Now Reading
ਸਿਵਲ ਹਸਪਤਾਲ ਤੇ ਪੁਲਿਸ ਥਾਣਾ ਅਜਨਾਲਾ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ

ਸਿਵਲ ਹਸਪਤਾਲ ਤੇ ਪੁਲਿਸ ਥਾਣਾ ਅਜਨਾਲਾ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ

ਅਜਨਾਲਾ : ਅੱਜ ਸਥਾਨਕ ਸ਼ਹਿਰ ਦੇ ਬਜ਼ਾਰਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਸਮੇਤ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਤੇ ਜਨਵਾਦੀ ਇਸਤਰੀ ਸਭਾ ਦੇ ਸੂਬਾ ਤੇ ਤਹਿਸੀਲ ਪੱਧਰੀ ਆਗੂਆਂ ਤੇ ਕਾਰਕੁੰਨਾਂ ਨੇ ਸਿਵਲ ਹਸਪਤਾਲ ਅਜਨਾਲਾ ‘ਚ ਦਵਾਈਆਂ ਦੀ ਥੁੜ, ਹਸਪਤਾਲ ‘ਚ ਕਥਿਤ ਤੌਰ ਤੇ ਸਿਆਸੀ ਦਬਾਓ ਹੇਠ ਬਣਾਈਆਂ ਜਾਂਦੀਆਂ ਡਾਕਟਰੀ ਮੁਆਇਨੇ ਦੀਆਂ ਧਾਰਾ 26 ਸਮੇਤ ਹੋਰ ਰਿਪੋਰਟਾਂ ਜਾਰੀ ਹੋਣ ਅਤੇ ਮਰੀਜਾਂ ਦੀ ਦੇਖਭਾਲ ‘ਚ ਕਥਿਤ ਲਾਪਰਵਾਹੀ ਆਦਿ ਦੋਸ਼ਾਂ ਤੋਂ ਇਲਾਵਾ ਪੁਲਿਸ ਥਾਣਾ ਅਜਨਾਲਾ ਪ੍ਰਸ਼ਾਸਨ ਵਲੋਂ ਸਰਹੱਦੀ ਪਿੰਡ ਸਾਰੰਗਦੇਵ ਛੰਨਾ ਦੀ ਨਾਬਾਲਗ ਲੜਕੀ ਸੁਰਜੀਤ ਕੌਰ (ਨਕਲੀ ਨਾਂਅ) ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਦੇ ਦੋਸ਼ ‘ਚ ਪੁਲਿਸ ਮੁਕਦਮੇ ‘ਚ ਨਾਮਜ਼ਦ ਦੋਸ਼ੀ ਨਿਸ਼ਾਨ ਸਿੰਘ ਤੇ ਉੁਸਦੇ ਸਾਥੀਆਂ ਦੀ ਗਿ੍ਫਤਾਰੀ ਕਰਨ ‘ਚ ਵਿਖਾਈ ਜਾ ਰਹੀ ਕਥਿਤ ਲਾਪਰਵਾਹੀ ਦੇ ਰੋਸ ਵਜੋਂ ਮਾਰਚ ਤੇ ਰੋਸ ਮੁਜ਼ਾਹਰਾ ਕਰਨ ਉਪਰੰਤ ਪਹਿਲਾਂ ਸਿਵਲ ਹਸਪਤਾਲ ਦੇ ਸਾਹਮਣੇ ਅਤੇ ਬਾਅਦ ਵਿਚ ਪੁਲਿਸ ਥਾਣਾ ਅਜਨਾਲਾ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ|
ਰੋਸ ਧਰਨੇ ਤੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਦੋਸ਼ ਲਾਇਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਰਗਰਮ ਕਾਰਕੁੰਨ ਮੁਖਤਾਰ ਸਿੰਘ ਨਿਵਾਸੀ ਡੱਲਾ ਦਾ ਜਿੱਥੇ ਸਿਵਲ ਹਸਪਤਾਲ ‘ਚ ਇਲਾਜ ਲਈ ਕਥਿਤ ਲਾਪਰਵਾਹੀ ਵਰਤੀ ਜਾ ਰਹੀ ਹੈ , ਉਥੇ ਮੁਖਤਾਰ ਸਿੰਘ ਡੱਲਾ ਤੇ ਉਸਦੀ ਪਤਨੀ ਤੇ ਪੁੱਤਰੀ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਫਟੜ ਕਰਨ ਵਾਲੇ ਹਮਲਾਵਰਾਂ ਵਿਰੁੱਧ ਮੁਕਦਮਾ ਦਰਜ ਕਰਨ ਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ‘ਚ ਪੁਲਿਸ ਕਥਿਤ ਤੌਰ ‘ਤੇ ਟਾਲਮਟੋਲ ਕਰ ਰਹੀ ਹੈ | ਆਗੂਆਂ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਜ਼ੋਰ ਦਿੱਤਾ ਕਿ ਜੇਕਰ ਜਨਤਕ ਜਥੇਬੰਦੀਆਂ ਦੀਆਂ ਉਕਤ ਮੰਗਾਂ ਦਾ ਫੌਰੀ ਤੌਰ ‘ਤੇ ਨਿਪਟਾਰਾ ਨਾ ਹੋਇਆ ਅਤੇ ਕਥਿਤ ਸਿਆਸੀ ਦਬਾਓ ਹੇਠ ਪ੍ਰਭਾਵਿਤ ਲੋਕਾਂ ਨੂੰ ਨਿਆਂ ਦੇਣ ਤੋਂ ਟਾਲਾ ਵੱਟਣ ਦੀ ਨੀਤੀ ਜਾਰੀ ਰੱਖੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਧਰਨਾਕਾਰੀਆਂ ਨਾਲ ਮੀਟਿੰਗ ਦੌਰਾਨ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਬਿ੍ਜ ਭੂਸ਼ਣ ਸਹਿਗਲ ਨੇ ਵਿਸ਼ਵਾਸ਼ ਦਿਵਾਇਆ ਕਿ ਹਸਪਤਾਲ ‘ਚ ਪਹਿਲਾਂ ਹੀ ਸਰਕਾਰੀ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਮਲੀ ਰੂਪ ‘ਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਨਾਲ ਵੀ ਅਨਿਆਂ ਨਹੀਂ ਕੀਤਾ ਜਾਂਦਾ | ਪਰ ਫਿਰ ਵੀ ਜੇਕਰ ਕੋਈ ਘਾਟ ਉਨ੍ਹਾਂ ਦੇ ਧਿਆਨ ‘ਚ ਲਿਆਂਦੀ ਜਾਵੇਗੀ ਤਾਂ ਉਹ ਦੂਰ ਕੀਤੀ ਜਾਵੇਗੀ | ਸੰਬੋਧਨ ਕਰਨ ਵਾਲਿਆਂ ‘ਚ ਆਰ. ਐਮ. ਪੀ. ਆਈ. ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਸੁਰਜੀਤ ਸਿੰਘ ਦੁਧਰਾਏ, ਸੁੱਚਾ ਸਿੰਘ ਘੋਗਾ, ਸਤਵਿੰਦਰ ਸਿੰਘ ਓਠੀਆਂ, ਸੁਰਜੀਤ ਸਿੰਘ ਭੂਰੇਗਿੱਲ, ਗਾਇਕ ਗੁਰਪਾਲ ਸਿੰਘ ਸੈਦਪੁਰ, ਜੱਗਾ ਸਿੰਘ ਡੱਲਾ, ਰਜਿੰਦਰ ਸਿੰਘ ਭਲਾ ਪਿੰਡ, ਤਰਸੇਮ ਸਿੰਘ ਕਾਮਲਪੁਰਾ, ਸਰਬਜੀਤ ਕੌਰ ਜਸਰਾਊਰ, ਨਰੰਜਣ ਸਿੰਘ ਜਸਰਾਊਰ, ਰਛਪਾਲ ਸਿੰਘ ਸਾਹੋਵਾਲ, ਬਾਊ ਸਿੰਘ, ਹਰਨੇਕ ਸਿੰਘ ਨਿਪਾਲ, ਚਰਨ ਸਿੰਘ ਛੰਨਾ ਸਾਰੰਗਦੇਵ, ਇੰਦਰ ਸਿੰਘ ਟਿਨਾਣਾ, ਪ੍ਰੀਤਮ ਸਿੰਘ ਤਲਵੰਡੀ, ਬਲਕਾਰ ਸਿੰਘ ਡੱਲਾ, ਸੁਰਜੀਤ ਕੌਰ , ਸੁੱਚਾ ਸਿੰਘ ਭਿੰਡੀ ਸੈਦਾਂ ਆਦਿ ਆਗੂਆਂ ਸੰਬੋਧਨ ਕੀਤਾ |

Scroll To Top