ਼ਰੂਰੀ ਸਮਝਦੇ ਹਾਂ ਕਿ ਗੁਰਬਤ ਦੇ ਝੰਬੇ ਕਿਰਤੀਆਂ ਦੀਆਂ ਹਰ ਰੋਜ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣ ਲਈ ਇਸ ਕਿਸਮ ਦਾ ਫਾਈਨਾਂਸ ਦਾ ਧੰਦਾ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਚੱਲ ਰਿਹਾ ਹੈ। ਇਹ ਖਬਰਾਂ ਵੀ ਮਿਲੀਆਂ ਹਨ ਕਿ ਰੋਜ਼ਾਨਾ ਵਸੂਲੀ ਕਰਨ ਵਾਲੇ ਅਜਿਹੇ ਫਾਈਨਾਂਸਰਾਂ ਦੇ ਗੁਰਗੇ ਗਰੀਬਾਂ ਦੇ ਚੁਲ੍ਹੇ, ਸਲੰਡਰ ਤੱਕ ਚੁੱਕ ਲਿਜਾਂਦੇ ਹਨ। ਇਹ ਗੈਰ ਕਾਨੂੰਨੀ ਧੰਦੇਬਾਜ ਗਰੀਬ ਲੋਕਾਂ ਦੀਆਂ ਰੋਜ਼ਾਨਾ ਦੀਆਂ  ਮਾਮੂਲੀ ਕਮਾਈਆਂ ਹਰ ਸ਼ਾਮ ਚੂੰਡ ਕੇ ਲੈ ਜਾਂਦੇ ਹਨ। ਇਹ ਹੱਦੋਂ ਬਾਹਰੀ ਵਿਆਜ ਵਸੂਲੀ ਸਿਰੇ ਦੀ ਅਮਾਨਵੀ ਹੋਣ ਦੇ ਨਾਲ ਨਾਲ ਗੈਰ ਕਾਨੂੰਨੀ ਵੀ ਹੈ। ਸਰਕਾਰਾਂ ਦੀ ਨੱਕ ਹੇਠ ਚਲਦੇ ਇਹ ਨਾਪਾਕ ਧੰਦੇ ਇਨ੍ਹਾਂ ਦੇ ਸੰਚਾਲਕਾਂ ਦੇ ਹੁਕੂਮਤਾਂ ਨਾਲ ਮਿਲੀ ਭੁਗਤ ਵੱਲ ਸਪਸ਼ਟ ਇਸ਼ਾਰਾ ਕਰਦੇ ਹਨ। ਇਸ ਘਿਨਾਉਣੀ ਵਰਦਾਤ ਨੇ ਅਜੇਹੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਦਾ ਉੱਤਰ ਆਪਾਂ ਸਭਨਾਂ ਨੂੰ ਲੱਭਣਾ ਪੈਣਾ ਹੈ। ਅਜੋਕੇ ਰਾਜਸੀ ਪ੍ਰਭੂਆਂ ਨੇ ਲੋਕਾਂ, ਖਾਸ ਕਰ ਕੇ ਗੁਰਬਤ ਮਾਰੇ ਕਿਰਤੀਆਂ ਨੂੰ ਕਿਹੋ ਜਿਹੇ ਬਘਿਆੜਾਂ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਹੈ? ਕੀ ਇਨ੍ਹਾਂ ਅਪਰਾਧੀ ਸਰਗਨਿਆਂ ਦੀ ਇਹ ‘ਯੋਗਤਾ ਅਤੇ ਤਜਰਬਾ’ ਦੇਖ ਕੇ ਹੀ ਇਨ੍ਹਾਂ ਨੂੰ ਭਾਜਪਾ, ਕਾਂਗਰਸੀ, ਅਕਾਲੀ ਅਤੇ ਅਜਿਹੀਆਂ ਹੋਰ ਰਾਜਸੀ  ਪਾਰਟੀਆਂ ਮਾਣ- ਸਨਮਾਨ ਅਤੇ ਅਹੁਦੇਦਾਰੀਆਂ ਦਿੰਦੀਆਂ ਹਨ? ਕੀ ਇਹ ਸਮਾਜ ਵਿਰੋਧੀ ਅਨਸਰ ਸਮਾਜ ਨੇ ਆਪਣੇ ਆਗੂਆਂ ਵਜੋਂ ਪਰਵਾਨ ਕਰ ਲਏ ਹਨ? ਕੇਵਲ ਤੇ ਕੇਵਲ ਗੈਰ ਜਮਹੂਰੀ ਅਤੇ ਗੈਰ-ਕਾਨੂੰਨੀ ਅਮਲਾਂ ਲਈ ਹਾਕਮ ਲਾਣੇ ਵਲੋਂ ਪ੍ਰਮੋਟ ਕੀਤੇ ਜਾ ਰਹੇ ਇਨ੍ਹਾਂ ਘਿਰਣਾ ਦੇ ਪਾਤਰਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਵੀ ਕੀ ਅੱਜ ਦੀ ਅਹਿਮ ਲੋੜ ਨਹੀਂ? ਲੋਕਾਈ ਨੂੰ ਇਨ੍ਹਾਂ ਸਵਾਲਾਂ ਦਾ ਸਹੀ ਉੱਤਰ ਲੱਭਣ ਯੋਗ ਬਨਾਉਣ ਦੀ ਜਿੰਮੇਵਾਰੀ, ਮੁੱਖ ਤੌਰ ਤੇ, ਪ੍ਰਗਤੀਵਾਦੀ ਅੰਦੋਲਨ ਸਿਰ ਹੈ।

ਫਤਿਹਵੀਰ ਦੀ ਮੌਤ : ਸਰਕਾਰ ਦੀ ਫਰਜ਼ਾਂ ਤੋਂ ਕੁਤਾਹੀ  ਤੇ ਸਮਾਜਕ ਲਾਪਰਵਾਹੀ ਦਾ ਸਿੱਟਾ
ਸੰਗਰੂਰ ਜਿਲ੍ਹੇ ਦੇ ਭਗਵਾਨਪੁਰ ਪਿੰਡ ਦਾ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ, ਲੰਘੀ 6 ਜੂਨ ਨੂੰ ਆਪਣੇ ਹੀ ਘਰ ਦੇ ਮੂਹਰੇ ਬਣੇ 120-25 ਫੁੱਟ ਡੂੰਘੇ ਖੂਹ (ਬੋਰਵੈਲ) ਵਿੱਚ ਜਾ ਡਿੱਗਾ । ਲੰਮੀ ਜੱਦੋ ਜਹਿਦ ਪਿੱਛੋਂ  ਉਸਨੂੰ ਇਸ ਟੋਏ (ਬੋਰਵੈਲ) ਵਿੱਚੋਂ 11 ਜੂਨ ਨੂੰ ਤੜਕਸਾਰ  ਕੱਢ ਤਾਂ ਲਿਆ ਗਿਆ ਪਰ ਅਣਭੋਲ ਫਤਹਿਵੀਰ ਦੀ ਜਾਨ ਨਹੀਂ ਬਚਾਈ ਜਾ ਸਕੀ । ਇਹ ਖੂਹ ਪਰਿਵਾਰ ਵਲੋਂ ਪੈਲੀਆਂ ਨੂੰ ਪਾਣੀ ਲਾਉਣ ਲਈ 1984 ਵਿੱਚ ਪੁੱਟਿਆ ਗਿਆ ਸੀ ਅਤੇ 1991 ਤੱਕ ਵਰਤੋਂ ਵਿੱਚ ਲਿਆਂਦਾ ਗਿਆ । ਪਿਛਲੇ 27-28 ਸਾਲਾਂ ਤੋਂ ਇਸ ਖੂਹ ਦੀ ਕੋਈ ਉਪਯੋਗਿਤਾ ਨਹੀਂ ਸੀ ।ਇਹ ਮੰਦਭਾਗੀ ਘਟਨਾ ਵੱਡੀ ਪੱਧਰ ‘ਤੇ ਚਰਚਾ ਦਾ ਕਾਰਨ ਬਣੀ ਅਤੇ ਲੋਕਾਂ ਨੇ  ਇਸ ਘਟਨਾ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਦੋਸ਼ੀ ਠਹਿਰਾਉਂਦਿਆਂ ਅੰਦੋਲਨ ਵੀ ਕੀਤਾ ।
ਦੇਸ਼ ਪੱਧਰ ‘ਤੇ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਸੜਕ ਦੁਰਘਟਨਾਵਾਂ ਜਾਂ ਅਜਿਹੇ ਹੋਰ ਹਾਦਸਿਆਂ ਵਿੱਚ ਵੱਡੀ ਗਿਣਤੀ  ਅਣਆਈਆਂ ਮੌਤਾਂ ਨਾ ਹੁੰਦੀਆਂ ਹੋਣ। ਵੱਖੋ ਵੱਖ ਭਾਸ਼ਾਵਾਂ ਦੀਆਂ ਅਖਬਾਰਾਂ ਅਜਿਹੀਆਂ ਦੁਖਦਾਈ ਘਟਨਾਵਾਂ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਹਨ । ਅਜਿਹੀਆਂ ਘਟਨਾਵਾਂ ਨਾਲ ਲੋਕਾਂ ਦੀਆਂ ਸੰਵੇਦਨਾਵਾਂ ਵੀ ਜਾਗਦੀਆਂ ਹਨ ਬੜੇ ਵਾਰੀ  ਲੋਕ ਫੌਰੀ ਪ੍ਰਤੀਕਰਮ ਕਰਦੇ ਹੋਏ ਰੋਹ ਵੀ ਪ੍ਰਗਟ ਕਰਦੇ ਹਨ । ਪਰ ਸਰਕਾਰਾਂ ਸਿਰਫ ਚਮੜੀ ਬਚਾਉਣ (ਫੇਸ ਸੇਵਿੰਗ) ਤੋਂ ਅਗਾਂਹ ਕੁੱਝ ਨਹੀਂ ਕਰਦੀਆਂ ।
ਅਜਿਹੀਆਂ ਘਟਨਾਵਾਂ ਵਾਪਰ ਜਾਣ ਪਿੱਛੋਂ ਉਪਜੇ ਲੋਕ ਰੋਹ ਨੂੰ ਦੇਖਦੇ ਹੋਏ ਸਰਕਾਰੀ ਮਸ਼ੀਨਰੀ ਅਕਸਰ ਦਿਖਾਵੇ ਵਜੋਂ ਹਰਕਤ ਵਿੱਚ ਆਉਂਦੀ ਹੈ । ਮੁਆਵਜ਼ਾ ਆਦਿ ਦੇਣ ਦੇ ਐਲਾਨ ਕੀਤੇ ਜਾਂਦੇ ਹਨ । ਇਨਕੁਆਰੀਆਂ ਬਿਠਾਉਣ ਜਾਂ ਕਮੇਟੀਆਂ ਦੇ ਗਠਨ ਆਦਿ ਦੇ ਢਕਵੰਜ ਕੀਤੇ ਜਾਂਦੇ ਹਨ । ਪਰ ਇਸ ਸਭ ਕਾਸੇ ਦਾ ਨਤੀਜਾ ਹਮੇਸ਼ਾਂ ਸਿਫਰ ਹੀ ਰਹਿੰਦਾ ਹੈ । ਲੋਕਾਂ ਦੇ ਵਲਵਲੇ ਵੀ ਵਕਫ਼ਾ ਪਾ ਕੇ  ਮੁੱਕ-ਮੁਕਾ ਜਾਂਦੇ ਹਨ । ਕੁਲ ਮਿਲਾ ਕੇ ਸਥਿਤੀ ਵਿੱਚ ਸੁਧਾਰ ਜਾਂ ਬਦਲਾਅ ਉੱਕਾ ਹੀ ਨਹੀਂ ਹੁੰਦਾ ਅਤੇ ਕੀਮਤੀ ਜਾਨਾਂ ਇਸੇ ਤਰ੍ਹਾਂ ਅਜਾਈਂ ਜਾ ਰਹੀਆਂ ਹਨ। ਵੱਡੀ ਅਤੇ ਅਸਲ ਫਿਕਰਮੰਦੀ ਇਹ ਹੈ । ਉਂਝ ਦੁਰਘਟਨਾ ਜਾਂ ਹਾਦਸਾ ਉਦੋਂ ਕਿਹਾ ਜਾਂਦਾ ਹੈ ਜਦੋਂ ਅਜਿਹਾ ਕੁੱਝ ਅਚਾਨਕ ਵਾਪਰ ਜਾਵੇ । ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਘਟਨਾਵਾਂ ਦੇ ਵਾਪਰਨ ਪਿੱਛੇ ਸਮਾਜਿਕ ਅਤੇ ਪ੍ਰਸ਼ਾਸ਼ਕੀ ਲਾਪਰਵਾਹੀ ਦੀ ਬਹੁਤ ਵੱਡੀ ਭੂਮਿਕਾ ਹੈ । ਫਤਹਿਵੀਰ ਦੀ ਜਾਨ ਅਜਾਈਂ ਚਲੀ ਗਈ । ਪਿਛੋਂ ਸੁਨਾਮ-ਲੌਂਗੋਵਾਲ ਸੜਕ ਦਾ ਨਾਂਅ ਉਸ ਮਾਸੂਮ ਦੇ ਨਾਂਅ ‘ਤੇ ਰੱਖ ਦਿੱਤਾ ਗਿਆ । ਪਰ ਫਤਹਿਵੀਰ ਵਰਗਾ ਕੋਈ ਹੋਰ ਮਾਂ ਜਾਇਆ ਇੰਝ ਹੀ ਭੰਗ ਦੇ ਭਾਣੇ ਨਾ ਮਾਰਿਆ ਜਾਵੇ ਇਸ ਪਖੋਂ ਕੋਈ ਸੰਜੀਦਾ ਯਤਨ  ਸਰਕਾਰੀ ਕਾਰ ਵਿਹਾਰ ‘ਚੋਂ ਕਿਧਰੇ ਨਜ਼ਰੀਂ ਨਹੀਂ ਪੈਂਦੇ ।  ਵੈਸੇ ਵੀ  ਲੋਟੂ ਵਰਗਾਂ ਦੀਆਂ ਸਰਕਾਰਾਂ ਤੋਂ ਭਲੇ ਦੀ ਆਸ ਕਰਨ ਦੀ ਬਜਾਇ ਸੰਘਰਸ਼ਾਂ ਰਾਹੀਂ ਸਰਕਾਰਾਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ । ਪਰ ਇਸ ਉਦੇਸ਼ ਦੀ ਪੂਰਤੀ ਲਈ ਲੋਕਾਂ ਦੀ ਜਾਗਰੂਕਤਾ ਪਹਿਲੀ ਸ਼ਰਤ ਹੈ । ਲੋੜੀਂਦੀ ਜਾਗਰੂਕਤਾ ਤੋਂ ਬਿਨਾਂ ਹਰ ਸੰਘਰਸ਼ ਉਲਟ ਪ੍ਰਭਾਵੀ ਨਤੀਜੇ ਦਿੰਦਾ ਹੈ । ਸਾਫਗੋਈ ਨਾਲ ਇਹ ਮੰਨਣਾ ਚਾਹੀਦਾ ਹੈ ਕਿ ਲੋਕਾਂ ਵਿੱਚ ਅਜਿਹੀ ਜਾਗਰੂਕਤਾ ਦੀ ਬੜੀ ਵੱਡੀ ਕਮੀ  ਹੈ ।  ਜਿਸ ਕਿਸਮ ਦੇ ਬੇਲੋੜੇ ਖੂਹ ਨੇ ਫਤਹਿਵੀਰ ਦੀ ਜਾਨ ਲਈ ਹੈ ਅਜਿਹੇ ਹਜਾਰਾਂ ਖੂਹ ਅੱਜ ਵੀ ਥਾਂ-ਥਾਂ ਬਿਨਾਂ ਅੱਟੇ ਪਏ ਹਨ। ਸਫਰ ਦੌਰਾਨ, ਪੈਟਰੋਲ ਪੰਪ ਤੋਂ ਪੈਟਰੋਲ ਭਰਵਾਉਂਦਿਆਂ, ਵਿਆਹ -ਸ਼ਾਦੀਆਂ ਅਤੇ ਹੋਰ ਸਮਾਜਿਕ ਫੰਕਸ਼ਨਾਂ ਦਰਮਿਆਨ, ਰੇਲਵੇ ਫਾਟਕ ਜਾਂ ਸੜਕ ਕਰਾਸ ਕਰਨ ਲੱਗਿਆਂ ਗੱਲ ਕੀ ਹਰ ਥਾਂ ਅਸੀਂ ਸੁਰੱਖਿਆ ਨਿਯਮਾਂ ਅਤੇ ਮਾਪਦੰਡਾਂ ਦੀਆਂ ਧੱਜੀਆਂ ਉਡਾਉਂਦੇ ਹਾਂ । ਸਰਕਾਰੀ ਮਸ਼ੀਨਰੀ ਸਾਡੀ ਇਸੇ ਕੰਮ-ਅਕਲੀ ਦੀ ਰੱਜ ਕੇ ਦੁਰਵਰਤੋਂ ਕਰਦੀ ਹੈ ।  ਇਹ ਕਹਿਣਾ ਵਾਜਬ ਹੋਵੇਗਾ ਕਿ ਸਮਾਜਕ ਪਰਿਵਰਤਨ ਦੀ ਲਹਿਰ ਨੂੰ ਇਸ ਦਿਸ਼ਾ ਵਿੱਚ ਵੀ ਪਹਿਲਕਦਮੀਆਂ, ਵਿਉਂਤਬੰਦੀਆਂ ਕਰਨ ਦੀ ਲੋੜ ਹੈ।

Scroll To Top